ਸਿਆਸੀ ਹਿੱਤਾਂ ਲਈ ਫ਼ੌਜ ਦਾ ਇਸਤੇਮਾਲ
“ਕਿਸੇ ਵੀ ਆਗੂ... ਜਾਂ ਆਲਮੀ ਆਗੂ ਨੇ ਸਾਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਸੀ”, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹ ਆਖਣ ਤੋਂ ਬਾਅਦ 29 ਜੁਲਾਈ ਨੂੰ ਆਖ਼ਿਰਕਾਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਂ ਲਿਆ (ਤੇ ਭੂੰਡਾਂ ਦਾ ਖੱਖਰ ਛੇੜ ਦਿੱਤਾ)। ਜੈਸ਼ੰਕਰ ਨੇ ਆਪਣੇ ਬਿਆਨ ਦੀ ਸ਼ੁਰੂਆਤ ਕਰਦਿਆਂ ਕਿਹਾ, “ਕਾਨ ਖੋਲ੍ਹ ਕੇ ਸੁਨ ਲੋ... 27 ਅਪਰੈਲ ਤੋਂ ਲੈ ਕੇ 16 ਜੂਨ ਤੱਕ ਟਰੰਪ ਅਤੇ ਮੋਦੀ ਵਿਚਕਾਰ ਕੋਈ ਫੋਨ ਕਾਲ ਨਹੀਂ ਹੋਈ।” ਰਿਪੋਰਟਾਂ ਮਿਲੀਆਂ ਸਨ ਕਿ 17 ਜੂਨ ਨੂੰ ਮੋਦੀ ਨੇ ਟਰੰਪ ਨੂੰ ਜੋ ਦੱਸਿਆ ਸੀ, ਉਸ ਤੋਂ ਟਰੰਪ ਖਫ਼ਾ ਹੋ ਗਏ ਸਨ। 29 ਜੁਲਾਈ ਨੂੰ ਟਰੰਪ ਨੇ 30ਵੀਂ ਵਾਰ ਇਹ ਗੱਲ ਜ਼ੋਰ ਦੇ ਕੇ ਆਖੀ ਸੀ: “ਜੰਗ ਮੈਂ ਰੁਕਵਾਈ ਹੈ।”
ਭਾਰਤ ਦੀ ਰਣਨੀਤਕ ਖ਼ੁਦਮੁਖ਼ਤਾਰੀ ਅਤੇ ਭਾਰਤ-ਪਾਕਿਸਤਾਨ ਦੋ-ਤਰਫ਼ਾਵਾਦ ਦੀ ਰਾਖੀ ਲਈ ਬਹੁਤ ਜ਼ਿਆਦਾ ਕੂਟਨੀਤਕ ਨਫ਼ਾਸਤ ਦਰਕਾਰ ਹੈ। 6 ਅਗਸਤ ਨੂੰ ਟਰੰਪ ਨੇ ਗੁੱਸਾ ਜ਼ਾਹਿਰ ਕਰਦਿਆਂ ਭਾਰਤ ਉੱਪਰ 25 ਫ਼ੀਸਦੀ ਟੈਰਿਫ ਲਾਗੂ ਕਰ ਕੇ ਭਾਰਤ-ਅਮਰੀਕਾ ਸਬੰਧ ਉਲਟਾਅ ਕੇ ਰੱਖ ਦਿੱਤੇ। ਇਸ ਤੋਂ ਪਹਿਲਾਂ ਪਾਰਲੀਮੈਂਟ ਵਿੱਚ ਅਪਰੇਸ਼ਨ ਸਿੰਧੂਰ ਬਾਰੇ ਬਹੁਤ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਅਤੇ ਇਸ ਦੀ ਬਜਾਏ ਸਰਕਾਰ ਨੇ ਨਹਿਰੂ-ਗਾਂਧੀ ਨੂੰ ਕੋਸਣ ਤੇ ਮੋਦੀ ਦੀ ਮਹਿਮਾ ਦੇ ਰਵਾਇਤੀ ਰਾਹ ਉਪਰ ਟੇਕ ਰੱਖੀ।
