ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ਵਿਰਸੇ ਤੇ ਲੋਕ ਜੀਵਨ ਦੀ ਚਿੱਤਰਕਾਰੀ ਦਾ ਜਰਨੈਲ

  ਦਲਜੀਤ ਸਿੰਘ ਸਰਾਂ ‘‘ਸ਼ਾਬਾਸ਼, ਤੂੰ ਤਾਂ ਬਈ ਆਪਣੇ ਪਿਓ ਤੋਂ ਵੱਖਰਾ ਰਾਹ ਚੁਣ ਕੇ ਉਸ ’ਤੇ ਸਾਬਤ ਕਦਮ ਚੱਲਣ ਲੱਗ ਪਿਐਂ। ਯਾਦ ਰੱਖੀਂ, ਪੰਜਾਬੀ ਚਿੱਤਰਕਾਰੀ ਵਿੱਚ ਤੇਰੀ ਛੇਤੀ ਹੀ ਵਿਲੱਖਣ ਥਾਂ ਹੋਵੇਗੀ, ਇਸ ਖੇਤਰ ਦਾ ਸੱਚਮੁੱਚ ਜਰਨੈਲ ਹੋਵੇਗਾ ਤੂੰ...’’...
ਖੇਤਾਂ ਵਿੱਚ ਹਲ ਵਾਹੁੰਦੇ ਹੋਏ ਬਾਬਾ ਨਾਨਕ ਦਾ ਜਰਨੈਲ ਆਰਟਿਸਟ ਵੱਲੋਂ ਬਣਾਇਆ ਚਿੱਤਰ।
Advertisement

 

ਦਲਜੀਤ ਸਿੰਘ ਸਰਾਂ

Advertisement

‘‘ਸ਼ਾਬਾਸ਼, ਤੂੰ ਤਾਂ ਬਈ ਆਪਣੇ ਪਿਓ ਤੋਂ ਵੱਖਰਾ ਰਾਹ ਚੁਣ ਕੇ ਉਸ ’ਤੇ ਸਾਬਤ ਕਦਮ ਚੱਲਣ ਲੱਗ ਪਿਐਂ। ਯਾਦ ਰੱਖੀਂ, ਪੰਜਾਬੀ ਚਿੱਤਰਕਾਰੀ ਵਿੱਚ ਤੇਰੀ ਛੇਤੀ ਹੀ ਵਿਲੱਖਣ ਥਾਂ ਹੋਵੇਗੀ, ਇਸ ਖੇਤਰ ਦਾ ਸੱਚਮੁੱਚ ਜਰਨੈਲ ਹੋਵੇਗਾ ਤੂੰ...’’ ਉੱਘੇ ਕਲਾ ਪਾਰਖੂ ਅਤੇ ਕਲਾਕਾਰਾਂ ਦੇ ਕਦਰਦਾਨ ਡਾ. ਮਹਿੰਦਰ ਸਿੰਘ ਰੰਧਾਵਾ ਨੇ ਜਦੋਂ ਲਗਭਗ ਪੰਜ ਦਹਾਕੇ ਪਹਿਲਾਂ ਇਹ ਸ਼ਬਦ ਉੱਘੇ ਚਿੱਤਰਕਾਰ ਸ. ਕ੍ਰਿਪਾਲ ਸਿੰਘ ਦੇ ਘਰ ਉਨ੍ਹਾਂ ਦੇ ਨੌਜਵਾਨ ਪੁੱਤਰ ਜਰਨੈਲ ਸਿੰਘ ਨੂੰ ਪੰਜਾਬੀ ਲੋਕ ਜੀਵਨ ਦੀ ਇੱਕ ਕਲਾਕ੍ਰਿਤ ਨੂੰ ਅੰਤਿਮ ਛੋਹਾਂ ਦਿੰਦਿਆਂ ਵੇਖ ਕਹੇ ਸਨ। ਉੱਭਰਦੇ ਚਿੱਤਰਕਾਰ ਨੇ ਇਨ੍ਹਾਂ ਸ਼ਬਦਾਂ ਨੂੰ ਆਸ਼ੀਰਵਾਦ ਵਜੋਂ ਲੈਂਦਿਆਂ ਪੰਜਾਬੀਅਤ ਦਾ ਚਿਤੇਰਾ ਬਣਨ ਦਾ ਆਪਣਾ ਨਿਸ਼ਚਾ ਵੀ ਦ੍ਰਿੜਾਇਆ ਸੀ। ਉਸ ਦਿਨ ਤੋਂ ਲੈ ਕੇ ਆਪਣੇ ਆਖ਼ਰੀ ਸਾਹਾਂ ਤੱਕ ਜਰਨੈਲ ਸਿੰਘ ਪੰਜਾਬੀ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਲਗਾਤਾਰ ਆਪਣੀ ਕੈਨਵਸ ’ਤੇ ਸੰਵਾਰਦਾ ਸ਼ਿੰਗਾਰਦਾ ਰਿਹਾ ਹੈ। ਭਾਵੇਂ ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬੀ ਲੋਕ ਜੀਵਨ ਨੂੰ ਹੋਰ ਕਲਾਕਾਰਾਂ ਨੇ ਵੀ ਆਪੋ ਆਪਣੀਆਂ ਬੁਰਸ਼ ਛੋਹਾਂ ਦਿੱਤੀਆਂ ਹਨ, ਪਰ ਜਰਨੈਲ ਸਿੰਘ ਦਾ ਆਪਣਾ ਵਿਸ਼ੇਸ਼ ਤੇ ਉੱਚਾ ਸਥਾਨ ਰਹੇਗਾ। ਪੰਜਾਬੀਅਤ ਦੇ ਜਿੰਨੇ ਰੌਆਂ, ਦ੍ਰਿਸ਼ਾਂ, ਨਜ਼ਾਰਿਆਂ ਨੂੰ ਇਸ ਕਲਾਕਾਰ ਨੇ ਸਮਝਿਆ, ਫੜਿਆ ਅਤੇ ਕੈਨਵਸ ਉੱਤੇ ਉਭਾਰਿਆ ਹੈ, ਬਹੁਤੇ ਤਾਂ ਇਸ ਦੇ ਨੇੜੇ ਤੇੜੇ ਵੀ ਨਹੀਂ ਢੁਕਦੇ। ਪੰਜਾਬੀ ਲੋਕ ਧਾਰਾ ਨੂੰ ਚਿੱਤਰਣ ਵਾਲਿਆਂ ਦਾ ਜ਼ੈਲਦਾਰ ਰਿਹਾ ਹੈ- ਜਰਨੈਲ ਆਰਟਿਸਟ।

