ਟਰੰਪ ਦਾ ਹੁਣ ਦੱਖਣੀ ਏਸ਼ੀਆ ਵਿੱਚ ਭੜਥੂ
ਇਸ ਮੌਨਸੂਨ ਦੀ ਇੱਕ ਸਵੇਰ ਜਦੋਂ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਨੇ ਪਾਕਿਸਤਾਨ ਨਾਲ ਤੇਲ ਸੰਧੀ ਉੱਪਰ ਦਸਤਖ਼ਤ ਕੀਤੇ ਹਨ ਤਾਂ ਕੁਝ ਉਹੋ ਜਿਹਾ ਅਹਿਸਾਸ ਹੋਇਆ, ਜਦੋਂ 1999 ਵਿੱਚ ਕਾਰਗਿਲ ਜੰਗ ਵਿੱਚ ਪਾਕਿਸਤਾਨ ਉੱਪਰ ਭਾਰਤ ਦੀ ਜਿੱਤ ਦੇ ਪ੍ਰਸੰਗ ਵਿਚ ਹੋਇਆ ਸੀ- ਸ਼ਾਂਤ, ਲਗਭਗ ਕਾਲਪਨਿਕ। ਉਂਝ, ਫ਼ਰਕ ਸਿਰਫ਼ ਇਹ ਹੈ ਕਿ ਐਤਕੀਂ ਹਾਲਤ ਉਲਟ ਹੈ।
ਜੁਲਾਈ 1999 ਵਿੱਚ ਅਟਲ ਬਿਹਾਰੀ ਵਾਜਪਾਈ ਨੇ ਬਿਲ ਕਲਿੰਟਨ ਨੂੰ ਦ੍ਰਿੜ੍ਹਤਾ ਨਾਲ ਕਿਹਾ ਸੀ ਕਿ ਉਹ ਨਵਾਜ਼ ਸ਼ਰੀਫ਼, ਜਿਨ੍ਹਾਂ ਨਾਲ ਕਲਿੰਟਨ ਕਾਰਗਿਲ ਟਕਰਾਅ ਖ਼ਤਮ ਕਰਾਉਣ ਦੀਆਂ ਕੋਸ਼ਿਸ਼ਾਂ ਤਹਿਤ ਵਾਸ਼ਿੰਗਟਨ ਡੀਸੀ ਵਿੱਚ ਮਿਲ ਰਹੇ ਸਨ, ਨੂੰ ਇਹ ਦੱਸਣ ਕਿ ਭਾਰਤ ਸਿਰਫ਼ ਉਦੋਂ ਹੀ ਸਮਝੌਤਾ ਕਰੇਗਾ ਜਦੋਂ ਆਖ਼ਿਰੀ ਪਾਕਿਸਤਾਨੀ ਫ਼ੌਜੀ ਅਸਲ ਕੰਟਰੋਲ ਰੇਖਾ ਤੋਂ ਵਾਪਸ ਚਲਿਆ ਜਾਵੇਗਾ ਜਿਸ ਨੂੰ ਪਾਰ ਕਰ ਕੇ ਉਹ ਕਸ਼ਮੀਰ ਆਇਆ ਸੀ। ਨਵਾਜ਼ ਸ਼ਰੀਫ ਕੋਲ ਸਹਿਮਤ ਹੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਕਾਰਗਿਲ ਟਕਰਾਅ ਖ਼ਤਮ ਹੋ ਗਿਆ। ਸਾਲ ਬਾਅਦ ਕਲਿੰਟਨ ਭਾਰਤ ਦੇ ਪੰਜ ਰੋਜ਼ਾ ਦੌਰੇ ’ਤੇ ਆਏ ਅਤੇ ਜੈਪੁਰ ਵਿੱਚ ਖ਼ੂਬ ਆਰਾਮ ਫ਼ਰਮਾਇਆ। ਰਾਹ ਵਿੱਚ ਉਹ ਪੰਜ ਘੰਟੇ ਪਾਕਿਸਤਾਨ ਵਿੱਚ ਰੁਕੇ ਸਨ।
