ਟੁਕੜੇ-ਟੁਕੜੇ ਹਿੰਦੋਸਤਾਨ ਦੇ ਅੰਗ-ਸੰਗ
ਮੇਰਾ ਜਨਮ ਦੂਜੇ ਵਿਸ਼ਵ ਯੁੱਧ ਤੋਂ ਥੋੜ੍ਹਾ ਪਹਿਲਾਂ ਦਾ ਹੈ। ਮੈਂ ਬਰਤਾਨਵੀ ਹਾਕਮਾਂ ਵੱਲੋਂ ਫ਼ੌਜ ਵਿੱਚ ਭਰਤੀ ਹੋਣ ਦੇ ਗੁਣ-ਗਾਇਨ ਵੀ ਸੁਣੇ ਹਨ ਤੇ ਸੁਤੰਤਰਤਾ ਸੰਗਰਾਮੀਆਂ ਵੱਲੋਂ ਉਨ੍ਹਾਂ ਨੂੰ ਇੱਥੋਂ ਭਜਾਉਣ ਦੇ ਨਾਅਰੇ ਵੀ। ਸੁਤੰਤਰਤਾ ਮਿਲਦੀ ਵੀ ਤੱਕੀ ਹੈ ਅਤੇ ਫਲਦੀ-ਫੁੱਲਦੀ ਤੇ ਰੁਲ਼ਦੀ ਵੀ। ਪੰਜ ਦਰਿਆਵਾਂ ਦੀ ਉਪਜਾਊ ਧਰਤੀ ਦਾ ਉਜਾੜਾ ਵੀ ਤੇ ਇੱਥੋਂ ਦੇ ਸੂਰਮਿਆਂ ਦੀ ਹੱਤਿਆ ਤੇ ਬਹੂ-ਬੇਟੀਆਂ ਦੀ ਪੱਤ ਦਾ ਲੁੱਟੇ ਜਾਣਾ ਵੀ। ਸਮਾਂ ਪਾ ਕੇ ਆਪਣੇ ਲੋਕਾਂ ਹੱਥੋਂ ਇਸ ਦਾ ਬਦਲਾ ਲੈਣਾ ਵੀ ਮੈਨੂੰ ਭੁੱਲਿਆ ਨਹੀਂ। ਭਾਰਤ ਪਾਕਿਸਤਾਨ ਲੜਾਈਆਂ ਸਮੇਂ ਇੱਕ ਦੂਜੇ ਨਾਲ ਭਿੜਨਾ ਤੇ ਸੁਲਾਹ ਸਫ਼ਾਈ ਪਿੱਛੋਂ ਇੱਕ ਦੂਜੇ ਨੂੰ ਜੱਫੀਆਂ ਪਾਉਣਾ ਵੀ। ਇਨ੍ਹਾਂ ਸਮਿਆਂ ਦੀ ਬਾਤ ਪਾਉਣ ਵਾਲੇ ਹੋਰ ਵੀ ਹਨ ਪਰ ਅੱਜ ਦੇ ਦਿਨ ਮੈਂ ਆਪਣੇ ਪਾਠਕਾਂ ਨਾਲ ਕੁਝ ਨਿੱਜੀ ਅਨੁਭਵ ਸਾਂਝੇ ਕਰਨੇ ਚਾਹੁੰਦਾ ਹਾਂ।
1965 ਦੀ ਭਾਰਤ-ਪਾਕਿ ਜੰਗ ਪਿੱਛੋਂ ਮੈਨੂੰ ਪਾਕਿਸਤਾਨ ਦੇ ਜਿੱਤੇ ਹੋਏ ਪਿੰਡ ਦੇਖਣ ਦਾ ਏਨਾ ਚਾਅ ਸੀ ਕਿ ਮੈਂ ਤੇ ਮੇਰਾ ਕਵੀ ਮਿੱਤਰ ਤਾਰਾ ਸਿੰਘ ਦਿੱਲੀ ਤੋਂ ਭਾਰਤ-ਪਾਕਿ ਸੀਮਾ ਤੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਗਏ ਸਾਂ। ਅੰਬਾਲਾ ਤੋਂ ਅੱਗੇ ਫ਼ੌਜੀ ਟਰੱਕ ਤੇ ਜੀਪਾਂ ਗਾਰੇ ਮਿੱਟੀ ਨਾਲ ਲੱਥਪੱਥ ਸਨ ਤੇ ਖੇਮਕਰਨ ਨੇੜੇ ਓਧਰਲੇ ਟੈਂਕ। ਕੋਈ ਟੈਂਕ ਸੜਕ ਤੋਂ ਦੂਰ ਰੇਤ ਵਿੱਚ ਖੁੱਭਿਆ ਪਿਆ ਸੀ ਤੇ ਕੋਈ ਨੇੜਲੀਆਂ ਖਤਾਈਆਂ ਵਿੱਚ। ਕੋਈ ਢੱਠੇ ਖੂਹ ਵਿੱਚ ਤੇ ਕੋਈ ਦੋ ਵੱਡੇ ਬਿਰਖਾਂ ਵਿੱਚ ਫਸੇ ਜ਼ਖ਼ਮੀ ਝੋਟੇ ਵਾਂਗ।
ਸੈਨਿਕ ਲਾਸ਼ਾਂ ਦਾ ਹੋਰ ਵੀ ਬੁਰਾ ਹਾਲ ਸੀ। ਵਰਦੀਆਂ ਲਹੂ ਲਿੱਬੜੀਆਂ ਤੇ ਬੂਟਾਂ ਵਾਲੇ ਪੈਰ ਟੁੱਟੇ ਭੱਜੇ। ਸੁਤੰਤਰਤਾ ਪ੍ਰਾਪਤੀ ਤੋਂ 18 ਸਾਲ ਪਿੱਛੋਂ ਪਤਾ ਲੱਗਿਆ ਕਿ ਅਖੰਡ ਹਿੰਦੋਸਤਾਨ ਟੁਕੜੇ-ਟੁਕੜੇ ਹੋ ਚੁੱਕਿਆ ਹੈ ਤੇ ਆਪੋ ਵਿੱਚ ਇਕੱਠੇ ਹੋ ਕੇ ਲੜਨ ਵਾਲੇ ‘ਮੇਵਾ ਸਿੰਘ ਮਾਖੇ ਖਾਂ’ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਚੁੱਕੇ ਸਨ। ਸੀਮਾ ਪਾਰ ਦੇ ਪਿੰਡ ਗੋਪਾਲ ਸਿੰਘ ਪੁਰਾ ਪਹੁੰਚੇ ਤਾਂ ਛੱਪੜ ਕੰਢੇ ਕਿਸੇ ਵਿਦਿਆਰਥੀ ਦੀ ਉਹ ਕਾਪੀ ਵੀ ਮਿਲੀ ਜਿਸ ਵਿੱਚ ਉਸ ਨੇ ਆਪਣੇ ਪਿੰਡ ਦਾ ਨਕਸ਼ਾ ਕੁਝ ਏਸ ਤਰ੍ਹਾਂ ਪੇਸ਼ ਕੀਤਾ ਸੀ:
“ਇਸ ਛੋਟੇ ਸੇ ਗਾਓਂ ਮੇਂ ਕੁਲ ਮਕਾਨ ਕੱਚੀ ਈਂਟ ਯਾ ਗਾਰੇ ਕੇ ਬਨੇ ਹੂਏ ਹੈਂ। ਅਲਬੱਤਾ ਸਰਦਾਰ ਬਹਾਦਰ ਗੋਪਾਲ ਸਿੰਘ ਕੇ ਭਾਈ ਨਿਹਾਲ ਸਿੰਘ ਕੇ ਏਕ ਮੰਜ਼ਲਾ ਮਕਾਨ ਪੁਖਤਾ ਈਂਟ ਕਾ ਹੈ। ਇਸ ਕੇ ਇਲਾਵਾ ਯਹਾਂ ਏਕ ਪੁਖਤਾ ਈਂਟ ਔਰ ਸੀਮਿੰਟ ਵਾਲਾ ਗੁਰਦੁਆਰਾ ਭੀ ਹੈ। ਮੌਜ਼ਾ ਕੀ ਜ਼ਮੀਨ ਜ਼ਰਖੇਜ਼ ਹੈ ਪਰ ਹਰ ਸਾਲ ਸੈਲਾਬ ਆਨੇ ਸੇ ਖਰਾਬ ਹੋ ਰਹੀ ਹੈ। ਕਿਸਾਨੀ ਕਾ ਬੁਰਾ ਹਾਲ ਹੈ।”
ਘਰਾਂ ਵਿੱਚ ਰੁਲਦੀਆਂ ਚਿੱਠੀਆਂ ਵੀ ਇਹੀਓ ਦੱਸਦੀਆਂ ਸਨ:
“ਘਰੋਂ ਕੇ ਅੰਦਰ ਕਾ ਸਮਾਨ ਬ੍ਹੀ ਮਹਿਫੂਜ਼ ਨਹੀਂ। ਰਾਤ ਕੋ ਸੋਏ ਤੋ ਏਕ ਨੌਜਵਾਨ ਤਕੀਏ ਉਠਾ ਕਰ ਚਾਬੀਆਂ ਢੂੰਡ ਰਹਾ ਥਾ। ਖ਼ੁਦਾ ਜਾਨੇ ਕਿਆ ਕੀਆ ਜਾਏ। ਹਮਸ਼ੀਰਾ ਆਇਸ਼ਾ ਕੇ ਬੱਚਾ ਹੂਆ ਹੈ, ਵੁਹ ਬ੍ਹੀ ਮਰਾ ਹੂਆ। ਬਹਾਦਰ ਖਾਂ ਨੇ ਉਸੇ ਘਰ ਸੇ ਨਿਕਾਲ ਦੀਆ ਹੈ। ਵੈਸੇ ਹਮਸ਼ੀਰਾ ਕਰਾਮਤ ਕੀ ਭੈਂਸ ਸੂ ਪੜੀ ਹੈ। ਉਸ ਨੇ ਕੱਟੀ ਦੀ ਹੈ।”
