DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਧਦਾ ਵਾਤਾਵਰਨ ਸੰਕਟ ਪਰਲੋ ਨੂੰ ਸੱਦਾ

ਅਵਿਜੀਤ ਪਾਠਕ ਮੈਂ ਕਾਰ ਖਰੀਦਣ ਦੀ ਆਪਣੀ ਖਾਹਿਸ਼ ਦੱਬ ਲਈ ਹੈ ਤੇ ਹੁਣ ਜਦੋਂ ਕਦੇ ਮੈਂ ਬਾਹਰ ਜਾਂਦਾ ਹਾਂ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦਾ ਰਹਿੰਦਾ ਹਾਂ। ਮੈਂ ਤੁਰਨ ਫਿਰਨ ਦਾ ਸ਼ੁਕੀਨ ਹਾਂ ਅਤੇ ਇਹ ਦੇਖ ਕੇ ਮੈਨੂੰ ਚੰਗਾ ਅਹਿਸਾਸ...
  • fb
  • twitter
  • whatsapp
  • whatsapp
Advertisement

ਅਵਿਜੀਤ ਪਾਠਕ

ਮੈਂ ਕਾਰ ਖਰੀਦਣ ਦੀ ਆਪਣੀ ਖਾਹਿਸ਼ ਦੱਬ ਲਈ ਹੈ ਤੇ ਹੁਣ ਜਦੋਂ ਕਦੇ ਮੈਂ ਬਾਹਰ ਜਾਂਦਾ ਹਾਂ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦਾ ਰਹਿੰਦਾ ਹਾਂ। ਮੈਂ ਤੁਰਨ ਫਿਰਨ ਦਾ ਸ਼ੁਕੀਨ ਹਾਂ ਅਤੇ ਇਹ ਦੇਖ ਕੇ ਮੈਨੂੰ ਚੰਗਾ ਅਹਿਸਾਸ ਹੁੰਦਾ ਹੈ ਕਿ ਮੇਰੇ ਇਸ ਸਾਧਾਰਨ ਜਿਹੇ ਕਦਮ ਨਾਲ ਕਾਰਬਨ ਗੈਸਾਂ ਦੀ ਨਿਕਾਸੀ ਵਿਚ ਕੋਈ ਵਾਧਾ ਨਹੀਂ ਹੁੰਦਾ ਤੇ ਇੰਝ ਜਲਵਾਯੂ ਐਮਰਜੈਂਸੀ ਵਰਗੇ ਹਾਲਾਤ ਨਾਲ ਸਿੱਝਣ ਵਿਚ ਮੇਰਾ ਵੀ ਮਾਮੂਲੀ ਜਿਹਾ ਯੋਗਦਾਨ ਪੈਂਦਾ ਹੈ। ਉਂਝ, ਕਈ ਲੋਕਾਂ ਵਲੋਂ ਮੇਰੇ ਵਰਗੇ ਰਾਹਗੀਰਾਂ ਨੂੰ ਅਡਿ਼ੱਕਾ ਸਮਝਿਆ ਜਾਂਦਾ ਹੈ। ਆਖਿ਼ਰਕਾਰ, ਇੰਝ ਜਾਪਦਾ ਹੈ ਜਿਵੇਂ ਸਾਡੇ ਸਾਰੇ ਰਾਜਮਾਰਗ, ਲੇਨਾਂ ਬਾਇਲੇਨਾਂ ਸਿਰਫ਼ ਕਾਰਾਂ, ਮੋਟਰਬਾਈਕਾਂ ਤੇ ਹੋਰਨਾਂ ਵਾਹਨਾਂ ਲਈ ਬਣੇ ਹਨ। ਕੋਈ ਹੈਰਤ ਦੀ ਗੱਲ ਨਹੀਂ ਕਿ ਸੜਕ ’ਤੇ ਸ਼ਾਂਤੀ ਨਾਲ ਤੁਰਨਾ ਜਾਂ ਸੜਕ ਪਾਰ ਕਰਨੀ ਬੇਹੱਦ ਖ਼ਤਰਨਾਕ ਕੰਮ ਬਣ ਰਿਹਾ ਹੈ। ਇਸ ਵਿਰੋਧਾਭਾਸ ਨੂੰ ਦੇਖੋ: ਜੇ ਤੁਸੀਂ ਕਾਰਬਨ ਗੈਸਾਂ ਦੀ ਨਿਕਾਸੀ ਘਟਾਉਣ ਵਿਚ ਥੋੜ੍ਹਾ ਜਿਹਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਮ ਦੇ ਨਹੀਂ ਹੋ! ਹਾਲਾਂਕਿ ਸਾਇੰਸਦਾਨ ਅਤੇ ਵਾਤਾਵਰਨਵਾਦੀ ਸਾਨੂੰ ਵਾਰ-ਵਾਰ ਚੇਤਾ ਕਰਾ ਰਹੇ ਹਨ ਕਿ ਅੰਨ੍ਹੇਵਾਹ ਪੈਟਰੋਲ/ਡੀਜ਼ਲ ਫੂਕਣ ਕਰ ਕੇ ਦੁਨੀਆ ਲਈ ਜਲਵਾਯੂ ਐਮਰਜੈਂਸੀ ਜਿਹੇ ਹਾਲਾਤ ਪੈਦਾ ਹੋ ਗਏ ਹਨ ਪਰ ਅਸੀਂ ਦਰਖ਼ਤਾਂ ਦਾ ਵਢਾਂਗਾ ਕਰਨ, ਮੈਗਾ ਐਕਸਪ੍ਰੈਸਵੇਜ਼ ਉਸਾਰਨ, ਰਫ਼ਤਾਰ ਅਤੇ ਆਵਾਜਾਈ ਨੂੰ ਵਡਿਆਉਣ, ਵੱਡੀਆਂ ਤੋਂ ਵੱਡੀਆਂ ਕਾਰਾਂ ਖਰੀਦਣ ਤੋਂ ਬਾਜ਼ ਨਹੀਂ ਆ ਰਹੇ ਅਤੇ ਕਸਬਿਆਂ ਤੇ ਸ਼ਹਿਰਾਂ ਦਾ ਡਿਜ਼ਾਈਨ ਕੁਝ ਇਸ ਢੰਗ ਨਾਲ ਕਰਦੇ ਹਾਂ ਕਿ ਪੈਦਲ ਚੱਲਣਾ ਜਾਂ ਸਾਇਕਲਿੰਗ ਲਗਭਗ ਅਸੰਭਵ ਹੋ ਗਈ ਹੈ।

