ਜੀਵਨ ’ਚ ਸਫ਼ਲਤਾ ਲਈ ਸ਼ੁਕਰਾਨਾ ਲਾਜ਼ਮੀ
ਸੁਰਿੰਦਰ ਮੰਡ
ਜਿਸ ਤੋਂ ਜੋ ਵੀ ਲਈਏ, ਸ਼ੁਕਰਾਨਾ ਕਰੀਦਾ, ਨਹੀਂ ਤਾਂ ਦੀਨ ਦੁਨੀ ਵਿੱਚ ਅਹਿਸਾਨ-ਫ਼ਰਾਮੋਸ਼ ਸਦਾਈਦਾ, ਜੋ ਧਰਤੀ ਦੀ ਸਭ ਤੋਂ ਨਕਾਰੀ ਸਮਾਜੀ ਨਸਲ ਹੈ। ਨਾਸ਼ੁਕਰੇ ਲੋਕਾਂ ਨੂੰ ਘਰ ਬਾਹਰ ਕੋਈ ਦੁਬਾਰਾ ਮੂੰਹ ਨਹੀਂ ਲਾਉਂਦਾ।
ਅੱਜਕੱਲ੍ਹ ਅਜਿਹੇ ਲੋਕ ਆਮ ਮਿਲ ਜਾਂਦੇ ਹਨ ਜਿਹੜੇ ਕਹਿਣਗੇ, “ਅਸੀਂ ਕੀ ਲਿਆ ਕਿਸੇ ਤੋਂ? ਸਾਨੂੰ ਨਹੀਂ ਲੋੜ ਕਿਸੇ ਦੀ। ਸਭ ਕੁਝ ਹੈ ਸਾਡੇ ਕੋਲ, ਹੋਰ ਵੀ ਖ਼ੁਦ ਲੈ ਸਕਦੇ ਆਂ।” ਚੀਜ਼ਾਂ ਗਿਣਾਉਂਦਿਆਂ ਆਖਣਗੇ, “ਆਹ ਮੈਂ ਬਣਾਇਆ ਜੋ ਵੀ ਹੈਗਾ।” ਅਜਿਹਾ ਕਹਿਣ ਵਾਲੇ ਆਮ ਕਰਕੇ ਹਾਉਮੈ ਦੇ ਮਾਰੇ ਅਗਿਆਨੀ ਲੋਕ ਹੁੰਦੇ ਹਨ।
ਸੋਚੋ, ਜਿਸ ਧਰਤੀ ਉੱਤੇ ਆਪਾਂ ਤੁਰੇ ਫਿਰਦੇ ਹਾਂ, ਜਿਸ ਤੋਂ ਸਭ ਕੁਝ ਲੈਂਦੇ ਹਾਂ ਖਾਧ ਖੁਰਾਕ ਹਵਾ ਪਾਣੀ, ਸਾਰਾ ਰੰਗ ਮੇਲਾ ਮਾਣ ਰਹੇ ਹਾਂ। ਜਿਹੜੀ ਧਰਤੀ ਨੇ ਸਾਡੇ ਵੱਡ ਵਡੇਰੇ ਤੇ ਸਾਨੂੰ ਪੈਦਾ ਕੀਤਾ, ਪਾਲਿਆ। ਕੀ ਇਹ ਧਰਤੀ ਆਪਾਂ ਬਣਾਈ? ਜਿਸ ਨੇ ਵੀ ਇਹ ਧਰਤੀ, ਜੀਵ ਸੰਸਾਰ ਵਸਾਇਆ, ਕੀ ਅਸੀਂ ਉਸ ਪ੍ਰਤੀ ਸ਼ੁਕਰਾਨੇ ਵਜੋਂ ਮਨ ਹੀ ਮਨ ਸਿਰ ਝੁਕਾਉਂਦੇ ਹਾਂ? ਕੀ ਇਸ ਧਰਤੀ ਦੀ ਹਵਾ ਪਾਣੀ ਮਿੱਟੀ ਦੀ ਵਡਿਆਈ ਨੂੰ ਮਨ ਵਿੱਚ ਉਹ ਜਗ੍ਹਾ ਦਿੰਦੇ ਹਾਂ, ਜਿਸ ਦੀ ਇਹ ਹੱਕਦਾਰ ਹੈ? ਕੀ ਸਾਨੂੰ ਪਤਾ ਹੈ ਕਿ ਸਾਰੇ ਗਿਆਨ ਵਿਗਿਆਨ ਦੀ ‘ਮਾਂ’ ਧਰਤੀ ਹੈ ਅਤੇ ਧਰਤੀ/ਕੁਦਰਤ ਦੇ ਸਹਿਜ ਨਿਯਮ ਹੀ ਸਮਾਜ ਅਤੇ ਵਿਗਿਆਨ ਦੇ ਗਿਆਨ ਦਾ ਆਧਾਰ ਹਨ?
