DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

...ਭੱਲਾ, ਭੱਲਾ ਹੀ ਸੀ!

ਪੰਜਾਬੀ ਫਿਲਮ ‘ਵਿਆਹ 70 ਕਿਲੋਮੀਟਰ’ (2013) ਦੇ ਇਕ ਸੀਨ ਵਿਚ ਮੈਰਿਜ ਬਿਊਰੋ ਵਾਲਾ ਇਕ ਬੰਦਾ ਜਸਵਿੰਦਰ ਭੱਲੇ ਨੂੰ ਘਰੋਂ ਭੱਜੀ ਮੱਝ ਦਾ ਚੁਟਕਲਾ ਸੁਣਾ ਕੇ ਰਿਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੇ ਭਤੀਜੇ ਲਈ ਲੜਕੀ ਲੱਭਦਿਆਂ-ਲੱਭਦਿਆਂ ਅੱਕ-ਥੱਕ ਚੁੱਕਿਆ ਭੱਲਾ ਉਸ...
  • fb
  • twitter
  • whatsapp
  • whatsapp
featured-img featured-img
ਸਕੈੱਚ: ਸੰਦੀਪ ਜੋਸ਼ੀ
Advertisement

ਪੰਜਾਬੀ ਫਿਲਮ ‘ਵਿਆਹ 70 ਕਿਲੋਮੀਟਰ’ (2013) ਦੇ ਇਕ ਸੀਨ ਵਿਚ ਮੈਰਿਜ ਬਿਊਰੋ ਵਾਲਾ ਇਕ ਬੰਦਾ ਜਸਵਿੰਦਰ ਭੱਲੇ ਨੂੰ ਘਰੋਂ ਭੱਜੀ ਮੱਝ ਦਾ ਚੁਟਕਲਾ ਸੁਣਾ ਕੇ ਰਿਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੇ ਭਤੀਜੇ ਲਈ ਲੜਕੀ ਲੱਭਦਿਆਂ-ਲੱਭਦਿਆਂ ਅੱਕ-ਥੱਕ ਚੁੱਕਿਆ ਭੱਲਾ ਉਸ ਨੂੰ ਮੋੜ ਕੇ ਜਵਾਬ ਦਿੰਦਾ ਹੈ: “ਕਮੇਡੀ ਨਾ ਕਰ। ਕਮੇਡੀ ਮੈਂ ਬਥੇਰੀ ਕਰ ਲਊਂ। ਜਿਹੜਾ ਤੈਨੂੰ ਕੰਮ ਕਿਹਾ, ਉਹ ਕਰ।”

ਇਹ ਕੋਈ ਫੜ੍ਹ ਨਹੀਂ ਸੀ। ਦਰਅਸਲ, ਭੱਲਾ ਅਜਿਹਾ ਕਮਾਲ ਦਾ ਕਾਮੇਡੀਅਨ ਸੀ ਜਿਸ ਦਾ ਪੰਜਾਬੀ ਸਿਨੇਮਾ ਵਿਚ ਕੋਈ ਸਾਨੀ ਨਹੀਂ ਸੀ; ਤੇ ਇਹ ਕੋਈ ਛੋਟੀ ਗੱਲ ਨਹੀਂ ਸੀ ਕਿਉਂਕਿ ਉਸ ਦੇ ਆਲੇ-ਦੁਆਲੇ ਕਈ ਅਦਾਕਾਰ ਮੌਜੂਦ ਸਨ ਜੋ ਕਿਸੇ ਵੀ ਮੌਕੇ ’ਤੇ ਤੁਹਾਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਵਾ ਸਕਦੇ ਹਨ, ਜਿਵੇਂ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਬੀਐੱਨ ਸ਼ਰਮਾ ਜਾਂ ਕਰਮਜੀਤ ਅਨਮੋਲ ਪਰ ਭੱਲਾ, ਭੱਲਾ ਹੀ ਸੀ।