ਕੁਝ ਫ਼ੌਜੀ ਅਤੇ ਰਣਨੀਤਕ ਮੁੱਦਿਆਂ ਲਈ ਸਪੱਸ਼ਟੀਕਰਨ ਦੀ ਲੋੜ ਹੈ। ਪਹਿਲਾ, ਜੇ ਅਪਰੇਸ਼ਨ ਸਿੰਧੂਰ ਰੋਕਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਇਸ ਨੂੰ ਅੰਸ਼ਕ ਸਫਲਤਾ ਹੀ ਮਿਲੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਹੈ ਕਿ ਇਸ ਦਾ ਮੁਢਲਾ ਉਦੇਸ਼ ਇਹ ਸੀ ਕਿ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਨੂੰ ਤਹਿਸ-ਨਹਿਸ ਕੀਤਾ ਜਾਵੇ ਤੇ ਪਾਕਿਸਤਾਨ ਨੂੰ ਲੁਕਵੇਂ ਯੁੱਧ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਬਿਨਾਂ ਕੋਈ ਸਬੂਤ ਦਿੱਤਿਆਂ ਦਾਅਵਾ ਕੀਤਾ ਕਿ 100 ਦਹਿਸ਼ਤਗਰਦ ਮਾਰ ਦਿੱਤੇ ਹਨ; ਭਾਰਤ ਵਾਲੇ ਪਾਸੇ ਕੋਈ ਨੁਕਸਾਨ ਨਹੀਂ ਹੋਇਆ। ਆਪਣੇ 90 ਮਿੰਟ ਦੇ ਭਾਸ਼ਣ ਵਿੱਚ ਉਨ੍ਹਾਂ 15 ਵਾਰ ਮੋਦੀ ਦੀ ਪ੍ਰਸ਼ੰਸਾ ਕੀਤੀ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਭਾਰਤ-ਪਾਕਿਸਤਾਨ ਗੋਲੀਬੰਦੀ ਤੋਂ 90 ਦਿਨਾਂ ਬਾਅਦ ਦਾਅਵਾ ਕੀਤਾ ਸੀ- “ਖਿੜਕੀ ਦਾ ਕੱਚ ਵੀ ਨਹੀਂ ਟੁੱਟਿਆ।” ਸੀਡੀਐੱਸ ਜਨਰਲ ਅਨਿਲ ਚੌਹਾਨ ਨੇ 17 ਜੁਲਾਈ ਨੂੰ ਨੁਕਸਾਨ ਦੀ ਪੁਸ਼ਟੀ ਕੀਤੀ। ਸਰਕਾਰ ਨੇ ਕਸ਼ਮੀਰ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਕੋਈ ਜ਼ਿਕਰ ਨਹੀਂ ਕੀਤਾ ਹਾਲਾਂਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਪਾਰਲੀਮੈਂਟ ਵਿੱਚ ਇਸ ਬਾਰੇ ਸਵਾਲ ਕੀਤਾ ਸੀ ਕਿ ਅਸਲ ਕੰਟਰੋਲ ਰੇਖਾ ਨੇੜੇ ਰਹਿਣ ਵਾਲੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਕਿਉਂ ਨਹੀਂ ਲਿਜਾਇਆ ਗਿਆ?