ਕੀ ਸਾਨੂੰ ਪਤਾ ਹੈ ਕਿ ਸਭ ਰੰਗ ਰੂਪ ਆਕਾਰ ਸੁਆਦ, ਉਸ ਮਿੱਟੀ ਪਾਣੀ ਹਵਾ ਤੋਂ ਬਣੇ ਹਨ ਜਿਨ੍ਹਾਂ ਦਾ ਆਪਣਾ ਕੋਈ ਰੰਗ ਰੂਪ ਸੁਆਦ ਤੇ ਆਕਾਰ ਨਿਸ਼ਚਿਤ ਨਹੀਂ? ਤੇ ਇਹ ਜਾਣਨ ਤੋਂ ਬਾਅਦ ਕੀ ਸਾਨੂੰ ਇਲਮ ਹੈ ਕਿ ‘ਸਭ ਕੁਝ’ ਉਹੀ ਇਨਸਾਨ ਬਣ ਸਕਦਾ ਹੈ, ਜਿਹੜਾ ਮਿੱਟੀ ਪਾਣੀ ਹਵਾ ਦੇ ਗੁਣਾਂ ਲੱਛਣਾਂ ਸੁਭਾਅ ਵਰਗਾ ਹੋ ਜਾਵੇ। ਜਿਵੇਂ ਸਾਂਝਾ ਬੇਗ਼ਰਜ਼ ਜਿਹਾ, ਆਪਣਾ ਪਿਆਰਾ ਜਿਹਾ, ਗੁਣੀ ਨਿਰਮਾਣ ਜਿਹਾ, ਹੱਦਾਂ ਤੋਂ ਪਾਰ ਜਿਹਾ, ਪਰਉਪਕਾਰ ਜਿਹਾ? ਕੀ ਕੁਦਰਤ ਦੀਆਂ ਇਨ੍ਹਾਂ ਡੂੰਘੀਆਂ ਰਮਜ਼ਾਂ ਦੀ ਸੋਝੀ ਹੈ ਸਾਨੂੰ? ਕੀ ਸਾਡੇ ਮਨ ਵਿੱਚੋਂ ਆਵਾਜ਼ ਆਉਂਦੀ ਹੈ ਕਿ “ਹੇ ਧਰਤੀ ਮਾਂ, ਅਸੀਂ ਜੋ ਵੀ ਹਾਂ, ਤੇਰੀ ਬਦੌਲਤ ਹੀ ਹਾਂ?”
ਕੀ ਅਸੀਂ ਸਮੁੱਚੀ ਧਰਤੀ ਨੂੰ ‘ਮਾਂ’ ਕਹਿੰਦੇ ਹਾਂ ਕਿ ਆਪੋ ਆਪਣੇ ਮੁਲਕਾਂ ਦੀ ਧਰਤੀ ਦੇ ਟੁਕੜੇ ਨੂੰ? ਕੀ ਅਸੀਂ ਸਿਰਫ਼ ਆਪਣੇ ਧਰਤੀ ਟੁਕੜੇ ਦੀ ਜੈ ਜੈ ਕਾਰ ਦੇ ਨਾਹਰੇ ਲਾਉਂਦੇ ਹਾਂ ਕਿ ਸਗਲ ਧਰਤੀ ਮਾਂ ਦੇ? ਕੀ ਅਸੀਂ ਧਰਤੀ ਨੂੰ ਐਟਮ ਬੰਬਾਂ ਨਾਲ ਸਾੜ ਕੇ ਸੁਆਹ ਕਰ ਦੇਣ ਦੀ ਯੋਗਤਾ ਹਾਸਲ ਕਰਨ ਨੂੰ ਮਾਣਯੋਗ ਤਰੱਕੀ ਨਹੀਂ ਸਮਝਦੇ? ਲਗਦਾ ਤਾਂ ਇਹੋ ਹੈ ਕਿ ਅਸੀਂ ਧਰਤੀ ਨੂੰ ਬੇਜਾਨ ਮਿੱਟੀ ਸਮਝਦੇ ਹਾਂ, ਆਪਣੇ ਵਰਤਣ ਵਾਲੀ ਸ਼ੈਅ। ਜਿੰਨੀ ਨੂੰ ਵਰਤਦੇ ਹਾਂ, ਉਸ ਨੂੰ ਮਾਂ ਅਤੇ ਬਾਕੀ ਸਾਰੀ ਨੂੰ ਬੇਗਾਨੀ ਸਮਝਦੇ ਹਾਂ। ‘ਮਾਂ’ ਆਖਣਾ ਸਾਡਾ ਖੇਖਣ ਹੈ।
ਪਾਣੀ ਜੀਵਨ ਹੈ, ਪਰ ਮਨੁੱਖ ਧਰਤੀ ਦਾ ਪਾਣੀ ਅੰਦਰੋਂ ਚੂਸ ਜਾਣ ਲਈ ਉਤਾਰੂ ਹੈ, ਦਰਿਆਵਾਂ ਵਿੱਚ ਵੀ ਸਾਰਾ ਗੰਦ ਸੁੱਟੀ ਜਾ ਰਿਹਾ ਹੈ। ਇਸ ਦੇ ਸੁੰਦਰ ਸ਼ੁੱਧ ਦੈਵੀ ਰੂਪ ਦੀ ਸਾਨੂੰ ਉਵੇਂ ਕਦਰ ਨਹੀਂ, ਜਿਵੇਂ ਹੋਣੀ ਚਾਹੀਦੀ ਹੈ। ਸੂਰਜ ਚੰਦ ਤਾਰੇ ਬੱਦਲ ਹਵਾਵਾਂ ਅਜੇ ਲਾਲਚੀ ਬੰਦਿਆਂ ਦੇ ਜੱਫੇ ਵਿੱਚ ਨਹੀਂ ਆ ਰਹੇ। ਵੈਸੇ ਸੁਣੀਂਦਾ ਏ ਕਿ ਪਰਮਾਣੂ ਤਾਕਤ ਦੇਸ਼ਾਂ ਵੱਲੋਂ ਪਰਮਾਣੂ ਕਚਰਾ ਡੱਬਿਆਂ ਵਿੱਚ ਬੰਦ ਕਰਕੇ ਦੂਜੇ ਮਾੜੇ ਮੁਲਕਾਂ ਦੇ ਸਮੁੰਦਰਾਂ ਵਿੱਚ ਸੁੱਟਿਆ ਜਾ ਰਿਹਾ ਏ। ਜਦੋਂ ਕਦੇ ਉਹ ਪਾਣੀ ਵਿੱਚ ਘੁਲ ਜਾਵੇਗਾ ਤਾਂ ਕੈਸੀ ਆਫ਼ਤ ਆਵੇਗੀ? ਇਸ ਵਿਨਾਸ਼ ਲੀਲਾ ਦੀ ਸਾਨੂੰ ਕੋਈ ਪੀੜਾ ਨਹੀਂ।
ਜਿੰਨੀਆਂ ਵੀ ਬੇਸ਼ੁਮਾਰ ਚੀਜ਼ਾਂ ਹਨ, ਜਿਸ ਸਾਜ਼ੋ-ਸਾਮਾਨ ਨਾਲ ਸਾਰਾ ਘਰ ਉਸਰਿਆ, ਅਸੀਂ ਜੋ ਵੀ ਵਰਤਦੇ ਹਾਂ, ਇਨ੍ਹਾਂ ਵਿੱਚੋਂ ਕੋਈ ਚੀਜ਼ ਵੀ ਅਸੀਂ ਬਣਾਈ ਜਾਂ ਬਣਾਉਣ ਦੇ ਕਾਬਿਲ ਹਾਂ? ਨਹੀਂ। ਇਹ ਸਭ ਕਰਨ ਬਣਾਉਣ ਵਾਲੇ ਹੋਰ ਹਨ ਅਤੇ ਇਹ ਮਨੁੱਖ ਦੀ ਸਦੀਆਂ ਦੀ ਮਿਹਨਤ ਮੁਸ਼ੱਕਤ, ਖੋਜ ਤੇ ਘਾਲਣਾ ਹੈ, ਜਿਸ ਵਿੱਚ ਸਾਡਾ ਫਿਲਹਾਲ ਕੋਈ ਯੋਗਦਾਨ ਨਹੀਂ। ਇਹ ਸਾਨੂੰ ਮਾਪਿਆਂ ਦੀ ਬਦੌਲਤ ਜਾਂ ਸਿਰਫ਼ ਪੈਸਿਆਂ ਨਾਲ ਮਿਲੀ ਹੈ।
ਇਹ ਸਾਰੀ ਉਸਾਰੀ ਅਤੇ ਸਾਜ਼ੋ-ਸਾਮਾਨ ਕਿਹੜੇ ਪਿਆਰੇ ਹੁਨਰਮੰਦ ਹੱਥਾਂ ਨੇ ਬਣਾਏ? ਇਨ੍ਹਾਂ ਦੇ ਸਿਰਜਕ ਮਜ਼ਦੂਰਾਂ ਤੇ ਖੋਜੀਆਂ ਦਾ ਮਾਣ ਅਤੇ ਸ਼ੁਕਰਾਨਾ ਕਰਨਾ ਉਵੇਂ ਸਿੱਖੀਏ, ਜਿਵੇਂ ਕੋਈ ਕੁਦਰਤ ਦੀ ਸੁੰਦਰਤਾ ਵੇਖ ਕੇ ਕਹਿ ਉੱਠਦਾ ਹੈ, “ਹੇ ਸੁੰਦਰਤਾ, ਤੈਨੂੰ ਬਣਾਉਣ ਵਾਲਾ ਕਿੰਨਾ ਸੁੰਦਰ ਹੋਵੇਗਾ!”
ਸੁੰਦਰਤਾ ਉੱਤੇ ਮੋਹਿਤ ਹੁੰਦਿਆਂ, ਸਿਫ਼ਤ ਕਰਦਿਆਂ ਉਸ ਦੇ ਕਰਤਾ ਨੂੰ ਮੁਹੱਬਤੀ ਆਦਰ ਵੀ ਦੇਣਾ ਬਣਦਾ ਏ। ਇਹ ਮਨ ਹੀ ਮਨ ਸ਼ੁਕਰਾਨਾ ਕਰਨਾ ਹੀ ਹੁੰਦਾ ਏ। ਕੀ ਆਪਾਂ ਅਜਿਹਾ ਕਰਦੇ ਹਾਂ?
ਖਾਣ ਪੀਣ ਦੀਆਂ ਸਭ ਸ਼ੈਆਂ ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਹਨ ਜੋ ਸਾਨੂੰ ਮੁਫ਼ਤ ਵਿੱਚ ਮਿਲੀਆਂ, ਪਰ ਇਹ ਬਖ਼ਸ਼ਿਸ਼ਾਂ ਵਜੋਂ ਸਾਨੂੰ ਚੇਤੇ ਨਹੀਂ ਰਹੀਆਂ।
ਕੁਦਰਤ ਦੇ ਬਣਾਏ ਜੀਆ ਜੰਤ ਦੇ ਸ਼ੁਕਰਗੁਜ਼ਾਰ ਤਾਂ ਕੀ ਹੋਣਾ ਸੀ, ਅਸੀਂ ਤਾਂ ਉਮਰ ਭਰ ਉਨ੍ਹਾਂ ਨੂੰ ਉਹ ਗ਼ੁਲਾਮੀ ਦਿੱਤੀ ਜਿਹੜੀ ਸੋਚੀਏ ਤਾਂ ਰੂਹ ਕੰਬ ਜਾਏ। ਉਂਜ ਕਹਿੰਦੇ ਇਹ ਹਾਂ ਕਿ ਹਰ ਜੀਵ ਵਿੱਚ ਰੱਬ ਦਾ ਵਾਸਾ ਹੈ। ਰੱਬੀ ਰੂਹਾਂ ਨੂੰ ਗ਼ੁਲਾਮ ਬਣਾ ਕੇ, ਨੱਥ ਪਾ ਕੇ, ਸੰਗਲ ਮਾਰ ਕੇ, ਕਿੱਲਿਆਂ ’ਤੇ ਬੱਧਾ ਆਪਾਂ ਤੇ ਆਪਣੇ ਲਈ ਅਜ਼ਾਦੀ ਚਾਹੁੰਦੇ ਹਾਂ।
