ਜਲ ਸੰਕਟ: ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਅੱਜ ਮਟੀਆ ਮਹਿਲ ਵਿਧਾਨ ਸਭਾ ਤੋਂ ਵਿਧਾਇਕ ਸ਼ੁਏਬ ਇਕਬਾਲ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦਿੱਲੀ ਵਿੱਚ ਹੜ੍ਹਾਂ ਦੌਰਾਨ ਪਾਣੀ ਦੇ ਪਲਾਂਟ ਬੰਦ ਹੋਣ ਕਾਰਨ ਦਿੱਲੀ ਵਾਸੀਆਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਿਆ, ਜਿਸ ਵਿਰੁੱਧ ਅੱਜ ਭਾਜਪਾ ਵਰਕਰਾਂ ਨੇ ਰੋਸ ਮੁਜ਼ਾਹਰਾ ਕੀਤਾ। ਭਾਜਪਾ ਆਗੂਆਂ ਨੇ ਦੱਸਿਆ ਕਿ ਰਾਹਤ ਟੈਂਕਰ ਭੇਜਣ ਵਿੱਚ ਧਾਰਮਿਕ ਪੱਖਪਾਤ ਵਿਰੁੱਧ ਦਰਿਆਗੰਜ ਵਿੱਚ ਵਿਧਾਇਕ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ।
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਦੀ ਵੀਡੀਓ ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੋਰ ਕਿੰਨੀ ਹੇਠਾਂ ਡਿੱਗੇਗੀ। ਇਸ ਮੌਕੇ ਉਨ੍ਹਾਂ ਨੇ ਵਿਧਾਇਕ ਸ਼ੁਏਬ ਇਕਬਾਲ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।
ਸ੍ਰੀ ਸਚਦੇਵਾ ਨੇ ਕਿਹਾ ਕਿ ਪਾਣੀ ਦੀ ਘਾਟ ਦੇ ਚੱਲਦਿਆਂ ਦਿੱਲੀ ਜਲ ਬੋਰਡ ਵੱਲੋਂ ਸਥਾਨਕ ਵਿਧਾਇਕਾਂ ਦੇ ਇਸ਼ਾਰੇ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰਾਂ ਨੂੰ ਪਹਿਲ ਦੇ ਆਧਾਰ ’ਤੇ ਰਾਹਤ ਟੈਂਕਰ ਭੇਜਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ।
ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੂੰ ਕੱਲ੍ਹ ਉਸ ਵੇਲੇ ਝਟਕਾ ਲੱਗਾ, ਜਦੋਂ ਦਿੱਲੀ ਗੇਟ ਤੋਂ ਰਾਕੇਸ਼ ਕੁਮਾਰ ਨੇ ਇੱਕ ਵੀਡੀਓ ਜਾਰੀ ਕਰ ਕੇ ਦੋਸ਼ ਲਾਇਆ ਕਿ ਉਨ੍ਹਾਂ ਦੇ ਹਲਕੇ ਵਿੱਚ ਵਿਧਾਇਕ ਸ਼ੁਏਬ ਇਕਬਾਲ ਦੇ ਦਬਾਅ ਹੇਠ ਜਲ ਬੋਰਡ ਮੁਸਲਿਮ ਭਾਈਚਾਰੇ ਦੀਆਂ ਗਲੀਆਂ ਵਿੱਚ ਪਾਣੀ ਦੇ ਟੈਂਕਰ ਭੇਜ ਰਿਹਾ ਹੈ ਪਰ ਹਿੰਦੂ ਭਾਈਚਾਰੇ ਸੀਤਾ ਰਾਮ ਬਾਜ਼ਾਰ, ਲਾਲ ਦਰਵਾਜ਼ਾ, ਲੋਕ ਕੁੰਚਾ ਪੱਤੀ ਰਾਮ, ਮਿੰਟੋ ਰੋਡ ਆਦਿ ਵਿੱਚ ਲੋਕ ਪਾਣੀ ਦੀ ਬੂੰਦ ਨੂੰ ਤਰਸ ਰਹੇ ਹਨ।
ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਧੂੜੀ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਪਾਣੀ ਦੇ ਟੈਂਕਰ ਭੇਜਣ ਵਿਚ ਕੇਜਰੀਵਾਲ ਸਰਕਾਰ ਅਤੇ ਇਸ ਦੇ ਵਿਧਾਇਕ ਦਾ ਧਾਰਮਿਕ ਵਿਤਕਰਾ ਨਿੰਦਣਯੋਗ ਹੈ।