Advertisement

2012 ਦਾ ਸਾਲ ਪੰਜਾਬੀ ਫਿਲਮ ਜਗਤ ਲਈ ਯੁੱਗ ਬਦਲੂ ਵਰ੍ਹਾ ਹੋ ਨਿੱਬਡਿ਼ਆ ਕਿਉਂਕਿ ਇਸ ਤੋਂ ਪਹਿਲਾਂ ਇਸ ਨੂੰ ਦੇਸ਼ ਵਿਦੇਸ਼ ਵਿਚ ਦਰਸ਼ਕਾਂ ਦੀ ਤੋਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਚਾਰ ਹਫ਼ਤਿਆਂ ਦੇ ਅੰਦਰ ਅੰਦਰ ਦੋ ਫਿਲਮਾਂ ਰਿਲੀਜ਼ ਹੋਈਆਂ- ‘ਜੱਟ ਐਂਡ ਜੂਲੀਅਟ’ ਅਤੇ ‘ਕੈਰੀ ਆਨ ਜੱਟਾ’। ਇਨ੍ਹਾਂ ਦੋਵਾਂ ਫਿਲਮਾਂ ਨੇ ਦੁਨੀਆ ਭਰ ਵਿਚ ਗਾਹ ਪਾ ਦਿੱਤਾ ਅਤੇ ਦਰਸ਼ਕਾਂ ਦੀਆਂ ਸਿਨਮਾ ਘਰਾਂ ਅੱਗੇ ਕਤਾਰਾਂ ਲੱਗ ਗਈਆਂ। ਇਨ੍ਹਾਂ ਦੀ ਸਫਲਤਾ ਵਿਚ ਭੱਲੇ ਦਾ ਬਹੁਤ ਵੱਡਾ ਯੋਗਦਾਨ ਸੀ। ‘ਜੱਟ ਐਂਡ ਜੂਲੀਅਟ’ ਵਿੱਚ ਉਹ ਚੰਡੀਗੜ੍ਹ ਦੀ ਪਾਏਦਾਰੀ ਦੀ ਗੱਲ ਕਰਦੇ ਹੋਏ ਕਹਿੰਦਾ ਹੈ: “ਚੰਡੀਗੜ੍ਹ ਢਹਿ ਜੂ, ਪਿੰਡਾਂ ਵਰਗਾ ਤਾਂ ਰਹਿ ਜੂ, ਜੇ ਪਿੰਡ ਹੀ ਢਹਿ ਜੂ ਤਾਂ ਫੇਰ ਪਿੱਛੇ ਕੀ ਰਹਿ ਜੂ।”

