DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਨ ਨਾਲ ‘ਸੁਲ੍ਹਾ’ ਦੀ ਕਾਹਲ

ਭਾਰਤ ਵੰਨੀਓਂ ਚੀਨ ਦੀ ਤਰਫ਼ ਉੱਚ ਪੱਧਰੀ ਦੌਰਿਆਂ ਦੀ ਝੜੀ ਲੱਗੀ ਹੋਈ ਹੈ ਅਤੇ ਚੀਨੀ ਸੋਸ਼ਲ ਮੀਡੀਆ ਵਿੱਚ ਜਿਸ ਵਿਸ਼ੇ ਦੀ ਵਾਰ-ਵਾਰ ਚਰਚਾ ਹੋ ਰਹੀ ਹੈ, ਉਹ ਇਹ ਹੈ ਕਿ ‘ਔਕੜਾਂ ਵਿੱਚ ਘਿਰਿਆ’ ਭਾਰਤ ਆਪਣੇ ਉੱਤਰੀ ਗੁਆਂਢੀ ਨਾਲ ਸਬੰਧ ਸੁਧਾਰਨ...
  • fb
  • twitter
  • whatsapp
  • whatsapp
Advertisement

ਭਾਰਤ ਵੰਨੀਓਂ ਚੀਨ ਦੀ ਤਰਫ਼ ਉੱਚ ਪੱਧਰੀ ਦੌਰਿਆਂ ਦੀ ਝੜੀ ਲੱਗੀ ਹੋਈ ਹੈ ਅਤੇ ਚੀਨੀ ਸੋਸ਼ਲ ਮੀਡੀਆ ਵਿੱਚ ਜਿਸ ਵਿਸ਼ੇ ਦੀ ਵਾਰ-ਵਾਰ ਚਰਚਾ ਹੋ ਰਹੀ ਹੈ, ਉਹ ਇਹ ਹੈ ਕਿ ‘ਔਕੜਾਂ ਵਿੱਚ ਘਿਰਿਆ’ ਭਾਰਤ ਆਪਣੇ ਉੱਤਰੀ ਗੁਆਂਢੀ ਨਾਲ ਸਬੰਧ ਸੁਧਾਰਨ ਲਈ ਉੱਸਲਵੱਟੇ ਲੈ ਰਿਹਾ ਹੈ। ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਸ ਜੈਸ਼ੰਕਰ ਦੀ ਹਾਲੀਆ ਪੇਈਚਿੰਗ ਫੇਰੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਇਹ ਅਮਰੀਕੀ ਟੈਰਿਫਾਂ, ਨਾਟੋ ਵੱਲੋਂ ਰੂਸੀ ਤੇਲ ਦੀ ਖਰੀਦ ’ਤੇ ਪਾਬੰਦੀਆਂ ਦੀ ਧਮਕੀ ਅਤੇ ਚੀਨ ਤੋਂ ਦੁਰਲੱਭ ਖਣਿਜਾਂ ਤੇ ਹੋਰਨਾਂ ਜ਼ਰੂਰੀ ਪੂਰਤੀ ਦੀ ਲੋੜ ਜਿਹੀਆਂ ਭਾਰਤ ਦੀਆਂ ਆਰਥਿਕ ਤੇ ਰਣਨੀਤਕ ਮਜਬੂਰੀਆਂ ਦੇ ਮੱਦੇਨਜ਼ਰ ਉਸ ਦੇ ਦਾਅਪੇਚਕ ਰੂਪ ਵਿੱਚ ਪਿਛਾਂਹ ਹਟਣ ਦਾ ਸੰਕੇਤ ਹੈ।

ਇਹ ਪ੍ਰਭਾਵ ਦੂਰ ਕਰਨਾ ਜ਼ਰੂਰੀ ਹੈ ਕਿ ਭਾਰਤ ਬਾਹਰੀ ਦਬਾਵਾਂ ਅਧੀਨ ਚੀਨ ਨਾਲ ਰਾਬਤਾ ਕਰ ਰਿਹਾ ਹੈ ਕਿਉਂਕਿ ਅਸਲ ਜਾਂ ਕਾਲਪਨਿਕ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦੀ ਸੂਰਤ ਵਿੱਚ ਚੀਨ ਨਾਲ ਵਾਸਤਾ ਬਣਾਉਣ ਦਾ ਕੋਈ ਖ਼ਾਸ ਲਾਭ ਨਹੀਂ ਹੋਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ, ਸ੍ਰੀ ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤਿਆਂਚਿਨ ਵਿੱਚ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੇ ਸਿਖਰ ਸੰਮੇਲਨ ਮੌਕੇ ਚੀਨ ਪਹੁੰਚੇ ਸਨ ਪਰ ਇਨ੍ਹਾਂ ਤਿੰਨਾਂ ਦੌਰਿਆਂ ਨੂੰ ਪ੍ਰਮੁੱਖ ਦੁਵੱਲਾ ਪੁੱਠ ਚਡਿ਼੍ਹਆ ਹੋਇਆ ਸੀ। ਜੈਸ਼ੰਕਰ ਨੇ ਉਪ ਰਾਸ਼ਟਰਪਤੀ ਹਾਨ ਚੈਂਗ, ਵਿਦੇਸ਼ ਮੰਤਰੀ ਵੈਂਗ ਯੀ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਵਿਭਾਗ ਦੇ ਮੰਤਰੀ ਲਿਊ ਚਿਆਂਖਾਓ ਨਾਲ 14 ਜੁਲਾਈ ਨੂੰ ਪੇਈਚਿੰਗ ਵਿੱਚ ਮੁਲਾਕਾਤ ਕੀਤੀ। ਜੈਸ਼ੰਕਰ ਨੇ ਵੈਂਗ ਯੀ ਨਾਲ ਮੁਲਾਕਾਤ ਵਿੱਚ ਆਖਿਆ ਸੀ ਕਿ “ਸਾਡੇ ਦੁਵੱਲੇ ਸਬੰਧ ਆਮ ਵਰਗੇ ਬਣਾਉਣ ਲਈ ਪਿਛਲੇ ਨੌਂ ਮਹੀਨਿਆਂ ਦੌਰਾਨ ਅਸੀਂ ਕਾਫ਼ੀ ਪ੍ਰਗਤੀ ਕੀਤੀ ਹੈ।”

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ 23 ਅਕਤੂਬਰ 2024 ਨੂੰ ਕਜ਼ਾਨ (ਰੂਸ) ਵਿੱਚ ਹੋਈ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਬਹਾਲੀ ਵਿੱਚ ਕੁਝ ਹੱਦ ਤੱਕ ਸਥਿਰਤਾ ਦੇਖਣ ਨੂੰ ਮਿਲੀ ਹੈ। ਉਂਝ, ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਆਮ ਵਰਗੇ ਸਬੰਧਾਂ ਦੀ ਬਹਾਲੀ ਦੀ ਪ੍ਰਕਿਰਿਆ ਸਥਿਰ ਹੋ ਚੁੱਕੀ ਹੈ।

ਪੂਰਬੀ ਲੱਦਾਖ ਵਿੱਚ ਲੰਮੇ ਸਮੇਂ ਤੱਕ ਚੱਲੇ ਫ਼ੌਜੀ ਅਡਿ਼ੱਕੇ ਦੌਰਾਨ, ਵਿਦੇਸ਼ ਮੰਤਰੀ ਨੇ ਲਗਾਤਾਰ ਸੰਦੇਸ਼ ਦਿੱਤਾ ਸੀ ਕਿ ਭਾਰਤ-ਚੀਨ ਸਰਹੱਦਾਂ ਦੀ ਸਥਿਤੀ ਆਪਸੀ ਸਬੰਧਾਂ ਦੀ ਸਥਿਤੀ ਨੂੰ ਨਿਰਧਾਰਤ ਕਰੇਗੀ। ਪਿਛਲੇ ਸਾਲ ਦਸੰਬਰ ਦੀ ਸ਼ੁਰੂਆਤ ਵਿੱਚ ਸੰਸਦ ਵਿੱਚ ਦਿੱਤੇ ਬਿਆਨ ਵਿੱਚ ਉਨ੍ਹਾਂ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਸਬੰਧ ਆਮ ਵਰਗੇ ਬਣਾਉਣ ਦਰਮਿਆਨ ਇਸ ਜੋੜ ਨੂੰ ਦੁਹਰਾਇਆ, ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਤਣਾਅ ਘੱਟ ਕਰਨ ਦੀ ਜ਼ਰੂਰਤ ਉੱਪਰ ਜ਼ੋਰ ਦਿੱਤਾ ਅਤੇ ਇਹ ਨਿਸ਼ਾਨਦੇਹੀ ਕੀਤੀ ਕਿ ਭਾਰਤ ਸੁਚੱਜੇ ਤੇ ਬੱਝਵੇਂ ਢੰਗ ਨਾਲ ਦੁਵੱਲੀ ਗੱਲਬਾਤ ਅੱਗੇ ਵਧਾਉਣਾ ਚਾਹੁੰਦਾ ਹੈ।

