DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀੜ੍ਹੀ ਪਾੜਾ: ਤਕਰਾਰ ਤੋਂ ਸੰਵਾਦ ਵੱਲ

ਡਾ. ਸ਼ਿਆਮ ਸੁੰਦਰ ਦੀਪਤੀ ਪੀੜ੍ਹੀ ਪਾੜਾ ਮਤਲਬ ਨੌਜਵਾਨ ਅਤੇ ਵੱਡੀ ਉਮਰ ਦੇ ਉਨ੍ਹਾਂ ਦੇ ਗਾਰਡੀਅਨ, ਸਰਪ੍ਰਸਤ ਵਿਚਕਾਰ ਤਕਰਾਰ ਜੋ ਇਤਿਹਾਸਕ ਵਰਤਾਰਾ ਹੈ। ਇਤਿਹਾਸ ਦਾ ਕੋਈ ਵੀ ਦੌਰ ਅਜਿਹਾ ਨਹੀਂ ਲੱਭੇਗਾ ਜਦੋਂ ਦੋਹਾਂ ਪੀੜ੍ਹੀਆਂ ਦੇ ਆਪਸੀ ਤਕਰਾਰ ਦੇ ਕਿੱਸੇ ਨਾ ਮਿਲਦੇ...
  • fb
  • twitter
  • whatsapp
  • whatsapp
Advertisement

ਡਾ. ਸ਼ਿਆਮ ਸੁੰਦਰ ਦੀਪਤੀ

ਪੀੜ੍ਹੀ ਪਾੜਾ ਮਤਲਬ ਨੌਜਵਾਨ ਅਤੇ ਵੱਡੀ ਉਮਰ ਦੇ ਉਨ੍ਹਾਂ ਦੇ ਗਾਰਡੀਅਨ, ਸਰਪ੍ਰਸਤ ਵਿਚਕਾਰ ਤਕਰਾਰ ਜੋ ਇਤਿਹਾਸਕ ਵਰਤਾਰਾ ਹੈ। ਇਤਿਹਾਸ ਦਾ ਕੋਈ ਵੀ ਦੌਰ ਅਜਿਹਾ ਨਹੀਂ ਲੱਭੇਗਾ ਜਦੋਂ ਦੋਹਾਂ ਪੀੜ੍ਹੀਆਂ ਦੇ ਆਪਸੀ ਤਕਰਾਰ ਦੇ ਕਿੱਸੇ ਨਾ ਮਿਲਦੇ ਹੋਣ, ਦੋਵੇਂ ਆਹਮੋ-ਸਾਹਮਣੇ ਨਾ ਹੋਏ ਹੋਣ। ਇਹ ਤਕਰਾਰ ਅਜਿਹਾ ਸੰਵਾਦ ਹੈ ਜਿਸ ਵਿਚ ਦੋਵੇਂ ਧਿਰਾਂ ਬਜਿ਼ਦ ਹਨ ਕਿ ਉਨ੍ਹਾਂ ਦੀ ਗੱਲ ਸਹੀ ਹੈ ਤੇ ਉਹ ਇੰਨੇ ਅੜੀਅਲ ਹਨ ਕਿ ਆਪਣੇ ਗੱਲ ਨੂੰ ਸਹੀ ਕਰਾਰ ਦੇਣ ’ਤੇ ਤੁਲੇ ਹੁੰਦੇ ਹਨ। ਤਕਰਾਰ ਦਾ ਕਿਤੇ ਵੀ ਕੋਈ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ। ਇਹ ਕਹਾਣੀ ਪੀੜ੍ਹੀ ਦਰ ਪੀੜ੍ਹੀ ਦੁਹਰਾਈ ਜਾਂਦੀ ਹੈ।

ਇਹ ਤਕਰਾਰ ਕਿਉਂ ਹੈ? ਦੋਵੇਂ ਧਿਰਾਂ ਅੜੀਅਲ ਕਿਉਂ ਹਨ? ਇਹ ਨਹੀਂ ਕਿ ਅਜੋਕੇ ਸਮੇਂ ਵਿਚ ਸਮਾਜ ਮਨੋਵਿਗਿਆਨ ਦੇ ਮਾਹਿਰਾਂ ਨੇ ਇਸ ਨੂੰ ਸਮਝਣ ਦੀ ਕੋਸ਼ਬਿ ਨਹੀਂ ਕੀਤੀ; ਜ਼ਰੂਰ ਕੀਤੀ ਹੈ ਤੇ ਉਨ੍ਹਾਂ ਨੇ ਕਈ ਅਹਿਮ ਪਹਿਲੂ ਉਭਾਰੇ ਹਨ, ਉਸ ਸਮਝ ਸਦਕਾ ਕਈ ਸਾਰਥਕ ਸਿੱਟੇ ਵੀ ਸਾਹਮਣੇ ਆਏ ਹਨ। ਇਸ ਲਈ ਇਹ ਨਹੀਂ ਕਹਿ ਸਕਦੇ ਕਿ ਇਹ ਤਕਰਾਰ, ਇਹ ਪੀੜ੍ਹੀ ਪਾੜਾ ਲਾਇਲਾਜ ਹੈ।