Advertisement

ਦਿੱਲੀ ਦੀ ਸਾਲ 2023 ਅੰਕੜਾ ਕਿਤਾਬਚਾ ਡਰਾਉਣੀ ਤਸਵੀਰ ਪੇਸ਼ ਕਰਦਾ ਹੈ। ਕੌਮੀ ਰਾਜਧਾਨੀ ਵਿਚ ਕੁੱਲ ਰਜਿਸਟਰਡ ਵਾਹਨਾਂ ਦੀ ਸੰਖਿਆ 1 ਕਰੋੜ 20 ਲੱਖ ਸੀ ਜਿਨ੍ਹਾਂ ’ਚੋਂ 33.8 ਫ਼ੀਸਦ ਵਾਹਨ ਪ੍ਰਾਈਵੇਟ ਸਨ। ਇਹ ਖੇਡ ਇੱਥੇ ਹੀ ਖ਼ਤਮ ਨਹੀਂ ਹੁੰਦੀ ਭਾਵੇਂ ਦਿੱਲੀ ਦੇ ਕੁੱਲ ਪ੍ਰਦੂਸ਼ਣ ਵਿਚ ਵਾਹਨਾਂ ਦੇ ਪ੍ਰਦੂਸ਼ਣ ਦਾ ਹਿੱਸਾ 38 ਫ਼ੀਸਦ ਅੰਗਿਆ ਜਾਂਦਾ ਹੈ। ਇਹ ਸਾਰੀ ਕਵਾਇਦ ਆਪਣੇ ਪੈਰੀਂ ਕੁਹਾੜੀ ਮਾਰਨ ਦੇ ਤੁੱਲ ਹੈ। ਮਿਸਾਲ ਦੇ ਤੌਰ ’ਤੇ ਬੰਗਲੌਰ ਦੀ ਹੋਣੀ ਦੀ ਕਲਪਨਾ ਕਰੋ। ਬੰਗਲੌਰ ਕਦੇ ਸ਼ਾਂਤਮਈ ਸ਼ਹਿਰ ਹੁੰਦਾ ਸੀ ਜੋ ਬਦਨਾਮ ਟਰੈਫਿਕ ਜਾਮਾਂ ਕਰ ਕੇ ਸ਼ੋਰੀਲਾ ਖੇਤਰ ਬਣ ਗਿਆ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ 23 ਲੱਖ ਪ੍ਰਾਈਵੇਟ ਕਾਰਾਂ ਹਨ ਅਤੇ ਲੋਕਾਂ ਨੂੰ ਮਹਿਜ਼ ਦਸ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਔਸਤਨ 30 ਮਿੰਟ ਲਗਦੇ ਹਨ!

