ਮੌਨਸੂਨ: ਆਮ ਨਾਲੋਂ ਨੌਂ ਫ਼ੀਸਦੀ ਵੱਧ ਪਿਆ ਮੀਂਹ
ਪਹਿਲੀ ਜੂਨ ਤੋਂ 16 ਜੁਲਾਈ ਦਰਮਿਆਨ ਦੇਸ਼ ’ਚ 331.9 ਮਿਲੀਮੀਟਰ ਮੀਂਹ ਪਿਆ, ਜੋ ਇਸ ਸਮੇਂ 304.2 ਮਿਲੀਮੀਟਰ ਦੀ ਆਮ ਬਾਰਿਸ਼ ਨਾਲੋਂ ਲਗਭਗ ਨੌਂ ਫ਼ੀਸਦੀ ਵੱਧ ਹੈ।
ਝਾਰਖੰਡ ਵਿੱਚ ਆਮ ਨਾਲੋਂ 71 ਫ਼ੀਸਦੀ ਵੱਧ ਮੀਂਹ ਪਿਆ। ਇਸੇ ਤਰ੍ਹਾਂ ਰਾਜਸਥਾਨ ’ਚ ਆਮ ਨਾਲੋਂ 116 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ।
ਲੱਦਾਖ, ਜਿੱਥੇ ਆਮ ਤੌਰ ’ਤੇ ਬਹੁਤ ਘੱਟ ਬਾਰਿਸ਼ ਹੁੰਦੀ ਹੈ, ਵਿੱਚ ਅੱਠ ਮਿਲੀਮੀਟਰ ਦੇ ਮੁਕਾਬਲੇ 15.8 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 97 ਫ਼ੀਸਦੀ ਵੱਧ ਹੈ। ਇਨ੍ਹਾਂ ਤਿੰਨਾਂ ਨੂੰ ਭਾਰੀ ਮੀਂਹ ਪੈਣ ਵਾਲੇ ਸੂਬਿਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸੇ ਤਰ੍ਹਾਂ ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਉੜੀਸਾ ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ’ਚ ਆਮ ਨਾਲੋਂ 20 ਤੋਂ 50 ਫ਼ੀਸਦੀ ਵੱਧ ਮੀਂਹ ਪਿਆ।
ਇਸ ਤੋਂ ਇਲਾਵਾ ਬਹੁਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਮ ਬਾਰਿਸ਼ ਹੋਈ, ਜਿਸ ਦਾ ਮਤਲਬ ਕਿ ਆਮ ਸੀਮਾ ਤੋਂ 19 ਫ਼ੀਸਦੀ ਵੱਧ ਜਾਂ ਘੱਟ ਮੀਂਹ ਪਿਆ ਹੈ। ਇਨ੍ਹਾਂ ਸੂਬਿਆਂ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ, ਤ੍ਰਿਪੁਰਾ, ਮਿਜ਼ੋਰਮ, ਮਨੀਪੁਰ, ਨਾਗਾਲੈਂਡ, ਗੋਆ, ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਪੂਡੂਚੇਰੀ, ਸਿੱਕਮ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਸ਼ਾਮਲ ਹਨ।
ਮੌਨਸੂਨ ਦੌਰਾਨ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਸੂਬਿਆਂ ’ਚ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਸਿੱਕਮ, ਮਨੀਪੁਰ, ਤ੍ਰਿਪੁਰਾ, ਉੱਤਰਾਖੰਡ, ਕਰਨਾਟਕ (ਖਾਸ ਕਰਕੇ ਸ਼ਿਵਮੋਗਾ ਦੇ ਹਿੱਸੇ), ਪੱਛਮੀ ਬੰਗਾਲ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ।
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਇਸ ਵਾਰ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਮੰਡੀ ਵਿੱਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਭਾਰੀ ਮੀਂਹ ਕਾਰਨ ਸੂਬੇ ਵਿੱਚ ਹੁਣ ਤੱਕ 105 ਲੋਕਾਂ ਦੀ ਜਾਨ ਗਈ ਹੈ। -ਪੀਟੀਆਈ