ਇੱਕ ਚਿੱਠੀ ਵਿੱਚ ਨੌਕਰੀ ਲਈ ਤਰਲਾ ਸੀ- “ਬਦਕਿਸਮਤੀ ਨਾਲ ਮੇਰੀ ਉਮਰ ਜ਼ਿਆਦਾ ਹੈ। ਵੁਹ ਪੰਦਰਾਂ ਸਾਲ ਤੱਕ ਲੇਤੇ ਹੈਂ। ਮੈਂ ਸਾੜ੍ਹੇ ਉੱਨੀਸ ਕਾ ਹੂੰ। ਆਪ ਜਿਸ ਤਰ੍ਹਾਂ ਬ੍ਹੀ ਹੋ ਸਕੇ, ਕਿਸੀ ਗਜ਼ਟਿਡ ਆਫੀਸਰ ਕੋ ਰਜ਼ਾਮੰਦ ਕਰੇਂ। ਵੁਹ ਅਸਲ ਸਰਟੀਫਿਕੇਟ ਕੀ ਨਕਲ ਉਤਾਰ ਕਰ ਉਸ ਪਰ ਕਮ ਉਮਰ ਲਿਖ ਕਰ ਤਸਦੀਕ ਕਰ ਦੇ। ਫਿਰ ਕਰਨਲ ਸਾਹਿਬ ਦੀ ਸਿਫ਼ਾਰਸ਼ ਹੋ ਤੋ ਕਾਮ ਬਨ ਸਕਤਾ ਹੈ।”
ਜਿੱਤੇ ਹੋਏ ਪਿੰਡਾਂ ਵਿੱਚੋਂ ਬੰਦੇ ਤਾਂ ਕੀ, ਜਾਨਵਰ ਵੀ ਭੱਜ ਗਏ ਸਨ। ਚੂਹੇ ਵੀ। ਕੁਝ ਬੁੱਢੇ ਠੇਰੇ ਪਿੱਛੇ ਰਹਿ ਗਏ ਸਨ ਜਿਨ੍ਹਾਂ ਦੀ ਦੇਖ ਭਾਲ ਭਾਰਤੀ ਫ਼ੌਜ ਦੇ ਸਿਪਾਹੀ ਕਰ ਰਹੇ ਸਨ। ਖਾਣ ਪਹਿਨਣ ਦਾ ਸਾਰਾ ਪ੍ਰਬੰਧ ਸੀ। ਜੇ ਕੋਈ ਦੁੱਖ ਸੀ ਤਾਂ ਕੇਵਲ ਏਨਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਸ਼ੁਕਰਵਾਰ ਦਾ ਦਿਨ ਲੰਘ ਚੁੱਕਾ ਸੀ ਜਾਂ ਨਹੀਂ। ਅਸਲ ਮਸਲਾ ਜੁਮੇ ਦੀ ਨਮਾਜ਼ ਦਾ ਸੀ। ਉਹ ਸਾਡੇ ਫ਼ੌਜੀਆਂ ਕੋਲੋਂ ਖਾਣ ਪੀਣ ਨੂੰ ਤਾਂ ਮੰਗ ਸਕਦੇ ਸਨ ਪਰ ਦਿਨ ਦਿਹਾੜਾ ਪੁੱਛਦਿਆਂ ਸ਼ਰਮਾਉਂਦੇ ਸਨ। ਇੱਕ ਬਜ਼ੁਰਗ ਨੇ ਮੈਨੂੰ ਤੇ ਤਾਰਾ ਸਿੰਘ ਨੂੰ ਬੇਨਤੀ ਕੀਤੀ ਕਿ ਅਸੀਂ ਉਹਦੇ ਲਈ ਜੰਤਰੀ ਭਿਜਵਾ ਦੇਈਏ, ਪਰ ਅਸੀਂ ਬੇਵੱਸ ਸਾਂ। ਉਸ ਦੀ ਮੰਗ ਪੂਰੀ ਨਹੀਂ ਸੀ ਕਰ ਸਕਦੇ। ਕੀਤੀ ਵੀ ਨਹੀਂ।
ਸਾਡੀ ਦੁਬਿਧਾ ਵੀ ਘੱਟ ਨਹੀਂ ਸੀ। ਇੱਧਰੋਂ ਗਿਆ ਇੱਕ ਸ਼ਖ਼ਸ ਆਪਣੀ ਭੈਣ ਦਾ ਘਰ ਲੱਭ ਰਿਹਾ ਸੀ ਜਿਹੜੀ ਵੱਢ ਟੁੱਕ ਦੇ ਦਿਨਾਂ ਵਿੱਚ ਉਨ੍ਹਾਂ ਨਾਲੋਂ ਵਿੱਛੜ ਗਈ ਸੀ ਤੇ ਕਿਸੇ ਅਬਦੁੱਲਾ ਨਾਂ ਦੇ ਮੁਸਲਮਾਨ ਨਾਲ ਰਹਿ ਰਹੀ ਸੀ। ਅਸੀਂ ਉਸ ਦੀ ਵੀ ਕੋਈ ਸਹਾਇਤਾ ਨਹੀਂ ਸੀ ਕਰ ਸਕੇ।
ਫਿਰਦੇ ਫਿਰਾਂਦਿਆਂ ਇੱਕ ਪੜਾਅ ਉੱਤੇ ਸਾਡੀ ਮੁਲਾਕਾਤ ਹਰਨੇਕ ਸਿੰਘ ਘੜੂੰਆਂ ਤੇ ਜਗਦੇਵ ਸਿੰਘ ਜੱਸੋਵਾਲ ਨਾਲ ਹੋ ਗਈ। ਸਾਡੀ ਸਾਰਿਆਂ ਦੀ ਇੱਛਾ ਸੀ ਕਿ ਧਮਿਆਲ ਪਿੰਡ ਜਾ ਕੇ ਅੰਬੀ ਦੇ ਬੂਟੇ ਵਾਲੇ ਕਵੀ ਮੋਹਨ ਸਿੰਘ ਦਾ ਜੱਦੀ ਪੁਸ਼ਤੀ ਘਰ ਦੇਖੀਏ, ਪਰ ਉੱਥੇ ਛਾਉਣੀ ਬਣ ਚੁੱਕੀ ਸੀ। ਸਾਡਾ ਵੀ ਉਹੀਓ ਹਾਲ ਹੋਇਆ ਜੋ ਇਸ ਨਮਾਜ਼ੀ ਦਾ ਸੀ। ਕਵੀ ਮੋਹਨ ਸਿੰਘ ਦਾ ਘਰ ਨਹੀਂ ਦੇਖ ਸਕੇ।