ਵਰ੍ਹਿਆਂ ਦੀ ਘਾਲਣਾ ਬਾਅਦ ਇਸ ਮੁਕਾਮ ’ਤੇ ਪੁੱਜਣ ਅਤੇ ਹੋਰ ਉਚਾਈਆਂ ਛੂਹਣ ਦਾ ਤਹੱਈਆ ਕਰੀ ਬੈਠੇ ਜਰਨੈਲ ਸਿੰਘ ਦਾ ਜੀਵਨ ਸਫ਼ਰ ਬੜਾ ਦਿਲਚਸਪ ਵੀ ਰਿਹਾ ਤੇ ਉੱਭਰਦੇ ਕਲਾਕਾਰਾਂ ਲਈ ਮਾਰਗ ਦਰਸ਼ਕ ਬਣਨ ਵਾਲਾ ਵੀ। ਫਿਰੋਜ਼ਪੁਰ ਜ਼ਿਲ੍ਹੇ ਦੇ ਮਸ਼ਹੂਰ ਕਸਬੇ ਜ਼ੀਰਾ ਵਿਖੇ 12 ਜੂਨ 1956 ਨੂੰ ਕ੍ਰਿਪਾਲ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਜਨਮੇ ਜਰਨੈਲ ਸਿੰਘ ਦੇ ਬਚਪਨ ਦੇ ਸ਼ੌਕ ਆਮ ਪੇਂਡੂ ਮੁੰਡਿਆਂ ਵਾਂਗ ਅਵੱਲੇ ਹੀ ਰਹਿਣੇ ਸਨ ਜੇ ਉਸ ਨੂੰ ਵੀ ਸਮੇਂ ਸਿਰ ਠੀਕ ਰਾਹ ’ਤੇ ਨਾ ਪਾਇਆ ਜਾਂਦਾ। ਇਹ ਜਰਨੈਲ ਸਿੰਘ ਦੀ ਖੁਸ਼ਕਿਸਮਤੀ ਹੀ ਸਮਝੋ ਜਾਂ ਪੰਜਾਬੀ ਚਿੱਤਰਕਾਰੀ ਦਾ ਧੰਨ ਭਾਗ ਕਿ ਕ੍ਰਿਪਾਲ ਸਿੰਘ ਕਲਾਕਾਰ ਵਿਚਲੇ ਪਿਓ ਨੇ ਆਪਣੇ ਇਸ ਸਭ ਤੋਂ ਛੋਟੇ ਪੁੱਤਰ ਨੂੰ ਆਪਣੀ ਕਲਾ ਦਾ ਜਾਨਸ਼ੀਨ ਬਣਾਉਣ ਦਾ ਨਿਸ਼ਚਾ ਕਰਕੇ ਸਮੇਂ ਸਿਰ ਉਸਦੇ ਹੱਥਾਂ ਵਿੱਚ ਹੀ ਬੁਰਸ਼ ਤੇ ਰੰਗ ਫੜਾ ਦਿੱਤੇ। ਇਹ ਇਤਫ਼ਾਕ ਹੀ ਹੈ ਕਿ ਜਰਨੈਲ ਸਿੰਘ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਆਪਣੇ ਮਹਾਨ ਕਲਾਕਾਰ ਬਾਪ ਵੱਲੋਂ ਸਿੱਖ ਇਤਿਹਾਸ ਨੂੰ ਚਿੱਤਰਣ ਲਈ ਵਿਖਾਏ ਰਾਹ ਦਾ ਸ਼ਾਹ ਸਵਾਰ ਹੋਣ ਦੀ ਗਵਾਹੀ ਭਰਦੀਆਂ ਹਨ।

ਜਰਨੈਲ ਆਰਟਿਸਟ

ਚੜ੍ਹਦੀ ਉਮਰੇ ਆਪਣੇ ਪਿਓ ਵੱਲੋਂ ‘ਕੰਨੋਂ ਫੜ’ ਕੇ ਚਿੱਤਰਕਾਰੀ ਦੇ ਕੰਮ ’ਤੇ ਲਾਏ ਗਏ ਜਰਨੈਲ ਸਿੰਘ ਦੀਆਂ ਕਲਾਕ੍ਰਿਤਾਂ ਸ਼ੁਰੂ ਵਿੱਚ ਕ੍ਰਿਪਾਲ ਸਿੰਘ ਦੇ ਚਿੱਤਰਾਂ ਦੀ ਨਕਲ ਜਿਹੀ ਹੀ ਸਨ। ਪਰ ਛੇਤੀ ਹੀ ਉਸ ਨੇ ਪਿੰਡ ਵੱਲ ਮੁੜਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸ਼ੁਰੂ ਤੋਂ ਹੀ ਚੰਡੀਗੜ੍ਹ ਸ਼ਹਿਰ ਵਿੱਚ ਰਹਿੰਦੇ ਕਿਸੇ ਵੀ ਨੌਜਵਾਨ ਦੀ ਪਿੰਡ ਦੇ ਜੀਵਨ ਵਿੱਚ ਰੁਚੀ ਵਧਣੀ ਹੈ ਤਾਂ ਹੈਰਾਨ ਕਰਨ ਵਾਲੀ ਗੱਲ, ਪਰ ਇਸ ਕਲਾਕਾਰ ਦੇ ਕਲਾ ਸਫ਼ਰ ਨੂੰ ਵੇਖਦਿਆਂ ਇਹ ਜਾਪਣ ਲੱਗ ਜਾਂਦਾ ਹੈ ਕਿ ਪਿੰਡ ਤਾਂ ਬਚਪਨ ਤੋਂ ਹੀ ਉਸ ਦੇ ਰੋਮ ਰੋਮ ਵਿੱਚ ਸਮੋਇਆ ਹੋਇਆ ਸੀ ਅਤੇ ਕੈਨਵਸ ’ਤੇ ਉਤਾਰੇ ਜਾਣ ਲਈ ਉਸਲਵੱਟੇ ਲੈ ਰਿਹਾ ਸੀ। ਇਸ ‘ਰਚਨਾਤਮਕ ਬੇਚੈਨੀ’ ਨੇ ਹੀ ਜਰਨੈਲ ਸਿੰਘ ਨੂੰ ਪਿੰਡ ਚਿੱਤਰਣ ਲਈ ਉਕਸਾਇਆ।