ਅਸੀਂ ਕੁਚੱਕਰ ਵਿਚ ਫਸ ਗਏ ਹਾਂ: ਹੋਰ ਜਿ਼ਆਦਾ ਕਾਰਾਂ, ਜਿ਼ਆਦਾ ਟਰੈਫਿਕ ਘੜਮੱਸ, ਜਿ਼ਆਦਾ ਫਲਾਈਓਵਰ, ਹੋਰ ਜਿ਼ਆਦਾ ਐਕਸਪ੍ਰੈਸਵੇਜ਼, ਜਿ਼ਆਦਾ ਪ੍ਰਦੁਸ਼ਣ। ਫਿਰ ਵੀ ਟੈਕਨੋ-ਪੂੰਜੀਪਤੀ, ਠੇਕੇਦਾਰ ਅਤੇ ਸਿਆਸਤਦਾਨ ਛੇਤੀ ਹੀ ਇਕ ਹੋਰ ਐਕਸਪ੍ਰੈਸਵੇਅ ਦੇ ਉਦਘਾਟਨ ਦਾ ਗੁਣਗਾਨ ਕਰਦੇ ਰਹਿੰਦੇ ਹਨ। ਜਿਵੇਂ 264 ਕਿਲੋਮੀਟਰ ਲੰਮਾ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਤੁਹਾਨੂੰ ਸਿਰਫ਼ ਢਾਈ ਘੰਟੇ ਵਿਚ ਇਕ ਤੋਂ ਦੂਜੇ ਸ਼ਹਿਰ ਪਹੁੰਚਾ ਦੇਵੇਗਾ।

ਤੇ ਜਿਵੇਂ ਅਕਸਰ ਹੁੰਦਾ ਹੈ, ਅਸੀਂ ਕਿਸੇ ਫੈਂਸੀ ਕਾਰ ਦਾ ਨਵਾਂ ਨਕੋਰ ਮਾਡਲ ਖਰੀਦਣਾ ਚਾਹਾਂਗੇ ਤੇ ਇਸ ਐਕਸਪ੍ਰੈਸਵੇਅ ’ਤੇ ਕਾਰ ਦੁੜਾ ਕੇ ਸਾਡੇ ਸਮਿਆਂ ਦੇ ਰਫ਼ਤਾਰ ਦੇ ਰੁਮਾਂਚ ਦਾ ਅਹਿਸਾਸ ਕਰਨਾ ਚਾਹਾਂਗੇ ਅਤੇ ਫਿਰ ਹੋਰ ਜਿ਼ਆਦਾ ਰਫ਼ਤਾਰ ਦਾ ਝੱਸ ਪਾਲਣਾ ਚਾਹਾਂਗੇ। ਅਸੀਂ ਬੜੇ ਆਰਾਮ ਨਾਲ ਭੁੱਲ ਜਾਵਾਂਗੇ ਜਿਵੇਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਦੇ ਅੰਕਡਿ਼ਆਂ ਮੁਤਾਬਿਕ ਇਸ ਐਕਸਪ੍ਰੈਸਵੇਅ ਖਾਤਿਰ 7555 ਦਰੱਖ਼ਤ ਵੱਢੇ ਜਾ ਚੁੱਕੇ ਹਨ! ਉਂਝ ਵੀ ਦਰੱਖਤਾਂ ਦੀ ਕੀਹਨੂੰ ਪਈ ਹੈ?

ਇਸੇ ਤਰ੍ਹਾਂ ਵਿਕਾਸ ਦੇ ਆਧੁਨਿਕਤਾਵਾਦੀ ਪ੍ਰਾਜੈਕਟ ਵਿਚ ਛੁਪੀ ਰਫ਼ਤਾਰ ਅਤੇ ਆਵਾਜਾਈ ਦੀ ਖਿੱਚ ਨੇ ਭਾਰਤ ਵਿਚ ਘਰੋਗੀ ਸ਼ਹਿਰੀ ਹਵਾਬਾਜ਼ੀ ਮੁਸਾਫਿ਼ਰ ਆਵਾਜਾਈ ਵਿਚ ਭਾਰੀ ਵਾਧਾ ਲੈ ਆਂਦਾ ਹੈ; 2024 ਵਿਚ ਇਹ ਅੰਕੜਾ 15 ਕਰੋੜ ਮੁਸਾਫਿ਼ਰ ਪਾਰ ਕਰ ਜਾਣ ਦੀ ਆਸ ਹੈ। ਤਰੱਕੀ ਦੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਦੇ ਸੁਣਦਿਆਂ ਅਸੀਂ ਇਸ ਬਾਰੇ ਸੋਚਣ ਜਾਂ ਸਮਝਣ ਦੀ ਜ਼ਹਿਮਤ ਹੀ ਨਹੀਂ ਕਰਦੇ ਕਿ ਹਵਾਈ ਸਫ਼ਰ ਅਜਿਹੀ ਸਰਗਰਮੀ ਹੈ ਜਿਸ ਨਾਲ ਕਾਰਬਨ ਗੈਸਾਂ ਦੀ ਨਿਕਾਸੀ ਕਰ ਕੇ ਸਭ ਤੋਂ ਵੱਧ ਪ੍ਰਦੂਸ਼ਣ ਪੈਦਾ ਹੁੰਦਾ ਹੈ। ਲਗਦਾ ਹੈ, ਅਸੀਂ ਇਸ ਦੀ ਕੀਮਤ ਤਾਰਨ ਲਈ ਤਿਆਰ ਹਾਂ। ਅਸੀਂ ਆਪਣੇ ਮਹਾਂਨਗਰਾਂ ਵਿਚ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਾਂ, ਪਾਰਕਿੰਗ ਸਪੇਸ ਨੂੰ ਲੈ ਕੇ ਆਪਣੇ ਗੁਆਂਢੀ ਨਾਲ ਝਗੜਦੇ ਰਹਿੰਦੇ ਹਾਂ ਅਤੇ ਰਫ਼ਤਾਰ ਤੇ ਸ਼ੋਰ ਦੇ ਮਾਹੌਲ ਵਿਚ ਰਹਿਣ ਕਰ ਕੇ ਆਪਣਾ ਬੀਪੀ ਅਤੇ ਸ਼ੂਗਰ ਵਧਾ ਲੈਂਦੇ ਹਾਂ। ਰਫ਼ਤਾਰ ਅਤੇ ਆਵਾਜਾਈ ਦੇ ਇਸ ਖ਼ਬਤ ਜਿਸ ਦੇ ਲਖਾਇਕ ਐਕਸਪ੍ਰੈਸਵੇਜ਼ ਅਤੇ ਹਵਾਈ ਅੱਡੇ ਬਣ ਗਏ ਹਨ, ਨੂੰ ਆਪਣੇ ’ਤੇ ਹਾਵੀ ਨਹੀਂ ਦਿੱਤਾ। ਇਸ ਦੀ ਬਜਾਇ ਮੈਂ ‘ਧੀਮੀ ਰਫ਼ਤਾਰ’ ਦੀ ਤਾਲ ਦਾ ਮੱਦਾਹ ਹੋ ਗਿਆ ਹਾਂ।