‘ਕੈਰੀ ਆਨ ਜੱਟਾ’ ਵਿਚ ਉਸ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ ਜਿਸ ਵਿਚ ਉਸ ਨੇ ਪ੍ਰੇਸ਼ਾਨਹਾਲ ਵਕੀਲ ਦਾ ਕਿਰਦਾਰ ਨਿਭਾਇਆ ਸੀ ਜੋ ਅਦਾਲਤੀ ਕੇਸਾਂ ਦੀ ਬਜਾਏ ਆਪਣੇ ਵਿਗੜੇ ਹੋਏ ਪੁੱਤਰਾਂ ਨਾਲ ਸਿੱਝਣ ਵਿਚ ਜ਼ਿਆਦਾ ਰੁੱਝਿਆ ਰਹਿੰਦਾ ਹੈ। ਉਸ ਦਾ ਮਸ਼ਹੂਰ ਫਿਕਰਾ “ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ” ਹੈ ਜੋ ਪਿਓ ਵਜੋਂ ਉਸ ਦੇ ਮਾੜੇ ਤਜਰਬੇ ਨੂੰ ਕੁੱਜੇ ਵਿਚ ਬੰਦ ਕਰ ਦਿੰਦਾ ਹੈ। ਘਰ ਅਤੇ ਅਦਾਲਤ ਵਿਚ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਉਹ ਠੋਕ ਵਜਾ ਕੇ ਦੱਸਦਾ ਹੈ: “ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਹੀ ਨਈਂ ਪਾਇਆ।” ਆਪਣੇ ਪੁੱਤਰਾਂ ’ਤੇ ਰੋਅਬਦਾਬ ਪਾਉਣ ਦੀਆਂ ਉਸ ਦੀਆਂ ਅਕਸਰ ਨਾਕਾਮ ਰਹਿੰਦੀਆਂ ਕੋਸ਼ਿਸ਼ਾਂ ਦਰਸ਼ਕਾਂ ਨੂੰ ਹਸਾ-ਹਸਾ ਕੇ ਦੂਹਰਾ ਕਰ ਦਿੰਦੀਆਂ ਹਨ। ਪਿਛਲੇ ਇਕ ਦਹਾਕੇ ਜਾਂ ਇਸ ਤੋਂ ਕੁਝ ਵੱਧ ਸਮੇਂ ਦੌਰਾਨ ਹੀ ਜਸਵਿੰਦਰ ਭੱਲਾ ਦੀ ਮਸ਼ਹੂਰੀ ਨੇ ਸਿਖ਼ਰਾਂ ਛੂਹੀਆਂ ਸਨ, ਤੇ ਉਹ ਅਸਲੋਂ ਹਰ ਤਰ੍ਹਾਂ ਦੀ ਕਮੇਡੀ ਲਈ ਸੁਭਾਵਿਕ ਪਸੰਦ ਸਨ। ਅੱਸੀਵਿਆਂ ਦੇ ਅਖ਼ੀਰ ਦੀ ਗੱਲ ਹੈ ਜਦ ਉਹ ਆਡੀਓ ਕੈਸੇਟ ‘ਛਣਕਾਟਾ’ ਨਾਲ ਪੰਜਾਬੀ ਮਨੋਰੰਜਨ ਦੀ ਰੰਗਭੂਮੀ ’ਚ ਜ਼ੋਰਦਾਰ ਢੰਗ ਨਾਲ ਦਾਖਲ ਹੋਏ। ਖ਼ੁਦ ਨੂੰ ਉਨ੍ਹਾਂ ‘ਚਾਚਾ ਚਤਰ ਸਿੰਘ’ ਵਜੋਂ ਪੇਸ਼ ਕੀਤਾ, ਬਜ਼ੁਰਗ ਪੇਂਡੂ ਜਿਸ ਨੂੰ ਗੱਲਾਂ ਬਹੁਤ ਅਹੁੜਦੀਆਂ ਸਨ। ਜ਼ਮੀਨ ਨਾਲ ਜੁੜੀ ਸਿਆਣਪ ਨੂੰ ਮਸਖ਼ਰੇਪਨ ’ਚ ਮਿਲਾ ਕੇ, ਉਨ੍ਹਾਂ ਉਸ ਵੇਲੇ ਖ਼ੁਦ ਲਈ ਮਜ਼ਬੂਤ ਥਾਂ ਬਣਾਈ ਜਦ ਪੰਜਾਬੀ ਸਿਨੇਮਾ ’ਚ ਮੋਹਰੀ ਹਾਸਰਸ ਕਲਾਕਾਰ ਵਜੋਂ ਮਿਹਰ ਮਿੱਤਲ ਦੀ ਤੂਤੀ ਬੋਲਦੀ ਸੀ। ਛਣਕਾਟਾ ਜੋ ਸ਼ੁਰੂ-ਸ਼ੁਰੂ ’ਚ ਸਾਲਾਨਾ ਆਉਂਦਾ ਸੀ, ਐਨਾ ਜ਼ਿਆਦਾ ਮਸ਼ਹੂਰ ਹੋ ਗਿਆ ਕਿ ਭੱਲੇ ਤੇ ਉਸ ਦੀ ਟੀਮ ਨੂੰ ਕਈ ਵਾਰ ਇਹ ਸਾਲ ਵਿਚ ਦੋ ਵਾਰ ਵੀ ਕੱਢਣਾ ਪਿਆ। ਅਤਿਵਾਦ ਦੇ ਉਸ ਦੌਰ ਵਿਚ ਕਮੇਡੀ ਬਹੁਤ ਵੱਡੀ ਚੁਣੌਤੀ ਸੀ, ਜਦ ਪੰਜਾਬ ’ਚ ਤ੍ਰਾਸਦੀ ਤੇ ਖ਼ੂਨ-ਖਰਾਬੇ ਦੀ ਟੀਸ ਸੀ। ਹਰ ਚੰਗਾ ਚੁਟਕਲਾ ਸੋਨੇ ਵਰਗਾ ਸੀ ਕਿਉਂਕਿ ਇਸ ਨੇ ਲੋਕਾਂ ਦੀ ਉਨ੍ਹਾਂ ਦੇ ਦਰਦ ਨੂੰ ਭੁਲਾਉਣ ਵਿਚ ਮਦਦ ਕੀਤੀ, ਅਲਬੱਤਾ ਥੋੜ੍ਹੇ ਸਮੇਂ ਲਈ ਹੀ ਸਹੀ।

