ਟਰੰਪ ਨੂੰ ਗੁੱਸਾ ਕਿਉਂ ਆਉਂਦੈ?
ਨਲਡ ਟਰੰਪ ਦਾ ਇਹ ਹਫ਼ਤਾ ਬਹੁਤ ਰੁਝੇਵਿਆਂ ਭਰਿਆ ਰਿਹਾ। ਉਨ੍ਹਾਂ ਭਾਰਤ ਉਪਰ ਟੈਰਿਫ ਦਾ ਵਾਰ ਚਲਾ ਦਿੱਤਾ ਹੈ ਅਤੇ ਟੈਰਿਫ ਦਰ 25 ਫ਼ੀਸਦ ਤੋਂ ਵਧਾ ਕੇ ਸਿੱਧੀ 50 ਫ਼ੀਸਦ ਕਰ ਦਿੱਤੀ ਹੈ। ਉਨ੍ਹਾਂ ਦਿੱਲੀ ਨਾਲ ਸਾਰੀਆਂ ਵਪਾਰ ਵਾਰਤਾਵਾਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਦਿੱਲੀ ਨੂੰ ਰੂਸ ਤੋਂ ਸਸਤਾ ਤੇਲ ਖਰੀਦਣਾ ਜਾਰੀ ਰੱਖਣ ’ਤੇ ਦੋਇਮ ਰੋਕਾਂ ਲਾਗੂ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਅਮਰੀਕਾ ਤੋਂ ਬਹੁਤ ਸਾਰੇ ਭੂਟਾਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਅਮਰੀਕੀ ਵੀਜ਼ੇ ਦੇ ਪਾਤਰ ਹੋਣ ਲਈ ਕੁਝ ਸੈਲਾਨੀਆਂ ਲਈ ਬਾਂਡ ਜਾਰੀ ਕੀਤਾ ਹੈ ਜਿਸ ਤਹਿਤ 5000-15000 ਡਾਲਰ ਦੀ ਅਦਾਇਗੀ ਕਰਨੀ ਪਵੇਗੀ। ਉਨ੍ਹਾਂ ਅਮਰੀਕੀ ਕਾਲਜਾਂ ਵਿਚ ਦਾਖ਼ਲਿਆਂ ਦੇ ਬਿਨੈਕਾਰਾਂ ਕੋਲੋਂ ਟੈਸਟ ਅੰਕਾਂ ਦੀ ਔਸਤ ਦੇ ਨਾਲ-ਨਾਲ ਨਸਲ ਅਤੇ ਲਿੰਗਕ ਅੰਕੜੇ ਇਕੱਤਰ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਤੁਸੀਂ ਪੁੱਛੋਗੇ ਕਿ ਅਮਰੀਕੀ ਰਾਸ਼ਟਰਪਤੀ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ। ਉਹ ਹਰ ਸਮੇਂ ਗੁੱਸੇ ਨਾਲ ਭਰੇ-ਪੀਤੇ ਕਿਉਂ ਰਹਿੰਦੇ ਹਨ। ਖੁਸ਼ੀ/ਪ੍ਰਸੰਨਤਾ (ਹੈਪੀਨੈੱਸ) ਗੁਰੂ ਦੀਪਕ ਚੋਪੜਾ ਇਸ ਨੂੰ ਇਸ ਨਜ਼ਰ ਤੋਂ ਦੇਖਦੇ ਹਨ ਕਿ ਟਰੰਪ ਨੂੰ ਨਾ ਕੇਵਲ ਲਗਾਤਾਰ ਪਿਆਰ ਸਗੋਂ ਵਾਹ-ਵਾਹ ਦੀ ਖੁੜਕ ਲੱਗੀ ਰਹਿੰਦੀ ਹੈ। ਹੋ ਸਕਦਾ ਹੈ ਕਿ ਚੋਪੜਾ ਜੀ ਸਹੀ ਹੋਣ। ਟਰੰਪ ਦੇ ਧਿਆਨ ਖਿੱਚੂ ਵਿਹਾਰ ਨੇ ਨਾ ਕੇਵਲ ਦੁਨੀਆ ਨੂੰ ਸਿਰ ਪਰਨੇ ਕੀਤਾ ਹੋਇਆ ਹੈ ਸਗੋਂ ਇਸ ਨੇ ਅਜਿਹਾ ਨਾਟਕੀ ਅਸਰ ਪੈਦਾ ਕਰ ਦਿੱਤਾ ਹੈ ਕਿ ਦੁਨੀਆ ਦੇ ਦੇਸ਼ ਅਮਰੀਕਾ ਨਾਲ ਸੰਧੀਆਂ ਕਰਨ ਲਈ ਕਤਾਰ ਬੰਨ੍ਹ ਕੇ ਖੜ੍ਹੇ ਹਨ।
ਭਾਰਤ ਹੀ ਇੱਕੋ-ਇੱਕ ਅਜਿਹਾ ਮੁਲਕ ਹੈ ਜੋ ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਅਮਰੀਕਾ ਨਾਲ ਖੜ੍ਹੇ ਹੋਣ ਦੀ ਕੀਮਤ ਚੁਕਾਉਣ ਲਈ ਤਿਆਰ ਹਨ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕੁਝ ਦਿਨ ਪਹਿਲਾਂ ਮਾਸਕੋ ਪਹੁੰਚੇ ਸਨ ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕ੍ਰੈਮਲਿਨ ਵਿੱਚ ਆਪਣੇ ਨਿਵਾਸ ਸਥਾਨ ਤੋਂ ਬਾਹਰ ਆ ਕੇ ਬਾਹਾਂ ਖੋਲ੍ਹ ਕੇ ਮਿਲਣਾ ਪਿਆ ਅਤੇ ਉਨ੍ਹਾਂ ਜਲਦੀ ਹੀ ਦਿੱਲੀ ਆਉਣ ਦਾ ਜਨਤਕ ਵਾਅਦਾ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਛੇਤੀ ਹੀ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਲਈ ਚੀਨ ਜਾਣਗੇ।
ਤੁਸੀਂ ਭਾਵੇਂ ਇਸ ਨੂੰ ਜੋ ਮਰਜ਼ੀ ਕਹੋ, ਪਰ ਲਗਦਾ ਹੈ ਕਿ ਇਸ ਹਫਤੇ ਮੋਦੀ ਨੂੰ ਆਤਮ-ਨਿਰਭਰਤਾ, ਗੁੱਟ ਨਿਰਲੇਪਤਾ ਦੇ ਅਰਥ ਪੂਰੀ ਤਰ੍ਹਾਂ ਸਮਝ ਆ ਗਏ ਹਨ। ਇਹ ਵਿਚਾਰ ਕਿ ਭਾਰਤ ਬਾਹਰੀ ਦੁਨੀਆ ਨਾਲ ਨਜਿੱਠਦੇ ਹੋਏ ਆਪ ਵਾਹੀ ਲਛਮਣ ਰੇਖਾ ਦੇ ਅੰਦਰ ਰਹਿੰਦਾ ਹੈ। ਅਗਲੇ ਕੁਝ ਮਹੀਨੇ ਦਿਲਚਸਪ ਹੋਣ ਦੇ ਪੂਰੇ ਆਸਾਰ ਹਨ। ਕੁਆਡ ਸੰਮੇਲਨ ਨਵੰਬਰ ਵਿੱਚ ਹੋਣ ਦੀ ਉਮੀਦ ਹੈ ਜਿਸ ਦਾ ਮਤਲਬ ਹੈ ਕਿ ਐਤਕੀਂ ਟਰੰਪ ਦੇ ਭਾਰਤ ਆਉਣ ਦੀ ਵਾਰੀ ਹੈ। ਰੂਸ-ਭਾਰਤ-ਚੀਨ ਤਿਕੋਣ ਵੀ ਆਕਾਰ ਲੈ ਸਕਦੀ ਹੈ ਜਿਸ ਨੂੰ ਭਾਰਤ ਪਿਛਲੇ ਕੁਝ ਸਮੇਂ ਤੋਂ ਰੋਕ ਰਿਹਾ ਸੀ ਕਿਉਂਕਿ ਦਿੱਲੀ ਅਮਰੀਕੀਆਂ ਦਾ ਬੇਲੋੜਾ ਵਿਰੋਧ ਨਹੀਂ ਸਹੇੜਨਾ ਚਾਹੁੰਦੀ ਸੀ।
ਅਹਿਮ ਸਵਾਲ ਇਹ ਉੱਠਦਾ ਹੈ ਕਿ ਕੀ ਨਵੀਂ ਸੀਤ ਜੰਗ ਸ਼ੁਰੂ ਹੋ ਰਹੀ ਹੈ? ਨਾਲ ਹੀ, ਇਸ ਹਫ਼ਤੇ ਦਿੱਲੀ ਨੂੰ ਜੋ ਤਲਖ਼ ਤਜਰਬੇ ਹੋਏ ਹਨ ਤਾਂ ਵਿਦੇਸ਼ ਨੀਤੀ ਦੇ ਲਿਹਾਜ਼ ਤੋਂ ਇਹ ਵੱਡਾ ਸਬਕ ਹੈ। ਪਿਛਲੇ ਇੱਕ ਦਹਾਕੇ ਤੋਂ ਮੋਦੀ ਲੱਕ ਬੰਨ੍ਹ ਕੇ ਅਮਰੀਕੀਆਂ ਨੂੰ ਲੁਭਾਉਂਦੇ ਰਹੇ ਹਨ। ਇਸ ਵਿੱਚ ਕੁਝ ਗ਼ਲਤ ਵੀ ਨਹੀਂ ਸੀ ਬੇਸ਼ੱਕ- ਅੱਧਾ ਪੰਜਾਬ ਜੋ ਪਹਿਲਾਂ ਹੀ ਅਮਰੀਕਾ-ਕੈਨੇਡਾ ਵਿੱਚ ਜਾ ਚੁੱਕਾ ਹੈ, ਅਮਰੀਕਾ ਦੀ ਅਥਾਹ ਤਾਕਤ ਨੂੰ ਸਮਝਦਾ ਹੈ, ਤਿਵੇਂ ਹੀ ਦੇਸ਼ ਦੇ ਬਾਕੀ ਹਿੱਸੇ ਦੇ ਵੱਡੇ ਹਿੱਸੇ ਜੋ ਅਜੇ ਵੀ ਹਰ ਹਾਲ ਗ੍ਰੀਨ ਕਾਰਡ ਲੈਣਾ ਚਾਹੁੰਦੇ ਹਨ। ਇਹ ਭਾਰਤੀ ਕੁਲੀਨ ਵਰਗ ਦੇ ਨਾਲ-ਨਾਲ ਉਨ੍ਹਾਂ ਘੱਟ ਕਿਸਮਤ ਵਾਲੇ ਲੋਕਾਂ ਲਈ ਵੀ ਸੱਚ ਹੈ ਜੋ ਆਪਣੇ ਉਸ ਦੇਸ਼ ’ਚ ਪਹੁੰਚਾਉਣ ਲਈ ਆਪਣੀਆਂ ਜਾਇਦਾਦਾਂ ਵੇਚ ਦਿੰਦੇ ਹਨ ਜਿੱਥੇ ਖਾਣ ਪੀਣ ਤੇ ਦੌਲਤ ਤੇ ਹੋਰ ਸੁੱਖ ਸਹੂਲਤਾਂ ਦੀ ਬਹੁਤਾਤ ਹੈ।
ਉਂਝ, ਮੋਦੀ ਬਹੁਤ ਅੱਗੇ ਚਲੇ ਗਏ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਸ਼ਕਤੀਸ਼ਾਲੀ ਦੇਸ਼ ਨਾਲ ਜੁੜ ਕੇ ਉਸ ਗੱਠਜੋੜ ਦੇ ਲਾਭ ਮਿਲਦੇ ਹਨ- ਜਿਵੇਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਪਾਨ ਨੇ ਕੀਤਾ ਸੀ। ਸਵਾਲ ਇਹ ਹੈ ਕਿ ਕੀ ਭਾਰਤ ਛੋਟੇ ਜਿਹੇ ਜਪਾਨ ਵਰਗਾ ਮਹਾਨ ਅਤੇ ਬੇਮਿਸਾਲ ਦੇਸ਼ ਬਣਨਾ ਚਾਹੁੰਦਾ ਹੈ? ਜਾਂ ਕੀ ਇਹ ਆਪਣੇ ਆਪ ਵਿੱਚ ਇਕ ਵਿਲੱਖਣ, ਸਭਿਅਤਾ ਦੀ ਸ਼ਕਤੀ ਬਣਨਾ ਚਾਹੁੰਦਾ ਹੈ? ਅਮਰੀਕਾ ਨਾਲ ਚੱਲ ਰਿਹਾ ਵਿਵਾਦ ਇਸ ਸਵਾਲ ਦਾ ਜਵਾਬ ਦੇਣ ਲਈ ਵਧੀਆ ਸਮਾਂ ਹੈ।
ਦਰਅਸਲ, ਭਾਰਤ ਦੀ ਵਿਦੇਸ਼ ਨੀਤੀ ਹਾਲੀਆ ਸਾਲਾਂ ਦੌਰਾਨ ਥੋੜ੍ਹੀ ਉਲਝਣ ਭਰੀ ਲੱਗ ਰਹੀ ਹੈ। ਅਮਰੀਕਾ ਵੱਲ ਗ਼ੈਰ-ਮਾਮੂਲੀ ਧਿਆਨ ਉਸੇ ਸਮੇਂ ਗਿਆ ਸੀ ਜਦੋਂ ਚੀਨੀ ਸੈਨਿਕਾਂ ਨੇ ਕੋਵਿਡ ਦੇ ਮੱਧ ਵਿੱਚ ਅਸਲ ਕੰਟਰੋਲ ਰੇਖਾ ਪਾਰ ਕੀਤੀ ਤਾਂ ਮੋਦੀ ਅਤੇ ਭਾਰਤ, ਦੋਵੇਂ ਚੁਕੰਨੇ ਹੋ ਗਏ ਤੇ ਭਾਰਤ-ਚੀਨ ਸਬੰਧਾਂ ਵਿੱਚ ਨਿਘਾਰ ਆ ਗਿਆ। ਚਾਰ ਸਾਲ ਬਾਅਦ, ਭਾਰਤ ਅਤੇ ਚੀਨ ਦੀਆਂ ਅਰਥਵਿਵਸਥਾਵਾਂ ਵਿਚਕਾਰ ਦਰਜਾਬੰਦ ਅਸਮਾਨਤਾ ਨੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ- ਭਾਰਤ ਸਸਤੀਆਂ ਚੀਨੀ ਵਸਤਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਵਪਾਰ ਦੀ ਅਣਹੋਂਦ ਕਰ ਕੇ ਨੁਕਸਾਨ ਹੋ ਰਿਹਾ ਹੈ। ਇਸ ਲਈ ਜਦੋਂ ਮੋਦੀ ਪਿਛਲੇ ਸਾਲ ਬ੍ਰਿਕਸ ਸੰਮੇਲਨ ਲਈ ਕਜ਼ਾਨ ਗਏ ਸਨ ਤਾਂ ਰੂਸੀਆਂ ਨੇ ਸਮਝੌਤਾ ਕਰਵਾਇਆ ਜਿਸ ਨਾਲ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਦਾ ਰਾਹ ਖੁੱਲ੍ਹ ਗਿਆ। ਇਸ ਮਹੀਨੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਮੋਦੀ ਐੱਸਸੀਓ ਸੰਮੇਲਨ ਲਈ ਤਿਆਨਜਿਨ ਜਾਣਗੇ ਜਿੱਥੇ ਉਹ ਸ਼ੀ ਜਿਨਪਿੰਗ ਨਾਲ ਇਕ ਵਾਰ ਫਿਰ ਮੁਲਾਕਾਤ ਕਰਨਗੇ।
ਹੁਣ ਇਤਿਹਾਸ ਦੇ ਇਸ ਛੋਟੇ ਜਿਹੇ ਪਾਠ ਦਾ ਲਾਭ ਤਦ ਹੀ ਮਿਲ ਸਕੇਗਾ, ਜੇ ਤੁਸੀਂ ਹਥਲੇ ਦ੍ਰਿਸ਼ਟੀਕੋਣ ਦਾ ਇਸਤੇਮਾਲ ਕਰਦੇ ਹੋ; ਉਹ ਇਹ ਕਿ ਜਿੱਥੇ ਭਾਰਤ ਚੀਨ ਨਾਲ ਚੰਗਾ ਰਵੱਈਆ ਰੱਖਦਾ ਹੈ, ਉੱਥੇ ਪਾਕਿਸਤਾਨ ਨਾਲ ਗੱਲ ਕਰਨ ਤੋਂ ਇਨਕਾਰ ਕਰਦਾ ਹੈ। ਇਹ ਦੁਹਰਾਉਂਦਾ ਰਹਿੰਦਾ ਹੈ ਕਿ ਚੀਨ-ਪਾਕਿਸਤਾਨ ਦਾ ਗੂੜ੍ਹਾ ਰਿਸ਼ਤਾ ਹਾਲ ਹੀ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਉਘੜ ਕੇ ਬਾਹਰ ਆਇਆ ਸੀ, ਜਦੋਂ ਚੀਨੀ ਮਿਜ਼ਾਇਲਾਂ ਨੇ ਭਾਰਤੀ ਜਹਾਜ਼ਾਂ ’ਤੇ ਹਮਲਾ ਕਰਨ ਵਿੱਚ ਪਾਕਿਸਤਾਨ ਦੀ ਮਦਦ ਕੀਤੀ ਸੀ। ਹੋਰਨਾਂ ਤੋਂ ਇਲਾਵਾ ਸੀਡੀਐੱਸ ਅਨਿਲ ਚੌਹਾਨ ਨੇ ਹਾਲ ਹੀ ਵਿੱਚ ਇਹ ਸਵੀਕਾਰ ਕੀਤਾ ਸੀ।