ਜਿਵੇਂ ਵਿਦੇਸ਼ ਮੰਤਰੀ ਨੇ ਵੈਂਗ ਯੀ ਨੂੰ ਚੇਤੇ ਕਰਾਇਆ ਕਿ ਸਰਹੱਦਾਂ ਉੱਪਰ ਤਣਾਅ ਘਟਾਉਣ ਦੀ ਪ੍ਰਕਿਰਿਆ ਅਜੇ ਤੱਕ ਸ਼ੁਰੂ ਨਹੀਂ ਹੋਈ। ਦੋਵੇਂ ਧਿਰਾਂ ਨੇ ਵਰਜਿਤ ਖੇਤਰਾਂ ਵਿੱਚ ਅਸਾਧਾਰਨ ਰੂਪ ਨਾਲ ਵੱਡੀ ਗਿਣਤੀ ਵਿੱਚ ਫ਼ੌਜੀਆਂ ਦੀ ਤਾਇਨਾਤੀ ਕੀਤੀ ਹੋਈ ਹੈ। ਇਹ ਸਥਿਤੀ ਲਗਾਤਾਰ ਛੇਵੀਂ ਸਰਦੀ ਤੱਕ ਵੀ ਰਹਿਣ ਦੇ ਆਸਾਰ ਹਨ। ਅਖੌਤੀ ਬਫ਼ਰ ਜ਼ੋਨ (ਸੰਸਦ ਵਿੱਚ ਵਿਦੇਸ਼ ਮੰਤਰੀ ਵੱਲੋਂ ਅਸਥਾਈ ਤੇ ਸੀਮਿਤ ਕਿਸਮ ਦੇ ਕਦਮਾਂ ਦੇ ਰੂਪ ਵਿੱਚ ਕੀਤੀ ਵਜਾਹਤ ਮੁਤਾਬਿਕ) ਵਿੱਚ ਭਾਰਤੀ ਫ਼ੌਜੀਆਂ ਵੱਲੋਂ ਗਸ਼ਤ ਅਤੇ ਚਰਵਾਹਿਆਂ ਵੱਲੋਂ ਆਪਣੇ ਪਸ਼ੂਆਂ ਦੀ ਚਰਵਾਈ ਮੁੜ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਹੋ ਸਕੀ। ਅਪਰੈਲ 2020 ਦੀ ਵਾਲੀ ਸਥਿਤੀ ਦੀ ਬਹਾਲੀ, ਜਿਸ ਦੀ ਥਲ ਸੈਨਾ ਮੁਖੀ ਨੇ ਜਨਤਕ ਤੌਰ ’ਤੇ ਵਕਾਲਤ ਕੀਤੀ ਸੀ, ਦਾ ਮੰਤਵ ਹੁਣ ਦ੍ਰਿੜਾਇਆ ਨਹੀਂ ਜਾ ਰਿਹਾ। ਦੂਜੇ ਸ਼ਬਦਾਂ ਵਿੱਚ, ਚੀਨੀਆਂ ਨੇ ਪੂਰਬੀ ਲੱਦਾਖ ਵਿੱਚ ਹੌਲੀ-ਹੌਲੀ ਹਾਸਿਲ ਕੀਤੀ ਆਪਣੀ ਲਾਭ ਵਾਲੀ ਸਥਿਤੀ ਬਣਾਈ ਹੋਈ ਹੈ ਤੇ ਉਹ ‘ਗ੍ਰੇਅ ਜ਼ੋਨ ਅਪਰੇਸ਼ਨਾਂ’ ਦਾ ਬਰਾਬਰ ਇਸਤੇਮਾਲ ਕਰ ਰਹੇ ਹਨ, ਹਾਲਾਂਕਿ ਸਾਡੀ ਨਿਗ੍ਹਾ ਉਨ੍ਹਾਂ ਦੀ ‘ਸਲਾਮੀ ਸਲਾਈਸਿੰਗ’ ਉੱਪਰ ਨਹੀਂ ਜਾ ਰਹੀ।

