ਸ਼ਾਹਕੋਟ ਤੇ ਲੋਹੀਆਂ ਦੇ ਚਾਰ ਪਿੰਡਾਂ ਵਿੱਚ ਸਰਪੰਚਾਂ ਤੇ ਪੰਚਾਂ ਲਈ ਜ਼ਿਮਨੀ ਚੋਣਾਂ ਅੱਜ
ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਬਲਾਕ ਸ਼ਾਹਕੋਟ ਅਤੇ ਲੋਹੀਆਂ ਖਾਸ ਦੇ 24 ਪਿੰਡਾਂ ਦੇ 2 ਸਰਪੰਚਾਂ ਅਤੇ 40 ਪੰਚਾਂ ਦੀਆਂ ਖਾਲੀ ਸੀਟਾਂ ਨੂੰ ਭਰਨ ਲਈ 27 ਜੁਲਾਈ ਨੂੰ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਬਲਾਕ ਸ਼ਾਹਕੋਟ ਦੇ ਪਿੰਡ ਕੁਲਾਰ ਵਿੱਚ ਮਹਿਲਾ ਸਰਪੰਚ, ਜਗਤਪੁਰ ਸੋਹਲ ’ਚ ਮਹਿਲਾ ਸਰਪੰਚ ਤੇ ਵਾਰਡ ਨੰਬਰ 1 ਦੇ ਪੰਚ, ਬਲਾਕ ਲੋਹੀਆਂ ਖਾਸ ਦੇ ਪਿੰਡ ਦੌਲਤਪੁਰ ਢੱਡਾ ਦੇ ਵਾਰਡ ਨੰਬਰ 1 ਅਤੇ ਮੁੰਡੀ ਚੋਹਲੀਆਂ ਦੇ ਵਾਰਡ ਨੰਬਰ 1 ਦੇ ਪੰਚ ਲਈ ਕਰਵਾਈ ਜਾ ਰਹੀ ਚੋਣ ਲਈ ਅੱਜ ਬਲਾਕ ਸ਼ਾਹਕੋਟ ਦੀਆਂ ਪੋਲਿੰਗ ਪਾਰਟੀਆਂ ਨੂੰ ਸਰਦਾਰ ਦਰਬਾਰਾ ਸਿੰਘ ਸਰਕਾਰੀ ਕਾਲਜ ਸ਼ਾਹਕੋਟ ਅਤੇ ਬਲਾਕ ਲੋਹੀਆਂ ਖਾਸ ਦੀਆਂ ਪਾਰਟੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ (ਲੜਕੇ) ਤੋਂ ਚੋਣ ਸਮੱਗਰੀ ਦੇ ਕੇ ਸੁਰੱਖਿਆ ਸਮੇਤ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ। ਬਲਾਕ ਸ਼ਾਹਕੋਟ ਦੇ ਪਿੰਡ ਫਕਰੂਵਾਲ ਵਿੱਚ ਵਾਰਡ ਨੰਬਰ 2, 3, 4 ਅਤੇ 5 ਦੇ ਪੰਚਾਂ ਲਈ ਚਾਰ ਵਿਅਕਤੀਆਂ ਨੇ ਕਾਗਜ਼ ਭਰੇ ਸਨ। ਵਾਰਡ ਨੰਬਰ 2, 3 ਅਤੇ 4 ’ਚ ਨਿਰਵਿਰੋਧ ਪੰਚ ਚੁਣੇ ਗਏ ਜਦੋਂ ਕਿ ਵਾਰਡ ਨੰਬਰ 5 ਦੇ ਉਮੀਦਵਾਰ ਕਾਂਗਜ਼ ਰੱਦ ਹੋ ਗਏ ਸਨ। ਇਸੇ ਬਲਾਕ ਦੇ ਪਿੰਡ ਤਾਹਰਪੁਰ ’ਚ ਵਾਰਡ ਨੰਬਰ 2 ਅਤੇ ਬਲਾਕ ਲੋਹੀਆਂ ਦੇ ਪਿੰਡ ਮਾਣਕ ’ਚ ਵਾਰਡ ਨੰਬਰ 6 ਦੀ ਖਾਲੀ ਪੰਚ ਦੀ ਸੀਟ ਲਈ ਕਿਸੇ ਵੱਲੋਂ ਵੀ ਕਾਗਜ਼ ਦਾਖਲ ਨਹੀਂ ਕੀਤੇ ਗਏ।
ਬਲਾਕ ਸ਼ਾਹਕੋਟ ਦੇ ਪਿੰਡ ਗੋਬਿੰਦ ਨਗਰ ਦੇ ਵਾਰਡ ਨੰਬਰ 1 ਤੇ 2, ਰਾਜੇਵਾਲ ਖੁਰਦ ਦੇ ਵਾਰਡ ਨੰਬਰ 1, ਮਹਿਮਦਪੁਰ ਦੇ ਵਾਰਡ ਨੰਬਰ 2 ਅਤੇ ਬਲਾਕ ਲੋਹੀਆਂ ਖਾਸ ਦੇ ਪਿੰਡ ਮੰਢਾਲਾ ਛੰਨਾਂ ਦੇ ਵਾਰਡ ਨੰਬਰ 2 ਤੇ 3, ਮੁੰਡੀ ਸ਼ਹਿਰੀਆਂ ਦੇ ਵਾਰਡ ਨੰਬਰ 2 ,ਜਾਨੀਆਂ ਦੇ ਵਾਰਡ ਨੰਬਰ 1 ਤੇ 3 ਵਿੱਚ ਪੰਚਾਂ ਦੀ ਸਰਬਸੰਮਤੀ ਨਾਲ ਚੋਣ ਹੋ ਗਈ ਹੈ।