DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਸਨ ਅਤੇ ਸਿਆਸਤ ਦੇ ਸੁਰ

ਗੁਰਬਚਨ ਜਗਤ ਮੇਰਾ ਤਜਰਬਾ ਦੱਸਦਾ ਹੈ ਕਿ ਚੰਗੇ ਸ਼ਾਸਨ ਲਈ ਪੈਸੇ ਦੀ ਲੋੜ ਨਹੀਂ ਹੁੰਦੀ ਸਗੋਂ ਇਸ ਲਈ ਫੀਲਡ ਅਤੇ ਸਦਰ ਮੁਕਾਮ ’ਤੇ ਕਾਰਗਰ ਅਤੇ ਇਮਾਨਦਾਰ ਅਫਸਰਾਂ ਦੀ ਲੋੜ ਹੁੰਦੀ ਹੈ। ਇਹੋ ਜਿਹੇ ਲੋਕ ਮਿਲ ਤਾਂ ਜਾਂਦੇ ਹਨ ਪਰ ਅਕਸਰ...

  • fb
  • twitter
  • whatsapp
  • whatsapp
Advertisement

ਗੁਰਬਚਨ ਜਗਤ

ਮੇਰਾ ਤਜਰਬਾ ਦੱਸਦਾ ਹੈ ਕਿ ਚੰਗੇ ਸ਼ਾਸਨ ਲਈ ਪੈਸੇ ਦੀ ਲੋੜ ਨਹੀਂ ਹੁੰਦੀ ਸਗੋਂ ਇਸ ਲਈ ਫੀਲਡ ਅਤੇ ਸਦਰ ਮੁਕਾਮ ’ਤੇ ਕਾਰਗਰ ਅਤੇ ਇਮਾਨਦਾਰ ਅਫਸਰਾਂ ਦੀ ਲੋੜ ਹੁੰਦੀ ਹੈ। ਇਹੋ ਜਿਹੇ ਲੋਕ ਮਿਲ ਤਾਂ ਜਾਂਦੇ ਹਨ ਪਰ ਅਕਸਰ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਚਾਲੂ ਅਤੇ ਬੌਸ ਦੇ ਚਹੇਤੇ ਕਿਸਮ ਦੇ ਲੋਕਾਂ ਦੇ ਅੱਗੇ ਆਉਣ ਦਾ ਰੁਝਾਨ ਭਾਰੂ ਹੋ ਰਿਹਾ ਹੈ। ਸੀਨੀਅਰ ਅਫਸਰਾਂ ਖ਼ਿਲਾਫ਼ ਮੈਨੂੰ ਇੱਕ ਹੀ ਸ਼ਿਕਾਇਤ ਰਹੀ ਹੈ ਕਿ ਉਹ ਆਪਣੇ ਅਖ਼ਤਿਆਰਾਂ ਦਾ ਇਸਤੇਮਾਲ ਹੀ ਨਹੀਂ ਕਰਦੇ, ਨਾ ਉਹ ਨਿਗਰਾਨੀ ਰੱਖਦੇ ਹਨ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਬਚਦੇ ਰਹਿੰਦੇ ਹਨ। ਸ਼ਾਸਨ ਕੋਈ ਇੱਕ ਦਿਨ ਦਾ ਮਾਜਰਾ ਨਹੀਂ ਹੁੰਦਾ, ਇਹ ਕੋਈ ਕਦੇ ਕਦਾਈਂ ਅਚਾਨਕ ਵਾਪਰਨ ਵਾਲੀ ਘਟਨਾ ਨਹੀਂ ਹੁੰਦੀ, ਨਾ ਹੀ ਕੋਈ ਪ੍ਰੈੱਸ ਕਾਨਫਰੰਸ ਹੁੰਦੀ ਹੈ, ਇਹ ਕੋਈ ਵੱਡਾ ਇਸ਼ਤਿਹਾਰ ਨਹੀਂ ਹੁੰਦਾ ਤੇ ਇਸ਼ਤਿਹਾਰ ਦੇ ਕੇ ਸਾਰੇ ਤਿੱਥ ਤਿਉਹਾਰ ਮਨਾਉਣ ਦਾ ਨਾਂ ਸ਼ਾਸਨ ਨਹੀਂ ਹੁੰਦਾ। ਇਸ ਲਈ ਹਰ ਰੋਜ਼ ਜਾਨ ਲਾਉਣੀ ਪੈਂਦੀ ਹੈ; ਇਹ ਹਰ ਰੋਜ਼ ਆਪਣੇ ਰੁਟੀਨ ਕੰਮ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਦਾ ਨਾਂ ਹੁੰਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਜੋ ਕੰਮ ਦਿੱਤਾ ਗਿਆ ਹੈ, ਉਸ ਨੂੰ ਹਾਸਿਲ ਸਾਧਨਾਂ ਨਾਲ ਪੂਰਾ ਕੀਤਾ ਜਾਵੇ। ਇਸ ਦਾ ਮਤਲਬ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਲੋਕਾਂ (ਜਿਨ੍ਹਾਂ ਦੀ ਖਾਤਿਰ ਅਸੀਂ ਕੰਮ ਕਰਦੇ ਹਾਂ) ਨੂੰ ਆਪਣੀ ਸੁਣਵਾਈ ਲਈ ਦਰ-ਦਰ ਠੋਕਰਾਂ ਨਾ ਖਾਣੀਆਂ ਪੈਣ। ਸ਼ਾਸਨ ਦਾ ਮਤਲਬ ਇਹ ਹੁੰਦਾ ਹੈ ਕਿ ਫਾਈਲਾਂ ਆਪ ਹੀ ਤੁਰਦੀਆਂ ਰਹਿਣ, ਨਾ ਕਿ ਉਨ੍ਹਾਂ ਨੂੰ ਗਰੀਸ ਲਾਉਣ ਦੀ ਲੋੜ ਪਵੇ। ਇਹ ਕਰ ਕੇ ਦੇਖੋ, ਕਿਵੇਂ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ, ਨਿਆਂ ਤੇ ਵਿਕਾਸ ਦੋਵੇਂ ਦੇਣ ਨਾਲ ਉਨ੍ਹਾਂ ਦੇ ਚਿਹਰਿਆਂ ’ਤੇ ਤਸੱਲੀ ਦੇ ਭਾਵ ਆਉਂਦੇ ਹਨ (ਹਾਲਾਂਕਿ ਅਜਿਹਾ ਕਰ ਕੇ ਤੁਸੀਂ ਉਨ੍ਹਾਂ ’ਤੇ ਕੋਈ ਅਹਿਸਾਨ ਨਹੀਂ ਕਰ ਰਹੇ ਹੋਵੋਗੇ)। ਤੁਸੀਂ ਸ਼ਾਇਦ ਉਹ ਇਲਾਕਾ ਛੱਡ ਕੇ ਜਾ ਚੁੱਕੇ ਹੋਵੋਗੇ ਪਰ ਲੋਕ ਤੁਹਾਨੂੰ ਯਾਦ ਰੱਖਣਗੇ ਪਰ ਬਹੁਤੀ ਵਾਰ ਤੁਹਾਡਾ ਕੰਮ ਅੱਖੋਂ ਓਹਲੇ ਹੀ ਰਹਿੰਦਾ ਹੈ, ਕਿਸੇ ਚੰਗੀ ਮਸ਼ੀਨ ਦੇ ਪੁਰਜ਼ਿਆਂ ਵਾਂਗ... ਮਰਸਿਡੀਜ਼ ਚਲਾਉਣ ਦਾ ਲੁਤਫ਼ ਹਰ ਕੋਈ ਲੈਂਦਾ ਹੈ ਪਰ ਕਿਸੇ ਨੂੰ ਇਸ ਦੇ ਇੰਜਣ ਦਾ ਪਤਾ ਨਹੀਂ ਹੁੰਦਾ। ਤੱਥਾਂ ਅਤੇ ਨੇਮਾਂ ਮੁਤਾਬਿਕ ਨਿਆਂ ਕਰੋ ਅਤੇ ਨੇਮਬੰਦੀਆਂ ਤਹਿਤ ਵਿਕਾਸ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਮਦਦ ਦਿਓ। ਕਈ ਵਾਰ ਤੁਹਾਡੀ ਨੌਕਰੀ ਕਰ ਕੇ ਤੁਹਾਨੂੰ ਕੁਝ ਅਜਿਹੇ ਪ੍ਰਾਜੈਕਟਾਂ ਜਾਂ ਘਟਨਾਵਾਂ ਦਾ ਹਿੱਸਾ ਬਣਨ ਜਾਂ ਇਨ੍ਹਾਂ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਹੈ ਜੋ ਇਤਿਹਾਸ ਵਿੱਚ ਦਰਜ ਹੋ ਜਾਂਦੀਆਂ ਹਨ। ਸਾਡੀ ਆਜ਼ਾਦੀ ਦੇ ਕੁਝ ਮੁਢਲੇ ਸਾਲਾਂ ਵਿੱਚ ਅਜਿਹੇ ਹੀ ਮਹਾਨ ਨਾਂ ਚੇਤੇ ਆਉਂਦੇ ਹਨ: ਹੋਮੀ ਭਾਬਾ ਨੂੰ ਹਮੇਸ਼ਾ ਭਾਰਤ ਦੇ ਪਰਮਾਣੂ ਪ੍ਰੋਗਰਾਮ ਦੇ ਪਿਤਾ ਵਜੋਂ ਯਾਦ ਕੀਤਾ ਜਾਵੇਗਾ, ਵੰਡ ਵੇਲੇ ਪਾਕਿਸਤਾਨ ਤੋਂ ਆਉਣ ਵਾਲੇ ਕਰੋੜਾਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦਾ ਸਿਹਰਾ ਡਾ. ਐੱਮਐੱਸ ਰੰਧਾਵਾ (ਮੁੜ ਵਸੇਬੇ ਦੇ ਡਾਇਰੈਕਟਰ ਜਨਰਲ) ਨੂੰ ਜਾਂਦਾ ਹੈ ਜਿਨ੍ਹਾਂ ਨੇ ਹਰੀ ਕ੍ਰਾਂਤੀ ਅਤੇ ਚੰਡੀਗੜ੍ਹ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ, ਫੀਲਡ ਮਾਰਸ਼ਲ ਸੈਮ ਮਾਨਿਕਸ਼ਾਅ ਨੂੰ ਭਾਰਤੀ ਹਥਿਆਰਬੰਦ ਬਲਾਂ ਲਈ ਦਿੱਤੇ ਯੋਗਦਾਨ ਅਤੇ 1971 ਦੀ ਜਿੱਤ ਲਈ ਯਾਦ ਕੀਤਾ ਜਾਂਦਾ ਹੈ। ਸ਼ਾਇਦ ਇਹ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਦਿਓਕੱਦ ਹਸਤੀਆਂ ਦੀਆਂ ਮਿਸਾਲਾਂ ਹਨ। ਇਹੀ ਉਹ ਲੋਕ ਸਨ ਜਿਨ੍ਹਾਂ ਨੇ ਸਾਨੂੰ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਪ੍ਰੇਰਿਆ ਸੀ ਪਰ ਉਹ ਇਕੱਲੇ ਨਹੀਂ ਸਨ। ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਆਪੋ-ਆਪਣੇ ਖੇਤਰਾਂ ਵਿੱਚ ਬਹੁਤ ਹੀ ਕਾਬਿਲ ਅਫਸਰਾਂ ਦੀਆਂ ਟੀਮਾਂ ਮੌਜੂਦ ਸਨ। ਪੰਜਾਬ ਰੈਜੀਮੈਂਟ ਦੀ 23ਵੀਂ ਬਟਾਲੀਅਨ ਦੀ ਇੱਕ ਕੰਪਨੀ ਵੱਲੋਂ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਅਗਵਾਈ ਹੇਠ ਪਾਕਿਸਤਾਨੀ ਫ਼ੌਜ ਦੀਆਂ ਦੋ ਟੈਂਕ ਰੈਜੀਮੈਂਟਾਂ ਦਾ ਟਾਕਰਾ ਕਰਦੇ ਹੋਏ ਲੌਂਗੇਵਾਲਾ ਪੋਸਟ ਦੀ ਰਾਖੀ ਨੂੰ ਭਾਰਤੀ ਫ਼ੌਜ ਦੀ ਬਹਾਦਰੀ ਅਤੇ ਪੇਸ਼ੇਵਰ ਮੁਹਾਰਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

Advertisement

ਜਦੋਂ ਅਸੀਂ ਸੇਵਾ ਵਿੱਚ ਆਏ ਸਾਂ, ਉਦੋਂ ਦੌਰਿਆਂ ’ਤੇ ਜਾਣਾ ਅਤੇ ਸਮੇਂ-ਸਮੇਂ ’ਤੇ ਮੁਆਇਨਾ ਕਰਨਾ ਪ੍ਰਸ਼ਾਸਨ ਦਾ ਅਹਿਮ ਅੰਗ ਗਿਣਿਆ ਜਾਂਦਾ ਸੀ। ਉਨ੍ਹਾਂ ਵੇਲਿਆਂ ਵਿੱਚ ਅਫਸਰਾਂ ਕੋਲ ਕਿਤੇ ਛੋਟੀਆਂ ਟੀਮਾਂ ਹੁੰਦੀਆਂ ਸਨ ਅਤੇ ਪ੍ਰਸ਼ਾਸਨਿਕ ਖੇਤਰਾਂ ਦਾ ਦਾਇਰਾ ਵੀ ਕਿਤੇ ਵਡੇਰਾ ਹੁੰਦਾ ਸੀ, ਤਕਨਾਲੋਜੀ ਨਾ-ਮਾਤਰ ਹੀ ਸੀ। ਜ਼ਿੰਮੇਵਾਰੀ ਅਤੇ ਜਵਾਬਦੇਹੀ ਬਹੁਤ ਸਪੱਸ਼ਟ ਰੂਪ ਵਿੱਚ ਤੈਅ ਹੁੰਦੀ ਸੀ। ਵੇਲੇ ਦੇ ਅਫਸਰਾਂ ਅਤੇ ਪ੍ਰਸ਼ਾਸਕੀ ਤਾਣੇ-ਬਾਣੇ ਲਈ ਕੰਮ-ਕਾਜ ਦੀ ਆਜ਼ਾਦੀ ਯਕੀਨੀ ਬਣਾਈ ਜਾਂਦੀ ਸੀ ਅਤੇ ਲੋਕ ਕੰਮ ਕਰਦੇ ਸਨ। ਅੱਜ ਕੱਲ੍ਹ ਹਰ ਤਰ੍ਹਾਂ ਦੀ ਤਕਨਾਲੋਜੀ ਅਤੇ ਸਹਾਇਕ ਢਾਂਚਾ ਹੋਣ ਦੇ ਬਾਵਜੂਦ ਹਾਲਾਤ ਦੇਖ ਕੇ ਰੋਣਾ ਆਉਂਦਾ ਹੈ। ਕੋਈ ਬੰਦਾ ਤਾਕਤ ਦੇ ਜ਼ੋਰ ਨਾਲ ਪ੍ਰਸ਼ਾਸਨ ਨਹੀਂ ਚਲਾ ਸਕਦਾ ਸਗੋਂ ਇਸ ਦਾ ‘ਇਕਬਾਲ’ ਹੁੰਦਾ ਹੈ, ਜੋ ਹੈ ਤਾਂ ਬਹੁਤ ਪੁਰਾਣਾ ਸੰਕਲਪ ਪਰ ਅੱਜ ਵੀ ਓਨਾ ਹੀ ਪ੍ਰਸੰਗਕ ਹੈ। ਪਹਿਲਾਂ ਅਫਸਰ ਆਪਣੇ ਅੱਖੀਂ ਚੀਜ਼ਾਂ ਦੇਖਣ ਲਈ ਫੀਲਡ ਵਿਚ ਸਮਾਂ ਬਿਤਾਉਂਦੇ ਸਨ ਅਤੇ ਲੋਕਾਂ ਤੋਂ ਜਾਣਕਾਰੀ ਹਾਸਿਲ ਕਰਦੇ ਸਨ। ਨਾਗਰਿਕ ਸਮਾਜ ਦੇ ਵੱਖ-ਵੱਖ ਰੂਪਾਂ ਤੋਂ ਜਾਣਕਾਰੀ ਅਤੇ ਫੀਡਬੈਕ ਹਾਸਿਲ ਕਰਨ ਦਾ ਲੰਮਾ ਚੌੜਾ ਨਿਜ਼ਾਮ ਹੁੰਦਾ ਸੀ। ਇਮਾਨਦਾਰੀ ਨਾਲ ਕਿਹਾ ਜਾਵੇ ਤਾਂ ਅੱਜ ਸਰਕਾਰ ਦੇ ਕਿੰਨੇ ਕੁ ਸਕੱਤਰ ਜਾਂ ਵਿਭਾਗਾਂ ਦੇ ਮੁਖੀ ਆਪੋ-ਆਪਣੇ ਵਿਭਾਗਾਂ ਦੇ ਚੱਲ ਰਹੇ ਪ੍ਰਾਜੈਕਟ ਦੇਖਣ ਲਈ ਫੀਲਡ ਵਿੱਚ ਜਾਂਦੇ ਹਨ? ਕਿੰਨੇ ਕੁ ਡੀਸੀ/ਐੱਸਐੱਸਪੀ ਹਨ ਜੋ ਮਹੀਨੇ ’ਚ ਦਸ ਰਾਤਾਂ ਫੀਲਡ ਵਿਚ ਬਿਤਾਉਂਦੇ ਹਨ ਜਾਂ ਪਿੰਡਾਂ ਦੇ ਦੌਰਿਆਂ ’ਤੇ ਜਾਂਦੇ ਹਨ? ਅੱਜ ਕੱਲ੍ਹ ਅਫਸਰ ਫਾਲਤੂ ਫਲੈਗ ਮਾਰਚ ਅਤੇ ਪ੍ਰੈੱਸ ਕਾਨਫਰੰਸਾਂ ਕਰ ਕੇ ਤਸਵੀਰਾਂ ਛਪਵਾਉਂਦੇ ਹਨ। ਫਲੈਗ ਮਾਰਚ ਅਮਨ ਕਾਨੂੰਨ ਦੀ ਸਥਿਤੀ ਲਈ ਹੁੰਦੇ ਹਨ, ਨਾ ਕਿ ਗੈਂਗਬਾਜ਼ੀ ਅਤੇ ਅਪਰਾਧਿਕ ਘਟਨਾਵਾਂ ਲਈ। ਸ਼ਾਸਨ ਦਾ ਮਤਲਬ ਹੁੰਦਾ ਹੈ ਕਿ ਸਾਰੇ ਪੱਧਰਾਂ ’ਤੇ ਨੇਡਿ਼ਓਂ ਬੱਝਵੀਂ ਨਿਗਰਾਨੀ ਰੱਖਣੀ।

Advertisement

ਘਰ ਦੇ ਹੋਰ ਨੇੜਲੀ ਗੱਲ ਕਰਦੇ ਹਾਂ, ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਵੇਰਕਾ ਮਿਲਕ ਪਲਾਂਟ ਦਾ 1959 ਵਿੱਚ ਨੀਂਹ ਪੱਥਰ ਰੱਖਿਆ ਜੋ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਪਲਾਂਟ ਸੀ ਤੇ ਇਸ ਦਾ ਮੁਲਕ ਦੇ ਸਭ ਤੋਂ ਸਫਲ ਸਹਿਕਾਰੀ ਦੁੱਧ ਉੱਦਮਾਂ ਵਿੱਚ ਸ਼ੁਮਾਰ ਹੋਇਆ। ਇਸੇ ਤਰ੍ਹਾਂ 1954 ਵਿੱਚ ਸਹਿਕਾਰੀ ਮੰਡੀਕਰਨ ਉਪਰਾਲੇ ਵਜੋਂ ਸ਼ੁਰੂ ਹੋਏ ਮਾਰਕਫੈੱਡ ਦੀ ਵਿਕਰੀ ਅੱਜ 22000 ਕਰੋੜ ਰੁਪਏ ਨੂੰ ਪਾਰ ਕਰ ਚੁੱਕੀ ਹੈ। ਪੰਜਾਬ ਟਰੈਕਟਰਜ਼ ਲਿਮਟਿਡ ਤੇ ‘ਸਵਰਾਜ’ ਬਰਾਂਡ ਵੀ ਉਨ੍ਹਾਂ ਸੱਤਰਵਿਆਂ ਦੀ ਕਹਾਣੀ ਹੈ। ਇੱਥੇ ਦੁਬਾਰਾ ਸ੍ਰੀ ਪ੍ਰਤਾਪ ਸਿੰਘ ਕੈਰੋਂ ਦੇ ਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਜੋ ਇਤਿਹਾਸਕ ਤੌਰ ’ਤੇ ਆਧੁਨਿਕ ਪੰਜਾਬ ਦੇ ਨਿਰਮਾਤਾ ਮੰਨੇ ਜਾਂਦੇ ਹਨ; ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਬੇਹੱਦ ਸਮਰੱਥ ਪ੍ਰਤੀਬੱਧ ਅਧਿਕਾਰੀਆਂ ਨੇ ਦਿੱਤਾ ਜਿਨ੍ਹਾਂ ’ਚ ਐੱਮਐੱਸ ਰੰਧਾਵਾ, ਐੱਨਕੇ ਮੁਖਰਜੀ, ਗੁਰਦਿਆਲ ਸਿੰਘ (ਆਈਜੀ ਪੰਜਾਬ), ਐੱਨਐੱਨ ਵੋਹਰਾ ਸ਼ਾਮਿਲ ਹਨ। ਅਤੀਤ ਬਾਰੇ ਮੈਂ ਹੋਰ ਬਹੁਤ ਕੁਝ ਬਿਆਨ ਸਕਦਾ ਹਾਂ ਪਰ ਸਵਾਲ ਇਹ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਅਜਿਹੀ ਕਿਹੜੀ ਸੰਸਥਾ ਬਣੀ ਹੈ...? ਖ਼ੈਰਾਤਾਂ ਤੇ ਸੌਗਾਤਾਂ ਦੇ ਕੇ ਚੋਣਾਂ ਜਿੱਤਣਾ ਵੱਖਰੀ ਚੀਜ਼ ਹੈ। ਸਾਡੇ ਸਿਰ ਕਈ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ (ਇਹ ਚਾਰ ਲੱਖ ਕਰੋੜ ਦਾ ਅੰਕੜਾ ਪਾਰ ਕਰਨ ਵਾਲਾ ਹੈ ਜਿਸ ਲਈ ਅਸੀਂ ਪਿਛਲੇ ਕੁਝ ਦਹਾਕਿਆਂ ਵਿੱਚ ਬਣੀਆਂ ਸਾਰੀਆਂ ਸਰਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ), ਫਿਰ ਵੀ ਅਸੀਂ ਨਿਰੰਤਰ ਲੋਕਾਂ ਲਈ ਦਰਿਆਦਿਲੀ ਦਿਖਾ ਰਹੇ ਹਾਂ, ਜੋ ਆਦੀ ਹੋ ਚੁੱਕੇ ਹਨ ਤੇ ਹੁਣ ਅਗਲੀ ਖ਼ੁਰਾਕ ਉਡੀਕਦੇ ਹਨ (ਜੋ ਵੱਡੀ ਹੋਣੀ ਚਾਹੀਦੀ ਹੈ)। ਕੀ ਅਸੀਂ ਮੁਫ਼ਤ ਬੱਸ ਸਫ਼ਰ, ਮੁਫ਼ਤ ਬਿਜਲੀ (ਟ੍ਰਿਬਿਊਨ ਦੀ ਹਾਲੀਆ ਰਿਪੋਰਟ ਮੁਤਾਬਿਕ, ਹੁਣ ਤੱਕ ਕੁੱਲ ਬਿਜਲੀ ਸਬਸਿਡੀ 1.25 ਲੱਖ ਕਰੋੜ ਤੋਂ ਪਾਰ ਹੋ ਚੁੱਕੀ ਹੈ) ਦਾ ਬੋਝ ਸਹਿ ਸਕਦੇ ਹਾਂ, ਸੂਚੀ ਹੋਰ ਵੀ ਲੰਮੀ ਹੈ। ਕੀ ਲੋਕਾਂ ਦਾ ਵਧੇਰੇ ਭਲਾ ਨਹੀਂ ਹੋਵੇਗਾ ਜੇ ਅਸੀਂ ਹੋਰ ‘ਵੇਰਕਾ’, ‘ਪੀਟੀਐੱਲ’ ਤੇ ‘ਮਾਰਕਫੈੱਡ’ ਸਿਰਜੀਏ; ਕੀ ਇਹ ਜ਼ਿਆਦਾ ਸੇਵਾ ਦਾ ਕਾਰਜ ਨਹੀਂ ਹੋਵੇਗਾ ਜੇ ਸਾਡੇ ਕੋਲ ਅਜਿਹਾ ਕੌਮਾਂਤਰੀ ਹਵਾਈ ਅੱਡਾ ਹੋਵੇ ਜੋ ਅਸਲੋਂ ਕੌਮਾਂਤਰੀ ਹੋਵੇ? ਜਾਂ ਸਕੂਲਾਂ, ਕਾਲਜਾਂ, ਹਸਪਤਾਲਾਂ ਦੁਆਰਾ ਜਿਨ੍ਹਾਂ ਵਿੱਚ ਸੱਚੀਂ ਮਿਆਰੀ ਸਿੱਖਿਆ ਤੇ ਸਹੂਲਤਾਂ ਹੋਣ? ਅਸੀਂ ਮੁੜ ਇਤਿਹਾਸ ਦੇ ਮਹੱਤਵਪੂਰਨ ਬਿੰਦੂ ’ਤੇ ਖੜ੍ਹੇ ਹਾਂ। ਕੌਮਾਂਤਰੀ ਵਪਾਰ ਤੇ ਭੂ-ਰਾਜਨੀਤੀ ਵਿੱਚ ਵੱਡੀ ਤਬਦੀਲੀ ਵਾਪਰ ਰਹੀ ਹੈ। ਇਸ ਦੇ ਨਾਲ-ਨਾਲ ਏਆਈ, ਕੁਆਂਟਮ ਕੰਪਿਊਟਿੰਗ, ਰੋਬੌਟਿਕਸ ਵੀ ਵੱਡੀ ਤਬਦੀਲੀ ਦਾ ਆਧਾਰ ਬਣ ਰਹੇ ਹਨ। ਮਾਨਵੀ ਸੱਭਿਅਤਾ ਦਾ ਉਤਰਾਅ-ਚੜ੍ਹਾਅ ਜਾਰੀ ਰਹੇਗਾ। ਇਹ ਤੈਅ ਕਰਨਾ ਲੋਕਾਂ ਅਤੇ ਲੀਡਰਸ਼ਿਪ ਉੱਤੇ ਹੈ ਕਿ ਕੀ ਇਤਿਹਾਸ ਇਸ ਸਭ ਨੂੰ ਬਿਹਤਰੀ ਦੇ ਫ਼ੈਸਲਾਕੁਨ ਪਲ ਵਜੋਂ ਦਰਜ ਕਰਦਾ ਹੈ, ਜਾਂ ਫਿਰ ਪੁਰਾਣੀ ਕਹਾਵਤ ਹੀ ਢੁੱਕਵੀਂ ਸਾਬਿਤ ਹੋਵੇਗੀ- ‘ਖੰਡਰਾਤ ਬਤਾਤੇ ਹੈਂ ਕਿ ਇਮਾਰਤ ਕਭੀ ਬੁਲੰਦ ਥੀ।’

*ਸਾਬਕਾ ਗਵਰਨਰ, ਮਨੀਪੁਰ ਅਤੇ ਸਾਬਕਾ ਡੀਜੀਪੀ, ਜੰਮੂ ਕਸ਼ਮੀਰ।

Advertisement
×