ਇਸ ਤੋਂ ਇਲਾਵਾ ਕੈਲਾਸ਼ ਮਾਨਸਰੋਵਰ ਦੀ ਯਾਤਰਾ, ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮੌਕੇ ਵੀਜ਼ਾ ਅਤੇ ਸਮਝੌਤਿਆਂ ਦਾ ਅਮਲ ਸਰਲ ਕਰਨ ਅਤੇ ਸਿੱਧੀਆਂ ਉਡਾਣਾਂ ਬਹਾਲ ਕਰਨ ਮੁਤੱਲਕ ਕੁਝ ਪ੍ਰਗਤੀ ਹੋਈ ਹੈ ਜਦੋਂਕਿ ਤੀਰਥ ਯਾਤਰਾ ਨੂੰ ਛੱਡ ਕੇ ਇਹ ਸਾਰੇ ਕਦਮ ਚੀਨ ਦੀ ਉਸ ਕਾਮਨਾ ਸੂਚੀ ਦਾ ਹਿੱਸਾ ਸਨ ਜਿਨ੍ਹਾਂ ਬਾਰੇ ਪਿਛਲੇ ਸਾਲ ਫ਼ੌਜਾਂ ਦੀ ਵਾਪਸੀ ਤੋਂ ਪਹਿਲਾਂ ਹੀ ਸ਼ੁਰੂ ਹੋਈ ਟਰੈਕ-2 ਵਾਰਤਾ ਦੌਰਾਨ ਇਤਲਾਹ ਦਿੱਤੀ ਗਈ ਸੀ। ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਚੀਨ ਦੁਵੱਲੇ ਰਿਸ਼ਤਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਾਂਚਾਗਤ ਚੁਣੌਤੀ ਦਾ ਹੱਲ ਕਰਨ ਦਾ ਚਾਹਵਾਨ ਹੈ। ਅਸਲ ਵਿੱਚ ਕੁਝ ਪੁਰਾਣੀਆਂ ਚਿੰਤਾਵਾਂ ਨੇ ਕੁਝ ਜ਼ਿਆਦਾ ਤਿੱਖਾ ਅਤੇ ਕੁਲਹਿਣਾ ਰੁਖ਼ ਧਾਰਨ ਕਰ ਲਿਆ ਹੈ।

ਤਿੰਨ ਅਹਿਮ ਘਟਨਾਕ੍ਰਮਾਂ ਉੱਪਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਚੀਨ ਨੇ ਹੇਠਲੇ ਰਿਪੇਰੀਅਨ ਦੇਸ਼ ਭਾਰਤ ਦੇ ਹਿੱਤਾਂ ਉੱਪਰ ਗ਼ੌਰ ਕੀਤੇ ਬਿਨਾਂ ਹੀ 19 ਜੁਲਾਈ ਨੂੰ ਤਿੱਬਤ ਵਿਚ ਯਾਰਲੁੰਗ ਸਾਂਗਪੋ ਨਦੀ ਉਪਰ ਪੰਜ ਵਿਸ਼ਾਲ ਪਣ-ਬਿਜਲੀ ਪ੍ਰਾਜਕੈਟਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪਣਬਿਜਲੀ ਪ੍ਰਾਜੈਕਟ (ਥ੍ਰੀ ਗੌਰਜਿਜ਼) ਤੋਂ ਵੀ ਤਿੰਨ ਗੁਣਾ ਵੱਡਾ ਇਹ ਮੈਗਾ ਪ੍ਰਾਜੈਕਟ ਉਸ ਜਗ੍ਹਾ ਬਣਾਇਆ ਜਾ ਰਿਹਾ ਹੈ ਜੋ ਅਰੁਣਾਚਲ ਪ੍ਰਦੇਸ਼ ਵਿੱਚ ਇਸ ਦਰਿਆ ਦੇ ਦਾਖ਼ਲੇ ਤੋਂ ਮਸਾਂ 30 ਕਿਲੋਮੀਟਰ ਦੂਰ ਪੈਂਦਾ ਹੈ। ਇਸ ਨਾਲ ਭਾਰਤ ਉੱਪਰ ਪਾਣੀ ਦੇ ਵਹਾਅ ਦਾ ਗੰਭੀਰ ਪ੍ਰਭਾਵ ਪੈ ਸਕਦਾ ਹੈ ਜਿਵੇਂ ਖੁਸ਼ਕ ਮੌਸਮ ਵਿੱਚ ਪਾਣੀ ਦਾ ਮੁਹਾਣ ਘਟਣ, ਹੜ੍ਹਾਂ ਦਾ ਖ਼ਤਰਾ ਅਤੇ ਬੇਹੱਦ ਸੰਵੇਦਨਸ਼ੀਲ ਖੇਤਰਾਂ ਵਿੱਚ ਵੱਡੇ ਪੈਮਾਨੇ ’ਤੇ ਨਿਰਮਾਣ ਕਾਰਜਾਂ ਨਾਲ ਵੱਡੀਆਂ ਆਫ਼ਤਾਂ ਆਉਣ ਅਤੇ ਮੁਕਾਮੀ ਲੋਕਾਂ ਦੀ ਰੋਜ਼ੀ-ਰੋਟੀ ਤੇ ਜੈਵ ਵੰਨ-ਸਵੰਨਤਾ ਉੱਪਰ ਉਲਟ ਅਸਰ ਪੈਣ ਦੇ ਖ਼ਤਰੇ ਹਨ।