ਦੂਜਾ, ਸਰਕਾਰ ਜਹਾਜ਼ ਦੇ ਨੁਕਸਾਨ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਟਾਲ਼ਾ ਵੱਟ ਗਈ; ਸੀਡੀਐੱਸ, ਡੀਜੀਐੱਮਓ ਅਤੇ ਡੀਜੀਏਓ ਨੇ ਜਨਤਕ ਤੌਰ ’ਤੇ ਇਸ ਨੂੰ ਮੰਨਿਆ ਸੀ। 30 ਮਈ ਨੂੰ ਜਦੋਂ ਬਲੂਮਬਰਗ ਦੇ ਪੱਤਰਕਾਰ ਨੇ ਪੁੱਛਿਆ ਤਾਂ ਸੀਡੀਐੱਸ ਜਨਰਲ ਚੌਹਾਨ ਨੇ ਜਵਾਬ ਦਿੱਤਾ ਸੀ- “ਦਾਅਪੇਚਕ ਗ਼ਲਤੀਆਂ” ਹੋਈਆਂ ਸਨ ਪਰ ਨੁਕਸਾਨ ਨਹੀਂ ਸਗੋਂ ਸਿੱਟੇ ਮਹੱਤਵਪੂਰਨ ਹਨ, ਜਿਸ ਦਾ ਇਸ਼ਾਰਾ (9-10 ਮਈ ਨੂੰ) ਪਾਕਿਸਤਾਨ ਦੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਪਹੁੰਚੇ ਨੁਕਸਾਨ ਵੱਲ ਸੀ।
ਭਾਰਤੀ ਜਹਾਜ਼ ਡਿੱਗਣ ਬਾਰੇ ਉਦੋਂ ਤੋਂ ਲੈ ਕੇ ਬਹੁਤ ਸਾਰੇ ਲੇਖੇ-ਜੋਖੇ ਆ ਚੁੱਕੇ ਹਨ। 16 ਜੂਨ ਨੂੰ ਫਰਾਂਸ ਦੇ ਹਵਾਈ ਸੈਨਾ ਮੁਖੀ ਜਨਰਲ ਜੀਰੋਮ ਬੈਲੈਂਜਰ ਨੇ ਕਿਹਾ ਸੀ ਕਿ ਉਨ੍ਹਾਂ ਤਿੰਨ ਭਾਰਤੀ ਜਹਾਜ਼ਾਂ- ਰਾਫੇਲ, ਸੁਖੋਈ-ਐੱਮਕੇ30 ਅਤੇ ਮਿਰਾਜ-2000 ਦੇ ਨੁਕਸਾਨ ਬਾਰੇ ਸਬੂਤ ਦੇਖੇ ਹਨ; ਅੱਠ ਮੁਲਕਾਂ ਨੂੰ ਰਾਫੇਲ ਜਹਾਜ਼ ਵੇਚੇ ਗਏ ਸਨ ਜਿਨ੍ਹਾਂ ’ਚੋਂ ਪਹਿਲੀ ਵਾਰ ਅਜਿਹਾ ਨੁਕਸਾਨ ਦੇਖਣ ਵਿੱਚ ਆਇਆ ਹੈ।
ਤੀਜਾ, ਫ਼ੌਜ ਨੂੰ ਮੁਕੰਮਲ ਅਪਰੇਸ਼ਨਲ ਖੁੱਲ੍ਹ ਦੇਣ ਦਾ ਬਿਰਤਾਂਤ ਮਿੱਥ ਹੈ। ਜੇ ਇੱਦਾਂ ਹੁੰਦਾ ਤਾਂ ਭਾਰਤੀ ਹਵਾਈ ਸੈਨਾ ਦਾ ਪਹਿਲਾ ਨਿਸ਼ਾਨਾ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਬਣਨਾ ਸੀ, ਉਸ ਤੋਂ ਬਾਅਦ ਦਹਿਸ਼ਤਗਰਦਾਂ ਦੇ ਟਿਕਾਣੇ ਤਾਂ ਕਿ ਜਹਾਜ਼ ਦਾ ਨੁਕਸਾਨ ਨਾ ਹੋਣ ਦਿੱਤਾ ਜਾਵੇ। ਭਾਰਤ ਦੇ ਨੇਵਲ ਅਟੈਸ਼ੇ ਕੈਪਟਨ ਸ਼ਿਵਕੁਮਾਰ ਨੇ 10 ਜੂਨ ਨੂੰ ਜਕਾਰਤਾ ਵਿੱਚ ਸੈਮੀਨਾਰ ਵਿੱਚ ਆਖਿਆ ਕਿ ਭਾਰਤੀ ਹਵਾਈ ਸੈਨਾ ਨੂੰ ਪਾਕਿਸਤਾਨ ਦੇ ਫ਼ੌਜੀ ਬੁਨਿਆਦੀ ਢਾਂਚੇ ਅਤੇ ਏਅਰ ਡਿਫੈਂਸ ਨੂੰ ਨਿਸ਼ਾਨਾ ਨਾ ਬਣਾਉਣ ਦੀਆਂ ਸਿਆਸੀ ਮਜਬੂਰੀਆਂ ਕਾਰਨ ਕੁਝ ਜਹਾਜ਼ ਗੁਆਉਣੇ ਪਏ।
ਚੌਥਾ, ਜੈਸ਼ੰਕਰ ਨੇ ਪਿੱਛੇ ਜਿਹੇ ਵੀਡੀਓ ਵਿੱਚ ਕਿਹਾ ਸੀ ਕਿ ਪਾਕਿਸਤਾਨ ਨੂੰ ਹਮਲੇ ਤੋਂ ਪਹਿਲਾਂ ਸੂਚਿਤ ਕੀਤਾ ਸੀ। ਬਿਆਨ ਵਿੱਚ ਇਸ ਨੂੰ ਬਦਲ ਕੇ 6-7 ਮਈ ਨੂੰ ਹਮਲੇ ਸ਼ੁਰੂ ਹੋਣ ਵੇਲੇ ਕਰ ਦਿੱਤਾ ਗਿਆ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 19 ਮਈ ਨੂੰ ਵਿਦੇਸ਼ ਮਾਮਲਿਆਂ ਬਾਰੇ ਪਾਰਲੀਮਾਨੀ ਸਥਾਈ ਕਮੇਟੀ ਸਾਹਮਣੇ ਰਿਕਾਰਡ ਦੀ ਸੁਧਾਈ ਕਰਦਿਆਂ ਦੱਸਿਆ: “ਭਾਰਤੀ ਡੀਜੀਐੱਮਓ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਅਪਰੇਸ਼ਨ ਦਾ ਪਹਿਲਾ ਪੜਾਅ ਪੂਰਾ ਹੋਣ ’ਤੇ ਇਤਲਾਹ ਦਿੱਤੀ ਸੀ ਕਿ ਇਹ (ਅਪਰੇਸ਼ਨ) ਖ਼ਤਮ ਹੋ ਗਿਆ ਹੈ ਅਤੇ ਹੋਰ ਜ਼ਿਆਦਾ ਤਣਾਅ ਨਹੀਂ ਵਧਾਇਆ ਜਾਵੇਗਾ।”
ਪੰਜਵਾਂ, ਗੋਲੀਬੰਦੀ ਬਾਰੇ ਹੈ। ਦਿੱਲੀ ’ਚ ਅਮਰੀਕੀ ਦੂਤਾਵਾਸ ਦੇ ਸੂਤਰਾਂ ਮੁਤਾਬਿਕ, 10 ਮਈ ਨੂੰ ਅਮਰੀਕੀ ਤੇ ਭਾਰਤੀ ਅਧਿਕਾਰੀਆਂ ਵਿਚਕਾਰ ਵਾਰਤਾਵਾਂ ’ਚ ਇੱਕ ਇਹ ਵੀ ਸੀ ਜਿਸ ’ਚ ਅਮਰੀਕੀ ਡਿਫੈਂਸ ਅਟੈਸ਼ੇ ਬ੍ਰਿਗੇਡੀਅਰ ਜਨਰਲ ਪੈਟ੍ਰਿਕ ਟੀਗੇ ਨੇ ਬਾਅਦ ਦੁਪਹਿਰ ਭਾਰਤੀ ਡੀਜੀਐੱਮਓ ਨੂੰ ਇਤਲਾਹ ਦਿੱਤੀ ਕਿ ਪਾਕਿਸਤਾਨੀ ਡੀਜੀਐੱਮਓ ਉਨ੍ਹਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤਿੰਨ ਵਜੇ ਉਨ੍ਹਾਂ ਦੀ ਗੱਲਬਾਤ ਹੋਈ ਪਰ ਉਨ੍ਹਾਂ ਤੋਂ ਪਹਿਲਾਂ ਹੀ ਟਰੰਪ ਨੇ ਗੋਲੀਬੰਦੀ ਸਿਰੇ ਚੜ੍ਹਨ ਦਾ ਐਲਾਨ ਕਰ ਦਿੱਤਾ।