ਲੰਘੇ ਹਫ਼ਤੇ ਦੇ ਅਖ਼ੀਰ ਵਿੱਚ ਭਾਰਤ ਅਮਰੀਕੀ ਨੀਤੀ ਵਿੱਚ ਪਾਕਿਸਤਾਨ ਦੇ ਪੱਖ ਵਿੱਚ ਹੋ ਰਹੀ ਤਬਦੀਲੀ ਦੀ ਨਿਰਖ-ਪਰਖ ਕਰ ਰਿਹਾ ਸੀ। ਇਹ ਤਬਦੀਲੀ ਇੰਨੀ ਅਚਾਨਕ ਤੇ ਅਨੋਖੀ ਸੀ ਕਿ ਜੇ ਭਾਰਤੀ ਨਿਜ਼ਾਮ ਨੂੰ ਇਸ ਦੀ ਭਿਣਕ ਨਹੀਂ ਪਈ ਤਾਂ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਦਿੱਲੀ ਤੱਕ ਕਈਆਂ ਦੀਆਂ ਫੀਤੀਆਂ ਲੱਥ ਜਾਣੀਆਂ ਚਾਹੀਦੀਆਂ ਸਨ। ਪਾਕਿਸਤਾਨ ਲਈ ਇਹ ਸਭ ਤੋਂ ਵਧੀਆ ਨਵੀਂ ਦੋਸਤੀ ਹੋਵੇਗੀ, ਜਦੋਂ ਅਕਤੂਬਰ ਵਿੱਚ ਅਮਰੀਕਾ ਤੋਂ ਦਸ ਲੱਖ ਬੈਰਲ ਤੇਲ ਦਰਾਮਦ ਹੋਵੇਗਾ।
1989 ਵਿੱਚ ਜਦੋਂ ਆਖ਼ਿਰੀ ਸੋਵੀਅਤ ਫ਼ੌਜੀ ਅਫ਼ਗਾਨਿਸਤਾਨ ’ਚੋਂ ਰੁਖ਼ਸਤ ਹੋਇਆ ਅਤੇ ਇਸ ਤੋਂ ਤੁਰੰਤ ਬਾਅਦ ਅਮਰੀਕੀਆਂ ਨੇ ਕਾਬੁਲ ’ਚੋਂ ਨਾਸਤਿਕ ਕਮਿਊਨਿਸਟਾਂ ਨੂੰ ਖਦੇੜਨ ਦੀ ਜਿੱਤ ਦੇ ਸਰੂਰ ਵਿੱਚ ਰਾਵਲਪਿੰਡੀ ਲਈ ਹੁੰਦੀ ਹਥਿਆਰਾਂ ਅਤੇ ਡਾਲਰਾਂ ਦੀ ਪਾਈਪਲਾਈਨ ਬੰਦ ਕਰ ਦਿੱਤੀ ਸੀ, ਉਸ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਪਾਕਿਸਤਾਨ ਪਰਤ ਰਹੇ ਹਨ।
ਹੁਣ ਜਦੋਂ ਇੱਕ ਵਾਰ ਫਿਰ ਇਸ ਅੰਤਹੀਣ ਮਹਾਂ ਖੇਡ ਦੀਆਂ ਨਰਦਾਂ ਸੁੱਟ ਦਿੱਤੀਆਂ ਗਈਆਂ ਹਨ, ਇਸ ਵਾਰ ਭਾਰਤ ਦੇ ਗੋਡੇ ਗਿੱਟੇ ਲੱਗਣੀ ਤੈਅ ਹੈ। ਯਾਦ ਰੱਖਣਾ ਕਿ ਪਾਕਿਸਤਾਨ ਚੀਨ ਦਾ ਸਹਿਯੋਗੀ ਮੁਲਕ ਹੈ। ਇਹ ਵੀ ਯਾਦ ਰੱਖਣਾ ਕਿ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਪੇਈਚਿੰਗ ਖ਼ਿਲਾਫ਼ ਅਤਿ ਦੇ ਟੈਰਿਫ ਲਗਾ ਕੇ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਸੀ ਕਿ ਚੀਨ ਨੇ ਅਮਰੀਕੀ ਅਰਥਚਾਰੇ ਦੇ ਪੈਰਾਂ ਹੇਠੋਂ ਜ਼ਮੀਨ ਖਿੱਚਣ ਦੀ ਕੋਸ਼ਿਸ਼ ਕੀਤੀ ਹੈ; ਟਰੰਪ ਜਾਣਦੇ ਹਨ ਕਿ ਮਾਗਾ (ਮੇਕ ਅਮੈਰਿਕਾ ਗ੍ਰੇਟ ਅਗੇਨ) ਲਈ ਚੀਨ ਦੇ ਮੁਕਾਬਲੇ ਆਪਣੇ ਨਿਰਮਾਣ ਖੇਤਰ ’ਚ ਮੁੜ ਦਬਦਬਾ ਹਾਸਿਲ ਕਰਨਾ ਕਿੰਨਾ ਜ਼ਰੂਰੀ ਹੈ।
ਉਂਝ, ਟਰੰਪ ਨੇ ਪਾਕਿਸਤਾਨ ਨਾਲ ਸੰਧੀ ਕਰ ਕੇ ਅਤੇ ਭਾਰਤ ਦੇ ‘ਬੇਜਾਨ ਅਰਥਚਾਰੇ’ ਦੀ ਨੁਕਤਾਚੀਨੀ ਕਰ ਕੇ ਦੱਖਣੀ ਏਸ਼ੀਆ ਦਾ ਸ਼ਕਤੀ ਸਮਤੋਲ ਬਦਲ ਦਿੱਤਾ ਹੈ। ਇਹ ਜ਼ਰੂਰ ਵਾਸ਼ਿੰਗਟਨ ਡੀਸੀ ਦੀ ਗਰਮੀ ਦਾ ਅਸਰ ਹੋਵੇਗਾ ਜਾਂ ਉਨ੍ਹਾਂ ‘ਮਾਰਾ ਲਾਗੋ’ ਵਿੱਚ ਕੁਝ ਉਲਟਾ ਸਿੱਧਾ ਖਾ ਲਿਆ ਹੋਵੇਗਾ ਜਿਸ ਕਰ ਕੇ ਉਹ ਭੁੱਲ ਗਏ ਕਿ ਪੰਜ ਸਾਲ ਪਹਿਲਾਂ ਮੋਦੀ ਨੇ ਹਿਊਸਟਨ ਵਿੱਚ ਨਾਅਰਾ ਲਾਇਆ ਸੀ- ‘ਅਬ ਕੀ ਬਾਰ ਟਰੰਪ ਸਰਕਾਰ’ ਤਾਂ ਭਾਰਤੀ-ਅਮਰੀਕੀਆਂ ਦਾ ਹਜੂਮ ਪਾਗ਼ਲ ਹੋ ਗਿਆ ਸੀ ਤੇ ਇੰਝ ਭਾਰਤੀ-ਅਮਰੀਕੀਆਂ ਦੀਆਂ ਕੁਝ ਹੋਰ ਕੀਮਤੀ ਵੋਟਾਂ ਟਰੰਪ ਦੀ ਝੋਲੀ ਵਿੱਚ ਪਾ ਦਿੱਤੀਆਂ ਸਨ।
ਗ਼ਲਤ ਨਾ ਸਮਝਣਾ, ਟਰੰਪ ਦੀ ਸੱਤਾ ਦੀ ਖੇਡ ਨਾਲ ਕੌਮਾਂਤਰੀ ਸ਼ਤਰੰਜ ਦੀ ਬਿਸਾਤ ਵਿਗੜਨੀ ਤੈਅ ਹੈ। ਅੱਜ ਇਹ ਕਹਿਣਾ ਬਹੁਤ ਜਲਦੀ ਤੇ ਸਿੱਧ-ਪਧਰੀ ਗੱਲ ਹੈ ਕਿ ਪੁਰਾਣੀਆਂ ਦੋਸਤੀਆਂ ਹੁਣ 21ਵੀਂ ਸਦੀ ਵਾਲੀ ਠੰਢੀ ਜੰਗ ਵਾਲੇ ਰੂਪ ਮੁਤਾਬਿਕ ਪੁਨਰ-ਸੰਗਠਿਤ ਹੋਣਗੀਆਂ। ਬਿਨਾਂ ਸ਼ੱਕ ਹਰ ਕੋਈ ਅਜੇ ਵੀ ਹਰ ਕਿਸੇ ਨਾਲ ਗੱਲ ਕਰੇਗਾ, ਖ਼ਾਸਕਰ ਕੁਆਡ ਦੀਆਂ ਮੀਟਿੰਗਾਂ ’ਚ। ਨਵੰਬਰ ’ਚ ਦਿੱਲੀ ’ਚ ਮਹਾਂ ਸੰਮੇਲਨ ਹੋ ਰਿਹਾ ਹੈ ਜਿਸ ਦਾ ਮਤਲਬ ਹੈ, ਟਰੰਪ ਦਾ ਆਉਣਾ ਤੈਅ ਹੈ ਪਰ ਜਿਵੇਂ ਅਮਰੀਕੀ ਰਾਸ਼ਟਰਪਤੀ ਨੇ ਮੋਦੀ ਨੂੰ ਰੂਸ ਵੱਲ ਧੱਕ ਦਿੱਤਾ ਹੈ (‘ਭਾਰਤ ਤੇ ਰੂਸ ਦੇ ਬੇਜਾਨ ਅਰਥਚਾਰੇ’) ਤਾਂ ਮੋਦੀ ਕੋਲ ਰੂਸ ਵੱਲ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।
ਦੋਸਤੀ ਤੇ ਵਿਦੇਸ਼ ਨੀਤੀ (ਲਾਜ਼ਮੀ ਤੌਰ ’ਤੇ ਦੇਸ਼ਾਂ ਵਿਚਕਾਰ ਦੋਸਤੀ ਹੁੰਦੀ ਹੈ) ਮੁਤੱਲਕ ਕਿਹਾ ਜਾਂਦਾ ਹੈ ਕਿ ਇਹ ਬਰਾਬਰ ਦੀਆਂ ਧਿਰਾਂ ਵਿਚਕਾਰ ਹੀ ਨਿਭਦੀ ਹੈ। ਇਹੀ ਕਾਰਨ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਗ਼ੈਰ-ਮਾਮੂਲੀ ਜੱਫੀ ਮਹਿਜ਼ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰਾਂ ਵਿਚਕਾਰ ਨਹੀਂ ਸੀ ਜਾਂ ਸੁੰਦਰ ਪਿਚਾਈ ਤੋਂ ਲੈ ਕੇ ਸ਼ਾਂਤਨੂੰ ਨਰਾਇਣ ਤੇ ਸੰਜੈ ਮਹਿਰੋਤਰਾ ਜਿਹੇ ਭਾਰਤੀ-ਅਮਰੀਕੀਆਂ ਦੇ ਅਮਰੀਕਾ ’ਚ ਪ੍ਰਭਾਵਸ਼ਾਲੀ ਸਮੂਹ ਦਾ ਹਿੱਸਾ ਬਣਨ ਕਰ ਕੇ ਨਹੀਂ, ਸਗੋਂ ਇਸ ਕਰ ਕੇ ਸੀ ਕਿ ਆਰਥਿਕ ਨਾ-ਬਰਾਬਰੀ ਦੇ ਬਾਵਜੂਦ ਦੋਵੇਂ ਦੇਸ਼ ਇੱਕ ਦੂਜੇ ਨਾਲ ਸਹਿਯੋਗੀਆਂ ਦੇ ਰੂਪ ’ਚ ਵਿਹਾਰ ਕਰਨ ਤੋਂ ਝਿਜਕ ਨਹੀਂ ਰਹੇ ਸਨ।
ਰੂਜ਼ਵੈਲਟ ਨੇ ਭਾਰਤ ਦੀ ਖ਼ਾਸੀਅਤ ਨੂੰ ਸਮਝਿਆ ਸੀ, ਭਾਵੇਂ ਆਇਜ਼ਨਹਾਵਰ ਨੇ ਨਹੀਂ ਸਮਝੀ। ਕਿਸਿੰਜਰ ਨੇ ਵੀ ਭਾਵੇਂ ਇਹ ਖ਼ਾਸੀਅਤ ਨਹੀਂ ਸਮਝੀ ਪਰ ਕੈਨੇਡੀ ਸਮਝ ਗਏ ਸੀ ਜਿਨ੍ਹਾਂ ਦੇ ਦੋਸਤ, ਭਾਰਤ ’ਚ ਤਤਕਾਲੀ ਰਾਜਦੂਤ ਜੌਹਨ ਕੈਨੇਥ ਗਾਲਬ੍ਰੇਥ ਦੀ ਤਸਵੀਰ ਚੰਡੀਗੜ੍ਹ ਦੇ ਸਰਕਾਰੀ ਮਿਉੂਜ਼ੀਅਮ ਦੀ ਛੋਟੀ ਜਿਹੀ ਲਾਇਬ੍ਰੇਰੀ ਦੇ ਥਮਲੇ ਉੱਪਰ ਲੱਗੀ ਹੋਈ ਹੈ। ਇਸ ਦੇ ਦੂਜੇ ਪਾਸੇ ਐੱਮਐੱਸ ਰੰਧਾਵਾ ਦੀ ਤਸਵੀਰ ਹੈ। ਤੇ ਇਹ ਵੀ ਕਿ ਜਦੋਂ ਕਿਸਿੰਜਰ ਨੇ ਖੁੱਲ੍ਹੇਆਮ ਆਪਣੇ ਪਾਕਿਸਤਾਨ ਪੱਖੀ ਝੁਕਾਅ ਨੂੰ ਸਹੀ ਠਹਿਰਾਇਆ ਸੀ ਤੇ 1971 ’ਚ ਪੱਛਮੀ ਬੰਗਾਲ ’ਚ ਇੱਕ ਕਰੋੜ ਬੰਗਲਾਦੇਸ਼ੀਆਂ ਦੇ ਪਲਾਇਨ ਦੀ ਨੁਕਤਾਚੀਨੀ ਕੀਤੀ ਸੀ ਤਾਂ ਉੱਘੇ ਰੱਖਿਆ ਸਮੀਖਿਅਕ ਕੇ. ਸੁਬਰਾਮਣੀਅਮ ਉਨ੍ਹਾਂ ਦੀ ਝਾੜ-ਝੰਬ ਕਰਨ ਤੋਂ ਝਿਜਕੇ ਨਹੀਂ ਸਨ ਅਤੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਉਨ੍ਹਾਂ ਦੇ ਯਹੂਦੀਆਂ ਦੇ ਜਰਮਨੀ ਤੋਂ ਦੌੜਨ ਦਾ ਚੇਤਾ ਹੈ (1998 ਦੇ ਪਰਮਾਣੂ ਤਜਰਬਿਆਂ ਦੇ ਮੱਦੇਨਜ਼ਰ ਜਦੋਂ ਆਖ਼ਿਰਕਾਰ ਠੰਢ-ਠੰਢਾਅ ਹੋਇਆ ਸੀ ਤਾਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਨਰੇਸ਼ ਚੰਦਰ ਅਤੇ ਕਿਸਿੰਜਰ ਗੂੜ੍ਹੇ ਮਿੱਤਰ ਬਣ ਗਏ ਸਨ)।
ਇਸ ਦਾ ਉਲਟਾ ਪਾਸਾ ਵੀ ਸੱਚ ਹੈ। ਵਾਜਪਾਈ ਨੇ ਅਮਰੀਕਾ ਦੀ ਬੇਮਿਸਾਲ ਅਹਿਮੀਅਤ ਨੂੰ ਸਮਝਿਆ ਸੀ ਤੇ ਦੋਵੇਂ ਦੇਸ਼ਾਂ ਨੂੰ ‘ਸੁਭਾਵਿਕ ਸਹਿਯੋਗੀ’ ਦੇ ਰੂਪ ਵਿੱਚ ਦਰਸਾਇਆ; ਉਦੋਂ ਵੀ ਜਦੋਂ ਭਾਰਤ ਦੇ 1998 ਦੇ ਪਰਮਾਣੂ ਤਜਰਬਿਆਂ ਉੱਪਰ ਅਮਰੀਕਾ ਦਾ ਗੁੱਸਾ ਮਸੀਂ ਘੱਟ ਹੋਇਆ ਸੀ ਤੇ ਜਦੋਂ ਸ਼ਾਨਦਾਰ ਪਰ ਆਮ ਕਰ ਕੇ ਚੁੱਪ ਰਹਿਣੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮਨਮੋਹਨ ਸਿੰਘ ਉੱਥੇ ਗਏ ਸਨ ਤੇ ਉਨ੍ਹਾਂ ਇੱਕ ਲੇਖੇ ਹੌਲੀਵੁਡ ਅੰਦਾਜ਼ ਵਿੱਚ ਜਾਰਜ ਬੁਸ਼ ਨੂੰ ਆਖਿਆ ਸੀ- “ਭਾਰਤ ਤੁਹਾਨੂੰ ਪਿਆਰ ਕਰਦਾ ਹੈ।”