Advertisement

ਵੱਡਿਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਉਹ ਤਕਰੀਬਨ ਵੀਹ-ਤੀਹ ਸਾਲ ਵੱਡੇ ਹਨ। ਉਹ ਵੀ ਨੌਜਵਾਨੀ ਦੀ ਅਵਸਥਾ ਵਿਚੋਂ ਲੰਘੇ ਹਨ। ਉਨ੍ਹਾਂ ਕੋਲ ਆਪਣੇ ਸਮੇਂ ਦਾ ਅਤੇ ਹੋਰ ਲੋਕਾਂ ਤੋਂ ਸੁਣੇ ਵਰਤਾਰਿਆਂ ਦਾ ਤਜਰਬਾ ਹੈ। ਤਜਰਬਾ ਯਕੀਨਨ ਬੰਦੇ ਨੂੰ ਵੱਧ ਅਕਲਮੰਦ ਬਣਾਉਂਦਾ-ਸਿਖਾਉਂਦਾ ਹੈ। ਇਸ ਲਈ ਉਹ ਆਪਣੀ ਇਸ ਸਿਆਣਪ ਦੀ ਦੁਹਾਈ ਪਾਉਂਦੇ ਹਨ ਤੇ ਆਪਣਾ ਹੱਥ ਉਪਰ ਰੱਖਦੇ ਹਨ। ਦੂਸਰੇ ਪਾਸੇ ਨੌਜਵਾਨ ਦੇ ਦਿਮਾਗ ਵਿਚ ਹੁੰਦਾ ਹੈ ਕਿ ਇਹ ਵੀਹ-ਤੀਹ ਸਾਲ ਪੁਰਾਣੇ ਹਨ, ਜ਼ਮਾਨਾ ਕਿੱਥੇ ਦਾ ਕਿੱਥੇ ਪਹੁੰਚ ਗਿਆ। ਇਹ ਦਕਿਆਨੂਸੀ ਗੱਲਾਂ ਕਰ ਰਹੇ ਹਨ ਜਿਨ੍ਹਾਂ ਦਾ ਅਜੋਕੇ ਸਮੇਂ ਵਿਚ ਕੋਈ ਮਤਲਬ ਨਹੀਂ ਹੈ। ਇਹ ਤਕਰਾਰ ‘ਅਜੋਕੇ ਸਮੇਂ’ ਅਤੇ ‘ਸਾਡੇ ਸਮੇਂ’ ਦਾ ਵੀ ਹੈ। ਪਿਛੋਕੜ ਅਤੇ ਅੱਜ ਦਾ ਹੈ। ਇਸ ਤਰੀਕੇ ਨਾਲ ਨੌਜਵਾਨਾਂ ਨੂੰ ਵੱਡੇ ਲੋਕ ਦਕਿਆਨੂਸੀ, ਲਕੀਰ ਦੇ ਫਕੀਰ ਲੱਗਦੇ ਹਨ ਅਤੇ ਵੱਡਿਆਂ ਨੂੰ ਨੌਜਵਾਨ ਨਾਸਮਝ, ਹੋਛੇ, ਹੁਲੜਬਾਜ਼ ਲੱਗਦੇ ਹਨ।

