ਰਾਜਧਾਨੀ ਵਿੱਚ ਸ਼ਹੀਦੀ ਸ਼ਤਾਬਦੀ ਮਨਾਉਣ ਸਬੰਧੀ ਤਿਆਰੀਆਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ 350ਵੇਂ ਦਿਹਾੜੇ ਉੱਤੇ ਪ੍ਰੋਗਰਾਮ ਉਲੀਕਣ ਲਈ ਵਿਉਂਤਬੰਦੀ ਜਾਰੀ ਹੈ। ਇਸੇ ਸਿਲਸਿਲੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਦਫਤਰ ਵਿੱਚ ਦਿੱਲੀ ਦੀਆਂ ਬੀਬੀਆਂ ਦੀ ਮੀਟਿੰਗ ਹੋਈ। ਇਸ ਮੌਕੇ ਦਿੱਲੀ ਕਮੇਟੀ ਦੀ ਕਾਰਜਕਾਰਨੀ ਮੈਂਬਰ ਬੀਬੀ ਰਣਜੀਤ ਕੌਰ ਨੇ ਪ੍ਰਧਾਨਗੀ ਕੀਤੀ ਅਤੇ ਵੱਖ ਵੱਖ ਇਲਾਕਿਆਂ ਦੀਆਂ ਔਰਤਾਂ ਨੂੰ ਜ਼ਿੰਮੇਵਾਰੀਆਂ ਸੌਂਪਦਿਆਂ, ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਰਣਜੀਤ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਮੇਟੀ ਦੇ ਨੇੜੇ ਲੱਖੀ ਸਾਹਿਬ ਵਣਜਾਰਾ ਹਾਲ ਵਿੱਚ ਹੋਣ ਵਾਲੇ ਬੀਬੀਆਂ ਦੇ ਪ੍ਰੋਗਰਾਮ ਦੀ ਰੂਪਰੇਖਾ ਉਲੀਕੀ ਗਈ ਅਤੇ ਅਤੇ ਬੀਬੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਨ੍ਹਾਂ ਦੱਸਿਆ ਕਿ ਲੱਖੀ ਸਾਹਿਬ ਵਣਜਾਰਾ ਹਾਲ ਵਿੱਚ ਜੁਲਾਈ ਦੇ ਆਖਰੀ ਹਫਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਸਾਰਾ ਪ੍ਰਬੰਧ ਬੀਬੀਆਂ ਦੇ ਹੱਥ ਹੋਵੇਗਾ। ਇਸ ਦੌਰਾਨ ਬੀਬੀਆਂ ਵੱਲੋਂ ਹੀ ਧਰਮ ਪ੍ਰਚਾਰ ਕਥਾ ਅਤੇ ਹੋਰ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਹੋ ਰਹੇ ਪ੍ਰੋਗਰਾਮਾਂ ਨੂੰ ਲੈ ਕੇ ਦਿੱਲੀ ਦੇ ਸਿੱਖਾਂ ਵਿੱਚ ਦਿਲਚਸਪੀ ਹੈ ਕਿਉਂਕਿ ਨੌਵੇਂ ਸਿੱਖ ਗੁਰੂ ਦਾ ਇਸ ਵੱਡੇ ਸ਼ਹਿਰ ਨਾਲ ਬਹੁਤ ਇਤਿਹਾਸਕ ਨਾਤਾ ਹੈ। ਵੱਖ-ਵੱਖ ਸਿੰਘ ਸਭਾਵਾਂ ਵੱਲੋਂ ਦਿੱਲੀ ਕਮੇਟੀ ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜੋ ਸਮਾਗਮ ਉਲੀਕੇ ਜਾ ਰਹੇ ਹਨ ਉਨ੍ਹਾਂ ਨੂੰ ਲੈ ਕੇ ਸਿੰਘ ਸਭਾਵਾਂ ਦੇ ਅਹੁਦੇਦਾਰ ਵੀ ਖਾਸੇ ਸਰਗਰਮ ਹਨ।