ਦੂਜਾ, ਪਾਕਿਸਤਾਨ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਅਤੇ ਚਾਰ ਦਿਨਾਂ ਦੇ ਭਾਰਤ-ਪਾਕਿਸਤਾਨ ਫ਼ੌਜੀ ਅਪਰੇਸ਼ਨ (7-10 ਮਈ) ਦੌਰਾਨ ਚੀਨ ਤੋਂ ਮਿਲੀ ਮਦਦ ਵਿੱਚ ਨਾ ਕੇਵਲ ਕੂਟਨੀਤਕ ਸਹਾਇਤਾ ਤੇ ਪਾਕਿਸਤਾਨੀ ਪ੍ਰਾਪੇਗੰਡਾ ਦਾ ਪ੍ਰਚਾਰ ਸ਼ਾਮਿਲ ਸੀ, ਬਲਕਿ ਜੰਗ ਦੇ ਮੈਦਾਨ ’ਚ ਵੀ ਬੇਮਿਸਾਲ ਪੱਧਰ ਦਾ ਰੱਖਿਆ ਗੱਠਜੋੜ ਦੇਖਿਆ ਗਿਆ।

ਚੀਨੀ ਰੱਖਿਆ ਸਾਜ਼ੋ-ਸਾਮਾਨ ਦੀ ਮਹੱਤਵਪੂਰਨ ਭੂਮਿਕਾ ਜਿਸ ਰਾਹੀਂ ਆਈਐੱਸਆਰ (ਖੁਫ਼ੀਆ ਜਾਣਕਾਰੀਆਂ, ਨਿਗਰਾਨੀ ਤੇ ਖੋਜ) ਸੂਚਨਾਵਾਂ ਦੀ ਉਪਲਬਧਤਾ ਸੰਭਵ ਬਣੀ, ਬਾਇਡੂ ਸੈਟੇਲਾਈਟ ਨੈਵੀਗੇਸ਼ਨ ਢਾਂਚੇ ਦੀ ਤਾਇਨਾਤੀ ਅਤੇ ਪਾਕਿ ਨੂੰ ਮਿਲੀਆਂ ਚੀਨੀ ਸਲਾਹਾਂ ਨੇ ਵਿਆਪਕ ਤਾਲਮੇਲ ਦਾ ਉਭਾਰ ਦਰਸਾਇਆ, ਜਿਸ ਨਾਲ ਚੀਨ ਨੂੰ ਲੰਮੀ ਰਣਨੀਤਕ ਖੇਡ ਖੇਡਣ ਦੀ ਖੁੱਲ੍ਹ ਮਿਲੀ ਕਿ ਉਹ ਕਿਸੇ ਪ੍ਰਤੱਖ ਫ਼ੌਜੀ ਸਹਿਯੋਗ ਤੋਂ ਬਿਨਾਂ ਵੀ ਪਾਕਿਸਤਾਨ ਨੂੰ ‘ਰੀਅਲ ਟਾਈਮ’ ਸਹਾਇਤਾ ਦੇ ਸਕਦਾ ਹੈ।

