ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

MiG-21 fighter jet: ਮਿਗ-21 ਜੰਗੀ ਜਹਾਜ਼ਾਂ ਨੂੰ 19 ਸਤੰਬਰ ਨੂੰ ਕੀਤਾ ਜਾਵੇਗਾ ਸੇਵਾ-ਮੁਕਤ, ਚੰਡੀਗੜ੍ਹ ’ਚ ਹੋਵੇਗਾ ਸਮਾਗਮ

ਇਹ ਨਾਲ ਭਾਰਤੀ ਹਵਾਈ ਸੈਨਾ ਜੰਗੀ ਤਾਕਤ ਪਿਛਲੇ ਦਹਾਕਿਆਂ ਦੌਰਾਨ ਸਭ ਤੋਂ ਘਟ ਜਾਵੇਗੀ; ਮਿਗ-21 ਨੂੰ ਸਾਬਕਾ ਸੋਵੀਅਤ ਯੂਨੀਅਨ ਵਿੱਚ ਮਿਕੋਯਾਨ-ਗੁਰੇਵਿਚ ਡਿਜ਼ਾਈਨ ਬਿਊਰੋ ਦੁਆਰਾ ਕੀਤਾ ਗਿਆ ਸੀ ਵਿਕਸਤ
Advertisement

ਭਾਰਤੀ ਹਵਾਈ ਸੈਨਾ (IAF) 19 ਸਤੰਬਰ ਨੂੰ ਆਪਣੇ ਆਖਰੀ ਮਿਗ-21 ਜੰਗੀ ਜਹਾਜ਼ ਨੂੰ ਰਸਮੀ ਤੌਰ 'ਤੇ ਸੇਵਾਮੁਕਤ ਕਰ ਦੇਵੇਗੀ, ਜਿਸ ਨਾਲ ਛੇ ਦਹਾਕਿਆਂ ਦੀ ਵਿਰਾਸਤ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਇਸ ਕਾਰਵਾਈ ਨਾਲ IAF ਦੀ ਮਾਰੂ ਸਮਰੱਥਾ ਪਿਛਲੇ ਕੁਝ ਦਹਾਕਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ਉਤੇ ਆ ਜਾਵੇਗੀ।

ਭਾਰਤੀ ਹਵਾਈ ਫ਼ੌਜ ਨੇ ਇਸ ਸਬੰਧੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਮਿਗ-21 ਦਾ ਪੜਾਅਵਾਰ ਸੇਵਾ-ਮੁਕਤੀ ਸਮਾਰੋਹ 19 ਸਤੰਬਰ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਕੀਤਾ ਜਾਵੇਗਾ ਅਤੇ ਇਸ ਵਿਚ ਸਾਬਕਾ ਸੈਨਿਕਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

Advertisement

ਇਸ ਵੇਲੇ ਭਾਰਤੀ ਹਵਾਈ ਸੈਨਾ ਕੋਲ ਦੋ ਮਿਗ-21 ਸਕੁਐਡਰਨ ਹਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੜਾਅਵਾਰ ਬੰਦ ਹੋਣ ਨਾਲ ਫ਼ੌਜ ਦੇ ਜੰਗੀ ਜਹਾਜ਼ ਸਕੁਐਡਰਨਾਂ ਦੀ ਗਿਣਤੀ 29 ਹੋ ਜਾਵੇਗੀ, ਜੋ ਕਿ ਪਿਛਲੇ ਦਹਾਕਿਆਂ ਵਿੱਚ ਸਭ ਤੋਂ ਘੱਟ ਹੈ।

ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੇ ਫੈਸਲੇ ਅਨੁਸਾਰ, IAF ਨੂੰ ਪਾਕਿਸਤਾਨ ਅਤੇ ਚੀਨ ਨਾਲ ਦੋ-ਮੋਰਚਿਆਂ ਦੀ ਮਿਲੀਭੁਗਤ ਵਾਲੀ ਜੰਗ ਲਈ 42 ਸਕੁਐਡਰਨ ਜੈੱਟਾਂ ਦੀ ਲੋੜ ਹੈ। ਹਰੇਕ ਸਕੁਐਡਰਨ ਕੋਲ 16-18 ਜੈੱਟ ਹਨ।