ਪੇਂਡੂ ਪੰਜਾਬ ਦੇ ਖੇਡਾਂ, ਛੱਪੜਾਂ, ਤ੍ਰਿੰਝਣਾਂ, ਚੁੱਲ੍ਹਿਆਂ-ਚੌਂਕਿਆਂ, ਹਾਲੀਆਂ-ਪਾਲੀਆਂ, ਗੱਭਰੂਆਂ-ਮੁਟਿਆਰਾਂ, ਦਾਦੀਆਂ-ਮਾਵਾਂ ਤੇ ਕੰਧਾਂ ਕੌਲਿਆਂ ਨੂੰ ਚਿਤਵਦਿਆਂ ਜਦੋਂ ਜਰਨੈਲ ਸਿੰਘ ਦੀਆਂ ਬੁਰਸ਼ ਛੋਹਾਂ ਨੇ ਫੁਲਕਾਰੀਆਂ ਵਾਲੇ ਰੰਗਾਂ ਦੀ ਛਹਿਬਰ ਲਾਉਣੀ ਸ਼ੁਰੂ ਕੀਤੀ ਤਾਂ ਡਾ.ਐੱਮ.ਐੱਸ. ਰੰਧਾਵਾ ਵਰਗੀ ਸ਼ਖ਼ਸੀਅਤ ਵੱਲੋਂ ਕੇਵਲ ਹੌਸਲਾ-ਅਫ਼ਜ਼ਾਈ ਨਹੀਂ ਸਗੋਂ ਇਨ੍ਹਾਂ ਨਿਵੇਕਲੀਆਂ ਕਲਾਕ੍ਰਿਤਾਂ ਦਾ ਸਭ ਤੋਂ ਪਹਿਲਾ ਖਰੀਦਦਾਰ ਬਣਨਾ, ਸੋਨੇ ’ਤੇ ਸੁਹਾਗਾ ਹੋ ਨਿਬੜਿਆ।

ਡਾ. ਰੰਧਾਵਾ ਦੀ ਪਾਰਖੂ ਅੱਖ ਵੱਲੋਂ ਫੜੇ ਜਾਣ ਤੇ ਕਦਰ ਪਾਏ ਜਾਣ ਬਾਅਦ ਪੰਜਾਬ ਦੀਆਂ ਹੋਰਨਾਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੇ ਵੱਖਰੀ ਸ਼ੈਲੀ ਵਾਲੇ ਇਸ ਕਲਾਕਾਰ ਦੀ ਬਾਂਹ ਫੜਨੀ ਸ਼ੁਰੂ ਕਰ ਦਿੱਤੀ। ਪਹਿਲ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਜਿੱਥੇ ਜਰਨੈਲ ਸਿੰਘ ਦੇ ਸਿੱਖ ਇਤਿਹਾਸ ਤੇ ਪੰਜਾਬੀ ਲੋਕ ਜੀਵਨ ਵਾਲੇ ਚਿੱਤਰਾਂ ਦੀ ਪਹਿਲੀ ਪ੍ਰਦਰਸ਼ਨੀ ਕੇਵਲ ਕਾਮਯਾਬ ਹੀ ਨਹੀਂ ਹੋਈ ਸਗੋਂ ਉਸ ਦੇ ਚਿੱਤਰਾਂ ਦੀ ਥਾਂ ਥਾਂ ਚਰਚਾ ਹੋਣੀ ਸ਼ੁਰੂ ਹੋਈ। ਫਿਰ ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ ਵਾਲਿਆਂ ਨੇ ਜਰਨੈਲ ਸਿੰਘ ਨੂੰ ਆਪਣੀਆਂ ਕ੍ਰਿਤਾਂ ਦੀ ਨੁਮਾਇਸ਼ ਲਾਉਣ ਦਾ ਨਿਉਂਦਾ ਦਿੱਤਾ। ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਯਾਦ ਤਾਜ਼ਾ ਰੱਖਣ ਲਈ ਖੇਤੀ ’ਵਰਸਿਟੀ ਵੱਲੋਂ ਕਾਇਮ ਕੀਤੇ ਗਏ ਅਜਾਇਬਘਰ ਨਾਲ ਇਸ ਲੋਕ ਕਲਾਕਾਰ ਦਾ ਜੁੜਨਾ ਸੁਭਾਵਿਕ ਸੀ। ਇਸ ਤਰ੍ਹਾਂ ਰਾਹ ਖੁੱਲ੍ਹਦੇ ਗਏ ਤੇ ਜਰਨੈਲ ਸਿੰਘ ਦੀ ਕਲਾ ਦਾ ਸਫ਼ਰ ਹੋਰ ਅਗਾਂਹ ਵਧਣਾ ਸ਼ੁਰੂ ਹੋਇਆ।