ਬੱਚਿਆਂ ਨੂੰ ਆਪਣੀ ਔਲਾਦ ਪੈਦਾ ਕਰਕੇ ਹੀ ਪਤਾ ਲਗਦਾ ਹੈ ਕਿ ਸਾਡੇ ਮਾਪਿਆਂ ਨੇ ਵੀ ਸਾਨੂੰ ਕਿਵੇਂ ਔਖਿਆਂ ਹੋ ਕੇ ਜੰਮਿਆ ਪਾਲਿਆ ਹੋਵੇਗਾ। ਇਸ ਦਾ ਗਿਆਨ ਤਾਂ ਹੋ ਜਾਂਦਾ ਹੈ, ਪਰ ਬਹੁਤਿਆਂ ਨੂੰ ਅਹਿਸਾਸ ਨਹੀਂ ਹੁੰਦਾ। ਪੂਰਾ ਅਹਿਸਾਸ ਹੋ ਜਾਵੇ ਤਾਂ ਉਹ ਮਾਪਿਆਂ ਦੇ ਚਰਨਾਂ ਵਿੱਚ ਡਿੱਗ ਪੈਣ। ਕਹਿਣ, “ਓ ਮੇਰੀ ਮਾਏਂ! ਤੂੰ ਨੌਂ ਮਹੀਨੇ ਮੈਨੂੰ ਆਪਣੇ ਸਰੀਰ ਵਿੱਚ ਰੱਖ ਇਹ ਸ਼ਾਨਦਾਰ ਵਜੂਦ ਦਿੱਤਾ ਤੇ ਫਿਰ ਮਰ ਮਰ ਕੇ ਜਨਮ ਦਿੱਤਾ। ਰਾਤਾਂ ਜਾਗ ਜਾਗ ਮੈਨੂੰ ਪਾਲਿਆ, ਕਦੇ ਆਪਣਾ ਸੁਖ ਨਾ ਵੇਖਿਆ। ਬਾਪੂ, ਤੂੰ ਮੇਰੀ ਖ਼ਾਤਰ ਏਨਾ ਪਸੀਨਾ ਵਹਾਇਆ, ਕਮਾਇਆ। ਤੁਸਾਂ ਲਾਡ ਲਡਾਇਆ। ਪੜ੍ਹਾਇਆ, ਇਸ ਕਾਬਲ ਬਣਾਇਆ। ਤੁਸੀਂ ਸਾਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ, ਅਸੀਂ ਕਦੇ ਵੀ ਤੁਹਾਡੀ ਬਾਂਹ ਨਹੀਂ ਛੱਡਾਂਗੇ। ਜਦੋਂ ਤੁਹਾਨੂੰ ਤੁਰਨਾ ਔਖਾ ਲੱਗਿਆ, ਅਸੀਂ ਤੁਹਾਡੀ ਡੰਗੋਰੀ ਬਣ ਜਾਵਾਂਗੇ।’’ ਪਰ ਅਜੋਕੇ ਸਮੇਂ ਦੀ ਪ੍ਰਤੱਖ ਸੱਚਾਈ ਨੂੰ ਲਿਖਣ ਲੱਗਿਆਂ ਮੇਰੇ ਹੱਥ ਕੰਬਦੇ ਹਨ।
ਵੇਖੋ, ਬੱਚੇ ਦਾ ਸਕੂਲ ਜਾਣ ਦਾ ਪਹਿਲਾ ਦਿਨ। ਨਵੀਂ ਵਰਦੀ ਨਵਾਂ ਬਸਤਾ। ਬੱਚਾ ਮਾਂ ਬਾਪ ਨਾਲ ਨੱਚਦਾ ਸਕੂਲੇ ਗਿਆ। ਜਦ ਛੱਡ ਕੇ ਮੁੜਨ ਲੱਗੇ ਤਾਂ ਨਿਆਣੇ ਚੰਗਿਆੜਾਂ ਮਾਰੀਆਂ, ਉਨ੍ਹਾਂ ਦੀਆਂ ਲੱਤਾਂ ਨੂੰ ਚਿੰਬੜ ਗਿਆ, ਆਖੇ, ‘‘ਮੈਂ ਨਹੀਂ ਇੱਥੇ ਰੁਕਣਾ।’’ ਅਧਿਆਪਕਾਂ ਪਿਆਰ ਨਾਲ ਗੋਦੀ ਚੁੱਕਿਆ, ਬਿਠਾਇਆ, ਚੁੱਪ ਕਰਾਇਆ। ਕਈ ਦਿਨ ਇਹੋ ਰੋਣ ਕੁਰਲਾਉਣ ਚਲਦਾ ਰਿਹਾ। ਅਧਿਆਪਕਾਂ ਨੇ ਹੌਲੀ ਹੌਲੀ ਸਕੂਲ ਨਾਲ ਜੋੜਿਆ। ਮਾਪਿਆਂ ਨਾਲ ਮਿਲ ਕੇ ਗਿਆਨ ਦੀ ਨੀਂਹ ਭਰੀ। ਖੰਭ ਲਾਏ। ਉੱਚ ਵਿਦਿਆ ਨੇ ਭੱਜਣਾ ਉੱਡਣਾ ਸਿਖਾਇਆ। ਜਿੰਨੇ ਵੀ ਵੱਡੇ ਵੱਡੇ ਅਫ਼ਸਰ ਕਾਰੋਬਾਰੀ ਲੀਡਰ ਖੋਜੀ ਬੁੱਧੀਜੀਵੀ ਛਾ ਰਹੇ ਨੇ, ਸਭ ਅਧਿਆਪਕਾਂ ਦੀ ਦਿੱਤੀ ਵਿਦਿਆ ਦੀ ਬਦੌਲਤ ਹੀ ਹਨ। ਧਰਤੀ ’ਤੇ ਮਾਪਿਆਂ ਤੋਂ ਬਾਅਦ ਅਧਿਆਪਕ ਹਨ, ਜਿਨ੍ਹਾਂ ਦਾ ‘ਦੇਣ’ ਦਿੱਤਾ ਹੀ ਨਹੀਂ ਜਾ ਸਕਦਾ।
ਵਿਦਿਅਕ ਅਦਾਰੇ ਕੋਈ ਆਮ ਦੁਕਾਨ ਨਹੀਂ, ਕਿਸੇ ਵਿਦਿਆ ਕਾਰੋਬਾਰੀ ਲਈ ਹੁੰਦੀ ਵੀ ਹੋਵੇਗੀ, ਪਰ ਵਿਦਿਆਰਥੀ ਅਧਿਆਪਕ ਲਈ ਨਹੀਂ ਹੋਣੀ ਚਾਹੀਦੀ। ਅਧਿਆਪਕ ਵਿਦਿਆਰਥੀਆਂ ਉੱਤੋਂ ਆਪਣੀ ਸਾਰੀ ਲਿਆਕਤ ਨਿਛਾਵਰ ਕਰਨ ਵਾਲਾ ਹੋਣਾ ਚਾਹੀਦਾ ਹੈ ਤੇ ਵਿਦਿਆਰਥੀ ਹਮੇਸ਼ਾਂ ਇਸ ਦੀ ਸ਼ੁਕਰਾਨੇ ਵਰਗੀ ਕਦਰ ਕਰਨ ਵਾਲਾ। ਕਾਬਲ ਇਨਸਾਨ ਦੀ ਸਿਰਜਣਾ ਕਰਨੀ ਸਭ ਤੋਂ ਉੱਤਮ ਕਰਮ ਹੈ, ਜੋ ਅਧਿਆਪਕ ਕਰਦਾ ਹੈ। ਗਿਆਨ ਦੇਣਾ ਕਿਸੇ ਉੱਤੇ ਸਭ ਤੋਂ ਵੱਡਾ ਉਪਕਾਰ ਹੈ। ਕੀ ਗਿਆਨ ਲੈਣ ਦੇਣ ਵਾਲਿਆਂ ਨੂੰ ਇਸ ਦਾ ਅਹਿਸਾਸ ਹੈ?
ਜਦ ਕੋਈ ਸਾਡਾ ਨਿੱਕਾ ਜਿਹਾ ਕੰਮ ਕਰ ਦੇਵੇ, ਇੱਥੋਂ ਤਕ ਕਿ ਸਾਡੇ ਹੱਥੋਂ ਜ਼ਮੀਨ ਉੱਤੇ ਡਿੱਗੀ ਚੀਜ਼ ਚੁੱਕ ਕੇ ਫੜਾ ਦੇਵੇ ਤਾਂ ਅਸੀਂ ਉਸ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਦੇ। ਜੇ ਸ਼ੁਕਰੀਆ ਨਾ ਆਖੀਏ ਤਾਂ ਅਗਲਾ ਸੋਚਦਾ ਹੈ ਕਿ ਇਹ ਵਿਅਕਤੀ ਨਾਸ਼ੁਕਰਾ ਜਿਹਾ ਹੀ ਹੈ। ਪਰ ਜੇ ਕਿਸੇ ਉੱਤੇ ਕੋਈ ਵੱਡਾ ਉਪਕਾਰ ਕਰੇ ਪਰ ਅਗਲਾ ਗੁਣ ਨਾ ਜਾਣੇ ਤਾਂ ਸਾਰੇ ਲੋਕ ਹੀ ਆਖਣ ਲੱਗ ਪੈਂਦੇ ਹਨ, “ਉਏ ਜਿਹੜਾ ਉਹਦਾ ਨਹੀਂ ਬਣਿਆ, ਜਿਸ ਨੇ ਏਨਾ ਕੀਤਾ, ਇਹ ਹੋਰ ਕਿਸੇ ਦਾ ਨਹੀਂ ਬਣ ਸਕਦਾ, ਦੂਰ ਹੀ ਰਹੋ ਇਸ ਤੋਂ।” ਨਾਸ਼ੁਕਰਾਪਣ ਮਨੁੱਖ ਨੂੰ ਅਰਸ਼ ਤੋਂ ਫਰਸ਼ ਉੱਤੇ ਲਿਆ ਸੁੱਟਦਾ ਹੈ।
ਨਾਸ਼ੁਕਰੇ ਬੰਦੇ ਦਾ ਤਾਂ ਹਾਸਾ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਉਹ ਦੂਜਿਆਂ ਨੂੰ ਬੇਵਕੂਫ਼ ਬਣਾ ਰਿਹਾ ਹੋਵੇ। ਉਹ ਚਾਲਾਕ ਹੁੰਦਾ ਹੈ, ਸਿਆਣਾ ਨਹੀਂ। ਉਹ ਇੱਕ ਦੋ ਵਾਰ ਆਪਣਾ ਕੰਮ ਕਢਵਾਉਣ ਵਰਗਾ ਉੱਲੂ ਤਾਂ ਸਿੱਧਾ ਕਰ ਸਕਦਾ ਹੈ, ਪਰ ਅਪਣੱਤ ਦੇ ਅਹਿਸਾਸ ਪੱਖੋਂ ਨੰਗ ਹੁੰਦਾ ਹੈ। ਘੋਰ ਨਿੱਜ ਸਵਾਰਥੀ ਬੰਦਾ ਚੰਗਾ ਇਨਸਾਨ ਨਹੀਂ ਬਣ ਸਕਦਾ।
ਮੈਂ 1985 ਵਿੱਚ ਮਾਸਕੋ ਵਿੱਚ ਹੋਏ ਬਾਰ੍ਹਵੇਂ ਅੰਤਰਰਾਸ਼ਟਰੀ ਯੁਵਕ ਮੇਲੇ ਦਾ ਡੈਲੀਗੇਟ ਸਾਂ। ਜਦ ਜਾਣ ਲੱਗਾ ਤਾਂ ਮਾਸਕੋ ਵਿੱਚ ਕਈ ਸਾਲ ਰੂਸੀ ਸਾਹਿਤ ਦਾ ਪੰਜਾਬੀ ਵਿੱਚ ਸ਼ਾਨਦਾਰ ਅਨੁਵਾਦ ਕਰਕੇ ਵਾਪਸ ਗੁਰੂ ਨਾਨਕ ਯੂਨੀਵਰਸਿਟੀ ਆਏ ਮੇਰੇ ਅਧਿਆਪਕ ਡਾ. ਗੁਰਬਖਸ਼ ਫਰੈਂਕ ਹੋਰਾਂ ਨੇ ਮੈਨੂੰ ਮੱਤ ਦਿੱਤੀ ਕਿ “ਓਥੇ ਘੱਟੋ ਘੱਟ ਦੋ ਸ਼ਬਦ ਜ਼ਰੂਰ ਯਾਦ ਰੱਖੀਂ। ਇੱਕ ‘ਜਦਰਾਸਤ ਵੁਈ ਚੇ’, ਇਸ ਨੂੰ ਕਿਸੇ ਨੂੰ ਬੁਲਾਉਣ ਲੱਗਿਆਂ ਦੁਆ ਸਲਾਮ ਕਰਨਾ ਈ ਸਮਝ। ਅਤੇ ਦੂਜਾ ‘ਸਪਾਸਿਬਾ’, ਇਸ ਦਾ ਮਤਲਬ ਸ਼ੁਕਰੀਆ। ਰੂਸੀ ਲੋਕ ਸ਼ੁਕਰੀਆ ਨਾ ਕਹਿਣ ਵਾਲੇ ਨੂੰ ਉਜੱਡ ਸਮਝਦੇ ਨੇ।” ਉੱਥੇ ਇਹ ਗੁਰ ਮੇਰੇ ਬੜਾ ਕੰਮ ਆਇਆ। ਦੋ ਸ਼ਬਦਾਂ ਨਾਲ ਹੀ ਮੈਂ ਬੇਗਾਨੇ ਮੁਲਕ ਵਿੱਚ ਸਲੀਕੇ ਵਾਲਾ ਇਨਸਾਨ ਬਣ ਗਿਆ। ਜ਼ਰਾ ਸੋਚੋ ਕਿ ਜੇ ਸ਼ੁਕਰਾਨੇ ਨੂੰ ਜੀਵਨ ਕਰਮ ਹੀ ਬਣਾ ਲਈਏ ਤਾਂ ਕਿੰਨਾ ਚੰਗਾ ਹੋਵੇ।
ਸ਼ੁਕਰਾਨਾ ਦਿਲੋਂ ਹੁੰਦਾ ਹੈ, ਇਹ ਮਹਿਜ਼ ਸ਼ਬਦ ਨਹੀਂ ਹੁੰਦੇ ਸਗੋਂ ਸ਼ੁਕਰਾਨਾ ਕਰਦਿਆਂ ਬਹੁਤੀ ਵਾਰ ਸ਼ਬਦ ਘੱਟ ਬੋਲਦੇ ਤੇ ਨਜ਼ਰਾਂ ਵੱਧ ਕਹਿ ਰਹੀਆਂ ਹੁੰਦੀਆਂ ਹਨ, ਜਿਸ ਲਈ ਸ਼ਬਦ ਨਹੀਂ ਮਿਲ ਰਹੇ ਹੁੰਦੇ। ਮਨੋ ਸ਼ੁਕਰਾਨਾ ਨਜ਼ਰਾਂ ਰਾਹੀਂ ਬਿਨ ਬੋਲਿਆਂ ਕੀਤਾ ਜਾਂਦਾ ਹੈ। ਇਸ ਨੂੰ ਵੇਖਣ ਵਾਲੀ ਅੱਖ ਵੀ ਚਾਹੀਦੀ ਹੈ। ਸ਼ੁਕਰਾਨਾ ਸ਼ਬਦਾਂ ਦਾ ਮੁਹਤਾਜ ਨਹੀਂ।
ਜੀਵ ਪੰਛੀ ਰੁੱਖ ਬੂਟੇ ਸ਼ੁਕਰਾਨੇ ਅਤੇ ਪਿਆਰ ਦੇ ਸਹਿਜ ਅਰਥ ਜਾਣਦੇ ਅਤੇ ਮਾਣਦੇ ਹਨ ਕਿਉਂਕਿ ਉਹ ਕੁਦਰਤ ਦੇ ਅਸਲੀ ਲਾਡਲੇ ਵਫ਼ਾਦਾਰ ਪਿਆਰੇ ਧੀਆਂ ਪੁੱਤ ਹਨ। ਉਨ੍ਹਾਂ ਦੇ ਆਪਸੀ ਮੇਲ ਜੋਲ ਵਿੱਚ ਕਦੇ ਖੋਟ ਨਹੀਂ ਹੁੰਦਾ। ਸਾਨੂੰ ਅੱਜ ਤੰਕ ਕੋਈ ਅਜਿਹਾ ਜੀਵ, ਪੰਛੀ, ਰੁੱਖ, ਬੂਟਾ ਨਹੀਂ ਮਿਲਿਆ, ਜੋ ਸਾਡੇ ਪ੍ਰਤੀ ਨਾਸ਼ੁਕਰਾ ਲੱਗੇ।
