DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਵਿਦੇਸ਼ੀ ਹੱਥ’ ਦੀ ਤੂਤੀ

ਜਯੋਤੀ ਮਲਹੋਤਰਾ ਇੰਦਰਾ ਗਾਂਧੀ ਵੱਲੋਂ ਆਪਣੇ ਵਿਰੋਧੀਆਂ ’ਤੇ ਹਮਲਾ ਬੋਲਣ ਦਾ ਸਭ ਤੋਂ ਚਹੇਤਾ ਹਥਿਆਰ ਹੁੰਦਾ ਸੀ ‘ਵਿਦੇਸ਼ੀ ਹੱਥ’ ਅਤੇ ਅੱਜ ਕੱਲ੍ਹ ਇਸ ਬਦਨੁਮਾ ‘ਵਿਦੇਸ਼ੀ ਹੱਥ’ ਦੇ ਹਥਕੰਡੇ ਦੀ ਵਾਪਸੀ ਹੋ ਰਹੀ ਹੈ। ਪਿਆਰੇ ਪਾਠਕੋ, ਟ੍ਰਿਬਿਊਨ ਦੀਆਂ ਪੁਰਾਣੀਆਂ ਫਾਈਲਾਂ ਫਰੋਲ...

  • fb
  • twitter
  • whatsapp
  • whatsapp
Advertisement
ਜਯੋਤੀ ਮਲਹੋਤਰਾ

ਇੰਦਰਾ ਗਾਂਧੀ ਵੱਲੋਂ ਆਪਣੇ ਵਿਰੋਧੀਆਂ ’ਤੇ ਹਮਲਾ ਬੋਲਣ ਦਾ ਸਭ ਤੋਂ ਚਹੇਤਾ ਹਥਿਆਰ ਹੁੰਦਾ ਸੀ ‘ਵਿਦੇਸ਼ੀ ਹੱਥ’ ਅਤੇ ਅੱਜ ਕੱਲ੍ਹ ਇਸ ਬਦਨੁਮਾ ‘ਵਿਦੇਸ਼ੀ ਹੱਥ’ ਦੇ ਹਥਕੰਡੇ ਦੀ ਵਾਪਸੀ ਹੋ ਰਹੀ ਹੈ। ਪਿਆਰੇ ਪਾਠਕੋ, ਟ੍ਰਿਬਿਊਨ ਦੀਆਂ ਪੁਰਾਣੀਆਂ ਫਾਈਲਾਂ ਫਰੋਲ ਕੇ ਦੇਖੋ ਤਾਂ ਤੁਹਾਨੂੰ ਐਸੀਆਂ ਬਹੁਤ ਸਾਰੀਆਂ ਮਿਸਾਲਾਂ ਮਿਲਣਗੀਆਂ ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਨ੍ਹਾਂ ਵਿਦੇਸ਼ੀ ਗੁੱਝੀਆਂ ਤਾਕਤਾਂ ਵੱਲ ਇਸ਼ਾਰਾ ਕਰਦੀ ਹੁੰਦੀ ਸੀ ਜੋ ਦੇਸ਼ ਨੂੰ ਅਸਥਿਰ ਕਰਨ ’ਤੇ ਤੁਲੇ ਹੋਏ ਸਨ। ਇਹ ਚਾਲੀ ਸਾਲ ਪਹਿਲਾਂ ਦੀਆਂ ਗੱਲਾਂ ਹਨ ਤੇ ਬਿਨਾਂ ਸ਼ੱਕ ਅਸੀਂ ਉਨ੍ਹਾਂ ਸਮਿਆਂ ਨੂੰ ਬਹੁਤ ਪਿੱਛੇ ਛੱਡ ਆਏ ਹਾਂ ਅਤੇ ਹੁਣ ਕਿਤੇ ਵੱਧ ਸੁਰੱਖਿਅਤ ਤੇ ਭਰੋਸੇਮੰਦ ਰਾਸ਼ਟਰ ਬਣ ਗਏ ਹਾਂ।