ਕਿਸੇ ਹੋਰ ਦੀ ਸਲਾਹ ਮੰਨ ਕੇ ਅਸੀਂ ਵਾਰਿਸ ਸ਼ਾਹ ਦੇ ਮਲਕਾ ਹਾਂਸ ਚਲੇ ਗਏ। ਕੀ ਦੇਖਦੇ ਹਾਂ ਕਿ ਸਾਰੇ ਮਕਾਨ ਕੱਚੇ ਹਨ ਤੇ ਗਲੀਆਂ ਭੀੜੀਆਂ। ਪਿੰਡ ਦੇ ਕੇਂਦਰ ਵਿੱਚ ਉਹ ਭੋਰਾ ਸੀ ਜਿਸ ਵਿੱਚ ਬੈਠ ਕੇ ਵਾਰਿਸ ਹੀਰ ਲਿਖਦਾ ਹੁੰਦਾ ਸੀ। ਭੋਰੇ ਵਾਲਾ ਉਸ ਦੀ ਉਸਤਤ ਕਰ ਰਿਹਾ ਸੀ ਤੇ ਉੱਥੇ ਝਾੜੂ ਦੇ ਰਹੀ ਭੰਗਣ ਕੁੜੀ ਨੇ ਸੁਣ ਲਿਆ ਕਿ ਮੈਂ ਹੁਸ਼ਿਆਰਪੁਰ ਦਾ ਹਾਂ। ਉਸ ਨੇ ਝਾੜੂ ਇੱਕ ਪਾਸੇ ਸੁੱਟ ਕੇ ਮੈਨੂੰ ਜੱਫੀ ਪਾ ਲਈ। ਉਹਦੇ ਮਾਪੇ ਏਧਰਲੇ ਅਜੜਾਮ (ਹੁਸ਼ਿਆਰਪੁਰ) ਤੋਂ ਉੱਧਰ ਗਏ ਸਨ। ਉਹ ਮੇਰੀ ਧੀ ਬਣ ਕੇ ਮੇਰੇ ਕੋਲ ਖੜ੍ਹੀ ਸੀ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ।
ਜਦੋਂ ਅਸੀਂ ਮੀਆਂ ਮੀਰ ਦੇ ਮਜ਼ਾਰ ਪਹੁੰਚੇ ਤਾਂ ਸਾਡੇ ਨਾਲ ਇੱਕ ਡਾਕਟਰ ਬੀਬੀ ਅਤੇ ਉਸ ਦਾ ਭਰਾ ਵੀ ਸ਼ਾਮਿਲ ਹੋ ਗਏ। ਡਾਕਟਰ ਕੁੜੀ ਕੋਲ ਕੈਮਰਾ ਦੇਖ ਕੇ ਅਸੀਂ ਸਾਰਿਆਂ ਨੇ ਮੰਗ ਪਾਈ ਕਿ ਉਹ ਸਾਡੀ ਨਤਮਸਤਕ ਹੁੰਦਿਆਂ ਦੀ ਤਸਵੀਰ ਖਿੱਚੇ। ਉਹ ਅਭੋਲ ਹੀ ਅੰਦਰ ਜਾ ਵੜੀ ਤਾਂ ਮਜ਼ਾਰ ਦੇ ਮੁਖੀ ਨੇ ਉਹਨੂੰ ਇੰਝ ਵਰਜਿਆ ਜਿਵੇਂ ਉਸ ਤੋਂ ਬਹੁਤ ਵੱਡੀ ਖੁਨਾਮੀ ਹੋ ਗਈ ਹੋਵੇ। ਸਾਨੂੰ ਇਲਮ ਨਹੀਂ ਸੀ ਕਿ ਮੁਸਲਿਮ ਮਰਿਆਦਾ ਔਰਤਾਂ ਦਾ ਮਜ਼ਾਰ ਦੇ ਅੰਦਰ ਜਾਣਾ ਪ੍ਰਵਾਨ ਨਹੀਂ ਕਰਦੀ।
ਅਫਸੋਸ ਤਾਂ ਮੁਖੀ ਨੂੰ ਵੀ ਹੋਇਆ, ਪਰ ਉਸ ਨੇ ਸਾਨੂੰ ਵਿਦਾ ਕਰਨ ਸਮੇਂ ਨਮਕ ਤੇ ਮਖਾਣਿਆਂ ਦੇ ਜਿਹੜੇ ਪੈਕਟ ਵਰਤਾਏ, ਫੋਟੋ ਖਿੱਚਣ ਵਾਲੀ ਬੀਬੀ ਨੂੰ ਦੂਹਰਾ ਗੱਫਾ ਦੇ ਕੇ ਇਹ ਵੀ ਕਿਹਾ ਕਿ ਸਾਡੇ ਭੈਣ ਜੀ ਹਨ। ਅਸੀਂ ਨੋਟ ਕੀਤਾ ਕਿ ਉਹ ਆਪਣੇ ਕੀਤੇ ਦੀ ਖ਼ਿਮਾ ਮੰਗ ਰਿਹਾ ਸੀ।