ਭਲਾ ਹੋਵੇ ਜਲੰਧਰ ਦੂਰਦਰਸ਼ਨ ਦਾ, ਭੱਲਾ ਟੀਵੀ ਦੇ ਦਰਸ਼ਕਾਂ ਤੱਕ ਪਹੁੰਚਿਆ। ਇਹ ਤੱਥ ਕਿ ਇਕ ਪ੍ਰੋਫੈਸਰ (ਉਨ੍ਹਾਂ ਆਪਣੇ ਹੀ ਵਿਦਿਅਕ ਅਦਾਰੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪੜ੍ਹਾਇਆ) ਇੰਨੀ ਵਧੀਆ ਕਮੇਡੀ ਕਰ ਸਕਦਾ ਸੀ, ਹੈਰਾਨੀਜਨਕ ਸੀ।

ਫਿਲਮਾਂ ਵਿਚ ਉਨ੍ਹਾਂ ਦੀ ਪਹਿਲੀ ਮੁੱਖ ਭੂਮਿਕਾ ਜਸਪਾਲ ਭੱਟੀ ਦੇ ਤਿੱਖੇ ਵਿਅੰਗ ‘ਮਾਹੌਲ ਠੀਕ ਹੈ’ (1999) ਵਿੱਚ ਸੀ। ਭੱਲਾ ਭ੍ਰਿਸ਼ਟਾਚਾਰੀ ਪੁਲੀਸ ਅਫਸਰ ਦੇ ਰੋਲ ਵਿਚ ਪੂਰੇ ਜਚ ਗਏ ਜੋ ਦੁਕਾਨਦਾਰਾਂ ਤੋਂ ਫਿਰੌਤੀ ਦੇ ਪੈਸੇ ਇਕੱਠੇ ਕਰਦਾ ਸੀ। ਹਾਸਰਸ ਦੇ ਮਹਾਰਥੀ ਭੱਟੀ ਨਾਲ ਉਨ੍ਹਾਂ ‘ਜੀਜਾ ਜੀ’ (2005), ‘ਚੱਕ ਦੇ ਫੱਟੇ’ (2008) ਤੇ ‘ਪਾਵਰ ਕੱਟ’ (2012) ਵਿਚ ਵੀ ਸਾਂਝ ਪਾਈ। ਦਿਲਚਸਪ ਹੈ ਕਿ ਦੋਵਾਂ ਦੇ ਆਪੋ-ਆਪਣੇ ਪਰਖੇ ਹੋਏ ਜੂਨੀਅਰ ਸਾਥੀ ਸਨ- ਭੱਟੀ ਦੇ ਕੇਸ ਵਿਚ ਇਹ ਵਿਵੇਕ ਸ਼ੌਕ ਸੀ, ਜਦਕਿ ‘ਚਾਚੇ’ ਭੱਲੇ ਕੋਲ ‘ਭਤੀਜ’ ਦੇ ਰੂਪ ਵਿਚ ਬਾਲ ਮੁਕੰਦ ਸ਼ਰਮਾ ਸੀ। ਸ਼ਰਮਾ, ਜੋ ਖ਼ੁਦ ਵੀ ਪੀਏਯੂ ਤੋਂ ਪੜ੍ਹੇ ਸਨ, ਨੇ ਮਾਰਕਫੈੱਡ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਵਿਚ ਸੀਨੀਅਰ ਅਹੁਦਿਆਂ ਉਤੇ ਕੰਮ ਕੀਤਾ।

