‘ਆਪ’ ਵੱਲੋਂ ਝੁੱਗੀਆਂ ਹਟਾਉਣ ਲਈ ਨੋਟਿਸ ਜਾਰੀ ਹੋਣ ਦਾਅਵਾ
ਆਮ ਆਦਮੀ ਪਾਰਟੀ (ਆਪ) ਨੇ ਅੱਜ ਦਾਅਵਾ ਕੀਤਾ ਕਿ ਇੱਥੇ ਸ਼ਾਲੀਮਾਰ ਬਾਗ ਤੇ ਸ਼ਾਹਦਰਾ ’ਚ ਝੁੱਗੀਆਂ-ਬਸਤੀਆਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ’ਤੇ ਸ਼ਹਿਰ ਦੇ ਗਰੀਬਾਂ ਨਾਲ ‘ਵਿਸਾਹਘਾਤ’ ਕਰਨ ਤੇ ਚੋਣ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ ਹੈ। ਇਨ੍ਹਾਂ ਦੋਸ਼ਾਂ ਬਾਰੇ ਭਾਜਪਾ ਜਾਂ ਦਿੱਲੀ ਸਰਕਾਰ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਭਾਜਪਾ ਨੇ ਝੁੱਗੀ ਵਾਸੀਆਂ ਨੂੰ ‘ਜਿੱਥੇ ਝੁੱਗੀ, ਉਥੇ ਮਕਾਨ’ ਦਾ ਵਾਅਦਾ ਕਰਦਿਆਂ ਕਾਰਡ ਵੰਡੇ ਸਨ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਸੀ ਕਿ ਬਦਲਵੀਂ ਰਿਹਾਇਸ਼ ਤੋਂ ਬਿਨਾਂ ਕੋਈ ਵੀ ਝੁੱਗੀ-ਝੌਪੜੀ ਤੋੜੀ ਨਹੀਂ ਜਾਵੇਗੀ। ਫਿਰ ਛੇ ਮਹੀਨਿਆਂ ਦੇ ਅੰਦਰ ਹੀ ਸ਼ਹਿਰ ਵਿੱਚ ਝੁੱਗੀਆਂ ਢਾਹ ਦਿੱਤੀਆਂ ਗਈਆਂ। ਹੁਣ ਮੁੱਖ ਮੰਤਰੀ ਰੇਖਾ ਗੁਪਤਾ ਦੇ ਚੋਣ ਹਲਕੇ ’ਚ ਦੋ ਝੁੱਗੀ ਬਸਤੀਆਂ ਨੂੰ ਨੋਟਿਸ ਦਿੱਤੇ ਗਏ ਹਨ।’’
ਆਤਿਸ਼ੀ ਨੇ ਕਿਹਾ ਕਿ ਤਾਲਬਾਗ ਦੀਆਂ ਝੁੱਗੀਆਂ 31 ਜੁਲਾਈ ਨੂੰ ਢਾਹੀਆਂ ਜਾਣੀਆਂ ਹਨ। ‘ਆਪ’ ਆਗੂ ਨੇ ਕਿਹਾ, ‘‘35 ਸਾਲਾਂ ਤੋਂ ਕਿਸੇ ਸਰਕਾਰ ਨੇ ਇਨ੍ਹਾਂ ਝੁੱਗੀਆਂ ਨੂੰ ਛੂੁਹਿਆ ਤੱਕ ਨਹੀਂ ਪਰ ਸਰਕਾਰ ਇਨ੍ਹਾਂ ਨੂੰ ਬੁਲਡੋਜ਼ਰ ਨਾਲ ਢਾਹ ਰਹੀ ਹੈ।’’ ਆਤਿਸ਼ੀ ਨੇ ਕਿਹਾ, ‘‘ਗਰੀਬਾਂ ਦੀ ਤਾਕਤ ਨੂੰ ਘੱਟ ਨਾ ਸਮਝੋ। ਉਹ ਇਸ ਸ਼ਹਿਰ ਨੂੰ ਚਲਾਉਂਦੇ ਹਨ ਅਤੇ ਇਸ ਨੂੰ ਰੋਕ ਵੀ ਸਕਦੇ ਹਨ।’’ ਉਨ੍ਹਾਂ ਇਹ ਵੀ ਕਿਹਾ ਕਿ ਰੋਹਤਾਸ਼ ਨਗਰ ਵਿੱਚ ਬੁਲਡੋਜ਼ਰ ਚਲਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ, ਜਿਸ ਤੋਂ ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਨੇ ਚੋਣ ਪ੍ਰਚਾਰ ਦੌਰਾਨ ਜੋ ਵੀ ਕਿਹਾ ਸੀ, ਉਹ ਸਭ ਝੂਠ ਸੀ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਗੱਲ ਕਈ ਵਾਰ ਦੁਹਰਾਈ ਹੈ ਕਿ ਦਿੱਲੀ ਵਿੱਚ ਕਿਸੇ ਵੀ ਝੁੱਗੀ-ਝੌਂਪੜੀ ’ਤੇ ਬੁਲਡੋਜ਼ਰ ਨਹੀਂ ਵਰਤੇ ਜਾਣਗੇ। ਪਰ ਹੁਣ ਉਨ੍ਹਾਂ ਦੀ ਆਪਣੀ ਵਿਧਾਨ ਸਭਾ ਸ਼ਾਲੀਮਾਰ ਬਾਗ ਦੇ ਇੰਦਰਾ ਕੈਂਪ ’ਚ ਬੁਲਡੋਜ਼ਰ ਚਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਲੀਮਾਰ ਬਾਗ ਵਿੱਚ ਪਹਿਲਾਂ ਹੀ ਬੁਲਡੋਜ਼ਰ ਵਰਤੇ ਜਾ ਚੁੱਕੇ ਹਨ। ਭਾਜਪਾ ਹਮੇਸ਼ਾ ਝੂਠੇ ਵਾਅਦੇ ਕਰਦੀ ਹੈ।
ਕਾਰਵਾਈ ਦਾ ਵਿਰੋਧ ਕਰਾਂਗੇ: ਵੰਦਨਾ ਗੁੁਪਤਾ
‘ਆਪ’ ਆਗੂ ਤੇ ਸ਼ਾਲੀਮਾਰ ਬਾਗ ਤੋਂ ਸਾਬਕਾ ਵਿਧਾਇਕ ਵੰਦਨਾ ਕੁਮਾਰੀ ਨੇ ਦਾਅਵਾ ਕੀਤਾ ਕਿ ਨੋਟਿਸ 23 ਜੁਲਾਈ ਨੂੰ ਉਸੇ ਇਲਾਕੇ ’ਚ ਦਿੱਤਾ ਗਿਆ ਜਿੱਥੇ ਮੁੱਖ ਮੰਤਰੀ ਰੇਖਾ ਗੁਪਤਾ ਰਹਿੰਦੀ ਹੈ। ਉਨ੍ਹਾਂ ਨੇ ਇਸ ਕਦਮ ਦੇ ‘ਜ਼ੋਰਦਾਰ ਵਿਰੋਧ’ ਕਰਨ ਦਾ ਅਹਿਦ ਕਰਦਿਆਂ ਆਖਿਆ, ‘‘ਇਹ ਗਰੀਬ ਵਿਰੋਧੀ ਨੀਤੀ ਹੈ। ‘ਆਪ’ ਸਰਕਾਰ ਨੇ ਪਹਿਲਾਂ ਪੱਕੀ ਰਿਹਾਇਸ਼ ਮੁਹੱਈਆ ਕਰਵਾਏ ਬਿਨਾਂ ਕੋਈ ਵੀ ਝੁੱਗੀ ਨਹੀਂ ਢਾਹੀ ਸੀ।’’