ਤੀਜਾ, ਚੀਨੀਆਂ ਨੇ ਵਿੱਤੀ ਦਬਾਅ ਦੇ ਸਾਧਨਾਂ ਨੂੰ ਭਾਰਤ ਵਿਰੁੱਧ ਯੋਜਨਾਬੱਧ ਢੰਗ ਨਾਲ ਵਰਤਿਆ ਹੈ, ਜਿਸ ਵਿੱਚ ਦੁਰਲੱਭ ਧਾਤਾਂ ਜਿਵੇਂ ਚੁੰਬਕ, ਵਿਸ਼ੇਸ਼ ਖਾਦਾਂ ਤੇ ਸੁਰੰਗ ਪੁੱਟਣ ਦੀਆਂ ਮਸ਼ੀਨਾਂ ਦੀ ਸਪਲਾਈ ਤੋਂ ਇਨਕਾਰ ਕਰਨਾ, ਚੀਨੀ ਇਲੈਕਟ੍ਰਿਕ ਵਾਹਨ ਕੰਪਨੀਆਂ ਨੂੰ ਭਾਰਤ ਵਿੱਚ ਤਕਨੀਕ ਦਾ ਤਬਾਦਲਾ ਨਾ ਕਰਨ ਦੇਣਾ ਜਾਂ ਪ੍ਰਮੁੱਖ ਉਪਕਰਨਾਂ ਦਾ ਨਿਰਮਾਣ ਨਾ ਕਰਨ ਦੇ ਹੁਕਮ ਦੇਣਾ, ਤੇ ਫੌਕਸਕੌਨ ਨੂੰ ਭਾਰਤ ਵਿੱਚ ਆਪਣੀਆਂ ਫੈਕਟਰੀਆਂ ਤੋਂ ਸੈਂਕੜੇ ਚੀਨੀ ਕਰਮੀਆਂ ਨੂੰ ਵਾਪਸ ਬੁਲਾਉਣ ਲਈ ਕਹਿਣਾ ਸ਼ਾਮਿਲ ਹੈ। ਇਹ ਮੁੱਦੇ ਭਾਰਤ ਦੇ ਵਿਦੇਸ਼ ਮੰਤਰੀ ਨੇ ਵਾਂਗ ਯੀ ਕੋਲ ਉਠਾਏ ਸਨ।

ਸਾਨੂੰ ਇਹ ਮੰਨਣਾ ਪਵੇਗਾ ਕਿ ਭਾਰਤ-ਚੀਨ ਰਿਸ਼ਤਿਆਂ ਦਾ ਭੂ-ਰਾਜਸੀ ਪ੍ਰਸੰਗ ਬਦਲ ਗਿਆ ਹੈ ਤੇ ਸਾਡਾ ਨੁਕਸਾਨ ਹੋਇਆ ਹੈ। ਡੋਨਲਡ ਟਰੰਪ ਦੇ ਵ੍ਹਾਈਟ ਹਾਊਸ ਵਿੱਚ ਪਰਤਣ ਤੋਂ ਬਾਅਦ ਭਾਰਤ ਤੇ ਚੀਨ ਪ੍ਰਤੀ ਅਮਰੀਕੀ ਨੀਤੀਆਂ ਅਸਥਿਰ ਹੋ ਗਈਆਂ ਹਨ। ਆਪਣੇ ਪਿਛਲੇ ਕਾਰਜਕਾਲ ਦੇ ਮੁਕਾਬਲੇ ਜਿਸ ਦੌਰਾਨ ਅਮਰੀਕਾ ਚੀਨ ਨੂੰ ‘ਰਣਨੀਤਕ ਮੁਕਾਬਲੇਬਾਜ਼’ ਵਜੋਂ ਪਰਿਭਾਸ਼ਤ ਕਰਨ ਵੱਲ ਵਧਿਆ ਸੀ, ਦੂਜੇ ਟਰੰਪ ਕਾਲ ਦੀ ਰਣਨੀਤੀ ਕਾਫੀ ਘੱਟ ਤਰਕਸੰਗਤ ਹੈ। ਟਰੰਪ ਦੀ ਚੀਨ ਨਾਲ ‘ਬਿਊਟੀਫੁਲ ਡੀਲ’ ਕਰਨ ਦੀ ਪੈਰਵੀ ਰਣਨੀਤਕ ਸਪੱਸ਼ਟਤਾ ਦੀ ਬਜਾਏ ਘੱਟ ਮਿਆਦ ਦੇ ਵਿੱਤੀ ਲਾਭਾਂ ਨੂੰ ਵੱਧ ਤਰਜੀਹ ਦਿੰਦੀ ਹੈ। ਚੀਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਵਪਾਰ, ਟੈਰਿਫ ਤੇ ਬਰਾਮਦ ਕੰਟਰੋਲ ਦੀ ਆਪਣੀ ਲੜਾਈ ਵਿੱਚ ਅਮਰੀਕਾ ਨੂੰ ਮਾਤ ਦੇ ਦਿੱਤੀ ਹੈ।

