ਰੋਹਿਣੀ ’ਚ 800 ਝੁੱਗੀਆਂ ਸੜੀਆਂ, ਦੋ ਬੱਚਿਆਂ ਦੀ ਮੌਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਪਰੈਲ
ਇੱਥੇ ਰੋਹਿਣੀ ਵਿੱਚ ਝੁੱਗੀ ਕਲੋਨੀ ਵਿੱਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਪੰਜ ਵਿਅਕਤੀ ਜ਼ਖਮੀ ਹੋ ਗਏ। ਰੋਹਿਣੀ ਦੇ ਸੈਕਟਰ 17 ਦੇ ਸ੍ਰੀ ਨਿਕੇਤਨ ਅਪਾਰਟਮੈਂਟ ਨੇੜੇ ਝੁੱਗੀ ਵਿੱਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਕਾਮਿਆਂ ਨੂੰ ਤਿੰਨ ਘੰਟੇ ਮੁਸ਼ੱਕਤ ਕਰਨੀ ਪਈ। ਰੋਹਿਣੀ ਦੇ ਪੁਲੀਸ ਅਧਿਕਾਰੀ ਅਮਿਤ ਗੋਇਲ ਨੇ ਦੱਸਿਆ ਕਿ ਅੱਗ ਮਗਰੋਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇੱਕ ਬੱਚੇ ਦੀ ਉਮਰ ਢਾਈ ਸਾਲ ਤੇ ਦੂਜੇ ਦੀ ਤਿੰਨ ਸਾਲ ਹੈ। ਦਿੱਲੀ ਪੁਲੀਸ ਅਤੇ ਦਿੱਲੀ ਫਾਇਰ ਸਰਵਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਸੀ। ਝੁੱਗੀ ਕਲੋਨੀ ਵਿੱਚ ਐਤਵਾਰ ਸਵੇਰੇ ਅੱਗ ਲੱਗ ਗਈ, ਜਿਸ ਕਾਰਨ ਲੋੜਵੰਦ ਪਰਿਵਾਰਾਂ ਦੀ ਆਰਜ਼ੀ ਛੱਤ ਤਬਾਹ ਹੋ ਗਈ। ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ 20 ਇੰਜਣ ਤਾਇਨਾਤ ਕੀਤੇ ਗਏ ਸਨ। ਦਿੱਲੀ ਵਿੱਚ ਬੀਤੇ ਦਿਨਾਂ ਦੌਰਾਨ ਅੱਧੀ ਦਰਜਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11. 55 ਵਜੇ ਸੂਚਨਾ ਮਿਲਦੇ ਹੀ ਅਮਲਾ ਹਰਕਤ ਵਿੱਚ ਆ ਗਿਆ। ਪੰਜ ਅੱਗ ਬੁਝਾਊ ਗੱਡੀਆਂ ਹੋਰ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਦਿੱਲੀ ਫਾਇਰ ਵਿਭਾਗ ਦੇ ਅਮਲੇ ਵੱਲੋਂ ਅੱਗ ’ਤੇ ਕਾਬੂ ਪਾਉਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਕਰੀਬ ਦੋ ਘੰਟੇ ਦੀ ਜੱਦੋਜਹਿਦ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਗਿਆ। ਝੁੱਗੀਆਂ ਵਿੱਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਔਰਤਾਂ ਅਤੇ ਬੱਚੇ ਆਪਣੇ ਆਰਜ਼ੀ ਟਿਕਾਣਿਆਂ ਨੂੰ ਤਬਾਹ ਹੁੰਦੇ ਦੇਖ ਕੇ ਰੋ ਰਹੇ ਸਨ। ਅੱਠ ਸੌ ਤੋਂ ਵੱਧ ਝੁੱਗੀਆਂ ਨੂੰ ਅੱਗ ਲੱਗ ਗਈ ਅਤੇ ਸਭ ਕੁਝ ਸੁਆਹ ਹੋ ਗਿਆ। ਲੋਕਾਂ ਦਾ ਘਰੇਲੂ ਸਾਮਾਨ, ਪੈਸੇ, ਸੋਨਾ, ਰਿਕਸ਼ੇ, ਸਭ ਕੁਝ ਸੜ ਗਿਆ। ਅੱਗ ਲਗਪਗ 5 ਏਕੜ ਦੇ ਰਕਬੇ ਵਿੱਚ 800 ਦੇ ਕਰੀਬ ਝੁੱਗੀਆਂ ਵਾਲੇ ਖੇਤਰ ਵਿੱਚ ਲੱਗੀ ਸੀ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ। ਜਿਨ੍ਹਾਂ ਲੋਕਾਂ ਦਾ ਸਾਮਾਨ ਸੜ ਗਿਆ, ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਸਮਾਜ ਸੇਵੀ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਪੀੜਤਾਂ ਨੂੰ ਮੁਆਵਜ਼ ਦੇਣ ਦੀ ਮੰਗ ਕੀਤੀ ਹੈ।
ਆਈਟੀਓ ਨੇੜੇ ਜੰਗਲੀ ਖੇਤਰ ਵਿੱਚ ਅੱਗ ਲੱਗੀ
ਸ਼ਕਰਪੁਰ ਥਾਣਾ ਖੇਤਰ ਦੀ ਸੀਮਾ ਅਧੀਨ ਰਾਸ਼ਟਰੀ ਰਾਜਧਾਨੀ ਦੇ ਆਈਟੀਓ ਖੇਤਰ ਦੇ ਨੇੜੇ ਜੰਗਲ ਵਿੱਚ ਅੱਜ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਗ ਦੀ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਗੀਤਾ ਕਲੋਨੀ ਫਾਇਰ ਸਟੇਸ਼ਨ ਦੇ ਉਪ ਅਧਿਕਾਰੀ ਭੀਮਸੇਨ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 12.07 ਵਜੇ ਲਕਸ਼ਮੀ ਨਗਰ ਤੋਂ ਆਈਟੀਓ ਵੱਲ ਜਾਣ ਵਾਲੇ ਲੂਪ ’ਤੇ ਦਰੱਖਤਾਂ ਨੂੰ ਅੱਗ ਲੱਗਣ ਬਾਰੇ ਕਾਲ ਆਈ ਸੀ। ਤਿੰਨ ਗੱਡੀਆਂ ਮੌਕੇ ‘ਤੇ ਅੱਗ ‘ਤੇ ਕਾਬੂ ਪਾਉਣ ਲਈ ਭੇਜੀਆਂ ਗਈਆਂ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੌਰਾਨ ਅੱਜ 42.1 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਜੋ, ਕੌਮੀ ਰਾਜਧਾਨੀ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਅਪਰੈਲ ਵਿੱਚ ਸਭ ਤੋਂ ਵੱਧ ਤਾਪਮਾਨ ਵਾਲਾ ਦਿਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਰਾਜਧਾਨੀ ਵਿੱਚ ਆਉਣ ਵਾਲੇ ਦਿਨਾਂ ‘ਚ ਤਾਪਮਾਨ ਵਧਣ ਦੀ ਵੀ ਭਵਿੱਖਬਾਣੀ ਕੀਤੀ ਹੈ।