Advertisement

ਮਾਅਸੇਲ ਪਰੂਸਟ (ਅਤੀਤ ਅਤੇ ਯਾਦਾਂ ਦੇ ਮਸ਼ਹੂਰ ਫਰਾਂਸੀਸੀ ਨਾਵਲਕਾਰ) ਤੋਂ ਖਿਮਾ, ਇਵੇਂ ਲੱਗਦਾ ਹੈ ਜਿਵੇਂ ਇਹ ਹਫ਼ਤਾ ਥੋੜ੍ਹਾ-ਥੋੜ੍ਹਾ ਅਤੀਤ ਦੀਆਂ ਚੀਜ਼ਾਂ ਵਿੱਚ ਡੁਬਕੀ ਲਗਾ ਰਿਹਾ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੇਲੀ ਐਲਨ ਮਸਕ ਦੇ ਇਸ ਬਿਆਨ ਨੂੰ ਭਾਜਪਾ ਨੇ ਦੈਵੀ ਵਚਨ ਵਜੋਂ ਲਿਆ ਹੈ ਕਿ ਯੂਐੱਸਏਡ ਭਾਰਤ ਵਿੱਚ ਮਤਦਾਨ ਲਈ 2.1 ਕਰੋੜ ਡਾਲਰ ਖਰਚ ਕਰ ਰਹੀ ਹੈ। ਟਰੰਪ ਨੇ ਸ਼ੁਰਲੀ ਛੱਡ ਦਿੱਤੀ ਕਿ ਹੋ ਸਕਦਾ ਹੈ ਕਿ ਇਹ ਪੈਸਾ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ‘ਕਿਸੇ ਹੋਰ ਨੂੰ ਜਿਤਾਉਣ ਲਈ ਭੇਜਿਆ ਹੋਵੇ’ ਤੇ ਸੱਤਾਧਾਰੀ ਪਾਰਟੀ ਹੁਣ ਕਾਂਗਰਸ ਪਾਰਟੀ ਪਿੱਛੇ ਪੈ ਨਿਕਲੀ ਹੈ ਕਿ ਉਸ ਨੇ ਇਹ ਪੈਸਾ ਵਸੂਲ ਕੀਤਾ ਸੀ ਜਿਸ ਦੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Advertisement

ਬਿਨਾਂ ਸ਼ੱਕ, ਟਰੰਪ ਖੇਖਣ ਕਰ ਰਿਹਾ ਹੈ। ਇਵੇਂ ਦਾ ਹੀ ਕੁਝ ਭਾਜਪਾ ਕਰ ਰਹੀ ਹੈ ਤੇ ਨਾਲ ਹੀ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲਾ ਕਹਿ ਰਿਹਾ ਹੈ ਕਿ ਇਹ ਬਹੁਤ ਹੀ ਪ੍ਰੇਸ਼ਾਨਕੁਨ ਜਾਣਕਾਰੀ ਹੈ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਵਿਦੇਸ਼ੀ ਦਖ਼ਲ ਚਿੰਤਾ ਦੀ ਗੱਲ ਹੈ। ਤੁਸੀਂ ਇਹ ਦਲੀਲ ਦੇ ਸਕਦੇ ਹੋ ਕਿ ਇਹ ਸਭ ਸਿਆਸਤ ਹੈ ਜਿਸ ਦਾ ਮੂਲ ਮਤਲਬ ਹੈ ਕਿ ਇਹ ਰੌਲਾ-ਰੱਪਾ ਰਾਹੁਲ ਗਾਂਧੀ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਹੈ। ਇਹ ਤੂਫ਼ਾਨ ਭਾਵੇਂ ਦੋ-ਚਹੁੰ ਦਿਨਾਂ ਵਿੱਚ ਖ਼ਤਮ ਹੋ ਜਾਵੇਗਾ ਪਰ ਆਓ ਪੜਚੋਲ ਕਰਦੇ ਹਾਂ ਕਿ ਇਸ ਨੇ ਪਿਆਲੀ ਦੇ ਕੰਢਿਆਂ ਨੂੰ ਹੁਣ ਤੱਕ ਕਿੰਨਾ ਕੁ ਖ਼ੋਰਾ ਲਾਇਆ ਹੈ।

ਪਹਿਲੀ ਕਿਰਕਿਰੀ ਕਾਂਗਰਸ ਦੀ ਨਹੀਂ ਸਗੋਂ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੀ ਹੀ ਹੋਈ ਹੈ। ਦੁਨੀਆ ਦੇ ਬਿਹਤਰੀਨ ਸਫ਼ੀਰਾਂ ਦੀ ਬਣਤਰ ਵਾਲਾ ਇਹ ਮੰਤਰਾਲਾ ਅਕਸਰ ਅਤੇ ਬਹੁਤੀ ਵਾਰ ਸਿਆਸਤ ਦੇ ਗੰਦੇ ਤਲਾਅ ਤੋਂ ਉੱਪਰ ਹੀ ਰਿਹਾ ਹੈ। ਇਹ ਬਿਨਾਂ ਕਾਰਨ ਹੀ ਨਹੀਂ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਕਸਰ ਵਿਦੇਸ਼ ਮੰਤਰੀ ਵੀ ਰਹੇ ਸਨ ਅਤੇ ਜਦੋਂ ਉਹ ਨਹੀਂ ਹੁੰਦੇ ਸਨ ਤਾਂ ਵੀ ਉਹ ਇਸ ਮੰਤਰਾਲੇ ਦੇ ਮਾਮਲਿਆਂ ਵਿੱਚ ਗਹਿਰੀ ਰੁਚੀ ਲੈਂਦੇ ਸਨ। ਦਰਅਸਲ, ਭਾਰਤੀ ਗਣਰਾਜ ਦੇ ਦੂਤਾਵਾਸ ਦੀ ਹਰੇਕ ਨਿਯੁਕਤੀ ਉੱਪਰ ਪ੍ਰਧਾਨ ਮੰਤਰੀ ਵੱਲੋਂ ਸਹੀ ਪਾਈ ਜਾਂਦੀ ਹੈ।

ਜੇ ਰਾਸ਼ਟਰੀ ਹਿੱਤ ਦੀ ਪਹਿਰੇਦਾਰੀ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੀ ਇਹੋ ਜਿਹੀ ਭੂਮਿਕਾ ਹੈ ਤਾਂ ਇਹ ਇਸ ਗੱਲ ਦੀ ਪੈਰਵੀ ਕਰਦਾ ਹੈ ਕਿ ਇਹ ਕਿਸੇ ਵੀ ਪਾਰਟੀ ਦਾ ਹਥਿਆਰ ਨਹੀਂ ਬਣੇਗਾ। ਇਸੇ ਕਰ ਕੇ ਇਹ ਆਪਣੇ ਸ਼ਬਦਾਂ ਦੀ ਬਹੁਤ ਸੋਚ ਸਮਝ ਕੇ ਵਰਤੋਂ ਕਰਦਾ ਹੈ। ਆਖ਼ਿਰਕਾਰ ਸ਼ਬਦ ਹੀ ਕਿਸੇ ਸਫ਼ੀਰ ਦੇ ਭੱਥੇ ਦੇ ਇਕਮਾਤਰ ਤੀਰ ਹੁੰਦੇ ਹਨ ਅਤੇ ਹਰੇਕ ਸ਼ਬਦ ਦਾ ਕੋਈ ਨਾ ਕੋਈ ਮਤਲਬ ਅਤੇ ਕੋਈ ਨਾ ਕੋਈ ਇਸ਼ਾਰਾ ਹੁੰਦਾ ਹੈ।

ਦੂਜਾ ਇਹ ਕਿ ਇਸ ਤੂਫ਼ਾਨ ਦਾ ਮਤਲਬ ਹੈ ਕਿ ਭਾਜਪਾ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪਿਛਲੇ ਪੰਦਰਾਂ ਕੁ ਦਿਨਾਂ ਵਿੱਚ ਤਿੰਨ ਅਮਰੀਕੀ ਫ਼ੌਜੀ ਜਹਾਜ਼ਾਂ ਰਾਹੀਂ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਲਿਆਂਦੇ ਗਏ ਪਰਵਾਸੀ ਭਾਰਤੀਆਂ ਦੇ ਵਿਵਾਦ ਨੂੰ ਭੁਲਾ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਦੋ ਉਡਾਣਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਰੰਪ ਨੂੰ ਮਿਲ ਕੇ ਆਉਣ ਤੋਂ ਬਾਅਦ ਆਈਆਂ ਹਨ ਪਰ ਅਜੇ ਤੱਕ ਸਰਕਾਰ ਦੇ ਕਿਸੇ ਸ਼ਖ਼ਸ ਨੇ ਇਹ ਜਵਾਬ ਨਹੀਂ ਦਿੱਤਾ ਕਿ ਕੀ ਭਾਰਤ ਨੇ ਟਰੰਪ ਕੋਲ ਇਹ ਮਾਮਲਾ ਉਠਾਇਆ ਸੀ ਜਾਂ ਨਹੀਂ? ਇਹ ਕਹਾਣੀ ਖ਼ਤਮ ਹੋ ਗਈ ਹੈ। ਦਿੱਲੀ ਅਗਾਂਹ ਵਧ ਗਈ ਹੈ।