ਛੇਵਾਂ, ਭਾਰਤ ਤੇ ਪਾਕਿਸਤਾਨ ਦੇ ਪਰਮਾਣੂ ਸ਼ਕਤੀਆਂ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਪਸੀ ਸੰਕਟਾਂ ਦੌਰਾਨ ਅਮਰੀਕੀ ਦਖ਼ਲ ਪੁਰਾਣਾ ਦਸਤੂਰ ਹੈ। 1962 ਵਿਚ ਅਮਰੀਕਾ ਨੇ ਕਸ਼ਮੀਰ ਬਾਬਤ ਵਿਦੇਸ਼ ਮੰਤਰੀ ਸਵਰਨ ਸਿੰਘ ਅਤੇ ਜ਼ੁਲਿਫ਼ਕਾਰ ਅਲੀ ਭੁੱਟੋ ਵਿਚਕਾਰ ਮੁਲਾਕਾਤ ਕਰਵਾਈ ਸੀ। ਅਮਰੀਕਾ ਨੇ ਬਰਾਸ ਟੈਕਜ਼ ਸੰਕਟ (1986-87), ਕੰਪਾਊਂਡ ਸੰਕਟ (1990), ਕਾਰਗਿਲ (1999), ਅਪਰੇਸ਼ਨ ਪਰਾਕ੍ਰਮ (2001-02), ਬਾਲਾਕੋਟ (2019) ਵੇਲੇ ਵੀ ਦਖ਼ਲ ਦਿੱਤਾ ਸੀ। ਅਪਰੇਸ਼ਨ ਸਿੰਧੂਰ ਦੌਰਾਨ ਗੋਲੀਬੰਦੀ ਕਰਵਾਉਣ ਵਿੱਚ ਅਮਰੀਕੀ ਦਖ਼ਲ ਨੂੰ ਲੈ ਕੇ ਹੋ ਰਹੀ ਤੂੰ-ਤੂੰ ਮੈਂ-ਮੈਂ ਸੁਹਿਰਦ ਨਹੀਂ ਕਹੀ ਜਾ ਸਕਦੀ।
ਸੱਤਵਾਂ ਸਵਾਲ ਸੂਹੀਆ ਅਤੇ ਅਪਰੇਸ਼ਨਲ ਖਾਮੀਆਂ ਬਾਰੇ ਹੈ। ਚਿਤਾਵਨੀ ਸੰਕੇਤਾਂ ਨੂੰ ਗਹੁ ਨਾਲ ਸੁਣੋ: ਪਾਕਿਸਤਾਨ ਦੇ ਜਨਰਲ ਆਸਿਮ ਮੁਨੀਰ ਨੇ (5 ਫਰਵਰੀ) ਕਸ਼ਮੀਰ ਇਕਜੁੱਟਤਾ ਦਿਵਸ ਮੌਕੇ ਕਿਹਾ ਸੀ- “ਪਾਕਿਸਤਾਨ ਕਸ਼ਮੀਰ ਨੂੰ ਲੈ ਕੇ ਤਿੰਨ ਲੜਾਈਆਂ ਲੜ ਚੁੱਕਿਆ ਹੈ ਤੇ ਦਸ ਹੋਰ ਲੜਾਈਆਂ ਲੜ ਸਕਦਾ ਹੈ।” ਪਹਿਲਗਾਮ ਹਮਲੇ ਤੋਂ ਪੰਜ ਦਿਨ ਪਹਿਲਾਂ ਉਨ੍ਹਾਂ ਪਾਕਿਸਤਾਨ ਪਰਵਾਸੀ ਭਾਈਚਾਰੇ ਨੂੰ ਦੋ-ਕੌਮੀ ਸਿਧਾਂਤ ਅਤੇ ਕਸ਼ਮੀਰ ਪਾਕਿਸਤਾਨ ਲਈ ਸਾਹ-ਰਗ ਹੋਣ ਬਾਰੇ ਦੱਸਿਆ ਸੀ।