ਭੱਲਾ ਦੀ ਕਮੇਡੀ ਦਾ ਕੇਂਦਰ ਪੰਜਾਬੀ ਸਮਾਜ ਅਤੇ ਸੱਭਿਆਚਾਰ ਸੀ। ਉਨ੍ਹਾਂ ਨਸ਼ਿਆਂ, ਭਰੂਣ ਹੱਤਿਆ, ਬੇਰੁਜ਼ਗਾਰੀ ਅਤੇ ਗੈਰ-ਕਾਨੂੰਨੀ ਪਰਵਾਸ ਵਰਗੇ ਗੰਭੀਰ ਮੁੱਦਿਆਂ ’ਤੇ ਚੋਟ ਕੀਤੀ। ਉਨ੍ਹਾਂ ਦੇ ਵਿਅੰਗ ਦਾ ਨਿਸ਼ਾਨਾ ਔਰਤ ਅਤੇ ਮਰਦ ਵਿਚਕਾਰ ਹੁੰਦੀ ਨੋਕ-ਝੋਕ ਵੀ ਬਣੀ। ਇਸ ਤੋਂ ਇਲਾਵਾ, ਉਹ ਸਮੇਂ-ਸਮੇਂ ’ਤੇ ਸਿਆਸੀ ਚੁਟਕਲੇ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਇਸੇ ਕਰ ਕੇ ਉਹ 2003 ਵਿੱਚ ਮੁਸੀਬਤ ਵਿੱਚ ਫਸ ਗਏ ਸਨ, ਜਦੋਂ ਪਟਿਆਲਾ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਮੁੱਖ ਮੰਤਰੀ ’ਤੇ ਚੁਟਕਲੇ ਮਾਰਨ ਤੋਂ ਬਾਅਦ ਚੰਡੀਗੜ੍ਹ ਵਿੱਚ ਪੰਜਾਬ ਸਿਵਲ ਸਕੱਤਰੇਤ ਵਿਖੇ ਇੱਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੀ ਤੇ ਸ਼ਰਮਾ ਦੀ ‘ਕੁੱਟਮਾਰ’ ਕੀਤੀ।

