ਧਰਨਾਕਾਰੀਆਂ ਖ਼ਿਲਾਫ਼ ਪਰਚਾ ਰੱਦ ਕਰਨ ਦੀ ਮੰਗ
ਪੁਲੀਸ ਵਧੀਕੀਆਂ ਖਿਲਾਫ ਧਰਨਾ ਲਗਾਉਣ ਵਾਲਿਆਂ ਖਿਲਾਫ ਲੋਹੀਆਂ ਪੁਲੀਸ ਵੱਲੋਂ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਅੱਜ ਚਾਰ ਜਥੇਬੰਦੀਆਂ ਨੇ ਲੋਹੀਆਂ ਖਾਸ ਵਿਚ ਮੀਟਿੰਗ ਕੀਤੀ। ਮੰਗ ਪੂਰੀ ਨਾ ਹੋਣ ’ਤੇ 25 ਜੁਲਾਈ ਤੋਂ ਬਾਅਦ ਲੋਹੀਆਂ ਖਾਸ ਦੀ ਪੁਲੀਸ ਖਿਲਾਫ ਵੱਡਾ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਲੋਹੀਆਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਅਟਵਾਲ, ਸੈਂਟਰ ਆਫ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਆਗੂ ਜਸਕਰਨ ਕੰਗ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਿਕਰਮ ਮੰਡਾਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਲੋਹੀਆਂ ਖਾਸ ਦੀ ਪੁਲੀਸ ਵੱਲੋਂ ਡਰਾਈਵਰਾਂ ਅਤੇ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਖਿਲਾਫ ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਡਰਾਈਵਰਾਂ ਨੇ ਗਿੱਦੜਪਿੰਡੀ ਵਾਲੇ ਪੁਲ ’ਤੇ ਸ਼ਾਂਤੀਪੂਰਵਕ ਧਰਨਾ ਦਿੱਤਾ ਸੀ। ਉਸ ਦਿਨ ਥਾਣਾ ਮੁਖੀ ਲੋਹੀਆਂ ਲਾਭ ਸਿੰਘ ਨੇ ਧਰਨੇ ਵਿਚ ਆ ਕੇ ਅੱਗੇ ਤੋਂ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ ਸੀ। ਇਸ ਤੋਂ ਬਾਅਦ ਪੁਲੀਸ ਨੇ ਕੁਝ ਆਗੂਆਂ ਦੇ ਨਾਮ ਸਮੇਤ ਕਰੀਬ 125 ਅਣਪਛਾਤਿਆਂ ’ਤੇ ਹੁਲੜਬਾਜ਼ੀ ਕਰਨ ਅਤੇ ਸੜਕ ਜਾਮ ਕਰਨ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ। ਪੁਲੀਸ ਨੇ ਅਜਿਹਾ ਕਰਕੇ ਲੋਕਾਂ ਲੋਕਤੰਤਰ ਦਾ ਘਾਣ ਕਰਦਿਆਂ ਲੋਕਾਂ ਨੂੰ ਲਿਖਣ ਤੇ ਬੋਲਣ ਦੇ ਮਿਲੇ ਸੰਵਿਧਾਨਿਕ ਅਧਿਕਾਰਾਂ ਦਾ ਘਾਣ ਕੀਤਾ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਟਰਾਂਸਪੋਰਟ ਨਾਲ ਜੁੜੇ ਡਰਾਈਵਰ ਤੇ ਮਾਲਕਾਂ ਅਤੇ ਟੈਕਸੀ ਯੂਨੀਅਨ ਲੋਹੀਆਂ ਦੇ ਪ੍ਰਧਾਨ ਸਿਕੰਦਰ ਸਿੰਘ ਮੱਸੂ, ਕਰਨੈਲ ਸਿੰਘ, ਚਮਨ ਲਾਲ, ਸਤੀਸ਼ ਕੁਮਾਰ, ਕਮਲ ਕਿਸ਼ੋਰ, ਦੇਸ ਰਾਜ, ਗੋਪਾ ਅਤੇ ਤਾਰਾ ਸਿੰਘ ਹਾਜ਼ਰ ਸਨ।