ਦੋਹਾਂ ਨੂੰ ਆਪਸ ਵਿਚ ਰਲਾ ਕੇ ਜੇ ਨਤੀਜਾ ਕੱਢਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਦੋ ਪਹਿਲੂ ਉਭਰ ਕੇ ਸਾਹਮਣੇ ਆਉਂਦੇ ਹਨ। ਇਹ ਗੱਲ ਤਾਂ ਸਾਰੇ ਸਮਝਦੇ ਅਤੇ ਮੰਨਦੇ ਹਨ ਕਿ ਵੀਹ-ਤੀਹ ਸਾਲ ਦੇ ਵਕਫੇ ਵਿਚ ਸਮਾਜ ਵਿਚ ਤਬਦੀਲੀ ਹੁੰਦੀ ਹੈ। ਤਬਦੀਲੀ ਹੁੰਦੀ ਹੈ ਤਾਂ ਵਿਚਾਰ ਵੀ ਪ੍ਰਭਾਵਿਤ ਹੁੰਦੇ ਹਨ ਭਾਵੇਂ ਤਕਨੀਕ ਦੀ ਤਬਦੀਲੀ ਦੀ ਰਫਤਾਰ ਮੁਤਾਬਕ ਵਿਚਾਰ ਨਹੀਂ ਬਦਲਦੇ। ਖਾਣ-ਪੀਣ, ਕੱਪੜੇ ਆਦਿ ਤਾਂ ਫੈਸ਼ਨ ਦੇ ਨਾਂ ’ਤੇ ਛੇਤੀ ਛੇਤੀ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਪਰ ਰੀਤੀ ਰਿਵਾਜ਼ਾਂ ਦੇ ਨਾਂ ’ਤੇ ਆਪਸੀ ਬਹਿਸ ਵਿਚ ਉਨ੍ਹਾਂ ਨੂੰ ਫਾਲਤੂ ਅਤੇ ਬੇਮਤਲਬ ਕਹੇ ਜਾਣ ਦੇ ਬਾਵਜੂਦ ਉਹ ਛੇਤੀ ਕੀਤਿਆਂ ਛੱਡੇ ਨਹੀਂ ਜਾਂਦੇ।

ਜਿਉਂ ਜਿਉਂ ਬੰਦਾ ਆਪਣੀ ਜ਼ਿੰਦਗੀ ਦੇ ਪੜਾਅ ਪਾਰ ਕਰਦਾ ਹੈ, ਆਪਣੀਆਂ ਯਾਦਾਂ ਦੇ ਸਹਾਰੇ ਰਹਿਣਾ ਸ਼ੁਰੂ ਕਰ ਦਿੰਦਾ ਹੈ। ਉਹ ਯਾਦਾਂ ਉਸ ਨੂੰ ਸਜ਼ਾ ਵੀ ਦਿੰਦੀਆਂ ਹਨ। ਨੌਜਵਾਨੀ ਨਵੀਂ ਸੋਚ ਦਾ ਸਮਾਂ ਹੈ ਤੇ ਤਜਰਬੇ ਕਰਨ ਦਾ ਵੀ। ਨਵੇਂ ਤੋਂ ਨਵੇਂ ਤਰੀਕੇ ਅਪਣਾਉਣ ਦਾ। ਉਨ੍ਹਾਂ ਨੂੰ ਆਪਣੇ ਸਾਥੀਆਂ ਤੋਂ ਇਹ ਵੀ ਸੁਣਨਾ ਪੈਂਦਾ ਹੈ: ‘ਕਰ ਲੈ, ਕਰ ਕੇ ਦੇਖ, ਹੁਣ ਨਹੀਂ ਕਰੇਂਗਾ ਤਾਂ ਫਿਰ ਕਦੋਂ ਕਰੇਂਗਾ’। ਦੂਸਰੇ ਪਾਸੇ ਉਮਰ ਵਧਣ ਨਾਲ ਦੋ-ਚਾਰ ਦੋਸਤ ਜੋ ਮਿਲਣ ਦੀ ਲਗਾਤਾਰਤਾ ਬਣਾਈ ਰੱਖਦੇ ਹਨ, ਆਪਣੇ ਸਮੇਂ ਵਿਚ ਮੁੜ ਮੁੜ ਪਹੁੰਚ ਕੇ ਆਨੰਦਤ ਹੁੰਦੇ ਹਨ। ‘ਉਹ ਕੀ ਦਿਨ ਸੀ’, ‘ਸਾਡਾ ਸਮਾਂ’ ਤੇ ਫਿਰ ਨੌਜਵਾਨਾਂ ਦੇ ਨਵੇਂ ਅੰਦਾਜ਼ ਨੂੰ ਆਪਣੇ ਢੰਗ ਨਾਲ ਟਿੱਚਰਾਂ ਕਰਦੇ ਹਨ।

