ਕਮਿਸ਼ਨਰੇਟ ਪੁਲੀਸ ਵੱਲੋਂ ਗ਼ੈਰ-ਸਮਾਜਿਕ ਅਨਸਰਾਂ ਖ਼ਿਲਾਫ਼ ਸਖ਼ਤੀ
ਪੱਤਰ ਪ੍ਰੇਰਕ
ਜਲੰਧਰ, 15 ਜੂਨ
ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ 46 ਨਾਕਿਆਂ ਤੇ 23 ਸਰਗਰਮ ਪੁਲੀਸ ਪੈਟਰੋਲਿੰਗ ਟੀਮਾਂ ਰਾਹੀਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਸ਼ਹਿਰ ਵਾਸੀ ਰਾਤ ਨੂੰ ਸੌਂ ਰਹੇ ਹੁੰਦੇ ਹਨ ਤਾਂ ਕਮਿਸ਼ਨਰੇਟ ਪੁਲੀਸ ਚੌਕਸ ਰਹਿੰਦੇ ਹੋਏ ਯਕੀਨੀ ਬਣਾਉਂਦੀ ਹੈ ਕਿ ਹਨੇਰੇ ਦੀ ਓਟ ਵਿੱਚ ਕੋਈ ਵੀ ਜਗ੍ਹਾ ਬਿਨਾਂ ਚੈਕਿੰਗ ਤੋਂ ਨਾ ਰਹੇ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਹਰ ਰਾਤ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 46 ਰੋਟੇਟਿੰਗ ਨਾਕੇ ਸਥਾਪਤ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਇਹ ਨਾਕੇ ਸਖ਼ਤ ਨਿਗਰਾਨੀ ਰੱਖਣ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਣ, ਖ਼ਾਸ ਕਰ ਅੱਧੀ ਰਾਤ ਅਤੇ ਸਵੇਰ ਦੇ ਪਹਿਲੇ ਘੰਟਿਆਂ ਦੌਰਾਨ ਨਸ਼ਾ ਤਸਕਰਾਂ ਦੀਆਂ ਗਤੀਵਧੀਆਂ ਰੋਕਣ ਲਈ ਲਗਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਨਾਕਿਆਂ ਤੋਂ ਇਲਾਵਾ 23 ਪੈਟਰੋਲਿੰਗ ਵਾਹਨ ਜਿਨ੍ਹਾਂ ਵਿੱਚ ਜੈਬਰਾ ਕਾਰਾਂ ਅਤੇ ਮੋਟਰਸਾਈਕਲ ਸ਼ਾਮਲ ਹਨ, ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਲਗਾਤਾਰ ਦੌਰੇ ’ਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ 60 ਤੋਂ ਵੱਧ ਨਾਨ-ਗਜ਼ਟਿਡ ਅਫ਼ਸਰ (ਐੱਨਜੀਓਜ਼) ਨਾਲ ਗਜ਼ਟਿਡ ਅਫ਼ਸਰਾਂ ਅਤੇ ਐੱਸਐੱਚਓਜ਼ ਨੂੰ ਪੂਰੀ ਰਾਤ ਨਿਗਰਾਨੀ ਅਪਰੇਸ਼ਨ ਦੀ ਨਜ਼ਰਸਾਨੀ ਲਈ ਤਾਇਨਾਤ ਕੀਤਾ ਗਿਆ ਹੈ।
ਜਲੰਧਰ ਕਮਿਸ਼ਨਰੇਟ ਦੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪੁਲੀਸ ਵੱਲੋਂ ਚੌਕਸੀ ਨਾਲ ਨਿਭਾਈ ਜਾ ਰਹੀ ਡਿਊਟੀ ਗ਼ੈਰ-ਸਮਾਜਿਕ ਤੱਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ’ਤੇ ਲਗਾਮ ਲਗਾਉਂਦੀ ਹੈ।