ਸਤੰਬਰ ਵਿੱਚ ਕੀਤਾ ਜਾਵੇਗਾ ‘ਕਲਾਊਡ ਸੀਡਿੰਗ’ ਟੈਸਟ
ਕੌਮੀ ਰਾਜਧਾਨੀ ਵਿੱਚ ਨਕਲੀ ਮੀਂਹ ਪਵਾਉਣ ਅਤੇ ਹਵਾ ਪ੍ਰਦੂਸ਼ਣ ਦਾ ਪੱਧਰ ਘਟਾਉਣ ਲਈ ਪਹਿਲਾ ‘ਕਲਾਊਡ ਸੀਡਿੰਗ’ ਟੈਸਟ ਸਤੰਬਰ ਵਿੱਚ ਕੀਤਾ ਜਾਵੇਗਾ। ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ‘ਕਲਾਊਡ ਸੀਡਿੰਗ’ ਟੈਸਟ ਜੁਲਾਈ ਦੇ ਸ਼ੁਰੂ ਵਿੱਚ ਕੀਤਾ ਜਾਣਾ ਸੀ। ਹਾਲਾਂਕਿ ਭਾਰਤ ਮੌਸਮ ਵਿਭਾਗ, ਭਾਰਤੀ ਤਕਨਾਲੋਜੀ ਸੰਸਥਾਨ ਕਾਨਪੁਰ ਅਤੇ ਭਾਰਤੀ ਟ੍ਰੋਪਿਕਲ ਮੌਸਮ ਵਿਗਿਆਨ ਸੰਸਥਾਨ ਪੁਣੇ ਤੋਂ ਪ੍ਰਾਪਤ ਜਾਣਕਾਰੀ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਕਿ ਜੁਲਾਈ ਵਿੱਚ ਮੌਸਮ ਪ੍ਰਭਾਵਸ਼ਾਲੀ ‘ਕਲਾਊਡ ਸੀਡਿੰਗ’ ਲਈ ਅਨੁਕੂਲ ਨਹੀਂ ਹੋਵੇਗਾ। ਇਸ ਤੋਂ ਬਾਅਦ ਟੈਸਟ ਲਈ ਸਤੰਬਰ ਦਾ ਮਹੀਨਾ ਚੁਣਿਆ ਗਿਆ, ਜੋ ਮੌਨਸੂਨ ਕਾਰਨ ‘ਕਲਾਊਡ ਸੀਡਿੰਗ’ ਟੈਸਟਾਂ ਲਈ ਵਧੇਰੇ ਢੁਕਵੀਆਂ ਸਥਿਤੀਆਂ ਪ੍ਰਦਾਨ ਕਰਦਾ ਹੈ।
ਦਿੱਲੀ ਸਰਕਾਰ ਨੇ ਇਸ ਪਾਇਲਟ ਪ੍ਰਾਜੈਕਟ ਲਈ 3.21 ਕਰੋੜ ਰੁਪਏ ਅਲਾਟ ਕੀਤੇ ਹਨ, ਜਿਸਦੀ ਅਗਵਾਈ ਆਈਆਈਟੀ ਕਾਨਪੁਰ ਦਾ ਏਅਰੋਸਪੇਸ ਇੰਜਨੀਅਰਿੰਗ ਵਿਭਾਗ ਕਰ ਰਿਹਾ ਹੈ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਟੈਸਟਾਂ ਲਈ ਸੰਚਾਲਨ ਪ੍ਰਵਾਨਗੀ ਦੇ ਦਿੱਤੀ ਹੈ। ਜਹਾਜ਼ ਨੂੰ ‘ਕਲਾਊਡ ਸੀਡਿੰਗ’ ਉਪਕਰਨਾਂ ਨਾਲ ਲੈਸ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਚਾਲਕ ਦਲ ਕੋਲ ਸਾਰੇ ਜ਼ਰੂਰੀ ਲਾਇਸੈਂਸ ਅਤੇ ਸਰਟੀਫਿਕੇਟ ਹਨ। ਸਿਰਸਾ ਨੇ ਸਪੱਸ਼ਟ ਕੀਤਾ ਕਿ ਜਹਾਜ਼ ਪਾਬੰਦੀ ਵਾਲੇ ਖੇਤਰਾਂ ਵਿੱਚ ਉਡਾਣ ਭਰਨ ਤੋਂ ਬਚੇਗਾ ਅਤੇ ਪੂਰੀ ਪ੍ਰਕਿਰਿਆ ਦੌਰਾਨ ਕੋਈ ਵੀ ਹਵਾਈ ਫੋਟੋਗ੍ਰਾਫੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਅਸੀਂ ਸਾਰੀਆਂ ਜ਼ਰੂਰੀ ਇਜਾਜ਼ਤਾਂ ਪ੍ਰਾਪਤ ਕਰ ਲਈਆਂ ਹਨ ਅਤੇ ਜਹਾਜ਼ ਪੂਰੀ ਤਰ੍ਹਾਂ ਤਿਆਰ ਹੈ। ਕਲਾਊਡ ਸੀਡਿੰਗ ਹੁਣ ਸਤੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ਵਿੱਚ ਹੋਵੇਗੀ।’