ਕਹਾਵਤ ਹੈ- ‘ਮੁੰਡੇ ਜੰਮਣ ਤੇ ਕੰਧਾਂ ਕੰਬਣ’। ਇਹ ਕਿਸ ਸਮੇਂ ਦੌਰਾਨ ਹੋਂਦ ਵਿਚ ਆਈ, ਇਹ ਤਾਂ ਸਹੀ ਨਹੀਂ ਕਹਿ ਸਕਦੇ ਪਰ ਅੰਦਾਜ਼ਾ ਲਗਾ ਸਕਦੇ ਹਾਂ; ਇਸ ਦਾ ਭਾਵ ਹੈ ਕਿ ਮੁੰਡੇ ਹੋਵੇਗਾ, ਵੰਡ ਹੋਵੇਗੀ। ਘਰ ਦੇ ਦੋ ਭਾਗ ਹੋਣ ਜਾਂ ਵੱਧ। ਕੰਧਾਂ ਉਸਰਨਗੀਆਂ, ਪੁਰਾਣੀਆਂ ਕੰਧਾਂ ਹਿੱਲਣਗੀਆਂ। ਹੁਣ ਭਾਵੇਂ ਬੱਚਾ ਇਕ ਹੀ ਹੋਵੇ ਤਾਂ ਵੀ ਪਿਤਾ ਤੋਂ ਅੱਡ ਹੋ ਜਾਂਦਾ ਹੈ। ਨਹੀਂ ਤਾਂ ਨਵੀਂ ਸੋਚ ਅਤੇ ਤਕਨੀਕ ਤਹਿਤ ਕਮਰਿਆਂ ਦੀ ਸ਼ਕਲ ਬਦਲਣ ਦੀ ਚਾਹਤ ਵੀ ਹੁੰਦੀ ਹੈ। ਇਹ ਸਭ ਅਸੀਂ ਆਲੇ-ਦੁਆਲੇ ਦੇਖ ਸਕਦੇ ਹਨ। ਜੋ ਵੀ ਹੈ ਪਰ ਇਹ ਵਰਤਾਰਾ ਇੰਨਾ ਸਹਿਜ ਨਹੀਂ।

ਜਦੋਂ ਪਰਿਵਾਰ ਹੈ ਤਾਂ ਉਸ ਦੇ ਕੁਝ ਰੀਤ ਰਿਵਾਜ਼ ਹਨ। ਰੀਤ ਰਿਵਾਜ਼ ਦੇ ਪਹਿਲੂ ਜੇ ਪਸੰਦ ਨਹੀਂ ਤਾਂ ਵੀ ਸਭ ਦੇ ਮਿਲ ਕੇ ਰਹਿਣ ਦਾ ਇਕ ਢੰਗ ਹੈ, ਕੋਈ ਅਨੁਸ਼ਾਸਨ ਅਪਣਾਉਣਾ ਹੁੰਦਾ ਹੈ। ਸਮਾਜ ਨੇ ਸਾਰੇ ਮੈਂਬਰਾਂ ਦੀ ਭੂਮਿਕਾ ਤੈਅ ਕੀਤੀ ਹੈ, ਜਾਂ ਸਭ ਤੋਂ ਕੁਝ ਨਾ ਕੁਝ ਆਸ-ਉਮੀਦ ਕੀਤੀ ਜਾਂਦੀ ਹੈ। ਮਾਂ ਦੀ ਭੂਮਿਕਾ ਅਲਗ ਹੈ, ਪਿਤਾ ਦੀ ਅਲਗ। ਇਸੇ ਤਰ੍ਹਾਂ ਭੈਣ-ਭਰਾ ਤੋਂ ਵੀ ਕੁਝ ਵਿਹਾਰਕ ਉਮੀਦਾਂ ਹੁੰਦੀਆਂ ਹਨ।