ਕਮਾਲ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਤਿਹਾਸ ਤੇ ਅਰਥ ਸ਼ਾਸਤਰ ਵਿੱਚ ਬੀ.ਏ. ਪਾਸ ਕਰਨ ਵਾਲੇ ਇਸ ਕਲਾਕਾਰ ਨੇ ਚਿੱਤਰਕਾਰੀ ਲਈ ਕੋਈ ਰਸਮੀ ਪੜ੍ਹਾਈ ਨਹੀਂ ਕੀਤੀ ਸੀ ਅਤੇ ਨਾ ਹੀ ਰਸਮੀ ਸਿਖਲਾਈ ਲਈ ਕਿਸੇ ਸੰਸਥਾ ਵਿੱਚ ਗਿਆ ਸੀ। ਜੇ ਕਿਤੋਂ ਕੋਈ ਪ੍ਰੇਰਨਾ ਮਿਲੀ/ਲਈ ਜਾਂ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਤਾਂ ਉਹ ਇੱਕੋ ਇੱਕ ਸ਼ਖ਼ਸੀਅਤ ਹਨ ਇਨ੍ਹਾਂ ਦੇ ਪਿਤਾ ਸ. ਕ੍ਰਿਪਾਲ ਸਿੰਘ ਆਰਟਿਸਟ, ਜਿਹੜੇ ਆਪਣੇ ਆਪ ’ਚ ਖ਼ੁਦ ਹੀ ਸੰਸਥਾ ਸਨ।

ਖਾਨਦਾਨੀ ਤੌਰ ’ਤੇ ਵੀ ਇਸ ਕਿੱਤੇ ਵਿੱਚ ‘ਹੱਥ ਸਾਫ਼’ ਹੋਣ ਕਾਰਨ ਜਰਨੈਲ ਸਿੰਘ ਦੀ ਡਰਾਇੰਗ ਬੜੀ ਚੰਗੀ ਸੀ। ਉੱਤੋਂ ਸ. ਕ੍ਰਿਪਾਲ ਸਿੰਘ ਨੇ ਆਪਣੀ ਉਂਗਲੀ ਲਾ ਕੇ ਉਸ ਵਿੱਚ ਹੋਰ ਨਿਖਾਰ ਤੇ ਸਪੱਸ਼ਟਤਾ ਲਿਆਉਂਦਿਆਂ ਨਿਸ਼ਾਨੇ ਵੱਲ ਸੇਧਿਤ ਕੀਤਾ। ਇਸ ਸਮੇਂ ਦੌਰਾਨ ਵਾਪਰੀ ਖ਼ੂਬਸੂਰਤ ਘਟਨਾ ਨੇ ਇਸ ਕਲਾਕਾਰ ਦੀ ਰਚਨਾਤਮਕਤਾ ਵਿੱਚ ਨਵੀਂ ਰੂਹ ਫੂਕੀ, ਇਹ ਘਟਨਾ ਸੀ ਜਰਨੈਲ ਸਿੰਘ ਦੀ ਇੱਕ ਪੜ੍ਹੇ ਲਿਖੇ ਪਰਿਵਾਰ ਦੀ ਕਲਾਤਮਕ ਰੁਚੀਆਂ ਰੱਖਣ ਵਾਲੀ ਕੁੜੀ ਬਲਜੀਤ ਕੌਰ ਨਾਲ ਸ਼ਾਦੀ। ਬਲਜੀਤ ਕੌਰ ਵੀ ਸਾਧਾਰਨ ਲੀਕਾਂ ਵਾਹੁਣ ਤੋਂ ਕੰਮ ਸ਼ੁਰੂ ਕਰਕੇ ਖ਼ੁਦ ਚੰਗੀਆਂ ਕ੍ਰਿਤਾਂ ਬਣਾਉਣ ਤੱਕ ਪੁੱਜੀ ਅਤੇ ਬਹੁਤ ਅਰਸੇ ਤੋਂ ‘ਜਰਨੈਲ ਆਰਟਸ’ ਦੀਆਂ ਕਲਾ-ਕ੍ਰਿਤਾਂ ਦੀ ਮਾਰਕੀਟਿੰਗ ਦੀ ਰਸਮੀ ਇੰਚਾਰਜ ਵੀ।

ਵੱਡੀਆਂ ਘਟਨਾਵਾਂ ਨੂੰ ਵੱਡੇ ਕੈਨਵਸ ’ਤੇ ਉਭਾਰਨ ਤੇ ਰੋਜ਼ੀ ਰੋਟੀ ਤੋਂ ਕਿਸੇ ਹੱਦ ਤੱਕ ਬੇਫ਼ਿਕਰ ਆਪਣੇ ਪਿਤਾ ਸ. ਕ੍ਰਿਪਾਲ ਸਿੰਘ ਦੀ ਛਤਰ ਛਾਇਆ ਹੇਠ ਕੰਮ ਸ਼ੁਰੂ ਕਰਨ ਵਾਲੇ ਜਰਨੈਲ ਸਿੰਘ ਨੇ ਸ਼ੁਰੂ ਵਿੱਚ ਹੀ ਆਪਣਾ ਵੱਖਰਾ ਰਾਹ ਚੁਣਨ ਦੇ ਨਾਲ ਨਾਲ ਹੀ ਕਲਾਕਾਰੀ ਨੂੰ ਆਪਣਾ ਕਿੱਤਾ ਬਣਾਉਣ ਦੇ ਮਨਸ਼ੇ ਨਾਲ ਇਨ੍ਹਾਂ ਦੇ ਮੰਡੀਕਰਨ ਵੱਲ ਵੀ ਬਣਦਾ ਧਿਆਨ ਦੇਣਾ ਸ਼ੁਰੂ ਕੀਤਾ। ‘ਭੁੱਖੇ ਢਿੱਡੀਂ ਭਗਤੀ ਨਾ ਹੋਣ’ ਦੀ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੇ ਜਾਨ ਤੋੜ ਕੇ ਕੰਮ ਕੀਤਾ। ਆਪਣੇ ਲੋਕਾਂ ਕੋਲ ਗਿਆ, ਉਨ੍ਹਾਂ ਦੇ ਜੀਵਨ ਨੂੰ ਹੋਰ ਨੇੜਿਓਂ ਜਾਣਿਆ। ਕੈਮਰੇ ਵਿੱਚ ਬੰਦ ਕੀਤਾ ਅਤੇ ਫਿਰ ਕੈਨਵਸ ’ਤੇ ਉਤਾਰਿਆ। ਇਸੇ ਪੰਜਾਬੀਅਤ ਦੀ ਰੂਹ ਨੂੰ ਰੂਪਮਾਨ ਕਰਦੀਆਂ ਕਿਰਤਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ ਲਈ ਲੋਕ ਗਾਹਕ ਬਣੇ। ਵੱਖ ਵੱਖ ਸਰਕਾਰੀ, ਅਰਧ-ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ, ਵਪਾਰਕ ਘਰਾਣਿਆਂ, ਸੰਸਥਾਵਾਂ, ਅਜਾਇਬਘਰਾਂ, ਧਾਰਮਿਕ ਜਥੇਬੰਦੀਆਂ ਅਤੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਪਣੇ ਇਤਿਹਾਸ, ਆਪਣੇ ਵਿਰਸੇ ਅਤੇ ਆਪਣੀ ਰਹਿਤਲ ਦਾ ਚੇਤਾ ਕਰਾਉਂਦੀਆਂ ਕਿਰਤਾਂ ਦੀ ਕਦਰ ਪਾਉਣੀ ਸ਼ੁਰੂ ਕੀਤੀ।