11 ਮਾਰਚ ਨੂੰ ਪਾਕਿਸਤਾਨ ਦੇ ਡੀਜੀ ਆਈਐੱਸਪੀਆਰ, ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਜਾਫਰ ਐਕਸਪ੍ਰੈਸ ਉੱਪਰ ਹਮਲੇ ਪਿੱਛੋਂ ਆਖਿਆ, “ਖੇਡ ਦੇ ਨੇਮ ਬਦਲ ਗਏ ਹਨ।” ਉਨ੍ਹਾਂ ਦਾ ਇਸ਼ਾਰਾ ਅਜਿਹੇ ਹੋਰ ਹਮਲਿਆਂ (ਜਿਨ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ) ਅਤੇ ਡੋਵਾਲ ਦੇ ਇੱਕ ਇਕਾਈ ਵਜੋਂ ਬਲੋਚਿਸਤਾਨ ਦੀ ਹੰਢਣਸਾਰਤਾ ਬਾਰੇ ਬਿਆਨ ਵੱਲ ਸੀ।
ਅੱਠਵਾਂ, ਭਾਰਤ ਦੇ ‘ਨਿਊ ਨਾਰਮਲ’ ਨੂੰ ਜੈਸ਼ੰਕਰ ਦੇ ਪਾਰਲੀਮੈਂਟ ਵਿੱਚ ‘ਮੋਦੀ ਨਾਰਮਲ’ ਦਾ ਨਾਂ ਦਿੱਤਾ ਗਿਆ। ਇਸ ਦੀ ਸੋਧੀ ਸਮੱਗਰੀ ਵਿੱਚ ਇਹ ਸ਼ਾਮਿਲ ਦੱਸਿਆ ਜਾਂਦਾ ਹੈ: ਦਹਿਸ਼ਤਗਰਦਾਂ ਨੂੰ ਹੁਣ ਪ੍ਰੌਕਸੀ ਨਹੀਂ ਸਮਝਿਆ ਜਾਵੇਗਾ; ਸਰਹੱਦ ਪਾਰ ਦਹਿਸ਼ਤਗਰਦੀ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ (ਇਸ ਨੂੰ ਜੰਗੀ ਕਾਰਵਾਈ ਨਹੀਂ ਮੰਨਿਆ ਜਾਵੇਗਾ); ਦਹਿਸ਼ਤਗਰਦੀ ਅਤੇ ਚੰਗੇ ਗੁਆਂਢੀਆਂ ਵਾਲੇ ਸਬੰਧ ਇਕੱਠੇ ਨਹੀਂ ਚੱਲ ਸਕਦੇ। ਦਹਿਸ਼ਤਗਰਦ ਹਮਲਿਆਂ ਲਈ ਕੋਈ ਆਧਾਰ (Threshold) ਪਰਿਭਾਸ਼ਤ ਨਹੀਂ ਕੀਤਾ ਗਿਆ ਤੇ ਨਾ ਹੀ ਡਰਾਵੇ ਦੇ ਪੈਮਾਨੇ ਤੈਅ ਕੀਤੇ।
ਹਾਲਾਂਕਿ ਮੋਦੀ ਤੇ ਰਾਜਨਾਥ ਨੇ ਆਤਮ-ਨਿਰਭਰਤਾ ਅਤੇ ਰੱਖਿਆ ਬਰਾਮਦਾਂ ਦਾ ਬਹੁਤ ਗੁਣਗਾਨ ਕੀਤਾ ਪਰ 2014 ਤੋਂ ਲੈ ਕੇ ਹੁਣ ਤੱਕ ਰੱਖਿਆ ਬਜਟ ਜੀਡੀਪੀ ਦਾ 2 ਫ਼ੀਸਦੀ ਹੀ ਹੈ। ਅਗਲੇ ਮਹੀਨੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੀ ਗਿਣਤੀ 29 ਸਕੁਐਡਰਨ ਰਹਿ ਜਾਵੇਗੀ (ਪ੍ਰਵਾਨਿਤ 42 ਸਕੁਐਡਰਨਾਂ)। ਪਾਕਿਸਤਾਨ-ਚੀਨ ਦੇ ਦੋ-ਤਰਫ਼ਾ ਮੁਹਾਜ਼ ਦੀਆਂ ਕੁੱਲ ਸਕੁਐਡਰਨਾਂ ਦੀ ਗਿਣਤੀ 91 ਹੋ ਗਈ ਹੈ।
