ਗੁਰੂ ਨਾਨਕ ਦੇਵ ’ਵਰਸਿਟੀ ’ਚ ਵੱਖ-ਵੱਖ ਕੋਰਸਾਂ ਲਈ ਕਾਊਂਸਲਿੰਗ ਮੁਕੰਮਲ
ਪੱਤਰ ਪ੍ਰੇਰਕ
ਅੰਮ੍ਰਿਤਸਰ, 10 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਅੰਡਰਗ੍ਰੈਜੂਏਟ ਸੈਸ਼ਨ 2025 ਲਈ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ ਅਤੇ ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ ਦੀ ਕਾਊਂਸਲਿੰਗ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਪੂਰੀ ਕਰ ਲਈ ਗਈ ਹੈ। ਇਹ ਕਾਊਂਸਲਿੰਗ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜਨੀਅਰਿੰਗ ਫੈਕਲਟੀ ਅਧੀਨ ਆਉਣ ਵਾਲੇ 14 ਵਿਭਾਗਾਂ ਵਿੱਚ ਚੱਲ ਰਹੇ ਕੋਰਸਾਂ ਲਈ ਕਰਵਾਈ ਗਈ। ਯੂਸੀਈਟੀ ਦੇ ਕੋਆਰਡੀਨੇਟਰ ਡਾ. ਤੇਜਵੰਤ ਸਿੰਘ ਕੰਗ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਬਾਰਡਰ ਏਰੀਆ ਅਤੇ ਪਿੰਡਾਂ ‘ਚ ਰਹਿਣ ਵਾਲੇ ਵਿਦਿਆਰਥੀਆਂ ਲਈ ਨਿਰਧਾਰਿਤ ਸੁਪਰ ਨਿਊਮੈਰੀ ਕੋਟਾ ਸੀਟਾਂ ਦੀ ਕਾਊਂਸਲਿੰਗ ਵੀ ਛੇਤੀ ਹੀ ਵਿਭਾਗ ਪੱਧਰ ‘ਤੇ ਕਰਵਾਈ ਜਾਵੇਗੀ। ਡਾ. ਕੰਗ ਨੇ ਇਹ ਵੀ ਦੱਸਿਆ ਕਿ ਕੁਝ ਵਿਭਾਗਾਂ ਵਿੱਚ ਜੇਕਰ ਕੁਝ ਸੀਟਾਂ ਖਾਲੀ ਰਹਿ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਵੇਟਿੰਗ ਲਿਸਟ ਵਿਭਾਗਾਂ ਨੂੰ ਸੌਂਪੀ ਜਾਵੇਗੀ। ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਦਾਖ਼ਲਾ ਪ੍ਰਕਿਰਿਆ ਨੂੰ ਨਿਰਵਿਘਨ, ਪਾਰਦਰਸ਼ੀ ਅਤੇ ਪ੍ਰਬੰਧਕ ਰੂਪ ਵਿੱਚ ਸੰਪੰਨ ਕਰਨ ਲਈ ਕੋਆਰਡੀਨੇਟਰ ਡਾ. ਤੇਜਵੰਤ ਸਿੰਘ ਕੰਗ, ਪ੍ਰੋ. ਬਲਵਿੰਦਰ ਸਿੰਘ ਅਤੇ ਕਾਊਂਸਲਿੰਗ ਟੀਮ ਦੀ ਸਾਰਥਕ ਭੂਮਿਕਾ ਦੀ ਪ੍ਰਸ਼ੰਸਾ ਕੀਤੀ।