ਆਪਣੀਆਂ ਪੰਜਾਬ ਫੇਰੀਆਂ ਦੌਰਾਨ ਪੇਂਟਿੰਗਜ਼ ਖਰੀਦਣ ਵਾਲੇ ਪਰਵਾਸੀ ਪੰਜਾਬੀਆਂ ਨੇ ਜਰਨੈਲ ਸਿੰਘ ਨੂੰ ਵਿਦੇਸ਼ਾਂ ਵਿੱਚ ਨੁਮਾਇਸ਼ ਲਾਉਣ ਲਈ ਪ੍ਰੇਰਿਆ। ਇਸ ਦੇ ਨਾਲ ਹੀ ਵਿਦੇਸ਼ ਫੇਰੀਆਂ ਦੌਰਾਨ ਕੰਮ ਵੀ ਮਿਲਣ ਲੱਗਾ। ਇਧਰ ਭਾਰਤ ਵਿੱਚ ਵੀ ਪੰਜਾਬ ਅਤੇ ਦਿੱਲੀ ਹੀ ਨਹੀਂ ਸਗੋਂ ਮੁੰਬਈ, ਕਲਕੱਤਾ ਵਰਗੇ ਮਹਾਨਗਰਾਂ ਵਿੱਚ ਜਰਨੈਲ ਸਿੰਘ ਦੀਆਂ ਪੇਂਟਿੰਗਜ਼ ਦੀਆਂ ਸਫ਼ਲ ਨੁਮਾਇਸ਼ਾਂ ਤੇ ਚੰਗੀ ਵਿਕਰੀ ਹੋਣੀ ਸ਼ੁਰੂ ਹੋਈ। ਸਿੱਖ ਅਜਾਇਬਘਰ ਤੇ ਪੰਜਾਬ ਦੇ ਲੋਕ ਵਿਰਸੇ ਨਾਲ ਸਬੰਧਿਤ ਵਿਭਾਗਾਂ ਅਤੇ ਸੰਸਥਾਵਾਂ ਨੇ ਵੀ ਜਰਨੈਲ ਸਿੰਘ ਅਤੇ ਉਸ ਦੀਆਂ ਕਿਰਤਾਂ ਦੀ ਕਦਰ ਪਾਈ। ਪੰਜਾਬ ਮਾਰਕਫੈੱਡ ਅਤੇ ਹੋਰਨਾਂ ਵਿਭਾਗਾਂ ਨੇ ਪੰਜਾਬੀ ਵਿਰਸੇ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਉਸ ਦੇ ਚਿੱਤਰਾਂ ਦੇ ਸਾਲਾਨਾ ਕੈਲੰਡਰ ਛਾਪਣ ਦਾ ਸਿਲਸਿਲਾ ਜਾਰੀ ਰੱਖਿਆ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੰਲਪੈਕਸ ਵਿਚਲੇ ਸਿੱਖ ਅਜਾਇਬਘਰ ਤੋਂ ਲੈ ਕੇ ਚੰਡੀਗੜ੍ਹ ਦੇ ਪੰਜਾਬ ਰਾਜ ਭਵਨ, ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੇਂਡੂ ਅਜਾਇਬਘਰ ਤੋਂ ਲੈ ਕੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਕੰਪਲੈਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲੈ ਕੇ ਖਾਲਸਾ ਕਾਲਜ ਅੰਮ੍ਰਿਤਸਰ, ਵਾਸ਼ਿੰਗਟਨ ’ਚ ਭਾਰਤੀ ਸਫ਼ਾਰਤਖਾਨੇ, ਦਿੱਲੀ ਦੇ ਅਸ਼ੋਕ ਹੋਟਲ, ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਚੰਡੀਮੰਦਰ ਸਥਿਤ ਹੈੱਡਕੁਆਰਟਰ, ਪੰਜਾਬੀ ਅਕਾਡਮੀ ਦਿੱਲੀ, ਗੁਰੂ ਨਾਨਕ ਗੁਰਦੁਆਰਾ ਸਰੀ (ਕੈਨੇਡਾ) ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸ਼ਿਕਾਗੋ, ਗੁਰਦੁਆਰਾ ਬਾਬੇ ਕੇ ਸਟਰੈਟਫਰਡ (ਬਰਤਾਨੀਆ) ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਮੰਡੀਕਰਨ ਦੀ ਕਿਸਾਨ ਹਵੇਲੀ ਦੇ ਕਮਰਿਆਂ ਦੀਆਂ ਕੰਧਾਂ, ਭਾਰਤ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ, ਮਲੇਸ਼ੀਆ, ਆਸਟਰੀਆ, ਅਫਰੀਕਾ, ਸਿੰਗਾਪੁਰ, ਅਬੂਧਾਬੀ ਅਤੇ ਜਾਪਾਨ ਵਿਚਲੇ ਅਣਗਿਣਤ ਪੰਜਾਬੀਆਂ ਅਤੇ ਭਾਰਤੀਆਂ ਦੇ ਘਰਾਂ ਵਿੱਚ ਜਰਨੈਲ ਸਿੰਘ ਸਦਾ ਹਾਜ਼ਰ ਰਹੇਗਾ ਆਪਣੀਆਂ ਕਲਾ ਕਿਰਤਾਂ ਦੇ ਰੂਪ ਵਿੱਚ।