ਸਮੇਂ ਦੀ ਤਬਦੀਲੀ ਦੌਰਾਨ ਤਕਨੀਕ ਦੀ ਵੱਡੀ ਭੂਮਿਕਾ ਹੈ। ਰੇਡੀਉ ਦੀ ਸੂਚਨਾ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਯੁੱਗ ਤਕ, ਇਹ ਸਮਾਂ ਕੋਈ ਬਹੁਤ ਲੰਮਾ ਨਹੀਂ ਪਰ ਤਬਦੀਲੀ ਕਈ ਗੁਣਾ ਹੋਈ ਹੈ। ਅੱਜ ਇਕ ਪੀੜ੍ਹੀ ਅਜਿਹੀ ਵੀ ਹੈ ਜਿਸ ਨੇ ਇਹ ਸਾਰੇ ਦੌਰ ਦੇਖੇ ਹਨ ਤੇ ਕਈ ਅਜਿਹੇ ਹਨ ਜੋ ਮੋਬਾਈਲ ਨੂੰ ਆਪਣੇ ਹੱਥ ਵਿਚ ਲੈ ਕੇ ਪੈਦਾ ਹੋਏ ਹਨ। ਦੋਵੇਂ ਆਹਮੋ-ਸਾਹਮਣੇ ਹਨ। ਕਿਸੇ ਵਕਤ ਪੀੜ੍ਹੀ ਪਾੜਾ ਵੀਹ-ਤੀਹ ਸਾਲ ਮੰਨਿਆ ਜਾਂਦਾ ਸੀ ਜੋ ਹੁਣ ਪੰਜ ਤੋਂ ਦਸ ਸਾਲ ਹੋ ਗਿਆ ਹੈ। ਪੰਜ ਸਾਲ ਛੋਟਾ ਭਰਾ ਵੱਡੇ ਭਰਾ ਤੋਂ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ, ‘ਤੂੰ ਕੱਲ੍ਹ ਦਾ ਬੱਚਾ ਹੈਂ, ਤੈਨੂੰ ਕੁਝ ਨਹੀਂ ਪਤਾ’ ਤੇ ਛੋਟਾ ਭਰਾ ਇਹ ਸੁਣਨ ਨੂੰ ਤਿਆਰ ਨਹੀਂ। ਇਹੀ ਸਥਿਤੀ ਨੌਜਵਾਨਾਂ ਅਤੇ ਵੱਡੇ ਲੋਕਾਂ ਵਿਚ ਪੀੜ੍ਹੀ ਪਾੜਾ ਬਣਦੀ ਰਹੀ ਹੈ ਜਾਂ ਬਣ ਰਹੀ ਹੈ।

ਇਸ ਤਕਨੀਕ ਨਾਲ ਪੜ੍ਹਾਈ, ਘਰੋਂ ਬਾਹਰ ਜਾਣ ਦੀ ਪ੍ਰਵਿਰਤੀ, ਘਰ ਤੋਂ ਵੀ ਅੱਗੇ ਸ਼ਹਿਰੋਂ ਬਾਹਰ ਤੇ ਹੁਣ ਵਿਦੇਸ਼ੀ ਧਰਤੀ ’ਤੇ ਪਹੁੰਚਣ ਦੀ ਹੋੜ ਤੇ ਉਹ ਵੀ ਵੀਹ ਸਾਲ ਦੀ ਉਮਰ ’ਚ। ਸਭਿਆਚਾਰ ਦੇ ਆਦਾਨ-ਪ੍ਰਦਾਨ ਰਾਹੀਂ ਕਈ ਕੁਝ ਨਵਾਂ ਜੁੜਦਾ ਹੈ ਤਾਂ ਕਈ ਕੁਝ ਛੁੱਟਦਾ ਵੀ ਹੈ ਪਰ ਹਸ਼ਰ ਇਹ ਦੇਖਣ ਨੂੰ ਮਿਲਦਾ ਹੈ ਕਿ ਉਹ ਪਰਿਵਾਰ ਵਿਚ ਤਕਰਾਰ ਦਾ ਕਾਰਨ ਬਣਦਾ ਹੈ। ਜਿਥੇ ਨੌਜਵਾਨ ਨਾਸਮਝ ਤੇ ਹੋਛੇ ਹਨ ਤਾਂ ਬਜ਼ੁਰਗਾਂ-ਸਿਆਣਿਆਂ ਨੂੰ ਵੀ ਇਹ ਗੱਲ ਕਬੂਲ ਕਰਨ ਦੀ ਸਿਖਲਾਈ ਨਹੀਂ ਕਿ ਇਹ ਬੱਚੇ ਜੋ ਅਸੀਂ ਹੀ ਘਰ ਤੋਂ ਬਾਹਰ, ਹੋਰ ਧਰਤੀਆਂ ਤਲਾਸ਼ਣ ਲਈ ਭੇਜੇ ਹਨ, ਕੁਝ ਨਵਾਂ ਸਿੱਖ ਕੇ ਆਏ ਹਨ। ਨਵੇਂ ਸਿੱਖੇ ਨੂੰ ਅਪਣਾਉਣਾ ਹੋਰ ਗੱਲ ਹੈ ਪਰ ਉਨ੍ਹਾਂ ਨੂੰ ਸੁਣਨ ਦਾ ਮਾਦਾ ਵੀ ਨਹੀਂ ਹੈ। ਤਕਰਾਰ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ। ਕੁਝ ਵੀ ਨਵਾਂ ਨਾ ਕਬੂਲਣਾ, ਹਰ ਨਵੀਂ ਚੀਜ਼ ਨੂੰ ਨਕਾਰਨਾ ਜਿਵੇਂ ਆਦਤ ਦਾ ਹਿੱਸਾ ਬਣਾ ਲਿਆ ਜਾਂਦਾ ਹੈ। ਤੇਜ਼ ਰਫਤਾਰ ਜ਼ਮਾਨੇ ਨੂੰ ਸਾਰੇ ਕਬੂਲਦੇ ਹਨ। ਸਾਈਕਲ ਦੀ ਥਾਂ ਕਾਰ-ਸਕੂਟਰ ਸਾਰੇ ਹੀ ਮਾਨਣਾ ਚਾਹੁੰਦੇ ਹਨ। ਘਰ ਵਿਚ ਦੋਰੀ-ਸੋਟੇ ਦੀ ਥਾਂ ਮਿਕਸਰ ਦੇਖ ਕੇ ਖਿਝ ਚੜ੍ਹਨ ਦਾ ਕੋਈ ਮਤਲਬ ਨਹੀਂ ਬਣਦਾ।

