ਨਾਜਾਇਜ਼ ਸ਼ਰਾਬ ਦੀਆਂ 23 ਪੇਟੀਆਂ ਬਰਾਮਦ
ਪੱਤਰ ਪ੍ਰੇਰਕ
ਬਲਾਚੌਰ, 25 ਮਈ
ਯੁੱਧ ਨਸ਼ਿਆਂ ਵਿਰੁੱਧ ਚਲਾਏ ਅਭਿਆਨ ਅਧੀਨ ਕਾਠਗੜ੍ਹ ਪੁਲੀਸ ਨੇ 23 ਪੇਟੀਆਂ ਨਾਜਾਇਜ਼ ਸ਼ਰਾਬ (276 ਬੋਤਲਾਂ) ਦੀਆਂ ਬਰਾਮਦ ਕੀਤੀਆਂ ਹਨ। ਥਾਣਾ ਕਾਠਗੜ੍ਹ ਦੇ ਐੱਸਐੱਚਓ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਕਾਠਗੜ੍ਹ ਪੁਲੀਸ ਵੱਲੋਂ ਪਿੰਡ ਜਗਤੇਵਾਲ ਮੋੜ ’ਤੇ ਛਾਣਬੀਣ ਕੀਤੀ ਜਾ ਰਹੀ ਸੀ, ਇਸ ਮੌਕੇ ਉਨ੍ਹਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਸੁਨੀਲ ਭਾਰਦਵਾਜ ਸਰਕਲ ਬਲਾਚੌਰ ਵੀ ਆਪਣੀ ਟੀਮ ਦੇ ਮੈਂਬਰਾਂ ਨਾਲ ਮੌਜੂਦ ਸਨ। ਇਸੇ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਸਪਾਲ ਸਿੰਘ ਉਰਫ ਗੁਲਰ ਵਾਸੀ ਪਿੰਡ ਬਾਗੋਵਾਲ ਥਾਣਾ ਕਾਠਗੜ੍ਹ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਪੁਲੀਸ ਅਤੇ ਐਕਸਾਈਜ ਟੀਮ ਨੇ ਤੁਰੰਤ ਸਾਂਝੇ ਤੌਰ ’ਤੇ ਰੇਡ ਕਰਕੇ 23 ਪੇਟੀਆਂ (276 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਦਕਿ ਮੁਲਜ਼ਮ ਹਨੇਰੇ ਦਾ ਫਾਇਦਾ ਲੈਂਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਥਿਤ ਮੁਲਜ਼ਮ ਦੇ ਖਿਲਾਫ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਜ਼ਮ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕੀਤਾ ਜਾਵੇਗਾ।
ਕੈਪਸ਼ਨ - ਪੁਲੀਸ ਤੇ ਐਕਸਾਈਜ ਟੀਮ ਵੱਲੋਂ ਫੜੀ ਗਈ ਨਜਾਇਜ ਸ਼ਰਾਬ ਦਾ ਦ੍ਰਿਸ਼। ਫੋਟੋਃਬਹਾਦਰਜੀਤ ਸਿੰਘ