ਤੇਜਸ ਮਾਰਕ-1ਏ ਜੰਗੀ ਜੈੱਟ ਦੀ ਸ਼ਮੂਲੀਅਤ ਵਿੱਚ ਦੇਰੀ ਹੋ ਗਈ ਹੈ, ਜਿਨ੍ਹਾਂ ਦਾ ਮਕਸਦ ਜਹਾਜ਼ਾਂ ਦੀ ਗਿਣਤੀ ਵਧਾਉਣਾ ਹੀ ਸੀ। ਇਨ੍ਹਾਂ ਦੀ ਡਿਲਿਵਰੀ ਮਾਰਚ 2024 ਵਿੱਚ ਸ਼ੁਰੂ ਹੋਣੀ ਸੀ ਤੇ ਹਰ ਸਾਲ ਘੱਟੋ-ਘੱਟ 16 ਜਹਾਜ਼ IAF ਨੂੰ ਦਿੱਤੇ ਜਾਣੇ ਸਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨੂੰ ਬਣਾਉਣ ਵਾਲੇ ਅਦਾਰੇ ਹਿੰਦੁਸਤਾਨ ਔਰੋਨੌਟਿਕਸ ਲਿਮਟਿਡ (HAL) ਨੇ ਇੱਕ ਵੀ ਤੇਜਸ ਮਾਰਕ-1ਏ ਡਿਲਿਵਰ ਨਹੀਂ ਕੀਤਾ ਹੈ।

ਗ਼ੌਰਤਲਬ ਹੈ ਕਿ MiG-21 ਫੇਜ਼ ਆਊਟ ਸਮਾਰੋਹ ਚੰਡੀਗੜ੍ਹ ਵਿੱਚ ਕੀਤਾ ਜਾਵੇਗਾ ਭਾਵ ਉਸੇ ਹਵਾਈ ਅੱਡੇ ਉਤੇ ਜਿੱਥੇ ਅਪਰੈਲ 1963 ਵਿੱਚ ਪਹਿਲੇ ਛੇ ਮਿਗ-21 ਪਹੁੰਚੇ ਸਨ। ਇਹ ਜਹਾਜ਼ 'ਦ ਫਸਟ ਸੁਪਰਸੋਨਿਕਸ' ਨਾਮਕ IAF ਸਕੁਐਡਰਨ ਦਾ ਹਿੱਸਾ ਬਣ ਗਏ ਸਨ।

ਕੁੱਲ ਮਿਲਾ ਕੇ ਭਾਰਤ ਨੇ 1963 ਤੋਂ ਹੁਣ ਤੱਕ 874 ਮਿਗ-21 ਜਹਾਜ਼ ਖਰੀਦੇ ਹਨ, ਜਿਨ੍ਹਾਂ ਵਿੱਚੋਂ 657 ਦਾ ਐੱਚਏਐੱਲ ਨੇ ਲਾਇਸੈਂਸ ਆਧਾਰਤ-ਨਿਰਮਾਣ ਕੀਤਾ। ਬੀਤੇ 62 ਸਾਲਾਂ ਵਿੱਚ, ਮਿਗ-21 ਜਹਾਜ਼ ਵੱਖ-ਵੱਖ ਕਾਰਜਾਂ ਦਾ ਹਿੱਸਾ ਰਹੇ ਹਨ, ਜਿਵੇਂ 1971 ਦੀ ਬੰਗਲਾਦੇਸ਼ ਜੰਗ, 1999 ਦੀ ਕਾਰਗਿਲ ਲੜਾਈ ਅਤੇ ਸਭ ਤੋਂ ਹਾਲੀਆ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਗਈ ਹਵਾਈ ਕਾਰਵਾਈ ਸੀ। ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਇੱਕ ਮਿਗ-21 ਹੀ ਉਡਾ ਰਹੇ ਸਨ।

ਕੁੱਲ ਮਿਲਾ ਕੇ ਲਗਭਗ 490 ਮਿਗ-21 ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿੱਚ 170 ਤੋਂ ਵੱਧ ਪਾਇਲਟਾਂ ਦੀ ਜਾਨ ਜਾਂਦੀ ਰਹੀ ਹੈ।

Advertisement