ਇਸ ਲਈ ਜੇ ਕਰਾਕੁਰਮ ਤੋਂ ਲੈ ਕੇ ਕਰਾਚੀ ਤੱਕ ਚੀਨ ਅਤੇ ਪਾਕਿਸਤਾਨ ਵਿਚਕਾਰ ਆਕਾ ਅਤੇ ਮੁਵੱਕਿਲ ਦੇ ਰਿਸ਼ਤੇ ਫੈਲੇ ਹੋਏ ਹਨ ਤਾਂ ਫਿਰ ਮੋਦੀ ਵੱਲੋਂ ਰਾਵਲਪਿੰਡੀ ਨਾਲ ਗੱਲਬਾਤ ਤੋਂ ਇਨਕਾਰ ਕਰਨ ਨਾਲ ਕੀਹਦਾ ਭਲਾ ਹੁੰਦਾ ਹੈ? ਇਸ ਤੋਂ ਇਲਾਵਾ, ਡੋਨਲਡ ਟਰੰਪ ਨੇ ਹੁਣੇ-ਹੁਣੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਵ੍ਹਾਈਟ ਹਾਊਸ ਵਿਚ ਇਕ ਹੋਰ ਮੀਟਿੰਗ ਲਈ ਸੱਦਾ ਦੇ ਕੇ ਭਾਰਤ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।
ਇੱਥੇ ਇਸ ਹਫ਼ਤੇ ਦਾ ਦੂਜਾ ਸਵਾਲ ਹੈ: ਕੀ ਇਸ ਸਾਰੀ ਆਲਮੀ ਮੁੜ ਸਫਬੰਦੀ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਭਾਰਤ ਨੂੰ ਸੀਤ ਜੰਗ ਦੇ ਨਵੇਂ ਸੰਸਕਰਨ ਦੇ ਦਿਨਾਂ ਵਿਚ ਵਲਾਦੀਮੀਰ ਪੂਤਿਨ ਦੀ ਉਵੇਂ ਬਾਂਹ ਫੜਨੀ ਚਾਹੀਦੀ ਹੈ, ਜਿਵੇਂ ਉਦੋਂ ਹਿੰਦੀ ਅਤੇ ਰੂਸੀ ਭਾਈ-ਭਾਈ ਅਖਵਾਉਂਦੇ ਸਨ? ਇੱਥੇ ਬੁੱਝਣ ਵਾਲੀ ਗੱਲ ਇਹ ਹੈ ਕਿ ਜੇ ਮੋਦੀ ਅਜਿਹਾ ਕਰਦੇ ਹਨ ਤਾਂ ਉਹ ਸ਼ੀ ਜਿਨਪਿੰਗ ਨੂੰ ਉਥੇ ਪਹਿਲਾਂ ਤੋਂ ਹੀ ਖੜ੍ਹੇ ਪਾਉਣਗੇ ਕਿਉਂਕਿ ਸ਼ੀ ਅਤੇ ਵਲਾਦੀਮੀਰ ਬਹੁਤ ਗੂੜ੍ਹ ਕਾਮਰੇਡ ਹਨ ਜੋ ਇੱਕ ਦੂਜੇ ਨੂੰ ਬਾਖੂਬੀ ਜਾਣਦੇ ਹਨ। ਯਾਦ ਰਹੇ ਕਿ ਦੋਵਾਂ ਦੀ ਪੜ੍ਹਾਈ ਕਮਿਊਨਿਸਟ ਵਜੋਂ ਹੋਈ ਹੈ। ਇਸ ਲਈ ਆਤਮ-ਨਿਰਭਰਤਾ ਅਹਿਮ ਹੈ। ਨਹਿਰੂ ਤੋਂ ਵਾਜਪਾਈ ਤੱਕ ਸਾਰੇ ਪ੍ਰਧਾਨ ਮੰਤਰੀ, ਸਣੇ ਮੋਦੀ ਜਾਣਦੇ ਹਨ ਕਿ ਜੇ ਭਾਰਤ ਇਹ ਵਾਕਈ ਚਾਹੁੰਦਾ ਹੈ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਇਸ ਨੂੰ ਮਜ਼ਬੂਤ ਅਤੇ ਸੁਤੰਤਰ ਧੁਰੀ ਬਣਨ ਦੀ ਲੋੜ ਹੈ, ਪਰ ਜਦੋਂ ਵੱਡੀਆਂ ਸ਼ਕਤੀਆਂ ਸੂਰਜ ਵਾਂਗ ਤਪ ਤੇਜ ਦਿਖਾ ਰਹੀਆਂ ਹਨ ਅਤੇ ਕਮਜ਼ੋਰ ਕੌਮਾਂ ਨੂੰ ਉਨ੍ਹਾਂ ਦੇ ਝੱਖੜ ਝੋਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਅਜਿਹਾ ਕਿਵੇਂ ਕੀਤਾ ਜਾਵੇ?
ਇਸ ਦੀ ਕੁੰਜੀ ਚਾਣਿਕਆ ਅਤੇ ਕਨਫਿਊਸ਼ੀਅਸ ਦੇ ਸੁਮੇਲ ਵਿਚ ਪਈ ਹੈ ਤਾਂ ਜੋ ਤੁਸੀਂ ਅਲੰਕਾਰ ਨੂੰ ਆਪਣੇ ਹਾਲਾਤ ਦੇ ਅਨੁਕੂਲ ਬਣਾ ਸਕੋ (ਪੱਥਰਾਂ ਨੂੰ ਛੂਹ ਕੇ ਨਦੀ ਪਾਰ ਕਰੋ। ਸਾਮ, ਦਾਮ, ਡੰਡ, ਭੇਦ। ਬਿੱਲੀ ਜਦੋਂ ਤੱਕ ਚੂਹੇ ਫੜਦੀ ਹੈ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਾਲੀ ਹੈ ਜਾਂ ਚਿੱਟੀ)। ਆਰਥਿਕ ਸੁਧਾਰਾਂ ਨੇ ਕਦੇ ਹਿੰਦੂ ਵਿਕਾਸ ਦਰ ਨੂੰ ਪਾਰ ਕਰ ਕੇ ਅਤੇ ਸਾਡੇ ਜੀਵਨ ਕਾਲ ਵਿੱਚ ਸਾਨੂੰ ਬੇਮਿਸਾਲ ਦਰਾਂ ’ਤੇ ਵਿਕਾਸ ਕਰਨ ਦੀ ਆਗਿਆ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਜਿਨ੍ਹਾਂ ਨੇ ਭਾਰਤ ਨੂੰ ਵੱਖਰਾ ਅਹਿਸਾਸ ਦਿੱਤਾ ਸੀ।
ਇੱਕ ਵਾਰ ਫਿਰ ਸਾਨੂੰ ਧਰਮ, ਜਾਤ, ਵਰਗ, ਨਸਲ, ਰੰਗ ਦੇ ਵਖਰੇਵਿਆਂ ਦੇ ਆਧਾਰ ’ਤੇ ਵੰਡਣ ਅਤੇ ਰਾਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪ੍ਰਧਾਨ ਮੰਤਰੀ ਮੋਦੀ ਨੂੰ ਮੱਧ ਮਾਰਗ ’ਤੇ ਵਾਪਸ ਆਉਣਾ ਪੈਣਾ ਹੈ ਜਿੱਥੇ ਵਿਕਾਸ ਸਾਰਿਆਂ ਲਈ ਹੋਵੇ; ਭਾਵ, ਸਮੁੱਚੀ ਬਿਹਤਰੀ ਨਾਲ ਹੀ ਦੇਸ਼ ਦਾ ਭਲਾ ਹੋਵੇਗਾ। ਇਹ ਉਨ੍ਹਾਂ ਦੀ ਅਤੇ ਭਾਰਤ ਦੀ ਤਾਕਤ ਹੈ, ਅਜਿਹੀ ਤਾਕਤ ਜੋ ਸਭ ਕੁਝ ਹੈ।
*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।