ਜੇ ਗੱਲ ਕਰੀਏ ਤਾਂ ਵਿਗਿਆਨ ਦੀਆਂ ਕਾਢਾਂ ਜਿਨ੍ਹਾਂ ਸਾਡੀ ਜ਼ਿੰਦਗੀ ਸੁਖਾਲੀ ਬਣਾਈ ਹੈ, ਉਹ ਤਾਂ ਪਸੰਦ ਹਨ ਪਰ ਜਿਥੋਂ ਤੱਕ ਸੋਚ ਦਾ ਸਵਾਲ ਹੈ, ਉਹ ਉਹੀ ਪੁਰਾਣੀ ਹੈ। ਸਕੂਲ ਖੁੱਲ੍ਹੇ, ਕਾਲਜਾਂ ਵਿਚ ਜਾਣ ਦੀ ਗਿਣਤੀ ਵਧੀ। ਨਵੇਂ ਕੰਮ-ਧੰਦੇ ਸ਼ੁਰੂ ਹੋਏ। ਕੁੜੀਆਂ ਵੀ ਘਰੋਂ ਬਾਹਰ ਪੈਰ ਰੱਖਣ ਜੋਗੀਆਂ ਹੋਈਆਂ। ਘਰੇ ਪੜ੍ਹੀ ਲਿਖੀ ਕਮਾਊ ਨੂੰਹ ਆਈ। ਇਥੋਂ ਤੱਕ ਤਾਂ ਠੀਕ ਹੈ ਪਰ ਮੁੰਡਾ ਕੁੜੀ ਕਾਲਜ ਵਿਚ ਇਕੱਠੇ ਪੜ੍ਹਦੇ ਜਾਂ ਕਿਸੇ ਰੈਸਟੋਰੈਂਟ ਵਿਚ ਬੈਠ ਕੇ ਚਾਹ ਪੀਂਦੇ, ਉਹ ਪਸੰਦ ਨਹੀਂ। ਇਥੇ ਫਿਰ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਜੋ ਨੌਜਵਾਨਾਂ ਨੂੰ ਵੱਧ ਪਰੇਸ਼ਾਨ ਕਰਦੀ ਹੈ ਜੋ ਪਹਿਲਾਂ ਵੱਡਿਆਂ ਨੂੰ ਬੇਚੈਨ ਕਰਦੀ ਹੈ।

ਤਕਰਾਰ ਭਾਵੇਂ ਤਿੱਖੇ ਸੰਵਾਦ ਦਾ ਪ੍ਰਗਟਾਵਾ ਕਰਦਾ ਸ਼ਬਦ ਹੈ ਪਰ ਸੂਝ-ਸਮਝ ਨਾਲ ਇਸ ਨੂੰ ਸਿਹਤਮੰਦ ਸੰਵਾਦ ਵਿਚ ਬਦਲਿਆ ਜਾ ਸਕਦਾ ਹੈ। ਸਿਹਤਮੰਦ ਸੰਵਾਦ ਤੋਂ ਭਾਵ ਹੈ, ਦੋਵੇਂ ਧਿਰਾਂ ਗੱਲ ਦੀ ਸ਼ੁਰੂਆਤ ਵੇਲੇ ਆਪਣੀ ਜ਼ਿਦ, ਅੜੀਅਲ ਸੁਭਾਅ ਨੂੰ ਪਾਸੇ ਰੱਖ ਕੇ ਬੈਠਣ। ਪਹਿਲੀ ਸ਼ਰਤ ਹੋਵੇ ਕਿ ਗੱਲ ਸੁਣਨੀ ਹੈ ਤੇ ਗੱਲਾਂ ਨੂੰ ਸਤਿਕਾਰ ਦੇਣਾ ਹੈ। ਨਵੀਂ ਸੋਚ ਅਤੇ ਤਕਨੀਕ ਬਾਰੇ ਜਾਣਨਾ ਹੈ। ਉਸੇ ਤਰ੍ਹਾਂ ਨੌਜਵਾਨ ਵੀ ਬਜ਼ੁਰਗਾਂ-ਵੱਡਿਆਂ ਦੇ ਤਜਰਬੇ ਨੂੰ ਸਤਿਕਾਰ ਦੇਣ। ਇਕ ਦੂਸਰੇ ਦੀਆਂ ਗੱਲਾਂ ਨੂੰ ਸਿਰੇ ਤੋਂ ਨਕਾਰਨਾ ਕਿਸੇ ਵੀ ਤਰ੍ਹਾਂ ਫਾਇਦੇਮੰਦ ਨਹੀਂ।

ਬਜ਼ੁਰਗਾਂ-ਸਿਆਣਿਆਂ ਕੋਲ ਜੇ ਉਨ੍ਹਾਂ ਨੇ ਜ਼ਿੰਦਗੀ ਦਾ ਸਹੀ ਵਿਸ਼ਲੇਸ਼ਣ ਵੀ ਕੀਤਾ ਹੈ ਤਾਂ ਕੁਝ ਕੁ ਸਦੀਵੀ ਨੇਮ ਹਨ, ਸਮਾਜ ਅਤੇ ਪਰਿਵਾਰ ਨੂੰ ਸਹੀ ਲੀਹ ’ਤੇ ਤੋਰਨ ਜਾਂ ਤੁਰਦੇ ਰੱਖਣ ਲਈ। ਰਿਸ਼ਤਿਆਂ ਦੇ ਕੁਝ ਬੁਨਿਆਦੀ ਗੁਣ ਹਨ। ਪਿਆਰ ਅਤੇ ਵਿਸ਼ਵਾਸ ਜ਼ਰੂਰੀ ਪੱਖ ਹਨ। ਕਦਰਾਂ-ਕੀਮਤਾਂ ਦੀ ਗੱਲ ਹੁੰਦੀ ਹੈ ਪਰ ਇਸ ਦੇ ਘੇਰੇ ਵਿਚ ਇੰਨਾ ਕੁਝ ਜੋੜ ਲਿਆ ਹੈ, ਨਾਲੇ ਇਹ ਨਿੱਜੀ ਹੋ ਜਾਂਦਾ ਹੈ ਕਿ ਵੱਡਿਆਂ ਨੂੰ ਆਪਣਾ ਸਮਾਂ, ਆਪਣੇ ਸਾਰੇ ਕਾਰਜ ਅਤੇ ਤੌਰ-ਤਰੀਕੇ ਨੈਤਿਕ ਲਗਦੇ ਹਨ। ਦੇਖਣ ਵਿਚ ਆਉਂਦਾ ਹੈ ਕਿ ਕੱਪੜੇ, ਖਾਣ-ਪੀਣ ਦੀਆਂ ਆਦਤਾਂ, ਘੁੰਮਣ-ਫਿਰਨ, ਮੌਜ-ਮਸਤੀ, ਪਾਰਟੀਆਂ, ਜਿਨ੍ਹਾਂ ਦਾ ਸਿਰਫ਼ ਸਰੂਪ ਬਦਲਿਆ ਹੈ ਪਰ ਭਾਵਨਾਵਾਂ ਦੇ ਪੱਖ ਤੋਂ ਪੈਂਟ ਅਤੇ ਕੈਪਰੀ ਵਿਚ ਮੁਕਾਬਲਾ ਕਰ ਕੇ, ਪੀਜ਼ੇ ਅਤੇ ਪਰੌਂਠੇ ਵਿਚ ਨੈਤਿਕ-ਅਨੈਤਿਕ ਤੇ ਕਦਰਾਂ-ਕੀਮਤਾਂ ਦਾ ਘਾਣ ਹੁੰਦੇ ਹੋਏ ਤਲਾਸ਼ਣਾ ਬੇਮਾਇਨਾ ਹੈ। ਨੇਤਿਕ ਕਦਰਾਂ-ਕੀਮਤਾਂ ਦੀ ਗੱਲ ਅਦਬ-ਅਦਾਬ ਵਿਚੋਂ ਦੇਖਣੀ ਚਾਹੀਦੀ ਹੈ। ਆਪਸੀ ਪਿਆਰ, ਵਿਸ਼ਵਾਸ, ਜ਼ਿੰਮੇਵਾਰੀ ਲੈਣ ਤੇ ਨਿਭਾਉਣ ਨੂੰ ਆਧਾਰ ਬਣਾ ਕੇ ਸਮਝਣਾ-ਸਮਝਾਉਣਾ ਚਾਹੀਦਾ ਹੈ। ਇਨ੍ਹਾਂ ਦੀ ਬੁਨਿਆਦ ਵਿਚ ਪਈ ਅਹਿਮੀਅਤ ਨੂੰ ਲੈ ਕੇ ਚਰਚਾ ਹੋਵੇ। ਇਹ ਨਹੀਂ ਲੱਗਦਾ ਕਿ ਸਾਡਾ ਨੌਜਵਾਨ ਇਨ੍ਹਾਂ ਨੂੰ ਸਮਝਣ ਅਤੇ ਅਪਣਾਉਣ ਲਈ ਆਨਾ-ਕਾਨੀ ਕਰੇ।

