ਜਦੋਂ ਨਹਿਰੂ ਤੇ ਡਾਇਰ ਇੱਕੋ ਡੱਬੇ ਵਿੱਚ ਚਡ਼੍ਹੇ... ‘‘...ਆਪਣੀ ਜ਼ਿੰਦਗੀ ਦੇ ਕਈ ਮੁੱਢਲੇ ਵਰ੍ਹਿਆਂ ਦੌਰਾਨ ਜਵਾਹਰਲਾਲ ਨਹਿਰੂ ਇਨਕਲਾਬੀ ਨਹੀਂ, ਬੁਲਬੁਲੇਦਾਰ (ਫ਼ਰਜ਼ੀ) ਸਮਾਜਵਾਦੀ ਰਿਹਾ। ਪਰ 1919 ਵਿੱਚ ਪਾਵਨ ਨਗਰੀ ਅੰਮ੍ਰਿਤਸਰ ਦੀ ਫੇਰੀ ਨੇ ਉਸ ਦੀ ਜ਼ਿੰਦਗੀ ਦਾ ਨਜ਼ਰੀਆ ਬਦਲ ਦਿੱਤਾ। ਉਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਰੇਲ ਗੱਡੀ ਵਿੱਚ ਸਵਾਰ ਹੋਇਆ ਸੀ ਕਿ ਉਸੇ ਡੱਬੇ ਵਿੱਚ ਬ੍ਰਿਟਿਸ਼ ਜਨਰਲ ਰੇਗੀਨਾਲਡ ਡਾਇਰ ਵੀ ਆ ਚਡ਼੍ਹਿਆ। ਦੋਵਾਂ ਦੇ ਬੰਕ ਬਹੁਤੇ ਫ਼ਾਸਲੇ ’ਤੇ ਨਹੀਂ ਸਨ। ਜਲ੍ਹਿਆਂਵਾਲਾ ਬਾਗ਼ ਕਤਲੇਆਮ ਅਜੇ ਕੁਝ ਦਿਨ ਪਹਿਲਾਂ ਵਾਪਰਿਆ ਸੀ। ਨਹਿਰੂ ਨੇ ਡਾਇਰ ਨੂੰ ਆਪਣੇ ਸਾਥੀਆਂ ਅੱਗੇ ਇਹ ਟਾਹਰ ਮਾਰਦਿਆਂ ਸੁਣਿਆ ਕਿ ‘ਉਸ ਦਾ ਇਰਾਦਾ ਤਾਂ ਅੰਮ੍ਰਿਤਸਰ ਵਰਗੇ ਵਿਦਰੋਹੀ ਸ਼ਹਿਰ ਨੂੰ ਰਾਖ਼ ਵਿੱਚ ਬਦਲਣ ਦਾ ਸੀ, ਪਰ ਫਿਰ ਉਸ ਨੂੰ ਤਰਸ ਆ ਗਿਆ ਅਤੇ ਉਸ ਨੇ ਆਪਣੀ ਯੋਜਨਾ ਨੂੰ ਅਮਲੀ ਰੂਪ ਨਹੀਂ ਦਿੱਤਾ।’ ਬਾਅਦ ਵਿੱਚ ਜਦੋਂ ਡਾਇਰ ਗਹਿਰੀਆਂ ਗੁਲਾਬੀ-ਰੰਗੀ ਫਾਟਾਂ ਵਾਲੇ ਪਜਾਮੇ ਤੇ ਡਰੈਸਿੰਗ ਗਾਊਨ ਵਿੱਚ ਦਿੱਲੀ ਰੇਲਵੇ ਸਟੇਸ਼ਨ ’ਤੇ ਉਤਰਿਆ ਤਾਂ ਨਹਿਰੂ ਨੂੰ ਉਸ ਦਾ ਪਹਿਰਾਵਾ ਹੋਰ ਵੀ ਘਿਨਾਉਣਾ ਕਾਰਾ ਜਾਪਿਆ। ਰੇਗੀਨਾਲਡ ਡਾਇਰ ਪੰਜਾਬ ਦਾ ਜੰਮਪਲ ਸੀ, ਉਹ ਮੱਰੀ (ਉਦੋਂ ਜ਼ਿਲ੍ਹਾ, ਪਰ ਹੁਣ ਡਿਵੀਜ਼ਨ ਰਾਵਲਪਿੰਡੀ ਵਿੱਚ ਜਨਮਿਆ ਅਤੇ ਉੱਥੋਂ ਦੇ ਲਾਰੈਂਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ) ਪਰ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਦੀਆਂ ਜਾਨਾਂ ਨੂੰ ਤੁੱਛ ਸਮਝਣ ਦੀ ਉਸ ਦੀ ਬਿਰਤੀ ਨੇ ਨਹਿਰੂ ਦੀ ਜ਼ਮੀਰ ਨੂੰ ਇਸ ਹੱਦ ਤਕ ਟੁੰਬਿਆ ਕਿ ਉਹ ਮਹਾਤਮਾ ਗਾਂਧੀ ਵੱਲੋਂ ਆਰੰਭੇ ਸਤਿਆਗ੍ਰਹਿ ਵਿੱਚ ਤੁਰੰਤ ਜਾ ਸ਼ਾਮਿਲ ਹੋਏ; ਉਹ ਵੀ ਮਹਾਤਮਾ ਦੀ ਸੋਚ ਤੇ ਪਹੁੰਚ ਨਾਲ ਡੂੰਘੇ ਮਤਭੇਦਾਂ ਦੇ ਬਾਵਜੂਦ।’’...