ਇਨ੍ਹਾਂ ਮਾਣ-ਸਨਮਾਨਾਂ ਤੇ ਪ੍ਰਾਪਤੀਆਂ-ਅਪ੍ਰਾਪਤੀਆਂ ਦੌਰਾਨ ਜਰਨੈਲ ਸਿੰਘ ਦਾ ਮਨ ਉਚਾਟ ਹੋਣ ਲੱਗਾ। ਸਾਡੇ ਮੁਲਕ ਖ਼ਾਸਕਰ ਪੰਜਾਬ ਵਿੱਚ ਉਸ ਦੀ ਕਲਾ ਦੀ ਬਣਦੀ ਕਦਰ ਨਾ ਪੈਣ ਕਾਰਨ ਜਾਂ ਕਹਿ ਲਓ ਹੋਰ ਰਚਨਾਤਮਿਕ ਹੋਣ ਲਈ ਕਲਾਕਾਰ ਨੂੰ ਜਿਹੜੀ ਸਥਿਰਤਾ ਜਾਂ ਬੇਫ਼ਿਕਰੀ ਚਾਹੀਦੀ ਹੈ ਉਹ ਇਧਰ ਦਿਨੋਂ ਦਿਨ ਘਟ ਰਹੀ ਸੀ। ਇਸੇ ਲਈ ਉਸ ਨੇ ਵੀ ਹੋਰਨਾ ਉੱਦਮੀ ਤੇ ਉਤਸ਼ਾਹੀ ਪੰਜਾਬੀਆਂ ਵਾਂਗ ਪ੍ਰਦੇਸ ਜਾ ਕੇ ਵਸਣ ਦਾ ਮਨ ਬਣਾ ਲਿਆ। ਆਪਣੇ ਪਰਿਵਾਰ ਸਮੇਤ ਜੂਨ 2000 ਵਿੱਚ ਕੈਨੇਡਾ ਉਡਾਰੀ ਮਾਰ ਗਏ ਇਸ ਕਲਾਕਾਰ ਨੇ ਆਪਣੇ ਲੋਕਾਂ ਵਿੱਚ ਹੀ ਰਹਿਣ ਦੇ ਮਨਸ਼ੇ ਨਾਲ ਦੂਸਰੇ ਪੰਜਾਬ (ਵੈਨਕੂਵਰ, ਕੈਨੇਡਾ) ਨੂੰ ਆਪਣਾ ਘਰ ਬਣਾਇਆ।

ਸਰੀ ਪਹੁੰਚਣ ਮਗਰੋਂ ਸਭ ਤੋਂ ਪਹਿਲਾਂ ਵੱਡਾ ਕੰਮ ਸੀ ਕਲਾ ਪ੍ਰੇਮੀ ਸਰਦਾਰ ਅਰਪਿੰਦਰ ਸਿੰਘ ਗਿੱਲ (ਟੋਰਾਂਟੋ) ਲਈ 40 ਵਰਗ ਫੁੱਟ (5×8) ਦੇ ਆਕਾਰ ਵਾਲਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਚਿੱਤਰ ਜੋ ਪੰਜਾਬੀ ਚਿੱਤਰਕਾਰੀ ਦੇ ਇਤਿਹਾਸ ਵਿੱਚ ਅੱਜ ਤੱਕ ਦੀ ਸਭ ਤੋਂ ਮਹਿੰਗੀ ਕਲਾ ਕ੍ਰਿਤ ਕਹੀ ਜਾ ਸਕਦੀ ਹੈ।

15 ਹਜ਼ਾਰ ਕੈਨੇਡੀਅਨ ਡਾਲਰ (ਲਗਭਗ ਸਾਢੇ 4 ਲੱਖ ਰੁਪਏ) ਦੀ ਕੀਮਤ ਵਾਲੇ ਇਸ ਚਿੱਤਰ ਨੂੰ ਕਲਾਕਾਰ ਨੇ 6 ਮਹੀਨਿਆਂ ਦੀ ਸਖ਼ਤ ਘਾਲਣਾ ਨਾਲ ਤਿਆਰ ਕੀਤਾ। ਇਸ ਵੱਡੀ ਕਾਮਯਾਬੀ ਤੇ ਬਣਦੀ ਕਦਰ ਪੈਣ ਲੱਗਣ ਤੋਂ ਬਾਅਦ ਜਰਨੈਲ ਸਿੰਘ ਫਿਰ ਪੇਂਡੂ ਜੀਵਨ ਤੋਂ ਸਿੱਖ ਇਤਿਹਾਸ ਵੱਲ ਮੋੜ ਕੱਟਣ ਲੱਗ ਪਿਆ। ਸਗੋਂ ਉਸ ਨੇ ਕੈਨੇਡਾ ਵਿਚਲੇ ਜੀਵਨ ਦ੍ਰਿਸ਼ਾਂ ’ਤੇ ਵੀ ਕੰਮ ਸ਼ੁਰੂ ਕਰ ਦਿੱਤਾ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕਲਾ ਜਗਤ ਵਿੱਚ ਉਸ ਦਾ ਨਾਂ ਬੋਲਣ ਲੱਗ ਪਿਆ। ਗੁਰੂਘਰਾਂ ਵਿੱਚ ਉਸ ਦੀ ਤੇ ਉਸ ਦੇ ਚਿੱਤਰਾਂ ਦੀ ਮੰਗ ਕਾਫ਼ੀ ਵਧੀ। ਆਮ ਘਰਾਂ ਵਿੱਚ ਵੀ ਉਸ ਦੀ ਹਾਜ਼ਰੀ ਵਧਣ ਲੱਗੀ। ਉੱਥੋਂ ਦੇ ਕਲਾ ਨਾਲ ਸਬੰਧਿਤ ਸਰਕਾਰੀ ਵਿਭਾਗ ਦੀ ਗਵਰਨਿੰਗ ਕੌਂਸਲ ਦੀ ਮੈਂਬਰੀ ਅਤੇ ਸੱਭਿਆਚਾਰਕ ਸੰਸਥਾਵਾਂ ਦੀਆਂ ਅਹੁਦੇਦਾਰੀਆਂ ਉਸ ਦੀ ਰਾਹ ਉਡੀਕਣ ਲੱਗ ਪਈਆਂ। ਸਿਰਫ਼ ਕਲਾਕਾਰ ਵਜੋਂ ਹੀ ਨਹੀਂ ਉਸ ਦੇ ਮਿਲਣਸਾਰ ਸੁਭਾਅ ਤੇ ਆਪਣੇ ਭਾਈਚਾਰੇ ਨਾਲ ਡੂੰਘੇ ਲਗਾਅ ਸਦਕਾ ਹਰ ਸੰਸਥਾ ਜਾਂ ਜਥੇਬੰਦੀ ਉਸ ਨੂੰ ਆਪਣੇ ਨਾਲ ਜੋੜਨ ਵਿੱਚ ਫਖ਼ਰ ਮਹਿਸੂਸ ਕਰਨ ਲੱਗੀ। ਧਾਰਮਿਕ ਜਥੇਬੰਦੀਆਂ, ਸਾਹਿਤ ਸਭਾਵਾਂ, ਗਦਰੀ ਮੇਲਿਆਂ ਦੇ ਪ੍ਰਬੰਧਕਾਂ ਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਲਈ ਜਰਨੈਲ ਸਿੰਘ ‘ਸਭ ਦਾ ਆਪਣਾ’ ਲੱਗਣ ਲੱਗਾ।