ਇੰਜ ਸ਼ੁਕਰਾਨਾ ਕਿਸੇ ਬੰਦੇ ਦੀ ਕਾਢ ਜਾਂ ਨਵਾਂ ਦੱਸਿਆ ਸਿਧਾਂਤ ਨਹੀਂ, ਕੁਦਰਤ ਦਾ ਬਿਆਨ ਹੈ, ਕੁਦਰਤ ਦਾ ਰੂਪ ਹੋ ਜਾਣ ਵਰਗਾ ਹੈ। ਅਸਾਂ ਧਰਤੀ ਉੱਤੇ ਅਤੇ ਸਮਾਜ ਵਿੱਚ ਕਿਵੇਂ ਰਹਿਣਾ ਤੇ ਜਿਊਣਾ ਹੈ, ਇਸ ਦਾ ਮੁੱਢਲਾ ਸਬਕ ਸ਼ੁਕਰਾਨੇ ਦਾ ਸਹਿਜ ਗਿਆਨ ਹੈ। ਇਹ ਬਾਕੀ ਸਾਰੀ ਕਾਇਨਾਤ ਨੂੰ ਤਾਂ ਧੁਰੋਂ ਯਾਦ ਹੈ, ਪਰ ਕੁਦਰਤ ਵੱਲ ਪਿੱਠ ਕਰਨ ਕਰਕੇ ਸਾਨੂੰ ਭੁੱਲ ਭੁਲਾ ਗਿਆ ਹੈ ਅਤੇ ਦੱਸਣ ਦੀ ਲੋੜ ਪੈ ਰਹੀ ਹੈ।
ਅਸਲ ਵਿੱਚ ਧਰਤੀ ਦੇ ਕੁੱਲ ਇਨਸਾਨਾਂ ਦਾ ਸਾਰਾ ਗਿਆਨ ਵਿਗਿਆਨ ਅਤੇ ਵਖਿਆਨ ਕੁਦਰਤ ਦੀ ਸਮਝ ਅਤੇ ਬਿਆਨ ਹੀ ਹੈ। ਪੜ੍ਹਾਈਆਂ ਲਿਖਾਈਆਂ ਕੁਦਰਤ ਅਤੇ ਆਪਣੀ ਪ੍ਰਕਿਰਤੀ ਨੂੰ ਸਮਝਣ ਦਾ ਰਿਆਜ਼ ਹਨ। ਚੀਜ਼ਾਂ ਵਸਤਾਂ ਤੱਤਾਂ ਦੇ ਜੋੜ ਮੇਲੇ ਹਨ। ਕੁਦਰਤ ਪੱਖੀ ਸੋਚ ਹੀ ਇਨਸਾਨੀ ਸਮਾਜ ਤੇ ਦੇਸ਼ਾਂ ਨੂੰ ਸਹੀ ਰਾਹ ਪਾ ਸਕਦੀ ਹੈ, ਪਰ ਇਸ ਵਿੱਚ ਨਾਸ਼ੁਕਰੇਪਣ ਲਈ ਕੋਈ ਜਗ੍ਹਾ ਨਹੀਂ।
ਮੁਲਕਾਂ ਵੱਲੋਂ ਵੇਖਾ ਵੇਖੀ ਧਰਤੀ ਨੂੰ ਮੁਕੰਮਲ ਤੌਰ ਉੱਤੇ ਤਬਾਹ ਕਰਨ ਦੇ ਹਥਿਆਰ ਤਿਆਰ ਕਰਨੇ ਇਨਸਾਨ ਦੇ ਧਰਤੀ ਅਤੇ ਕੁਦਰਤ ਪ੍ਰਤੀ ਘੋਰ ਨਾਸ਼ੁਕਰੇਪਣ ਦੀ ਮਿਸਾਲ ਹੈ। ਇਹ ਮਨੁੱਖ ਦਾ ਧਰਤੀ ਮਾਂ ਨਾਲ ਧ੍ਰੋਹ ਹੈ। ਸੁਆਰਥ, ਮੂਰਖਤਾ ਅਤੇ ਨਾਸ਼ੁਕਰੇਪਣ ਦੀ ਇੰਤਹਾ ਹੈ। ‘ਧਰਤੀ ਦੇ ਕਣ ਕਣ ਵਿੱਚ ਰੱਬ ਵੱਸਦਾ’ ਪ੍ਰਚਾਰਨ ਵਾਲੇ ਧਰਮਾਂ ਦੇ ਅਜੋਕੇ ਰਹਿਬਰਾਂ ਵਿੱਚੋਂ ਕੋਈ ਵੀ ਨਹੀਂ ਬੋਲਦਾ ਕਿ ਧਰਤੀ ਨੂੰ ਫਨਾਹ ਕਰਨ ਵਾਲੇ ਹਥਿਆਰ ਬਣਾਉਣਾ ਗੁਨਾਹ ਹੈ।
ਇਹ ਕੌੜਾ ਸੱਚ ਹੈ ਕਿ ਮਨੁੱਖ ਕੁਦਰਤ ਦੀ ਨੇਕ ਔਲਾਦ ਸਾਬਤ ਨਹੀਂ ਹੋਇਆ।
ਸ਼ੁਕਰਾਨੇ ਦਾ ਪਹਿਲਾ ਪਾਠ ਬੱਚਾ ਘਰੋਂ ਪੜ੍ਹਦਾ ਹੈ। ਜੇ ਮਾਪੇ ਨਾਸ਼ੁਕਰੇ ਹਨ ਤਾਂ ਬੱਚਾ ਰੋਜ਼ ਵੇਂਹਦਾ ਹੈ। ਕਈ ਮਾਪੇ ਤਾਂ ਖ਼ੁਦ ਸਿਖਾਉਂਦੇ ਹਨ ਕਿ ਲੋਕਾਂ ਨੂੰ ਇੰਜ ਵਰਤ ਕੇ ਚੂਪੇ ਅੰਬ ਵਾਂਗ ਪਰ੍ਹਾਂ ਸੁੱਟੀਦਾ ਹੁੰਦਾ ਏ। ਮਾਸੂਮ ਬੱਚੇ ਦੇ ਕੁਦਰਤੀ ਵਿਚਾਰ ਡੋਲ ਜਾਂਦੇ ਹਨ। ਫਿਰ ਖਰਬੂਜ਼ੇ ਵੱਲ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਉਹ ਵੀ ਮਾਪਿਆਂ ਵਰਗਾ ਹੋਣ ਲਗਦਾ ਹੈ। ਆਪਣਾ ਬੱਚਾ ਨਾਸ਼ੁਕਰਾ ਬਣਾਉਣਾ ਉਸ ਅੰਦਰਲੀ ਇਨਸਾਨੀਅਤ ਮਾਰ ਦੇਣ ਦੇ ਤੁੱਲ ਹੈ।
ਕੁਦਰਤ ਬੜੀ ਬੇਅੰਤ ਹੈ। ਬਹੁਤ ਉਦਾਹਰਣਾਂ ਹਨ ਕਿ ਮਗਰੋਂ ਬੱਚੇ ਆਪਣੇ ਮਾਪਿਆਂ ਦੇ ਨਾਸ਼ੁਕਰੇਪਣ ਵਾਲੇ ਸੁਭਾਅ ਨੂੰ ਫਿਟਕਾਰ ਵੀ ਪਾਉਂਦੇ ਵੇਖੀਦੇ ਹਨ। ਕਹਿੰਦੇ “ਜਾਓ ਪਰ੍ਹਾਂ, ਤੁਹਾਡਾ ਕੀਤਾ ਸਾਨੂੰ ਭੁਗਤਣਾ ਪੈ ਰਿਹਾ ਏ।” ਇਹ ਵੇਖਿਆ ਗਿਆ ਹੈ ਕਿ ਗ਼ਰੀਬ ਬੰਦੇ ਵੱਲੋਂ ਕੀਤੇ ਕਿਸੇ ਉਪਕਾਰ ਲਈ ਕਈ ਅਮੀਰ ਲੋਕ ਉਵੇਂ ਖੁੱਲ੍ਹ ਕੇ ਸ਼ੁਕਰਾਨਾ ਨਹੀਂ ਕਰਦੇ, ਜਿਸਦਾ ਉਹ ਹੱਕਦਾਰ ਹੁੰਦਾ ਹੈ। ਬਸ ਮੂੰਹ ਜਿਹਾ ਬਣਾ ਕੇ ਪਿਛਾਂਹ ਮੁੜਦੇ ਮੁੜਦੇ ਏਨਾ ਆਖਣਗੇ, “ਕਦੇ ਕਦੇ ਮਾਰ ਜਾਇਆ ਕਰ ਏਧਰ ਗੇੜਾ।”
ਕਿਸੇ ਲਈ ਕੀਤਾ ਨਿਸਵਾਰਥ ਕਰਮ ਹੀ ਅਗਲੇ ਦੇ ਮਨ ਵਿੱਚ ਸ਼ੁਕਰਾਨੇ ਦੀਆਂ ਤਰੰਗਾਂ ਛੇੜਦਾ ਹੈ, ਗਿਣਿਆਂ ਮਿਥਿਆ ਲੈਣ ਦੇਣ ਨਹੀਂ। ਦੂਜੇ ਦੀ ਚਾਹਤ ਨੂੰ ਸੰਤੁਸ਼ਟ ਕਰਨ ਨਾਲ ਉਸ ਦੇ ਅੰਦਰ ਆਪਮੁਹਾਰੇ ਸ਼ੁਕਰਾਨੇ ਦੀਆਂ ਲਹਿਰਾਂ ਉੱਠਦੀਆਂ ਹਨ। ਆਪਣੇ ਦੋਸਤਾਂ ਅਤੇ ਰਿਸ਼ਤਿਆਂ ਵਿੱਚ ਹਾਸਾ-ਠੱਠਾ ਵੀ ਇੱਕ ਤਰ੍ਹਾਂ ਅਗਲੇ ਨਾਲ ਨਿੱਘੇ ਰਿਸ਼ਤੇ ਦਾ ਸ਼ੁਕਰਾਨਾ ਕਰਨਾ ਹੀ ਹੁੰਦਾ ਹੈ।
‘ਸ਼ੁਕਰਾਨਾ’ ਅਪਣੱਤ ਦੀ ਮਾਂ ਹੈ। ਇਹ ਜੀਵਨ ਬਿਰਖ ਲਈ ਪਾਣੀ ਹੈ। ਇਹ ਸ਼ਖ਼ਸੀਅਤ ਦਾ ਗਹਿਣਾ ਹੈ। ਇਹ ਰਿਸ਼ਤਿਆਂ ਦੀ ਗੂੰਦ ਹੈ। ਇਹ ਨਿਰਮਾਣਤਾ ਦੀ ਨੀਂਹ ਹੈ। ਇਹ ਪਿਆਰ ਦਾ ਇਜ਼ਹਾਰ ਹੈ। ਇਹ ਸੁੱਚਾ ਰੂਹਾਨੀ ਵਪਾਰ ਹੈ। ਇਹ ਭਗਤੀ ਦਾ ਆਧਾਰ ਹੈ। ਇਹੀ ਸ਼ੁੱਧ ਇਨਸਾਨੀ ਵਰਤੋਂ ਵਿਹਾਰ ਹੈ। ਇਹੀ ਸ੍ਰਿਸ਼ਟੀ ਰਚੇਤਾ ਨੂੰ ਦਿਲੀ ਨਮਸਕਾਰ ਹੈ।
ਸੰਪਰਕ: 94173-24543