ਸੰਸਦ ’ਚ ‘ਆਪ’ ਦੇ ਸੰਸਦ ਮੈਂਬਰਾਂ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਤੇ ਹੋਰ ‘ਆਪ’ ਸਾਂਸਦਾਂ ਨੇ ਦਿੱਲੀ ਵਿੱਚ ਗ਼ਰੀਬਾਂ ਦੀਆਂ ਝੁੱਗੀਆਂ-ਝੌਂਪੜੀਆਂ ‘ਤੇ ਭਾਜਪਾ ਸਰਕਾਰ ਵੱਲੋਂ ਚਲਾਏ ਜਾ ਰਹੇ ਬੁਲਡੋਜ਼ਰਾਂ ਵਿਰੁੱਧ ਸੰਸਦ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਸਮਾਜਵਾਦੀ ਪਾਰਟੀ ਨੇ ਵੀ ਇਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਭਾਜਪਾ ਸਰਕਾਰ ਨੂੰ ਗ਼ਰੀਬ ਵਿਰੋਧੀ ਦੱਸਦੇ ਹੋਏ ਨਾਅਰੇ ਲਗਾਏ। ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਜਹਾਂ ਝੁੱਗੀ ਵਹਾਂ ਮਕਾਨ’ ਦਾ ਕਾਰਡ ਵੰਡਿਆ ਸੀ, ਪਰ ਹੁਣ ਇਹੀ ਲੋਕ ਝੁੱਗੀਆਂ-ਝੌਂਪੜੀਆਂ ਨੂੰ ਕੁਚਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਬਿਹਾਰ ਦੇ ਲੋਕਾਂ ਨੂੰ ਦਿੱਲੀ ਤੋਂ ਬਾਹਰ ਕੱਢ ਰਹੀ ਹੈ, ਚੋਣਾਂ ਵਿੱਚ ਬਿਹਾਰ ਦੇ ਲੋਕ ਭਾਜਪਾ ਨੂੰ ਬਿਹਾਰ ਤੋਂ ਬਾਹਰ ਕੱਢਣਗੇ। ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਯੂਪੀ, ਬਿਹਾਰ ਅਤੇ ਪੁਰਵਾਂਚਲ ਦੇ ਲੋਕਾਂ ਦੀਆਂ ਝੁੱਗੀਆਂ, ਘਰ ਅਤੇ ਦੁਕਾਨਾਂ ਤਬਾਹ ਹੋ ਰਹੀਆਂ ਹਨ। ਉਨ੍ਹਾਂ ’ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਵਿੱਚ ਝੁੱਗੀਆਂ-ਝੌਂਪੜੀਆਂ ਢਾਹੁਣ ਦੀ ਕਾਰਵਾਈ ਨੂੰ ਰੋਕਿਆ ਜਾਵੇ ਅਤੇ ਇਸ ਮੁੱਦੇ ‘ਤੇ ਸੰਸਦ ਵਿੱਚ ਚਰਚਾ ਕੀਤੀ ਜਾਵੇ। ਪ੍ਰਦਰਸ਼ਨ ਵਿੱਚ ਸਮਾਜਵਾਦੀ ਪਾਰਟੀ ਵੱਲੋਂ ਹਿੱਸਾ ਲੈਣ ’ਤੇ ਸੰਜੇ ਸਿੰਘ ਨੇ ਸਮਾਜਵਾਦੀ ਪਾਰਟੀ ਦਾ ਧੰਨਵਾਦ ਕੀਤਾ।