ਲੈਂਡ ਪੂਲਿੰਗ ਨੀਤੀ ਕਿਸਾਨਾਂ ਲਈ ਖਤਰਨਾਕ: ਬਾਜਵਾ
ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਗੁਰਦੁਆਰਾ ਹਰਖੋਵਾਲ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਲਾਮਬੰਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਆਪਣੇ ਗ੍ਰਹਿ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਲਾਲੀ ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਕਿਸਾਨਾਂ ਖਤਰਨਾਕ ਸਾਬਤ ਹੋਵੇਗੀ ਤੇ ਉਨ੍ਹਾਂ ਦੀ ਤਬਾਹੀ ਦਾ ਸਬੱਬ ਬਣੇਗੀ ਅਤੇ ਖੇਤੀ ਯੋਗ ਜ਼ਮੀਨਾਂ ਦੀ ਥਾਂ ਦਿਓਕੱਦ ਇਮਾਰਤਾਂ ਲੈ ਲੈਣਗੀਆਂ। ਪੰਜਾਬ ਖੇਤੀ ਅਧਾਰਿਤ ਸੂਬਾ ਹੈ ਅਤੇ ਖੇਤੀ ਨਾਲ ਜੁੜੇ ਵਪਾਰ ਤੇ ਰੁਜ਼ਗਾਰ ਨੂੰ ਭਾਰੀ ਆਰਥਿਕ ਮਾਰ ਝੱਲਣੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਿਸਾਨ ਵਿਰੋਧੀ ਹੋ ਨਿੱਬੜੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਕਿਸਾਨੀ ਤੇ ਮੁਲਾਜ਼ਮਾਂ ਤੋਂ ਬਿਨਾਂ ਤਰੱਕੀ ਤੇ ਸੱਤਾ ਪ੍ਰਾਪਤ ਨਹੀਂ ਕਰ ਸਕਦੀ, ਪਰ ਇਸ ਸਰਕਾਰ ਵਿੱਚ ਦੋਵੇਂ ਹੀ ਅੱਜ ਸੂਬੇ ਅੰਦਰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ।
ਸ੍ਰੀ ਬਾਜਵਾ ਨੇ ਕਿਹਾ ਕਿ ਸੂਬੇ ਅੰਦਰ ਅਮਨ ਕਨੂੰਨ ਦੀ ਸਥਿਤੀ ਬਦਤਰ ਹੋਈ ਪਈ ਹੈ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਪੱਧਰ ’ਤੇ ਲਾਮਬੰਦੀ ਕੀਤੀ ਜਾਵੇ ਅਤੇ ਹਰ ਵਰਗ ਦੀ ਜਥੇਬੰਦਕ ਤਾਕਤ ਕਾਇਮ ਕਰ ਕੇ ਪਾਰਟੀ ਦੀ ਮੁੜ ਸੁਰਜੀਤੀ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ। ਸ੍ਰੀ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵਾਂ ਕੁਝ ਵੀ ਨਹੀਂ ਕੀਤਾ ਗਿਆ ਸਗੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਣਾਏ ਸੇਵਾ ਕੇਂਦਰਾਂ, ਸਿਹਤ ਕੇਂਦਰਾਂ ਤੇ ਤਹਿਸੀਲ ਸਬ ਤਹਿਸੀਲ ਨੂੰ ਹੀ ਵਰਤ ਕੇ ਵਾਹ-ਵਾਹ ਖੱਟੀ ਜਾ ਰਹੀ ਹੈ। ਇਸ ਮੌਕੇ ਪਾਰਟੀ ਆਗੂ ਗੁਰਜਿੰਦਰ ਸਿੰਘ ਚੱਕ, ਕ੍ਰਿਪਾਲ ਸਿੰਘ ਗੇਰਾ, ਲਖਵਿੰਦਰ ਸਿੰਘ ਟਿੰਮੀ, ਰਣਵੀਰ ਸਿੰਘ ਰਾਣਾ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮ ਚੁਰਾਸੀ, ਜਸਵਿੰਦਰ ਸਿੰਘ ਮਣਕੂ, ਲਖਵਿੰਦਰ ਸਿੰਘ ਠੱਕਰ, ਸੰਤੋਖ ਸਿੰਘ ਡਾਲੋਵਾਲ ਸਮੇਤ ਵੱੜੀ ਗਿਣਤੀ ਵਿੱਚ ਆਗੂ ਹਾਜ਼ਰ ਸਨ।