2020 ਵਿੱਚ ਜਦੋਂ ਮੋਦੀ ਨੇ ‘ਅਬ ਕੀ ਬਾਰ ਟਰੰਪ ਸਰਕਾਰ’ ਨਾਅਰਾ ਲਾਇਆ ਸੀ ਤਾਂ ਸਮਝ ਲਿਆ ਸੀ ਕਿ ਖ਼ੁਸ਼ਾਮਦ ਹੀ ਵ੍ਹਾਈਟ ਹਾਊਸ ਲਈ ਸਿੱਧਾ ਰਾਹ ਹੈ। ਇਹ ਗੱਲ ਦਿਮਾਗ਼ ਹਿਲਾ ਦਿੰਦੀ ਹੈ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਾਰਲੀਮੈਂਟ ਵਿੱਚ ਬਹਿਸ ਦੌਰਾਨ ਵੀ ਅਪਰੇਸ਼ਨ ਸਿੰਧੂਰ ਟਕਰਾਅ ਖ਼ਤਮ ਕਰਾਉਣ ਦਾ ਸਿਹਰਾ ਟਰੰਪ ਨੂੰ ਦੇਣ ਤੋਂ ਸਾਫ਼ ਇਨਕਾਰ ਕਿਉਂ ਕਰ ਦਿੱਤਾ ਜਦੋਂਕਿ ਟਰੰਪ ਨੇ ਹੁਣ ਤੱਕ ਘੱਟੋ-ਘੱਟ 30 ਵਾਰ ਇਹ ਦਾਅਵਾ ਕੀਤਾ ਸੀ (ਦੂਜੇ ਪਾਸੇ, ਚਲਾਕ ਪਾਕਿਸਤਾਨੀਆਂ ਨੇ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਮਨੋਨੀਤ ਕੀਤਾ ਹੈ)।
ਨਿਰਪੱਖਤਾ ਨਾਲ ਕਹੀਏ ਤਾਂ ਭਾਰਤ ਨੇ ਭਾਰਤ ਤੇ ਪਾਕਿਸਤਾਨ ਦੇ ਮਾਮਲਿਆਂ ਵਿੱਚ ਤੀਜੀ ਧਿਰ ਦਾ ਦਖ਼ਲ ਹਮੇਸ਼ਾ ਰੱਦ ਕੀਤਾ ਹੈ, ਇਸ ਦਾ ਆਖਣਾ ਹੈ ਕਿ 1972 ਵਾਲੇ ਸ਼ਿਮਲਾ ਸਮਝੌਤੇ ਵਰਗਾ ਦੁਵੱਲਾ ਪ੍ਰਬੰਧ ਹੀ ਸਭ ਤੋਂ ਬਿਹਤਰ ਰਾਹ ਹੈ। ਉਂਝ, ਉਦੋਂ ਫਿਰ ਕੀ ਕਹੀਏ ਜਦੋਂ ਭਾਰਤ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦਾ ਰਾਬਤਾ ਰੱਖਣ ਤੋਂ ਇਨਕਾਰ ਕਰ ਦਿੰਦਾ ਹੈ; ਇਹ ਭਾਵੇਂ ਪਾਣੀਆਂ ਦੀ ਵੰਡ ਦਾ ਸਵਾਲ ਹੋਵੇ ਜਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮਾਮਲਾ?