ਜਿਹੜੇ ਚਿੱਤਰ ਇਧਰ ਮਸਾਂ 300-400 ਰੁਪਏ ਵਿੱਚ ਵਿਕਦੇ ਸਨ, ਉਹ ਸਹਿਜੇ ਹੀ 300-400 ਕੈਨੇਡੀਅਨ ਡਾਲਰ (10-12 ਹਜ਼ਾਰ ਰੁਪਏ) ਵਿੱਚ ਵਿਕਣ ਲੱਗੇ। ਇਸ ਕਲਾਕਾਰ ਜੋੜੀ ਦੀ ਧੀ ਨੀਤੀ ਸਿੰਘ ਤੇ ਉਸ ਤੋਂ ਛੋਟੇ ਪੁੱਤਰ ਜੁਝਾਰ ਸਿੰਘ, ਜਿਨ੍ਹਾਂ ਨੇ ਕ੍ਰਮਵਾਰ ਡਿਜ਼ਾਈਨਿੰਗ ਤੇ ਗ੍ਰਾਫਿਕਸ ਵਿੱਚ ਰਸਮੀ ਪੜ੍ਹਾਈ ਕੀਤੀ, ਨੇ ਵੀ ਮਾਪਿਆਂ ਦੀ ਉਂਗਲ ਫੜ ਕਲਾ ਅਧਿਆਪਕ ਤੇ ਫੋਟੋ ਕਲਾਕਾਰ ਵਜੋਂ ਖ਼ਾਸ ਥਾਂ ਬਣਾਈ।

ਜਰਨੈਲ ਸਿੰਘ ਤੇ ਉਸ ਦੀ ਜੀਵਨ ਸਾਥਣ ਬਲਜੀਤ ਕੌਰ ਨੇ ਆਰਥਿਕ ਤੌਰ ’ਤੇ ਪੱਕੇ ਪੈਰੀਂ ਹੋਣ ਲਈ ਬਾਕਾਇਦਾ ਕੋਰਸ ਕਰਕੇ ਕੰਮ ਸ਼ੁਰੂ ਕਰ ਕੀਤਾ। ਸਰੀ ਵਿੱਚ ‘ਜਰਨੈਲ ਆਰਟਸ ਗੈਲਰੀ’ ਜਿਹੜੀ ਉਨ੍ਹਾਂ ਦੀ ਕਰਮਭੂਮੀ ਰਹੀ, ਇੱਕ ਅਜਿਹਾ ਟਿਕਾਣਾ ਹੈ, ਜਿੱਥੇ ਕਿਤਿਓਂ ਵੀ ਆਇਆ ਕੋਈ ਪੰਜਾਬੀ ਅਪਣੱਤ ਮਹਿਸੂਸ ਕਰਦਾ ਸੀ। ਬਾਹਰੋਂ ਆਏ ਮਹਿਮਾਨ ਲਈ ਇਹ ਸਥਾਨਕ ਲੇਖਕਾਂ ਤੇ ਪੱਤਰਕਾਰਾਂ ਨੂੰ ਮਿਲਣ ਦਾ ਇੱਕ ਸਾਂਝਾ ਟਿਕਾਣਾ ਸੀ, ਜਿਸ ਨੂੰ ਉਹ ‘ਖੁੱਲ੍ਹਾ ਦਰਬਾਰ’ ਕਹਿ ਕੇ ਹੱਸਦੇ ਹੁੰਦੇ ਸਨ।

