ਮੁੱਖ ਮੰਤਰੀ ਵੱਲੋਂ 34 ਹੋਰ ‘ਆਯੂਸ਼ਮਾਨ ਮੰਦਰਾਂ’ ਦਾ ਉਦਘਾਟਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਸਿਹਤ ਜਾਣਕਾਰੀ ਪ੍ਰਬੰਧਨ ਪ੍ਰਣਾਲੀ (ਐੱਚਆਈਐੱਮਐੱਸ) ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਹੁਣ ਅਪੌਇੰਟਮੈਂਟ ਲੈਣ ਲਈ ਕਤਾਰ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ, ਉਹ ਹੁਣ ਔਨਲਾਈਨ ਬੁੱਕ ਕਰ ਸਕਦੇ ਹਨ। ਮੁੱਖ ਮੰਤਰੀ ਨੇ 34 ‘ਆਯੂਸ਼ਮਾਨ ਮੰਦਰਾਂ’ ਅਤੇ ਅੱਠ ‘ਜਨ ਔਸ਼ਧੀ ਕੇਂਦਰਾਂ’ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸਿਹਤ ਕੇਂਦਰ ਨਹੀਂ ਹਨ, ਇਹ ਦਿੱਲੀ ਦੇ ਹਰ ਨਾਗਰਿਕ ਲਈ ਮੁੱਢਲੀ ਸਿਹਤ ਸੁਰੱਖਿਆ ਦਾ ਮੰਦਰ ਹੈ। ਗੁਪਤਾ ਨੇ (ਐੱਚਆਈਐੱਮਐੱਸ) ਨੂੰ ਜਨਤਕ ਸਿਹਤ ਸੰਭਾਲ ਵਿੱਚ ਪਾਰਦਰਸ਼ਤਾ ਵੱਲ ਇੱਕ ਲੋੜੀਂਦਾ ਕਦਮ ਦੱਸਦਿਆਂ ਕਿਹਾ, ਕਿ ਇਹ ਦਿੱਲੀ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਹੈ, ਜਿਨ੍ਹਾਂ ਨੂੰ ਹੁਣ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਨਹੀਂ ਹੋਣਾ ਪਵੇਗਾ। ਦਿੱਲੀ ਵਿੱਚ 93 ਲੱਖ ਤੋਂ ਵੱਧ ਆਯੁਸ਼ਮਾਨ ਭਾਰਤ ਸਿਹਤ ਖਾਤਾ ਆਈਡੀ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਮਰੀਜ਼ ਦੀ ਸਿਹਤ ਦਾ ਡੇਟਾ ਹੁਣ ਡਿਜੀਟਲੀ ਰਿਕਾਰਡ ਕੀਤਾ ਜਾਵੇਗਾ, ਜਿਸ ਨਾਲ ਡਾਕਟਰਾਂ ਲਈ ਨਿਰੰਤਰ ਅਤੇ ਵਧੀਆ ਇਲਾਜ ਕਰਨਾ ਸੌਖਾ ਹੋ ਜਾਵੇਗਾ। ਇਹ ਡਿਜੀਟਲ ਪਲੇਟਫਾਰਮ ਹਸਪਤਾਲਾਂ, ਡਾਕਟਰਾਂ ਅਤੇ ਮਰੀਜ਼ਾਂ ਨੂੰ ਇੱਕ ਨੈੱਟਵਰਕ ‘ਤੇ ਜੋੜੇਗਾ। ਮੁੱਖ ਮੰਤਰੀ ਦੁਆਰਾ ਉਦਘਾਟਨ ਕੀਤੇ ਗਏ 34 ਆਯੂਸ਼ਮਾਨ ਮੰਦਰ ਸੀਲਮਪੁਰ, ਕਾਲਕਾਜੀ, ਬੁਰਾੜੀ, ਯਮੁਨਾ ਵਿਹਾਰ, ਗਾਂਧੀ ਨਗਰ, ਮਾਲਵੀਆ ਨਗਰ, ਸ਼ਕੂਰ ਬਸਤੀ, ਪੱਛਮੀ ਵਿਹਾਰ ਅਤੇ ਬੇਗਮਪੁਰ ਸਮੇਤ ਹੋਰ ਖੇਤਰਾਂ ਵਿੱਚ ਸਥਿਤ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਕੇਂਦਰ ਟੀਕਾਕਰਨ, ਮਾਵਾਂ ਅਤੇ ਬੱਚਿਆਂ ਦੀ ਦੇਖਭਾਲ, ਤੰਦਰੁਸਤੀ ਸਲਾਹ ਅਤੇ ਯੋਗ ਸੈਸ਼ਨਾਂ ਸਮੇਤ ਕਈ ਤਰ੍ਹਾਂ ਦੀਆਂ ਪ੍ਰਾਇਮਰੀ ਸਿਹਤ ਸੇਵਾਵਾਂ ਦੀ ਪੇਸ਼ਕਸ਼ ਕਰਨਗੇ।
ਪਿਛਲੀ ‘ਆਪ’ ਸਰਕਾਰ ’ਤੇ ਨਿਸ਼ਾਨੇ ਸੇਧੇ’
ਦਿੱਲੀ ’ਚ ਪਹਿਲਾਂ ਰਹੀ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਗੁਪਤਾ ਨੇ ਕਿਹਾ ਕਿ ਸਿਹਤ ਸੰਭਾਲ ਦੇ ਨਾਂਅ ‘ਤੇ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਹੋਣ ਦੇ ਬਾਵਜੂਦ, ਇੱਕ ਵੀ ਪ੍ਰੋਜੈਕਟ ਪੂਰਾ ਨਹੀਂ ਹੋਇਆ। ਕੋਵਿਡ ਆਇਆ ਅਤੇ ਚਲਾ ਗਿਆ ਪਰ ਫ਼ਿਰ ਵੀ, ਪਿਛਲੀ ਸਰਕਾਰ ਇੱਕ ਵੀ ਹਸਪਤਾਲ ਨੂੰ ਚਾਲੂ ਨਹੀਂ ਕਰ ਸਕੇ। ਕੋਈ ਦਵਾਈਆਂ ਨਹੀਂ ਸਨ, ਕੋਈ ਡਾਕਟਰ ਨਹੀਂ ਸਨ ਅਤੇ ਕੋਈ ਜਵਾਬਦੇਹੀ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਦਿੱਲੀ ਨੂੰ ਸੁਪਰ-ਸਪੈਸ਼ਲਿਟੀ ਹਸਪਤਾਲਾਂ ਅਤੇ ਆਧੁਨਿਕ ਸਹੂਲਤਾਂ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ।