ਦਿੱਲੀ: ਭਾਰੀ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ; ਮੌਸਮ ਵਿਭਾਗ ਵੱਲੋਂ ਹੋਰ ਮੀਂਹ ਦੀ ਭਵਿੱਖਬਾਣੀ
ਭਾਰਤ ਮੌਸਮ ਵਿਭਾਗ (IMD) ਅਨੁਸਾਰ ਕੌਮੀ ਰਾਜਧਾਨੀ ਦੇ ਮੁੱਖ ਮੌਸਮ ਸਟੇਸ਼ਨ ਸਫਦਰਜੰਗ ਵਿੱਚ ਸਵੇਰੇ 5.30 ਵਜੇ ਤੋਂ 8.30 ਵਜੇ ਦੇ ਵਿਚਕਾਰ 5.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਹੋਰ ਸਟੇਸ਼ਨਾਂ ’ਤੇ ਇਸ ਤੋਂ ਵੱਧ ਬਾਰਿਸ਼ ਰਿਕਾਰਡ ਕੀਤੀ ਗਈ, ਜਿਨ੍ਹਾਂ ਵਿਚ ਪ੍ਰਗਤੀ ਮੈਦਾਨ ਵਿੱਚ 16.6 ਮਿਲੀਮੀਟਰ, ਪੂਸਾ ਵਿੱਚ 10 ਮਿਲੀਮੀਟਰ, ਜਨਕਪੁਰੀ ਵਿੱਚ 9.5 ਮਿਲੀਮੀਟਰ, ਅਤੇ ਨਜਫਗੜ੍ਹ ਵਿੱਚ 2 ਮਿਲੀਮੀਟਰ ਮੀਂਹ ਪਿਆ।
ਦੱਖਣੀ ਦਿੱਲੀ, ਦੱਖਣ ਪੂਰਬੀ ਦਿੱਲੀ, ਉੱਤਰੀ ਦਿੱਲੀ, ਆਈ.ਟੀ.ਓ., ਸਾਊਥ ਐਕਸਟੈਂਸ਼ਨ, ਐਨ.ਐਚ.-8, ਮਹਿਰੌਲੀ-ਗੁੜਗਾਓਂ ਰੋਡ, ਨਹਿਰੂ ਪਲੇਸ, ਈਸਟ ਆਫ਼ ਕੈਲਾਸ਼, ਕਲੋਨੀ ਰੋਡ, ਅਤੇ ਕਈ ਹੋਰ ਖੇਤਰਾਂ ਸਮੇਤ ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਅਤੇ ਟ੍ਰੈਫਿਕ ਵਿਘਨ ਪਿਆ ਹੈ।
ਮੌਸਮ ਵਿਭਾਗ ਅਨੁਸਾਰ ਉੱਤਰੀ ਪੱਛਮੀ ਅਤੇ ਦੱਖਣੀ ਪੱਛਮੀ ਦਿੱਲੀ ਸੰਤਰੀ ਅਲਰਟ ’ਤੇ ਹਨ, ਜਦੋਂ ਕਿ ਦੱਖਣੀ ਦਿੱਲੀ ਅਤੇ ਉੱਤਰੀ ਪੂਰਬੀ ਦਿੱਲੀ ਵਰਗੇ ਖੇਤਰ ਲਾਲ ਅਲਰਟ 'ਤੇ ਹਨ। ਅਧਿਕਾਰੀਆਂ ਨੇ ਵਸਨੀਕਾਂ ਨੂੰ ਘਰਾਂ ਦੇ ਅੰਦਰ ਰਹਿਣ, ਯਾਤਰਾ ਤੋਂ ਬਚਣ, ਟ੍ਰੈਫਿਕ ਅਪਡੇਟਾਂ ਦੀ ਪਾਲਣਾ ਕਰਨ, ਬਿਜਲੀ ਦੇ ਖੰਭਿਆਂ ਅਤੇ ਤਾਰਾਂ ਤੋਂ ਦੂਰ ਰਹਿਣ ਅਤੇ ਦਰੱਖਤਾਂ ਹੇਠਾਂ ਪਨਾਹ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਹੈ।- ਪੀਟੀਆਈ