ਰਫ਼ਤਾਰ ਦੀ ਸਾਡੀ ਲਲਕ ਦਾ ਇਕ ਹੋਰ ਸਿੱਟਾ ਹੈ ਖਪਤਵਾਦ ਦਾ ਮਹਿਮਾ ਮੰਡਨ। ‘ਇਕ ਖਰੀਦੋ, ਨਾਲ ਇਕ ਮੁਫ਼ਤ ਲੈ ਜਾਓ’ ਦਾ ਮੰਡੀ ਮੰਤਰ ਸਾਨੂੰ ਖਰੀਦਦਾਰੀ ਤੇ ਖ਼ਪਤ ਲਈ ਉਕਸਾਉਂਦਾ ਹੈ, ਫਿਰ ਇਹ ਕੋਈ ਇਲੈਕਟ੍ਰੌਨਿਕ ਸਾਜ਼ੋ-ਸਾਮਾਨ ਹੋਵੇ ਜਾਂ ਕੋਈ ਫ਼ੈਂਸੀ ਵਸਤਰ, ਆਲੂ ਚਿਪਸ ਦਾ ਪੈਕਟ ਹੋਵੇ ਜਾਂ ਡਿਟ੍ਰਜੈਂਟ ਪਾਊਡਰ ਜਾਂ ਫਿਰ ਕੋਈ ਨਵਾਂ ਸਮਾਰਟਫੋਨ।

ਖ਼ਪਤ ਦਾ ਇਹ ਰੁਝਾਨ ਵਾਤਾਵਰਨ ਨੂੰ ਹੋਰ ਜਿ਼ਆਦਾ ਪਲੀਤ ਕਰਦਾ ਹੈ। ਇਹ ਸਾਜ਼ੋ-ਸਾਮਾਨ ਜਿਨ੍ਹਾਂ ਫੈਕਟਰੀਆਂ ਵਿਚ ਤਿਆਰ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਚਲਾਉਣ ਅਤੇ ਫਿਰ ਇਸ ਦੀ ਢੋਆ-ਢੁਆਈ ਲਈ ਬਹੁਤ ਜਿ਼ਆਦਾ ਊਰਜਾ ਦੀ ਲੋੜ ਪੈਂਦੀ ਹੈ। ਇਸ ਨਾਲ ਕਾਰਬਨ ਗੈਸਾਂ ਦੀ ਨਿਕਾਸੀ ਹੁੰਦੀ ਹੈ। ਇਸ ਤਰ੍ਹਾਂ ਕੱਪੜਾ ਉਤਪਾਦਨ ਲਈ ਹਰ ਸਾਲ ਕਰੋੜਾਂ ਟਨ ਰਹਿੰਦ-ਖੂੰਹਦ ਪੈਦਾ ਹੁੰਦੀ ਹੈ ਅਤੇ ਬਹੁਤ ਥੋੜ੍ਹਾ ਜਿਹਾ ਕੱਪੜਾ ਹੀ ਰੀਸਾਈਕਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਵੇਂ-ਜਿਵੇਂ ਈ-ਕਾਮਰਸ ਨੇ ਡੱਬਾ ਬੰਦ ਪਦਾਰਥਾਂ ’ਤੇ ਸਾਡੀ ਨਿਰਭਰਤਾ ਵਧਾਈ ਹੈ, ਪਲਾਸਟਿਕ ’ਚ ਲਪੇਟੇ ਕਰੋੜਾਂ ਪੈਕੇਜ ਵੱਡੀ ਗਿਣਤੀ ’ਚ ਕਚਰੇ ਦਾ ਰੂਪ ਧਾਰ ਰਹੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਲਾਸਟਿਕ ਜੀਵਤ ਪ੍ਰਾਣੀਆਂ ਨੂੰ ਹਾਨੀਕਾਰਕ ਰਸਾਇਣਾਂ ਦੇ ਸੰਪਰਕ ’ਚ ਲਿਆਉਂਦੀ ਹੈ ਜਿਸ ਨਾਲ ਕੈਂਸਰ ਤੇ ਹੋਰ ਸਰੀਰਕ ਸਮੱਸਿਆਵਾਂ ਆ ਸਕਦੀਆਂ ਹਨ। ਇਸੇ ਤਰ੍ਹਾਂ ਇਲੈਕਟ੍ਰੌਨਿਕ ਵਸਤਾਂ ਵਿਚ ਵੀ ਕੁਝ ਅਜਿਹੀਆਂ ਧਾਤਾਂ ਹੁੰਦੀਆਂ ਹਨ ਜੋ ਅਖੀਰ ’ਚ ਕੂੜੇ ਦੇ ਢੇਰਾਂ ’ਤੇ ਸੁੱਟੀਆਂ ਮਿਲਦੀਆਂ ਹਨ। ਇਸ ਤੋਂ ਇਲਾਵਾ ਪਲਾਸਟਿਕ ਕਚਰੇ ਦੇ ਸਮੁੰਦਰ ’ਚ ਸੁੱਟੇ ਜਾਣ ਦੀ ਸੰਭਾਵਨਾ ਰਹਿੰਦੀ ਹੈ ਜਿਸ ਨਾਲ ਸਮੁੰਦਰੀ ਜੀਵਾਂ ਦਾ ਗੰਭੀਰ ਨੁਕਸਾਨ ਹੁੰਦਾ ਹੈ।

