ਕਾਰਗਿਲ ਦੀ ਜਿੱਤ ਦੇਸ਼ ਦੀ ਦ੍ਰਿੜ ਇਰਾਦੇ ਦੀ ਪ੍ਰਤੀਕ: ਰੇਖਾ ਗੁਪਤਾ
ਇਥੇ ਕਾਰਗਿਲ ਵਿਜੈ ਦਿਵਸ ਮੌਕੇ ਸ਼ਾਲੀਮਾਰ ਬਾਗ ਵਿੱਚ ਦਿੱਲੀ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੰਬੋਧਨ ਕੀਤਾ। ਦੇਸ਼ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਰੇਖਾ ਗੁਪਤਾ ਨੇ ਕਿਹਾ ਕਿ ਕਾਰਗਿਲ ਦੀ ਜਿੱਤ ਭਾਰਤ ਦੇਸ਼ ਦੀ ਬਹਾਦਰੀ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਵਿਜੈ ਦਿਵਸ ਦੇਸ਼ ਜਵਾਨਾਂ ਦੇ ਸਪਰਪਣ ਤੇ ਤਿਆਗ ਨੂੰ ਸ਼ਰਧਾਂਜਲੀ ਹੈ। ਰੇਖਾ ਗੁਪਤਾ ਨੇ ਕਿਹਾ ਕਿ ਕਾਰਗਿਲ ਦੀ ਜੰਗ ਕਿਸੇ ਇੱਕ ਇਲਾਕੇ ਦੀ ਰਾਖੀ ਲਈ ਨਹੀਂ ਲੜੀ ਗਈ ਸੀ ਸਗੋਂ ਇਹ ਲੜਾਈ ਭਾਰਤ ਦੇ ਸਨਮਾਨ, ਦਲੇਰੀ ਤੇ ਦ੍ਰਿੜ ਇਰਾਦੇ ਲਈ ਲੜੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਕਾਰਗਿਲ ਦੇ ਸ਼ਹੀਦਾਂ ਦੇ ਬਲੀਦਾਨ ਨੂੰ ਨਮਨ ਕਰਦੇ ਹਨ। ਇਸੇ ਤਰ੍ਹਾਂ ਦਿੱਲੀ ਯੂਨੀਵਰਸਿਟੀ ਦੇ ਸ਼ਿਵਾਜੀ ਕਾਲਜ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਦਿੱਲੀ ਸਰਕਾਰ ਸਥਾਨਕ ਸਰਕਾਰੀ ਸਕੂਲਾਂ ਦੇ ਨਾਂ ਸ਼ਹੀਦਾਂ ਦੇ ਨਾਂ ’ਤੇ ਬਦਲਣ ਦੀ ਸੰਭਾਵਨਾ ਦੀ ਪੜਚੋਲ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕੀਤਾ ਜਾ ਸਕੇੇ। ਸ੍ਰੀ ਸੂਦ ਨੇ ਕਿਹਾ ਕਿ ਇਹ ਕਦਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਆਪਣੇ ਭਾਈਚਾਰਿਆਂ ਦੀਆਂ ਹਿੰਮਤ ਅਤੇ ਕੁਰਬਾਨੀ ਦੀਆਂ ਕਹਾਣੀਆਂ ਨਾਲ ਜੋੜਨ ਵਿੱਚ ਮਦਦ ਕਰੇਗਾ। ਸੂਦ ਨੇ ਕੈਪਟਨ ਸੁਮਿਤ ਰਾਏ, ਕੈਪਟਨ ਹਨੀਫ਼-ਉਦ-ਦੀਨ ਅਤੇ ਕੈਪਟਨ ਅਨੁਜ ਨਈਅਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਰਗਿਲ ਵਿੱਚ ਆਪਣੀਆਂ ਜਾਨਾਂ ਦੇਣ ਵਾਲੇ ਸਾਡੇ ਕਈ ਨੌਜਵਾਨ ਸੈਨਿਕ ਦਿੱਲੀ ਤੋਂ ਸਨ ਅਤੇ ਇੱਥੋਂ ਤੱਕ ਕਿ ਇਸੇ ਕਾਲਜ ਦੇ ਸਾਬਕਾ ਵਿਦਿਆਰਥੀ ਵੀ ਸਨ। ਇਹ ਸਾਰੇ ਸ਼ਿਵਾਜੀ ਕਾਲਜ ਦੇ ਸਾਬਕਾ ਵਿਦਿਆਰਥੀ ਸਨ, ਜੋ 1999 ਦੇ ਸੰਘਰਸ਼ ਵਿੱਚ ਮਾਰੇ ਗਏ ਸਨ। ਅਜਿਹੇ ਸ਼ਹੀਦਾਂ ਦੇ ਨਾਮ ’ਤੇ ਸਕੂਲਾਂ ਦਾ ਨਾਮ ਰੱਖਣ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਯਾਦ ਦਿਵਾਇਆ ਜਾਵੇਗਾ ਕਿ ਰਾਸ਼ਟਰ ਪ੍ਰਤੀ ਫਰਜ਼ ਦਾ ਅਸਲ ਅਰਥ ਕੀ ਹੈ। ਵਿਜੈ ਕਲਸ਼ ਯਾਤਰਾ ਕਾਰਗਿਲ ਦੇ ਨਾਇਕਾਂ ਦਾ ਸਨਮਾਨ ਕਰਦੀ ਹੈ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਕੈਪਟਨ ਸੁਮਿਤ ਰਾਏ ਦੀ ਮਾਂ ਸਵਪਨਾ ਰਾਏ ਵੀ ਸ਼ਾਮਲ ਸਨ। ਸ੍ਰੀ ਸੂਦ ਨੇ ਕਿਹਾ ਕਿ ਸਕੂਲ ਦਾ ਨਾਮ ਬਦਲਣ ਦੀ ਪ੍ਰਸਤਾਵਿਤ ਪਹਿਲ ਰਾਸ਼ਟਰੀ ਮਾਣ ਅਤੇ ਨਾਗਰਿਕ ਜ਼ਿੰਮੇਵਾਰੀ ਨੂੰ ਜਨਤਕ ਸਿੱਖਿਆ ਵਿੱਚ ਸ਼ਾਮਲ ਕਰਨ ਲਈ ਇੱਕ ਵਿਆਪਕ ਯਤਨ ਦਾ ਹਿੱਸਾ ਹੈ। ਦੇਸ਼ ਲਈ ਕੁਰਬਾਨੀ ਸਿਰਫ਼ ਪਾਠ ਪੁਸਤਕ ਵਿੱਚ ਇੱਕ ਅਧਿਆਇ ਨਹੀਂ ਹੋਣੀ ਚਾਹੀਦੀ। ਮੰਤਰੀ ਨੇ ਕਿਹਾ ਕਿ ਸਕੂਲ ਦੇ ਨਾਵਾਂ ਰਾਹੀਂ ਉਨ੍ਹਾਂ ਦਾ ਸਨਮਾਨ ਕਰਨ ਨਾਲ ਉਨ੍ਹਾਂ ਦੀ ਵਿਰਾਸਤ ਨੂੰ ਜਨਤਕ ਯਾਦ ਵਿੱਚ ਪੱਕੀ ਪਛਾਣ ਮਿਲੇਗੀ। ਉਨ੍ਹਾਂ ਨੇ ਇਸੇ ਦਿਸ਼ਾ ਵਿੱਚ ਇੱਕ ਕਦਮ ਵਜੋਂ ਮੋਦੀ ਸਰਕਾਰ ਦੌਰਾਨ ਸਥਾਪਤ ਕੀਤੇ ਗਏ ਰਾਸ਼ਟਰੀ ਯੁੱਧ ਸਮਾਰਕ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਹਰ ਸ਼ਾਮ, ਇੱਕ ਸ਼ਹੀਦ ਦੇ ਪਰਿਵਾਰ ਨੂੰ ਯਾਦਗਾਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ। ਸ਼ਿਵਜੀ ਕਾਲਜ ਵਿੱਚ ਇਹ ਸਮਾਗਮ ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਦੇ 25 ਸਾਲਾਂ ਨੂੰ ਮਨਾਉਣ ਲਈ ਕਰਵਾਇਆ ਗਿਆ ਸੀ।
ਸ਼ਹੀਦ ਵਰਿੰਦਰ ਸਿੰਘ ਅੱਤਰੀ ਦੇ ਨਾਂ ’ਤੇ ਰੱਖਿਆ ਸਕੂਲ ਦਾ ਨਾਂ
ਫਰੀਦਾਬਾਦ (ਪੱਤਰ ਪ੍ਰੇਰਕ): ਇਥੇ ਤਹਿਸੀਲ ਬੱਲਭਗੜ੍ਹ ਦੇ ਪਿੰਡ ਮੋਹਣਾ ਦੇ ਵਸਨੀਕ ਵਰਿੰਦਰ ਸਿੰਘ ਅੱਤਰੀ ਨੂੰ ਵੀ ਸਾਲ 1999 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਵਿੱਚੋਂ ਯਾਦ ਕੀਤਾ ਜਾਂਦਾ ਹੈ। ਪਿੰਡ ਦੇ ਲੋਕ ਅਤੇ ਪਰਿਵਾਰ 11 ਜੁਲਾਈ ਨੂੰ ਉਨ੍ਹਾਂ ਦੀ ਯਾਦ ਵਿੱਚ ਹਵਨ ਕਰਦੇ ਹਨ। ਅੱਜ ਵੀ ਵਰਿੰਦਰ ਦੀ ਮਾਂ ਲੀਲਾ ਦੇਵੀ ਦੀਆਂ ਅੱਖਾਂ ਆਪਣੇ ਛੋਟੇ ਪੁੱਤਰ ਦੀ ਯਾਦ ਵਿੱਚ ਨਮ ਹੋ ਜਾਂਦੀਆਂ ਹਨ। ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ 26 ਜੁਲਾਈ ਨੂੰ ਵਿਜੈ ਦਿਵਸ ਮਨਾਇਆ ਜਾਂਦਾ ਹੈ। ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਵਰਿੰਦਰ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਸੀ। ਯਮੁਨਾ ਨੂੰ ਜਾਣ ਵਾਲੀ ਸੜਕ ਦਾ ਨਾਮ ਵੀ ਉਨ੍ਹਾਂ ਦੇ ਨਾਮ ’ਤੇ ਰੱਖਿਆ ਗਿਆ ਹੈ। ਲਗਪੱਗ 22 ਸਾਲਾਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਵਿੱਚ 200 ਗਜ਼ ਦਾ ਪਲਾਟ ਦਿੱਤਾ ਗਿਆ ਹੈ। ਸਿਪਾਹੀ ਵਰਿੰਦਰ ਸਿੰਘ ਅਤਰੀ ਦਾ ਜਨਮ 1 ਜਨਵਰੀ 1978 ਨੂੰ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੀ ਬੱਲਭਗੜ੍ਹ ਤਹਿਸੀਲ ਦੇ ਮੋਹਣਾ ਪਿੰਡ ਵਿੱਚ ਕਰਨ ਲਾਲ ਅਤੇ ਲੀਲਾ ਦੇਵੀ ਦੇ ਪਰਿਵਾਰ ਵਿੱਚ ਹੋਇਆ ਸੀ।
ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਫ਼ਰੀਦਾਬਾਦ (ਕੁਲਵਿੰਦਰ ਕੌਰ ): ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਫ਼ਰੀਦਾਬਾਦ ਜ਼ਿਲ੍ਹੇ ਦੇ ਤਿੰਨ ਜਵਾਨਾਂ ਅਤੇ ਹੋਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇੱਥੋਂ ਦੇ ਸੈਕਟਰ 12 ਦੇ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇੱਥੇ ਸ਼ਹੀਦਾਂ ਦੇ ਬਲਿਦਾਨ ਨੂੰ ਨਤਮਸਤਕ ਕਰਦਿਆਂ ਫੌਜ ਦੇ ਸਾਬਕਾ ਅਧਿਕਾਰੀਆਂ ਨੇ ਫੁੱਲ੍ਹ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੇਵਾ ਮੁਕਤ ਕੈਪਟਨ ਛਾਬੜੀ ਨੇ ਦੱਸਿਆ ਕਿ ਫ਼ਰੀਦਾਬਾਦ ਜਿ਼ਲ੍ਹੇ ਦੇ ਤਿੰਨ ਜਵਾਨਾਂ ਨੇ ਕਾਰਗਿਲ ਯੁੱਧ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ ਜਿਨ੍ਹਾਂ ਵਿੱਚ ਸੋਫਟਾ ਪਿੰਡ ਦੇ ਲਾਸ ਨਾਇਕ ਜਾਕਰ ਹੁਸੈਨ, ਮੋਹਣਾ ਪਿੰਡ ਦੇ ਸਿਪਾਹੀ ਵਰਿੰਦਰ ਅਤੇ ਫਰੀਦਪੁਰ ਦੇ ਸਿਪਾਹੀ ਹਰਪ੍ਰਸ਼ਾਦ ਸ਼ਾਮਲ ਹਨ। ਫੌਜ ਦੇ ਸਾਬਕਾ ਅਧਿਕਾਰੀਆਂ ਨੇ ਕਿਹਾ ਕਿ ਕਾਰਗਿਲ ਯੁੱਧ ਭਾਰਤੀ ਸੈਨਾ ਦਾ ਇੱਕ ਗੌਰਵਸ਼ਾਲੀ ਇਤਿਹਾਸ ਹੈ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਉਹ ਖ਼ੁਦ ਨੂੰ ਭਾਗਸ਼ਾਲੀ ਮਹਿਸੂਸ ਕਰਦੇ ਹਨ।