ਚਿਹਰੇ ’ਤੇ ਹਮੇਸ਼ਾ ਮਿੰਨਾ-ਮਿੰਨਾ ਹਾਸਾ ਤੇ ਚਿੰਤਾ ਤੋਂ ਕੋਹਾਂ ਦੂਰ ਸਰਦਾਰ ਜਰਨੈਲ ਸਿੰਘ ਦੀ ਸ਼ਖ਼ਸੀਅਤ ਲੋਕਾਂ ਨੂੰ ਜੋੜਨ ਦਾ ਕੰਮ ਕਰਦੀ ਰਹੀ। ਸਰੀ ਸ਼ਹਿਰ ’ਚ ਰਹਿੰਦੇ ਲੱਕੀ ਸਹੋਤਾ ਵਜੋਂ ਜਾਣੇ ਜਾਂਦੇ ਤੇ ਜਰਨੈਲ ਸਿੰਘ ਦੇ ਛੋਟੇ ਭਰਾਵਾਂ ਵਰਗੇ ਸਰਗਰਮ ਪੱਤਰਕਾਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਦ ਸਥਾਨਕ ਮੀਡੀਆ ਵਿੱਚ ਆਪਸੀ ਟਕਰਾਅ ਦਾ ਜ਼ੋਰ ਸੀ ਤਾਂ ਉਨ੍ਹਾਂ ਕੁਝ ਸੱਜਣਾਂ ਨਾਲ ਰਲ ਕੇ ‘ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ’ ਬਣਾਉਣ ਦਾ ਬੀੜਾ ਚੁੱਕਿਆ। 2007 ਵਿੱਚ ਹੋਂਦ ’ਚ ਆਈ ਇਹ ਕਲੱਬ ਹਾਲੇ ਤੱਕ ਸਫਲਤਾ ਸਹਿਤ ਸਰਬਸੰਮਤੀ ਤੇ ਇਤਫ਼ਾਕ ਨਾਲ ਚੱਲ ਰਹੀ ਹੈ। ਉਹ ਇਸ ਸੰਸਥਾ ਦੇ ਪ੍ਰਧਾਨ ਵੀ ਰਹੇ ਤੇ ਅੱਜਕੱਲ੍ਹ ਸਕੱਤਰ ਸਨ।

ਪੰਜਾਬੀ ਰੇਡੀਓ ਯੂ.ਐੱਸ.ਏ. ਵੱਲੋਂ ਕੈਲੀਫੋਰਨੀਆ ਦੇ ਭਰਵੀਂ ਪੰਜਾਬੀ ਵਸੋਂ ਵਾਲੇ ਸ਼ਹਿਰ ਫਰੈਜ਼ਨੋ ਸਥਾਪਤ ਪੰਜਾਬੀ ਕਲਚਰਲ ਸੈਂਟਰ ਵਿੱਚ 2019 ਦੀਆਂ ਗਰਮੀਆਂ ਵਿੱਚ ਜਰਨੈਲ ਸਿੰਘ ਦੇ ਚਿੱਤਰਾਂ ਦੀ ਨੁਮਾਇਸ਼ ਉੱਤਰੀ ਅਮਰੀਕਾ ’ਚ ਉਸ ਦੀਆਂ ਕਲਾਕ੍ਰਿਤਾਂ ਦਾ ਅਹਿਮ ਸਨਮਾਨ ਸੀ। ਸ੍ਰੀ ਗੁਰੂ ਨਾਨਕ ਦੇਵ ਜੀ 500 ਸਾਲਾ ਜਨਮ ਪੁਰਬ ਨੂੰ ਸਮਰਪਿਤ ਇਸ ਨੁਮਾਇਸ਼ ਦੀ ਖ਼ਾਸ ਖਿੱਚ ਸੀ ਆਖ਼ਰੀ ਉਮਰੇ ਕਰਤਾਰਪੁਰ ਸਾਹਿਬ ਦੇ ਆਪਣੇ ਖੇਤਾਂ ਵਿੱਚ ਹਲ ਵਾਹੁੰਦੇ ਬਾਬਾ ਨਾਨਕ ਦੀ ਖ਼ੂਬਸੂਰਤ ਪੇਟਿੰਗ।

ਪੰਜਾਬ ਦੀ ਮਿੱਟੀ, ਦਰਿਆਵਾਂ ਤੇ ਫਿਜ਼ਾਵਾਂ ਨੂੰ ਪਰਨਾਏ ਜਰਨੈਲ ਸਿੰਘ ਨੂੰ ਲੰਘੇ ਸਾਲ ਦਸੰਬਰ ਮਹੀਨੇ ਆਪਣੀ ਜੀਵਨ ਸਾਥਣ ਬਲਜੀਤ ਕੌਰ ਦੇ ਉਮਰ ਦਾ ਸ਼ਾਨਦਾਰ ਸੈਂਕੜਾ ਪਾਰ ਕਰ ਚੁੱਕੇ ਪਿਤਾ ਸ. ਇੰਦਰ ਸਿੰਘ ਦੀ ਮਿਜ਼ਾਜਪੁਰਸ਼ੀ ਲਈ ਵੈਨਕੂਵਰ ਤੋਂ ਚੰਡੀਗੜ੍ਹ ਆਪਣੇ ਘਰ ਵੱਲ ਹਵਾਈ ਉਡਾਣ ਵੇਲੇ ਚਿੱਤ ਚੇਤਾ ਵੀ ਨਹੀਂ ਸੀ ਕਿ ਪੰਜਾਬ ਵੱਲ ਉਸ ਦਾ ਇਹ ਸਫ਼ਰ ਆਖ਼ਰੀ ਹੋ ਗੁਜ਼ਰੇਗਾ।

ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਰੂਪਾਂ ਨੂੰ ਰੰਗਾਂ ਰਾਹੀਂ ਉਭਾਰ ਕੇ ਸਾਂਭਣ ਵਾਲੇ ਕਲਾਤਮਿਕ ਹੱਥ ਮੁੱਠੀਆਂ ਦੇ ਰੂਪ ਵਿੱਚ ਸਦਾ ਸਦਾ ਲਈ ਮੀਚੇ ਗਏ ਹਨ ਜਿਨ੍ਹਾਂ ਵਿੱਚ ਬੰਦ ਹੋ ਕੇ ਰਹਿ ਗਏ ਹਨ ਪੰਜਾਬ ਦੇ ਅੱਜ ਨੂੰ ਕੈਨਵਸ ਉੱਤੇ ਉਤਾਰੇ ਜਾਣ ਵਾਲੇ ਅਨੇਕਾਂ ਅਣਵਾਹੇ ਚਿੱਤਰ।

ਆਖ਼ਰ ਆਪਣੀ ਮਿੱਟੀ ’ਚ ਸਮਾ ਗਏ ਰੰਗਲੇ ਕਲਾਕਾਰ ਨੂੰ ਅਲਵਿਦਾ !

ਸੰਪਰਕ: 95010-11953

Advertisement