ਸੰਤਾਲੀ ਦੀ ਵੰਡ ਨੇ ਕੁਝ ਇਸੇ ਤਰ੍ਹਾਂ ਦੀ ਰੋਕ ਉਨ੍ਹਾਂ ਮੋਟਰ ਗੱਡੀਆਂ ਉੱਤੇ ਵੀ ਲਾ ਦਿੱਤੀ ਹੈ ਜਿਨ੍ਹਾਂ ਦਾ ਅੱਗਾ ਪਿੱਛਾ ਤੇ ਸੱਜਾ ਖੱਬਾ ਵੰਨ-ਸਵੰਨੀ ਚਿੱਤਰਕਾਰੀ ਨਾਲ ਲਿਸ਼ਕਾਇਆ ਹੁੰਦਾ ਹੈ। ਉਹ ਸ਼ੇਰ ਸ਼ਾਹ ਸੂਰੀ ਮਾਰਗ ਉੱਤੇ ਪਿਸ਼ਾਵਰ ਤੋਂ ਵਾਘੇ ਤੱਕ ਆ ਸਕਦੇ ਹਨ। ਕਲਕੱਤੇ ਨਹੀਂ ਜਾ ਸਕਦੇ।
ਮੇਰਾ ਪਾਕਿਸਤਾਨੀ ਅਦੀਬਾਂ ਨਾਲ ਵੀ ਰਾਬਤਾ ਰਿਹਾ ਹੈ। ਫਖ਼ਰ ਜ਼ਮਾਂ, ਇਲਿਆਸ ਘੁੰਮਣ ਤੇ ਸਿਬਤੁਲ ਹਸਨ ਜ਼ੈਗਮ ਬੜੇ ਪਿਆਰ ਨਾਲ ਮਿਲਦੇ ਤੇ ਮੋਹ ਜਤਾਉਂਦੇ, ਪਰ ਉੱਧਰ ਜਾ ਕੇ ਪਤਾ ਲੱਗਦਾ ਹੈ ਕਿ ਆਮ ਆਦਮੀ ਦੇਸ਼ ਵੰਡ ਤੋਂ ਖੁਸ਼ ਨਹੀਂ। ਉਹ ਕੱਚੇ ਕੋਠੇ ਵਿੱਚ ਰਹਿੰਦਾ ਹੈ ਤੇ ਸੜਕ ਦੇ ਕੰਢੇ ਬੋਰੀਆਂ ਦੇ ਟਾਟ ਵਿਛਾ ਕੇ ਸੌਦਾ ਵੇਚਦਾ ਹੈ। ਖ਼ੂਬੀ ਇਹ ਹੈ ਕਿ ਆਪਣੇ ਮਨ ਦਾ ਗੁਬਾਰ ਕੱਢਣ ਸਮੇਂ ਮੁਹੰਮਦ ਅਲੀ ਜਨਾਹ ਨੂੰ ਕੋਸਣ ਦੀ ਥਾਂ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਉੱਤੇ ਵਰ੍ਹਦਾ ਹੈ।
ਜੇ ਨਹਿਰੂ ਤੇ ਪਟੇਲ ਨੂੰ ਭੁੱਲ ਜਾਈਏ ਤਾਂ ਵੀ 1947 ਦੀ ਵੱਢ ਟੁੱਕ ਦੇ ਬਾਵਜੂਦ ਸਿੱਖਾਂ ਨਾਲ ਉਨ੍ਹਾਂ ਦਾ ਮੋਹ ਭੰਗ ਨਹੀਂ ਹੋਇਆ। ਇਹ ਗੱਲ ਵੱਖਰੀ ਹੈ ਕਿ ਉਹ ਜਿੰਨੀ ਮਾਨਤਾ ਬਾਬਾ ਨਾਨਕ ਨੂੰ ਦਿੰਦੇ ਹਨ, ਓਨੀ ਦੂਜੇ ਗੁਰੂ ਸਾਹਿਬਾਨ ਨੂੰ ਨਹੀਂ ਦਿੰਦੇ। ਗੁਰੂ ਅਰਜਨ ਦੇਵ ਦੀ ਸ਼ਹੀਦੀ ਬਾਰੇ ਵੀ ਚੁੱਪ ਹਨ। ਉੱਥੇ ਜੋ ਮਾਣ ਮਰਿਆਦਾ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਨੂੰ ਪ੍ਰਾਪਤ ਹੈ, ਉਹ ਲਾਹੌਰ ਵਿਖੇ ਡੇਰਾ ਸਾਹਿਬ ਦੇ ਗੁਰਦੁਆਰੇ ਨੂੰ ਨਹੀਂ।