ਚੀਨ ਨਾਲ ਸਬੰਧਾਂ ’ਚ ਸੁਧਾਰ ਕਰ ਕੇ ਭਾਰਤ ਨੂੰ ਮੌਜੂਦਾ ਵਿਸ਼ਵਵਿਆਪੀ ਅਸਥਿਰਤਾ ਦੇ ਦੌਰ ਵਿੱਚ ਵਧੇਰੇ ਚਾਲਾਂ ਚੱਲਣ ਦਾ ਮੌਕਾ ਮਿਲੇਗਾ; ਹਾਲਾਂਕਿ ਇਹ ਉਦੇਸ਼ ਪੇਈਚਿੰਗ ਨਾਲ ਗੱਲਬਾਤ ਵਿੱਚ ਕਮਜ਼ੋਰੀ ਜਾਂ ਬੇਲੋੜੀ ਚਿੰਤਾ ਦਿਖਾ ਕੇ ਪੂਰਿਆ ਨਹੀਂ ਜਾ ਸਕਦਾ। ਦਰਅਸਲ, ਕਮਜ਼ੋਰੀ ਦਾ ਕੋਈ ਵੀ ਸੰਕੇਤ ਚੀਨ ਨੂੰ ਹੋਰ ਦਬਾਅ ਬਣਾਉਣ ਦਾ ਸੱਦਾ ਦੇਵੇਗਾ।

ਇਸ ਲਈ ਸਾਨੂੰ ਆਪਣੇ ਖ਼ਦਸ਼ੇ ਤੇ ਉਮੀਦਾਂ ਚੀਨ ਨੂੰ ਦੱਸਣ ਤੋਂ ਝਿਜਕਣਾ ਨਹੀਂ ਚਾਹੀਦਾ, ਤੇ ਮੁਸ਼ਕਿਲ ਸਹਿਮਤੀ ਬਣਾਉਣ ਦੀ ਤਲਾਸ਼ ’ਚ ਮਿਆਰ ਵੀ ਨਹੀਂ ਡਿੱਗਣ ਦੇਣਾ ਚਾਹੀਦਾ ਤਾਂ ਜੋ ਗੁਆਂਢੀ ਉਸ ‘ਨਿਊ ਨਾਰਮਲ’ ਦਾ ਲਾਹਾ ਨਾ ਲੈਂਦਾ ਰਹੇ ਜੋ ਉਸ ਨੇ ਪੂਰਬੀ ਲੱਦਾਖ ’ਚ ਇੱਕਪਾਸੜ ਪਹੁੰਚ ਰਾਹੀਂ ਸਥਾਪਿਤ ਕੀਤਾ ਹੈ। ਸੁਖਾਵੇਂ ਰਿਸ਼ਤਿਆਂ ਦੀ ਬਹਾਲੀ ਫ਼ਾਇਦੇਮੰਦ ਹੈ, ਪਰ ਇਸ ਲਈ ਚੀਨ ਨੂੰ ਅਸਲ ਕੰਟਰੋਲ ਰੇਖਾ ਦਾ ਸਤਿਕਾਰ ਕਰਨਾ ਪਵੇਗਾ ਤੇ ਬਕਾਇਆ ਮੁੱਦਿਆਂ ਉਤੇ ਭਾਰਤ ਦੇ ਨਾਲ ਸਦਭਾਵਨਾ ਰੱਖ ਕੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ।

*ਲੇਖਕ ਚੀਨ ਵਿੱਚ ਭਾਰਤ ਦੇ ਸਫ਼ੀਰ ਰਹਿ ਚੁੱਕੇ ਹਨ।

Advertisement
×