4 ਅਗਸਤ ਨੂੰ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਰਹੱਸਮਈ ਦਾਅਵਾ ਕੀਤਾ: ਅਪਰੇਸ਼ਨ ਸਿੰਧੂਰ ਨੇ ਅਜਿਹੇ ਸਮੇਂ ਦਹਿਸ਼ਤਗਰਦੀ ਦੇ ਟਾਕਰੇ ਦੇ ਸਿਧਾਂਤ ਨੂੰ ਮੁੜ ਪਰਿਭਾਸ਼ਤ ਕੀਤਾ ਹੈ ਜਦੋਂ ਜੰਮੂ ਕਸ਼ਮੀਰ ਵਿੱਚ ਜ਼ਮੀਨੀ ਪੱਧਰ ’ਤੇ ਸਰਹੱਦ ਪਾਰ ਦਹਿਸ਼ਤਗਰਦੀ ਨਾਲ ਲੜਾਈ ਚੱਲ ਰਹੀ ਹੈ।
ਨੌਵਾਂ, ਮੋਦੀ ਦੇ ਇਸ ਦਾਅਵੇ ਦੇ ਤੱਥਾਂ ਬਾਰੇ ਮੁੜ ਜਾਂਚ ਦੀ ਲੋੜ ਹੈ ਕਿ 193 ਮੁਲਕਾਂ ’ਚੋਂ ਸਿਰਫ਼ ਤਿੰਨ ਨੇ ਪਾਕਿਸਤਾਨ ਦੀ ਹਮਾਇਤ ਕੀਤੀ; ਬਾਕੀਆਂ ਨੇ ਭਾਰਤ ਦਾ ਸਮਰਥਨ ਕੀਤਾ ਸੀ। ਦਸਵਾਂ, ਅਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਅਤੇ ਚੀਨ ਦੀ ਫ਼ੌਜੀ ਤਾਲਮੇਲ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ।
ਅਖ਼ੀਰਲਾ, ਅਪਰੇਸ਼ਨ ਸਿੰਧੂਰ ਦਾ ਸਿਆਸੀਕਰਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। 2016 ਦੇ ਉੜੀ ਸਰਜੀਕਲ ਹਮਲੇ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ਨੇ ਉੱਤਰ ਪ੍ਰਦੇਸ਼ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਪਾਸਾ ਪਲਟਾਊ ਭੂਮਿਕਾ ਨਿਭਾਈ ਸੀ। ਸਿਆਸੀ ਮੁਫ਼ਾਦ ਲਈ ਫ਼ੌਜ ਦੀ ਦੁਰਵਰਤੋਂ ਨਾਲ ਇਸ ਦੇ ਬੁਨਿਆਦੀ ਅਸੂਲਾਂ ਦੀ ਬੇਹੁਰਮਤੀ ਹੋਵੇਗੀ।
*ਲੇਖਕ ਡਿਫੈਂਸ ਪਲੈਨਿੰਗ ਸਟਾਫ ਦਾ ਸਾਬਕਾ ਬਾਨੀ ਮੈਂਬਰ ਹੈ।