ਹਾਲਾਂਕਿ, ਭੱਲਾ ਨੇ ਇਸ ਤੂਫ਼ਾਨ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਬਾਰੇ ‘ਛਣਕਾਟਾ 2003’ (ਚਾਚਾ ਸੁਧਰ ਗਿਆ) ਵਿੱਚ ਮਜ਼ਾਕ ਵੀ ਕੀਤਾ। ਉਨ੍ਹਾਂ ਨੇ ਇਸ ਘਟਨਾ ਦੀ ਤੁਲਨਾ ਓਸਾਮਾ ਬਿਨ-ਲਾਦਿਨ ਦੁਆਰਾ ਅਮਰੀਕਾ ’ਤੇ ਕੀਤੇ ਹਮਲੇ ਨਾਲ ਕੀਤੀ ਜਿਸ ਦਾ ਖਮਿਆਜ਼ਾ ਸੱਦਾਮ ਹੁਸੈਨ ਨੂੰ ਭੁਗਤਣਾ ਪਿਆ (ਜਿਸ ਦਾ ਭਾਵ ਸੀ ਕਿ ਉਨ੍ਹਾਂ ਨੂੰ ਕਿਸੇ ਹੋਰ ਦੀ ਗ਼ਲਤੀ ਦੀ ਸਜ਼ਾ ਮਿਲੀ)। ਉਨ੍ਹਾਂ ਨੇ ਨਾ ਸਿਰਫ਼ ਸਰਕਾਰੀ ਤੰਤਰ ਨੂੰ ਨਿਸ਼ਾਨਾ ਬਣਾਇਆ, ਬਲਕਿ ਆਪਣੇ ਉਨ੍ਹਾਂ ਸਾਥੀ ਕਲਾਕਾਰਾਂ ਦਾ ਵੀ ਮਜ਼ਾਕ ਉਡਾਇਆ ਜਿਨ੍ਹਾਂ ਨੇ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ। ਜਸਪਾਲ ਭੱਟੀ ਅਤੇ ਗੁਰਪ੍ਰੀਤ ਘੁੱਗੀ ਦੀ ਅਗਵਾਈ ਵਿੱਚ ਪੰਜਾਬੀ ਕਲਾਕਾਰਾਂ ਨੇ ਭੱਲਾ ਅਤੇ ਸ਼ਰਮਾ ਦੇ ਹੱਕ ਵਿੱਚ ਵਿਅੰਗਮਈ ਬਿਆਨ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਾਸ-ਵਿਅੰਗ ’ਤੇ ‘ਪਾਬੰਦੀ’ ਲਗਾ ਦੇਣ ਜਾਂ ਲੋਕਾਂ ਸਾਹਮਣੇ ਪੇਸ਼ਕਾਰੀ ਤੋਂ ਪਹਿਲਾਂ ਸਾਰੇ ਗੀਤਾਂ ਅਤੇ ਨਾਟਕਾਂ ਨੂੰ ਮਨਜ਼ੂਰੀ ਦੇਣ ਲਈ ਪ੍ਰਮੁੱਖ ਸਕੱਤਰ ਨੂੰ ਨਿਯੁਕਤ ਕਰ ਦੇਣ। ਕੋਵਿਡ-19 ਦੇ ਲੌਕਡਾਊਨ ਦੌਰਾਨ ਭੱਲਾ ਨੇ ਮੁੱਖ ਮੰਤਰੀ ਵੱਲੋਂ ਸ਼ਰਾਬ ਦੇ ਠੇਕੇ ਮੁੜ ਖੋਲ੍ਹਣ ਦੀ ਮੰਗ ’ਤੇ ਚੁਟਕਲਾ ਮਾਰਿਆ ਅਤੇ ਇਸ ਵਾਰ ਉਹ ਬਚ ਕੇ ਨਿਕਲ ਗਏ।

ਪੰਜਾਬੀ ਸਿਨੇਮੇ ਦੀ ਖੁਸ਼ਕਿਸਮਤੀ ਹੈ ਕਿ ਇਸ ਨੂੰ ਕਈ ਮਹਾਨ ਕਲਾਕਾਰ ਮਿਲੇ ਹਨ- ਜਿਵੇਂ ਗੋਪਾਲ ਸਹਿਗਲ, ਖਰੈਤੀ ਭੈਂਗਾ, ਮਜਨੂੰ (ਜਿਨ੍ਹਾਂ ਦਾ ਅਸਲੀ ਨਾਮ ਹੈਰੋਲਡ ਲੁਇਸ ਸੀ) ਅਤੇ ਮਿਹਰ ਮਿੱਤਲ। ਹੁਣ ਭੱਲਾ ਵੀ ਮਸ਼ਹੂਰ ਹਸਤੀਆਂ ਦੇ ਇਸ ਦਲ ਦਾ ਹਿੱਸਾ ਬਣ ਚੁੱਕਾ ਹੈ ਜਿੱਥੇ ਉਹ ਜ਼ਰੂਰ ਦੇਵਤਿਆਂ ਨੂੰ ਹਸਾ-ਹਸਾ ਲੋਟ-ਪੋਟ ਕਰ ਰਹੇ ਹੋਣਗੇ।

*ਲੇਖਕ ‘ਦਿ ਟ੍ਰਿਬਿਊਨ’ ਦੇ ਡਿਪਟੀ ਐਡੀਟਰ ਹਨ।

Advertisement
×