ਕੁਝ ਇਸੇ ਤਰ੍ਹਾਂ ਦੀ ਭਾਵਨਾ ਪੰਜਾਬੀ ਭਾਸ਼ਾ ਪ੍ਰਤੀ ਵੀ ਹੈ। ਉਨ੍ਹਾਂ ਨੇ ਇਸ ਭਾਸ਼ਾ ਨੂੰ ਸਪੈਨਿਸ਼ ਤੇ ਫਰਾਂਸੀਸੀ ਵਾਂਗ ਉਚੇਰੀ ਵਿੱਦਿਆ ਦਾ ਸਥਾਨ ਤਾਂ ਦਿੱਤਾ ਹੈ, ਮੁੱਢਲੀ ਵਿਦਿਆ ਦਾ ਨਹੀਂ; ਕੁਝ ਇਸ ਤਰ੍ਹਾਂ ਜਿਵੇਂ ਉਨ੍ਹਾਂ ਨੂੰ ਇਸ ਦੇ ਫੁੱਲ ਤੇ ਫਲ ਤਾਂ ਪ੍ਰਵਾਨ ਹਨ ਪਰ ਬੀਜ ਤੇ ਜੜ੍ਹਾਂ ਉੱਕਾ ਹੀ ਨਹੀਂ।
ਇਹੋ ਜਿਹਾ ਵਿਤਕਰਾ ਪਹਿਨਣ ਵਾਲੇ ਵਸਤਰਾਂ ਵਿੱਚ ਵੀ ਹੈ। ਪੈਂਟ, ਬੁਰਸ਼ਟ ਤੇ ਸਫ਼ਾਰੀ ਸੂਟ ਕੇਵਲ ਵਿਦੇਸ਼ੀ ਯਾਤਰੀ ਪਹਿਨਦੇ ਹਨ। ਪਾਕਿਸਤਾਨੀ ਵਸਨੀਕ ਆਪਣੇ ਆਪ ਨੂੰ ਸਿਰ ਤੋਂ ਪੈਰਾਂ ਤਕ ਸਲਵਾਰ ਕਮੀਜ਼ ਤੇ ਚੁੰਨੀ ਪਗੜੀ ਨਾਲ ਢਕ ਕੇ ਰੱਖਦੇ ਹਨ। ਮਜਾਲ ਹੈ, ਕਿਸੇ ਦਾ ਗੁੱਟ ਜਾਂ ਗਿੱਟਾ ਨੰਗਾ ਹੋਵੇ। ਮਰਦਾਂ ਦਾ ਪਹਿਰਾਵਾ ਸਫੈਦ ਅਤੇ ਬੱਚਿਆਂ ਤੇ ਔਰਤਾਂ ਦਾ ਧਾਰੀਦਾਰ ਜਾਂ ਫੁੱਲ ਬੂਟੀ ਵਾਲਾ। ਉਂਝ ਵੀ ਔਰਤਾਂ ਬੁਰਕਾ ਨਹੀਂ ਪਹਿਨਦੀਆਂ। ਉਹ ਸਿਰ ਵਾਲੇ ਦੁਪੱਟੇ ਨੂੰ ਇੱਕ ਵਾਰੀ ਮੱਥੇ ਉੱਤੋਂ ਵੀ ਵਲ ਕੇ ਦੂਜੀ ਵਾਰ ਇਸ ਤਰ੍ਹਾਂ ਦਾ ਵਲ ਦਿੰਦੀਆਂ ਹਨ ਕਿ ਨੱਕ ਤਾਂ ਢਕਿਆ ਜਾਂਦਾ ਹੈ ਪਰ ਅੱਖਾਂ ਨਹੀਂ।
ਮਰਦ ਵੀ ਆਪਣੀ ਪਗੜੀ ਦਾ ਲੜ ਆਪੋ-ਆਪਣੇ ਢੰਗ ਨਾਲ ਮੋਢਿਆਂ ਉੱਤੇ ਖਲਾਰਦੇ ਹਨ। ਸਿਰ ਢਕ ਕੇ ਰੱਖਦੇ ਹਨ। ਬਾਰ ਦੇ ਇਲਾਕਿਆਂ ਵਿੱਚ ਸਲਵਾਰ ਦੀ ਥਾਂ ਤਹਿਮਤ ਦੀ ਪ੍ਰਧਾਨਗੀ ਹੈ। ਉਂਝ ਵੀ ਓਧਰਲੇ ਪੰਜਾਬ ਵਿੱਚ ਜਿਹੜੀ ਡੀਲ-ਡੌਲ ਤੇ ਬੋਲ-ਬਾਲਾ ਮਰਦਾਂ ਦਾ ਹੈ, ਔਰਤਾਂ ਦਾ ਨਹੀਂ। ਉਹ ਬਾਹਰੋਂ ਆਏ ਬੰਦੇ ਨੂੰ ਨੰਗੇ ਮੂੰਹ ਆਪਣੀ ਫੋਟੋ ਵੀ ਨਹੀਂ ਖਿੱਚਣ ਦਿੰਦੀਆਂ।
ਜਿੱਥੋਂ ਤੱਕ ਮੇਰੇ ਨਿੱਜ ਦਾ ਸਬੰਧ ਹੈ, ਮੇਰੇ ਲਈ ਤਾਂ ਇਹ ਵੰਡ ਵਿਚੋਲੀ ਹੋ ਨਿਬੜੀ। ਜਿਹੜੀ ਡਾਕਟਰ ਬੀਬੀ ਮੀਆਂ ਮੀਰ ਦੇ ਮਜ਼ਾਰ ਦੀ ਫੋਟੋ ਖਿੱਚ ਰਹੀ ਸੀ, ਉਹ ਅੱਧੀ ਸਦੀ ਤੋਂ ਮੇਰਾ ਸਾਥ ਦੇ ਰਹੀ ਹੈ। 1965 ਤੋਂ ਪਿੱਛੋਂ ਵੀ ਅਸੀਂ ਤਿੰਨ ਵਾਰ ਪਾਕਿਸਤਾਨ ਜਾ ਚੁੱਕੇ ਹਾਂ। ਹਰ ਵਾਰੀ ਨਵਾਂ ਅਨੁਭਵ ਲੈ ਕੇ ਆਉਂਦੇ ਹਾਂ।
