ਫ਼ਿਲਮੀ ਅੰਦਾਜ਼ ਵਿੱਚ ਲੱਖਾਂ ਰੁਪਏ ਲੁੱਟੇ
ਬਾਲੀਵੁੱਡ ਫ਼ਿਲਮ ‘ਸਪੈਸ਼ਲ 26’ ਤੋਂ ਪ੍ਰੇਰਿਤ ਹੋ ਕੇ ਉੱਤਰੀ ਦਿੱਲੀ ਵਿੱਚ ਲੁੱਖਾਂ ਰੁਪਏ ਦੀ ਲੁੱਟ ਹੋਈ ਹੈ। ਇਸ ਵਿੱਚ ਇੱਕ ਔਰਤ, ਇੱਕ ਦੁਕਾਨਦਾਰ ਅਤੇ ਇੱਕ ਬੇਰੁਜ਼ਗਾਰ ਵਿਅਕਤੀ ਨੇ ਖ਼ੁਦ ਨੂੰ ਸੀਬੀਆਈ ਅਧਿਕਾਰੀ ਦੱਸਦੇ ਹੋਏ ਇੱਕ ਵਪਾਰੀ ਦੇ ਘਰ ਛਾਪਾ ਮਾਰਿਆ ਤੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਲਏ ਤੇ ਫਰਾਰ ਹੋ ਗਏ। ਹਾਲਾਂਕਿ, ਦਿੱਲੀ ਪੁਲੀਸ ਨੇ ਇੱਕ ਹਫ਼ਤੇ ਦੀ ਨੱਠ-ਭੱਜ ਮਗਰੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ 22 ਸਾਲਾ ਮੁਲਜ਼ਮ ਔਰਤ ਪੀੜਤ ਪਰਿਵਾਰ ਦੀ ਦੂਰ ਦੀ ਰਿਸ਼ਤੇਦਾਰ ਹੈ। ਔਰਤ ਲੁੱਟ ਵਾਲੇ ਘਰ ’ਚ ਰੱਖੀ ਨਕਦੀ ਤੇ ਗਹਿਣਿਆਂ ਬਾਰੇ ਪਹਿਲਾਂ ਤੋਂ ਭੇਤੀ ਸੀ। ਉਸਨੇ ਇਸ ਘਰ ਵਿੱਚ ਲੁੱਟ ਕਰਨ ਲਈ ਵਿਉਂਤ ਘੜੀ। ਇਸ ਦੌਰਾਨ ਔਰਤ ਨੇ 28 ਸਾਲਾ ਕੇਸ਼ਵ ਪ੍ਰਸਾਦ ਜੋ ਕਿ ਹਰਿਦੁਆਰ ਵਿੱਚ ਇੱਕ ਫੂਡ ਸਪਲੀਮੈਂਟ ਸਟੋਰ ਚਲਾਉਂਦਾ ਹੈ, ਅਤੇ 20 ਸਾਲਾ ਵਿਵੇਕ ਸਿੰਘ, ਜੋ ਕਿ ਦਿੱਲੀ ਦੇ ਜੌਹਰੀਪੁਰ ਖੇਤਰ ਦਾ ਇੱਕ ਬੇਰੁਜ਼ਗਾਰ ਵਿਦਿਆਰਥੀ ਹੈ, ਨੂੰ ਸ਼ਾਮਲ ਕੀਤਾ। 10 ਜੁਲਾਈ ਦੀ ਸ਼ਾਮ ਨੂੰ ਤਿੰਨਾਂ ਨੇ ਸ਼ਿਕਾਇਤਕਰਤਾ ਦੇ ਘਰ ਦਾ ਦਰਵਾਜ਼ਾ ਖੜਕਾਇਆ।
ਹੂ-ਬ-ਹੂ ਸੀਬੀਆਈ ਅਫ਼ਸਰਾਂ ਜਿਹਾ ਲਿਬਾਸ ਪਹਿਨੇ ਹੋਏ ਤਿੰਨਾਂ ਮੁਲਜ਼ਮਾਂ ਨੇ ਖੁਦ ਨੂੰ ਓਖਲਾ ਸ਼ਾਖਾ ਦੇ ਸੀਬੀਆਈ ਅਧਿਕਾਰੀ ਦੱਸਿਆ। ਇੱਕ ਐੱਫਆਈਆਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਮਾਮਲੇ ਦੇ ਸਬੰਧ ਵਿੱਚ ਉਨ੍ਹਾਂ ਕੋਲ ਘਰ ਦੀ ਤਲਾਸ਼ੀ ਲੈਣ ਲਈ ਵਾਰੰਟ ਹੈ। ਜਦੋਂ ਪਰਿਵਾਰ ਨੇ ਦਸਤਾਵੇਜ਼ ਦੇਖਣ ਲਈ ਕਿਹਾ ਤਾਂ ਤਿੰਨਾਂ ਨੇ ਉਨ੍ਹਾਂ ਨੂੰ ਝਿੜਕਿਆ ਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਚੇਤਾਵਨੀ ਦਿੱਤੀ। ਫਿਰ ਉਨ੍ਹਾਂ ਨੇ ਇੱਕ ਅਲਮਾਰੀ ਤੋੜੀ, ਵਿੱਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੇ ਨਾਲ 3 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ। ਮੁਲਜ਼ਮਾਂ ਨੇ ਪਰਿਵਾਰ ਨੂੰ ਕਿਹਾ ਕਿ ਗਹਿਣੇ ਤੇ ਨਕਦੀ ਜ਼ਬਤ ਕੀਤੇ ਜਾ ਰਹੇ ਹਨ। ਜਦੋਂ ਸ਼ਿਕਾਇਤਕਰਤਾ ਨੇ ਜ਼ਬਤ ਕੀਤੀਆਂ ਚੀਜ਼ਾਂ ਲਈ ਰਸੀਦ ਮੰਗੀ ਤਾਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਧੀ ਦੀ ਇੱਕ ਨੋਟਬੁੱਕ ਵਿੱਚ ਜਾਅਲੀ ਨਾਵਾਂ ਦੀ ਵਰਤੋਂ ਕਰਕੇ ਕੁਝ ਲਾਈਨਾਂ ਲਿਖੀਆਂ ਤੇ ਦਸਤਖ਼ਤ ਕਰ ਦਿੱਤੇ।
ਪਰਿਵਾਰ ਨੂੰ ਸ਼ੱਕ ਪਿਆ ਤੇ ਕੁਝ ਗ਼ਲਤ ਹੋਣ ਦਾ ਅਹਿਸਾਸ ਹੋਣ ‘ਤੇ ਪਰਿਵਾਰ ਨੇ ਪੁਲੀਸ ਨੂੰ ਬੁਲਾਇਆ, ਉਦੋਂ ਤੱਕ ਧੋਖੇਬਾਜ਼ ਗਾਇਬ ਹੋ ਗਏ ਸਨ। ਮਾਮਲਾ ਦਰਜ ਹੋਣ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਅਤੇ ਇਲਾਕੇ ਵਿੱਚ 200 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖੀ। ਪੁਲੀਸ ਨੇ ਪੌਣੇ ਦੋ ਲੱਖ ਰੁਪਏ ਨਕਦ, 29 ਤੋਲੇ ਸੋਨੇ ਅਤੇ ਚਾਂਦੀ ਦੇ ਗਹਿਣੇ ਤੇ ਲੁੱਟ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।