ਦਿੱਲੀ-ਐੱਨਸੀਆਰ ਵਿੱਚ ਮੀਂਹ ਪੈਣ ਕਾਰਨ ਕਈ ਥਾਈਂ ਜਲ-ਥਲ
ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਅੱਜ ਦਿਨ ਵੇਲੇ ਭਰਵਾਂ ਮੀਂਹ ਪਿਆ ਅਤੇ ਸਾਰੇ ਪਾਸੇ ਜਲ ਥਲ ਹੋ ਗਈ। ਭਾਰਤੀ ਮੌਸਮ ਵਿਭਾਗ ਨੇ ਹਫਤੇ ਲਈ ਦਿੱਲੀ ਅਤੇ ਐੱਨਸੀਆਰ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਨਸੂਨ ਬਾਰੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਦਰਮਿਆਨੀ ਤੋਂ ਭਾਰੀ ਬਾਰਸ਼ ਨਾਲ ਸ਼ੁਰੂ ਹੋਈ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ, ਹਾਲਾਂਕਿ ਇਸ ਨਾਲ ਕਾਂਵੜੀਆਂ ਦੀ ਯਾਤਰਾ ਵਿੱਚ ਵਿਘਨ ਪਿਆ। ਇਸ ਮੀਂਹ ਨੇ ਫਰੀਦਾਬਾਦ ਪਲਵਲ, ਬੱਲਭਗੜ੍ਹ, ਗੁਰੂਗ੍ਰਾਮ ਵਿੱਚ ਵੀ ਦਸਤਕ ਦਿੱਤੀ।
ਦਿੱਲੀ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਦੇ ਸਕੂਟਰਾਂ, ਮੋਟਰਸਾਈਕਲਾਂ ਵਿੱਚ ਪਾਣੀ ਭਰ ਗਿਆ। ਕਿਤੇ ਕਿਤੇ ਆਟੋ ਵਾਲੇ ਵੀ ਪ੍ਰੇਸ਼ਾਨ ਦਿਖਾਈ ਦਿੱਤੇ ਕਿ ਪਾਣੀ ਭਰਨ ਨਾਲ ਉਨ੍ਹਾਂ ਦੇ ਆਟੋ ਬੰਦ ਹੋ ਗਏ।
ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਸੀ ਤੇ ਦਿਨ ਭਰ ਬੱਦਲਵਾਈ ਰਹੀ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਸੀ। ਆਈਐੱਮਡੀ ਦੀ ਭਵਿੱਖਬਾਣੀ ਮੁਤਾਬਕ ਅਗਲੇ ਦੋ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼, ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। 27 ਜੁਲਾਈ ਤੱਕ ਇੰਝ ਹੀ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਇਹ ਮੌਸਮੀ ਹਾਲਾਤ ਦਿੱਲੀ, ਨੋਇਡਾ, ਫਰੀਦਾਬਾਦ ਅਤੇ ਗਾਜ਼ੀਆਬਾਦ ਵਿੱਚ ਬਣੇ ਰਹਿਣਗੇ। ਭਾਰੀ ਬਾਰਸ਼ ਦੀ ਸੰਭਾਵਨਾ ਦੇ ਕਾਰਨ ਮਹਿਕਮੇ ਨੇ ਦਿੱਲੀ, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।
ਹਵਾਈ ਅੱਡੇ ਦੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਇੱਕ ਯਾਤਰਾ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਐਕਸ ‘ਤੇ ਸਵੇਰੇ 10.23 ਵਜੇ ਹਵਾਈ ਅੱਡੇ ਨੇ ਕਿਹਾ ਗਿਆ ਕਿ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਦਿੱਲੀ ਵਿੱਚ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਫਿਰ ਵੀ ਦਿੱਲੀ ਹਵਾਈ ਅੱਡੇ ਦੇ ਕੰਮਕਾਜ ਇਸ ਸਮੇਂ ਆਮ ਹਨ। ਸਾਡਾ ਜ਼ਮੀਨੀ ਸਟਾਫ ਤੁਹਾਡੀ ਯਾਤਰਾ ਨੂੰ ਜਿੰਨਾ ਸੰਭਵ ਹੋ ਸਕੇ ਸੁਚਾਰੂ ਰੱਖਣ ਲਈ ਸਾਰੇ ਹਿੱਸੇਦਾਰਾਂ ਨਾਲ ਮਿਹਨਤ ਕਰ ਰਿਹਾ ਹੈ। ਨਵੇਂ ਉਡਾਣ ਅਪਡੇਟਸ ਪ੍ਰਾਪਤ ਕਰਨ ਲਈ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਸਬੰਧਤ ਏਅਰਲਾਈਨਾਂ ਨੂੰ ਸੰਪਰਕ ਕਰਨ। ਐਡਵਾਈਜ਼ਰੀ ਵਿੱਚ ਸ਼ਾਮਲ ਹੋ ਕੇ, ਏਅਰਲਾਈਨ ਸਪਾਈਸਜੈੱਟ ਨੇ ਵੀ ਆਪਣੇ ਯਾਤਰੀਆਂ ਨੂੰ ਮੌਸਮ ਕਾਰਨ ਹੋਣ ਵਾਲੀ ਦੇਰੀ ਬਾਰੇ ਚਿਤਾਵਨੀ ਦਿੱਤੀ ਹੈ। ਦਿੱਲੀ ਵਿੱਚ ਖਰਾਬ ਮੌਸਮ (ਭਾਰੀ ਬਾਰਸ਼) ਦੇ ਕਾਰਨ, ਸਾਰੀਆਂ ਰਵਾਨਗੀ, ਆਗਮਨ ਅਤੇ ਉਨ੍ਹਾਂ ਦੇ ਨਤੀਜੇ ਵਜੋਂ ਆਉਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।