ਫਿਰ ਵੀ ਪੂੰਜੀਵਾਦ ਦਾ ਸਿਧਾਂਤ ਸਾਨੂੰ ਹੋਰ ਖ਼ਰੀਦਣ, ਹੋਰ ਹੰਢਾਉਣ ਲਈ ਲੁਭਾਉਂਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਧਰਤੀ ਦੇ ਵਾਤਾਵਰਨ ਦਾ ਨੁਕਸਾਨ ਕਰਦਾ ਹੈ। ਜਦ ਤੁਸੀਂ ਸ਼ਾਪਿੰਗ ਮਾਲ ਜਾਂਦੇ ਹੋ, ਵਿਸ਼ੇਸ਼ ‘ਪੇਸ਼ਕਸ਼ਾਂ ਤੇ ਛੋਟਾਂ’ ਦੇ ਸੁਨੇਹੇ ਪ੍ਰਾਪਤ ਹੁੰਦੇ ਹਨ ਤੇ ਸ਼ਾਪਿੰਗ ਤੇ ਖ਼ਰੀਦਦਾਰੀ ਨੂੰ ਸਮੂਹਿਕ ਮਨੋਰੰਜਨ ਸਮਝਿਆ ਜਾਂਦਾ ਹੈ, ਉਦੋਂ ਬੰਦੇ ਨੂੰ ਅਹਿਸਾਸ ਹੁੰਦਾ ਹੈ ਕਿ ਖਪਤਵਾਦ ਸਾਡੇ ਸਮਿਆਂ ਦਾ ਸਭ ਤੋਂ ਪਸੰਦੀਦਾ ਮਜ਼ਹਬ ਬਣ ਚੁੱਕਾ ਹੈ। ਫਿਰ ਵੀ ਮੈਨੂੰ ਤਾਂਘ ਰਹਿੰਦੀ ਹੈ ਕਿ ਘੱਟੋ-ਘੱਟ ਨਾਲ ਗੁਜ਼ਾਰਾ ਕੀਤਾ ਜਾਵੇ।

ਮੈਂ ਜਾਣਦਾ ਹਾਂ ਕਿ ਮੇਰੀ ‘ਧੀਮੀ ਜਿ਼ੰਦਗੀ’ ਜਾਂ ‘ਘੱਟੋ-ਘੱਟ ਨਾਲ ਗੁਜ਼ਾਰੇ ਦੀ ਪਹੁੰਚ’ ਨਾਲ ਮੇਰੇ ਆਲੇ-ਦੁਆਲੇ ਵਾਪਰ ਰਹੀਆਂ ਚੀਜ਼ਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ- ਜਲਵਾਯੂ ਆਫ਼ਤ ਦੇ ਸਾਫ਼ ਨਜ਼ਰ ਆਉਂਦੇ ਲੱਛਣ ਤੇ ਨਾਲ ਹੀ ਇਸ ਦੇ ਤਬਾਹਕੁਨ ਸਿੱਟੇ: ਗਰੀਨ ਹਾਊਸ ਗੈਸਾਂ ਦੀ ਲਗਾਤਾਰ ਨਿਕਾਸੀ ਨਾਲ ਔਸਤ ਆਲਮੀ ਤਾਪਮਾਨ ’ਚ 1.1-1.2 ਡਿਗਰੀ ਸੈਲਸੀਅਸ ਤੱਕ ਵਾਧੇ ਦਾ ਖ਼ਤਰਾ, ਪਿਘਲ ਰਹੇ ਗਲੇਸ਼ੀਅਰ, ਵਧਦੀ ਜਾ ਰਹੀ ਗਰਮੀ, ਵਾਰ-ਵਾਰ ਆ ਰਹੇ ਭਿਆਨਕ ਹੜ੍ਹ ਤੇ ਤੂਫਾਨ, ਜੰਗਲਾਂ ਨੂੰ ਸੁਆਹ ਕਰ ਰਹੀ ਅੱਗ ਤੇ ਮਨੁੱਖੀ ਜਾਨਾਂ ਦਾ ਨੁਕਸਾਨ।

ਸਾਨੂੰ ਬਹੁਤ ਵੱਡੇ ਪੱਧਰ ’ਤੇ ਢਾਂਚਾਗਤ ਤਬਦੀਲੀ ਲਈ ਕੋਸ਼ਿਸ਼ ਕਰਨ ਦੀ ਲੋੜ ਹੈ ਜਿਸ ਲਈ ਦੁਨੀਆ ਦੇ ਆਗੂਆਂ, ਨੀਤੀ ਘਾਡਿ਼ਆਂ ਤੇ ਕਾਰਪੋਰੇਟ ਵਰਗ ਨੂੰ ਇਤਿਹਾਸਕ ਪੈਰਿਸ ਸਮਝੌਤੇ ਨੂੰ ਗੰਭੀਰਤਾ ਨਾਲ ਲੈਣਾ ਪਏਗਾ ਅਤੇ ਵਿਕਾਸ ਤੇ ਆਰਥਿਕ ਤਰੱਕੀ ਦੇ ਤੌਰ-ਤਰੀਕੇ ਮੁੜ ਤੋਂ ਵਿਚਾਰਨੇ ਪੈਣਗੇ ਤਾਂ ਕਿ ਆਲਮੀ ਗਰੀਨਹਾਊਸ ਗੈਸ ਨਿਕਾਸੀ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕੇ ਪਰ ਕੋਈ ਵੀ ਵੱਡੀ ਕ੍ਰਾਂਤੀ ਉਦੋਂ ਤੱਕ ਨਹੀਂ ਹੋ ਸਕਦੀ ਜਦ ਤੱਕ ਤੁਹਾਡੇ ਤੇ ਮੇਰੇ ਵਰਗੇ ਲੋਕ ਵੀ ਕਾਰਬਨ ਨਿਕਾਸੀ ਘਟਾਉਣ ਲਈ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਨਹੀਂ ਕਰਦੇ, ਸਰਕਾਰ ’ਤੇ ਦਬਾਅ ਨਹੀਂ ਬਣਾਉਂਦੇ ਅਤੇ ਆਪਣੀ ਧਰਤੀ ਨੂੰ ਤਬਾਹੀ ਤੋਂ ਬਚਾਉਣ ਲਈ ਕੋਈ ਅੰਦੋਲਨ ਨਹੀਂ ਵਿੱਢਦੇ।

Advertisement
×