ਕਿਸੇ ਵੀ ਪਾੜੇ ਦਾ ਹੱਲ ਤਾਂ ਹੀ ਸੰਭਵ ਹੈ ਜੇ ਦੋਵੇਂ ਕਿਨਾਰੇ ਨੇੜੇ ਆਉਣ ਦੀ ਇੱਛਾ ਜ਼ਾਹਿਰ ਕਰਨ। ‘ਮੈਂ ਨਾ ਮਾਨੂੰ’ ਅਤੇ ‘ਮੈਂ ਵੱਡਾ ਹਾਂ’ ਜਾਂ ‘ਮੇਰਾ ਕੋਈ ਕਸੂਰ ਵੀ ਤਾਂ ਹੋਵੇ, ਕੋਈ ਦੱਸੇ ਤਾਂ ਸਹੀ’ ਆਦਿ ਭਾਵਾਂ ਨਾਲ ਹੱਲ ਨਹੀਂ ਨਿੱਕਲਦੇ; ਸਹੀ ਕਹੀਏ ਤਾਂ ਗੱਲ ਦੀ ਸ਼ੁਰੂਆਤ ਵੀ ਨਹੀਂ ਹੁੰਦੀ। ਇਹ ਇਤਿਹਾਸਕ ਸੱਚਾਈ ਹੈ ਤਾਂ ਇਸ ਦਾ ਇਹ ਮਤਲਬ ਵੀ ਨਹੀਂ ਕਿ ਇਹ ਸਥਿਤੀ ਬਣੀ ਰਹੇਗੀ। ਅਸੀਂ ਬਹੁਤ ਕੁਝ ਨਵਾਂ ਜੋੜਿਆ ਹੈ, ਮਨੁੱਖੀ ਅਧਿਐਨਾਂ ਨੇ ਕਈ ਨਵੇਂ ਰਾਹ ਸੁਝਾਏ ਹਨ। ਉਨ੍ਹਾਂ ਸਿੱਖਿਆਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ ਤੇ ਪਾੜਾ ਘਟਾਉਣ ਦੇ ਰਾਹ ਪੈਣਾ ਚਾਹੀਦਾ ਹੈ। ਰਾਹ ਹੋਵੇ ਤਾਂ ਅਸੀਂ ਉਸ ਰਾਹ ’ਤੇ ਨਾ ਤੁਰੀਏ ਤਾਂ ਫਿਰ ਉਹ ਸਿਆਣਪ ਨਹੀਂ; ਨਾ ਨੌਜਵਾਨਾਂ ਲਈ ਤੇ ਨਾ ਸਿਆਣਿਆਂ ਲਈ।

ਸੰਪਰਕ: 98156-08506

Advertisement
×