9-10 ਮਈ ਵਾਲੀ ਰਾਤ ਨੂੰ ਜਦੋਂ ਮੋਦੀ ਨੇ ਅਣਕਿਆਸੇ ਢੰਗ ਨਾਲ 11 ਪਾਕਿਸਤਾਨੀ ਠਿਕਾਣਿਆਂ ਉੱਪਰ ਬੰਬਾਰੀ ਦਾ ਆਦੇਸ਼ ਦਿੱਤਾ ਸੀ ਤਾਂ ਕੀ ਹੋਇਆ ਹੋਵੇਗਾ। ਭਾਰਤੀ ਹਵਾਈ ਸੈਨਾ ਦੀ ਕਾਰਵਾਈ ਨਾਲ ਪਾਕਿਸਤਾਨੀਆਂ ਨੂੰ ਬੁਰੀ ਤਰ੍ਹਾਂ ਝਟਕਾ ਵੱਜਿਆ ਸੀ। ਪਾਕਿਸਤਾਨੀਆਂ ਨੇ ਅਮਰੀਕੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਅਮਰੀਕੀਆਂ ਨੇ ਅਗਾਂਹ ਜੈਸ਼ੰਕਰ ਨਾਲ। ਜੈਸ਼ੰਕਰ ਨੇ ਜਵਾਬ ਦਿੱਤਾ, ‘ਪਾਕਿਸਤਾਨੀਆਂ ਨੂੰ ਆਖੋ ਕਿ ਉਹ ਸਾਡੇ ਨਾਲ ਗੱਲ ਕਰਨ।’ ਪਾਕਿਸਤਾਨੀ ਡੀਜੀਐੱਮਓ ਨੇ 10 ਮਈ ਦੀ ਦੁਪਹਿਰ ਨੂੰ ਆਪਣੇ ਭਾਰਤੀ ਹਮਰੁਤਬਾ ਨੂੰ ਫੋਨ ਕੀਤਾ ਅਤੇ ਦੋਵੇਂ ਧਿਰਾਂ ਇਸ ਨੂੰ ਬੰਦ ਕਰਨ ਲਈ ਸਹਿਮਤ ਹੋ ਗਈਆਂ। ਫਿਰ ਭਾਰਤ ਨੇ ਅੱਗੇ ਵਧ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਹਿਲਗਾਮ ਹਮਲੇ ਲਈ ਸਿਰਫ਼ ਪਾਕਿਸਤਾਨੀ ਅਤਿਵਾਦੀ ਸੰਗਠਨ ‘ਦਿ ਰਜ਼ਿਸਟੈਂਸ ਫਰੰਟ’ (ਟੀਆਰਐੱਫ) ਹੀ ਨਹੀਂ ਸਗੋਂ “ਪਾਕਿਸਤਾਨ” ਵੀ ਜ਼ਿੰਮੇਵਾਰ ਸੀ, ਜਦੋਂਕਿ ਟਰੰਪ ਵ੍ਹਾਈਟ ਹਾਊਸ ਵਿੱਚ ਹਲਾਲ ਲੰਚ ਕਰਨ ਲਈ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਆਓ ਭਗਤ ਦੀ ਤਿਆਰੀ ਕਰ ਰਹੇ ਸਨ। ਅਮਰੀਕੀ ਇਸ ਨੂੰ ਹਲਕੇ ਵਿੱਚ ਲੈਣ ਵਾਲੇ ਨਹੀਂ ਸਨ।