ਇੱਕ ਫੇਰੀ ਸਮੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਦੇਖਣ ਪਿੱਛੋਂ ਬੈਂਚ ਉੱਤੇ ਬੈਠੇ ਸੁਸਤਾ ਰਹੇ ਸਾਂ ਤਾਂ ਕੀ ਦੇਖਦੇ ਹਾਂ ਕਿ ਬੁਰਕੇ ਵਾਲੀਆਂ 10-12 ਔਰਤਾਂ ਸਾਡੇ ਵੱਲ ਆ ਰਹੀਆਂ ਹਨ। ਮੇਰੀ ਬੀਵੀ ਦੇ ਨੇੜੇ ਹੋ ਕੇ ਕਹਿਣ ਲੱਗੀਆਂ ਕਿ ਉਨ੍ਹਾਂ ਦੇ ਬੱਚੇ ਸਾਡੇ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੇ ਗੋਡਿਆਂ ਨੇੜੇ ਖੜ੍ਹਾ ਕੀਤਾ ਤਾਂ ਉਹ ਵੀ ਬੁਰਕਿਆਂ ਸਮੇਤ ਉਨ੍ਹਾਂ ਦੇ ਪਿੱਛੇ ਆ ਖਲੋਤੀਆਂ ਤੇ ਉਨ੍ਹਾਂ ਨੇ ਰਾਹ ਜਾਂਦੇ ਬੰਦੇ ਨੂੰ ਆਪਣਾ ਕੈਮਰਾ ਫੜਾ ਕੇ ਫੋਟੋ ਖਿੱਚਣ ਲਈ ਮਨਾ ਲਿਆ। ਅਸਲ ਵਿੱਚ ਉਹ ਸਭ ਨੂੰ ਦੱਸਣਾ ਚਾਹੁੰਦੀਆਂ ਸਨ ਕਿ ਉਨ੍ਹਾਂ ਨੇ ਸਿੱਖ ਨਾਲ ਫੋਟੋ ਖਿਚਾਈ ਹੈ।
ਜਿੱਥੋਂ ਤੱਕ ਮਰਦਾਂ ਦਾ ਸਵਾਲ ਹੈ, ਉਹ ਤੁਹਾਨੂੰ ਜਾਨਣ ਨਾ ਜਾਨਣ, ਖੱਬਾ ਹੱਥ ਛਾਤੀ ਉੱਤੇ ਰੱਖ ਕੇ ਸੱਜੇ ਨਾਲ ਸਲਾਮ ਕੀਤੇ ਬਿਨਾਂ ਨਹੀਂ ਲੰਘਦੇ। ਜੇ ਤੁਸੀਂ ਇੱਕ ਵਾਰ ਵੀ ਪਾਕਿਸਤਾਨ ਹੋ ਆਓ ਤਾਂ ਜ਼ਿੰਦਗੀ ਭਰ ਦੀਆਂ ਸਲਾਮਾਂ ਲੈ ਆਓਗੇ। ਫੇਰੀ ਇੱਕ, ਸਲਾਮਾਂ ਲੱਖ।
ਪਾਕਿਸਤਾਨ ਦੀਆਂ ਉੱਚੀਆਂ ਨੀਵੀਆਂ ਤਾਂ ਮੁੱਕਣ ਵਾਲੀਆਂ ਨਹੀਂ ਪਰ ਬੰਗਲਾਦੇਸ਼ ਨੂੰ ਵਿਸਾਰਨਾ ਉਸ ਦੇਸ਼ ਦੀ ਸੁਤੰਤਰਤਾ ਨੂੰ ਨਕਾਰਨਾ ਹੋਵੇਗਾ। ਮੇਰਾ ਉੱਥੇ ਜਾਣ ਦਾ ਸਬੱਬ 1984 ਵਿੱਚ ਬਣਿਆ। ਉਦੋਂ ਮੇਰਾ ਮਿੱਤਰ ਲਾਲ ਕਰਮ ਚੰਦਾਨੀ ਢਾਕਾ ਵਿੱਚ ਤਾਇਨਾਤ ਸੀ। ਉਸ ਨੇ ਮੈਨੂੰ ਉੱਥੇ ਬੁਲਾ ਕੇ ਜਿਹੜਾ ਚਾਨਣ ਦਿੱਤਾ, ਉਹ ਵੀ ਕਮਾਲ ਹੈ। ਕਹਿਣ ਨੂੰ ਤਾਂ ਉੱਥੇ ਵੀ ਮੁਸਲਿਮ ਮਰਿਆਦਾ ਪ੍ਰਧਾਨ ਹੈ, ਪਰ ਰਹਿਣੀ-ਸਹਿਣੀ ਦਾ ਹਿੰਦੂਆਂ ਵਾਲੀ ਹੋਣਾ ਅੱਖਾਂ ਖੋਲ੍ਹਦਾ ਹੈ। ਔਰਤਾਂ ਸਾੜ੍ਹੀ ਪਹਿਨਦੀਆਂ, ਮੱਥੇ ’ਤੇ ਬਿੰਦੀ ਲਾਉਂਦੀਆਂ ਤੇ ਭਾਰਤੀ ਚੂੜੀਆਂ ਲਈ ਤਰਸਦੀਆਂ ਹਨ। ਦੁਕਾਨਾਂ ਦੇ ਸਾਰੇ ਸਾਈਨ ਬੋਰਡ ਬੰਗਲਾ ਭਾਸ਼ਾ ਵਿੱਚ ਹਨ। ਅਰਬੀ, ਫ਼ਾਰਸੀ ਅੱਖਰ ਕੇਵਲ ਮਸੀਤਾਂ ਤੇ ਮਜ਼ਾਰਾਂ ਉੱਤੇ ਦੇਖਣ ਨੂੰ ਮਿਲਦੇ ਹਨ। ਮੁਸਲਮਾਨ ਕੁੜੀਆਂ ਸਕੂਲੀ ਪੜ੍ਹਾਈ ਤੱਕ ਸਲਵਾਰ ਕਮੀਜ਼ ਪਹਿਨਦੀਆਂ ਹਨ ਪਰ ਵੱਡੀਆਂ ਹੋ ਕੇ ਇੱਕਦਮ ਸਾੜ੍ਹੀ ਪਹਿਨਣ ਲੱਗ ਜਾਂਦੀਆਂ ਹਨ। ਬੁਰਕੇ ਦਾ ਰਿਵਾਜ ਹੀ ਨਹੀਂ। ਪਰਦਾ ਵੀ ਘੱਟ ਵੱਧ ਹੀ ਕੀਤਾ ਜਾਂਦਾ ਹੈ।
ਬੰਗਲਾਦੇਸ਼ੀ ਧਰਮ-ਕਰਮ ਬਾਰੇ ਵੀ ਕੱਟੜ ਨਹੀਂ। ਉਨ੍ਹਾਂ ਦੀਆਂ ਮਸਜਿਦਾਂ ਉੱਤੇ ਰਵਾਇਤੀ ਗੁੰਬਦ ਦੇਖਣ ਨੂੰ ਨਹੀਂ ਮਿਲਦੇ। ਮਸਜਿਦਾਂ ਦੇ ਪਰਵੇਸ਼ ਦੁਆਰ ਨਵੀਨ ਨਿਰਮਾਣ ਕਲਾ ਦਾ ਵਧੀਆ ਨਮੂਨਾ ਹਨ। ਗੁੰਬਦਾਂ ਦੇ ਆਕਾਰ ਤੇ ਸਰੂਪ ਵੱਖੋ-ਵੱਖਰੇ ਹਨ। ਕਈ ਥਾਈਂ ਤਾਂ ਇਸਲਾਮੀ ਲੱਛਣ ਨਾ-ਮਾਤਰ ਹਨ। ਉਹ ਨਾਮ ਦੇ ਰਸੀਏ ਨਹੀਂ, ਕਲਾ ਦੇ ਰਸੀਏ ਹਨ।
1984 ਵਿੱਚ ਬੰਗਲਾਦੇਸ਼ ਨੂੰ ਸੁਤੰਤਰ ਹੋਇਆਂ 12 ਵਰ੍ਹੇ ਹੋਏ ਸਨ ਪਰ ਮੋਟਰ ਕਾਰਾਂ ਦੀ ਖ਼ਾਸ ਭੀੜ ਨਹੀਂ ਸੀ। ਉਂਝ ਰਿਕਸ਼ੇ ਦੇਖਣ ਵਾਲੇ ਸਨ। ਸਾਰੇ ਦੇ ਸਾਰੇ ਸਾਈਕਲ ਰਿਕਸ਼ੇ, ਘੁੰਗਰੂ, ਟੱਲੀਆਂ ਤੇ ਧਰਤੀ ਤੱਕ ਲਟਕਦੇ ਮਣਕਿਆਂ ਨਾਲ ਸ਼ਿੰਗਾਰੇ ਹੋਏ ਸਨ।
ਇੱਥੋਂ ਦੀ ਇੱਕ ਹੋਰ ਖ਼ੂਬੀ ਰਿਕਸ਼ਿਆਂ ਦੀ ਸਹਿਜ ਰਫ਼ਤਾਰ ਸੀ। ਕੋਈ ਵੀ ਇੱਕ ਦੂਜੇ ਦੇ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਸਭ ਇੱਕ ਦੂਜੇ ਦੇ ਬਰਾਬਰ ਚੱਲਦੇ ਸਨ ਤੇ ਕਈ ਹਾਲਾਤ ਵਿੱਚ ਗੱਲਾਂ ਵੀ ਕਰਦੇ ਜਾਂਦੇ ਸਨ। ਰਿਕਸ਼ਿਆਂ ਦੇ ਮਡਗਾਰਡਾਂ ਤੇ ਫਰੇਮਾਂ ਉੱਤੇ ਗੂੜ੍ਹੇ ਰੰਗ ਦੀ ਚਿੱਤਰਕਾਰੀ ਕੀਤੀ ਹੋਈ ਸੀ।
ਬਸ ਕਰਦਾ ਹਾਂ। ਕੱਲ੍ਹ ਨੂੰ ਕੀ ਹੋਵੇਗਾ, ਅਪਰੇਸ਼ਨ ਸਿੰਧੂਰ ਦੇ ਲੇਖੇ ਜੋਖੇ ਨੇ ਦੱਸਣਾ ਹੈ ਜਿਹੜਾ ਤੂਲ ਫੜ ਰਿਹਾ ਹੈ।