ਉਦੋਂ ਤੋਂ ਹੀ ਅਮਰੀਕਾ ਨੇ ਸਰਹੱਦ ਪਾਰ ਦਹਿਸ਼ਤਵਾਦ ਦੀ ਨਿੰਦਾ ਕਰ ਕੇ, ਇੱਥੋਂ ਤੱਕ ਕਿ ‘ਟੀਆਰਐੱਫ’ ਨੂੰ ਅਤਿਵਾਦੀ ਜਥੇਬੰਦੀ ਦੇ ਰੂਪ ਵਿੱਚ ਨਾਮਜ਼ਦ ਕਰ ਕੇ ਬਹੁਤ ਸੂਖਮ ਜਿਹਾ ਫ਼ਰਕ ਤਾਂ ਪਾਇਆ ਪਰ ਪਾਕਿਸਤਾਨ ਨੂੰ ਪਹਿਲਗਾਮ ਘਟਨਾ ਦਾ ਸਿੱਧੇ ਰੂਪ ਵਿੱਚ ਸੂਤਰਧਾਰ ਕਰਾਰ ਨਹੀਂ ਦਿੱਤਾ। ਬਾਕੀ ਦੀ ਕੌਮਾਂਤਰੀ ਬਰਾਦਰੀ ਵੀ ਇਸੇ ਲੀਹ ’ਤੇ ਚੱਲੀ।
ਤੇ ਹੁਣ ਦੁਨੀਆ ਪਿਛਲੇ ਹਫ਼ਤੇ ਤੋਂ ਐਨ ਵੱਖਰੀ ਹੈ। ਭਾਰਤ ਦੇ ਆਗੂ ਇਸ ਉਮੀਦ ਨਾਲ ਸਬਰ ਕਰ ਰਹੇ ਹਨ ਕਿ ਭਾਰਤ-ਅਮਰੀਕਾ ਸਬੰਧ ਹੌਲੀ-ਹੌਲੀ ਸਥਿਰ ਹੋ ਜਾਣਗੇ ਪਰ ਸਚਾਈ ਇਹ ਹੈ ਕਿ ਇਸ ਨੂੰ ਕਾਫ਼ੀ ਲੰਮਾ ਵਕਤ ਲੱਗੇਗਾ।
ਤੇ ਜਦੋਂ ਕਦੇ ਇਮਾਨਦਾਰੀ ਨਾਲ ਆਤਮ-ਝਾਤ ਮਾਰੀ ਜਾਵੇਗੀ ਤਾਂ ਮੋਦੀ ਸਰਕਾਰ ਨੂੰ ਖ਼ੁਦ ਨੂੰ ਸਵਾਲ ਕਰਨਾ ਚਾਹੀਦਾ ਕਿ ਪਾਕਿਸਤਾਨ, ਭਾਰਤ ਦੇ ਬਿਰਤਾਂਤ ਨੂੰ ਮਾਤ ਦੇਣ ਦੇਣ ’ਚ ਕਾਮਯਾਬ ਕਿਉਂ ਹੋ ਗਿਆ; ਜਦੋਂਕਿ ਇਹ ਦਹਿਸ਼ਤਵਾਦ ਨਾਲ ਗ੍ਰਸਿਆ ਦੇਸ਼ ਹੈ, ਇਸ ਦਾ ਅਰਥਚਾਰਾ ਖਸਤਾ ਹਾਲ ਹੈ, ਇਸ ਦਾ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਵਿੱਚ ਹੈ ਅਤੇ ਮੌਜੂਦਾ ਪ੍ਰਧਾਨ ਮੰਤਰੀ ਆਪਣੀ ਹੀ ਫ਼ੌਜ ਤੋਂ ਬੁਰੀ ਤਰ੍ਹਾਂ ਡਰਿਆ ਹੋਇਆ ਹੈ। ਸ਼ਾਇਦ ਮੌਨੂਸਨ ਦੀ ਕਿਸੇ ਸਵੇਰ ਇਸ ਇਮਾਨਦਾਰ ਸਵਾਲ ਦਾ ਕੋਈ ਨਾ ਕੋਈ ਜਵਾਬ ਮਿਲ ਜਾਵੇ।
*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।