ਬਹਰਹਾਲ, ਇਹ ਤੱਥ ਜਿਉਂ ਦਾ ਤਿਉਂ ਕਾਇਮ ਹੈ ਕਿ ਬਹੁਤ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਨ੍ਹਾਂ ’ਚੋਂ ਇੱਕ ਇਹ ਵੀ ਸ਼ਾਮਿਲ ਹੈ ਕਿ ਸਿੱਖ ਡਿਪੋਰਟੀਆਂ ਦੀਆਂ ਪੱਗਾਂ ਕਿਉਂ ਉਤਰਵਾਈਆਂ ਗਈਆਂ ਸਨ। ਜਿੱਥੋਂ ਤੱਕ ਹਥਕੜੀਆਂ ਤੇ ਬੇੜੀਆਂ ਦਾ ਸਵਾਲ ਹੈ ਤਾਂ ਲੱਗਦਾ ਹੈ ਕਿ ਅਣਚਾਹੇ ਭਾਰਤੀਆਂ ਨੂੰ ਵਾਪਸ ਭੇਜਣ ਸਮੇਂ ਅਮਰੀਕੀ ਇਵੇਂ ਕਰਦੇ ਹਨ ਜਦੋਂਕਿ ਕਈ ਹੋਰਨਾਂ ਦੇਸ਼ਾਂ ਦੀ ਸੂਰਤ ਵਿੱਚ ਇਵੇਂ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕੀਤਾ ਗਿਆ ਹੈ ਪਰ ਜਾਪਦਾ ਹੈ ਕਿ ਅਮਰੀਕੀ ਕੋਈ ਵੀ ਜੋਖ਼ਮ ਲੈਣਾ ਨਹੀਂ ਚਾਹ ਰਹੇ।

ਬੁਨਿਆਦੀ ਸਵਾਲ ਉਵੇਂ ਹੀ ਖੜ੍ਹਾ ਹੈ। ਕੀ ਅਮਰੀਕਾ ਵਿਚਲੇ ਭਾਰਤੀ ਦੂਤਾਵਾਸ ਜਾਂ ਦਿੱਲੀ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਅਮਰੀਕੀ ਰਾਜਦੂਤਾਂ ਨੂੰ ਤਲਬ ਕਰ ਕੇ ਉਨ੍ਹਾਂ ਨੂੰ ਤਾੜਨਾ ਕੀਤੀ ਸੀ ਕਿ ਉਨ੍ਹਾਂ ਉਡਾਣਾਂ ਦੌਰਾਨ ਭਾਰਤੀ ਨਾਗਰਿਕਾਂ ਨਾਲ ਇਹ ਬਦਸਲੂਕੀ ਕਿਉਂ ਕੀਤੀ ਗਈ ਹੈ? ਜ਼ਾਹਿਰ ਹੈ ਕਿ ਅਮਰੀਕੀਆਂ ਨੇ ਉਡਾਣਾਂ ਰਾਹੀਂ ਡਿਪੋਰਟ ਕਰਨ ਦਾ ਸਿਲਸਿਲਾ ਫਿਲਹਾਲ ਛੱਡ ਦਿੱਤਾ ਹੈ, ਉਨ੍ਹਾਂ ਨੂੰ ਇਹ ਪਰਵਾਸੀ ਪਨਾਮਾ ਅਤੇ ਕੋਸਟਾ ਰੀਕਾ ਵਿੱਚ ਧੱਕ ਦੇਣਾ ਕਿਤੇ ਸਸਤਾ ਪੈਂਦਾ ਹੈ। ਦਿੱਲੀ ਦਾ ਕਹਿਣਾ ਹੈ ਕਿ ਉਨ੍ਹਾਂ ਬੰਦਿਆਂ ਦੀ ਪਛਾਣ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਕਾਫ਼ੀ ਲੰਮੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਬਹੁਤ ਸਾਰੇ ਫ਼ੈਸਲੇ ਕਰਨੇ ਪੈਂਦੇ ਹਨ ਕਿ ਕੀ ਇਹ ਲੋਕ ਭਾਰਤੀ ਹਨ ਜਾਂ ਫਿਰ ਦੱਖਣੀ ਏਸ਼ੀਆ ਦੇ ਕਿਸੇ ਹੋਰ ਦੇਸ਼ ਤੋਂ ਹਨ।

ਜ਼ਰਾ ਸੋਚੋ ਕਿ ਜੇ ਤੁਹਾਡੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟ ਨੇ ਜੰਗਲ ਵਿੱਚ ਤੁਹਾਡਾ ਪਾਸਪੋਰਟ ਲੈ ਕੇ ਰੱਖ ਲਿਆ ਹੋਵੇ ਜਾਂ ਇਸ ਨੂੰ ਪਾੜ ਕੇ ਸੁੱਟ ਦਿੱਤਾ ਹੋਵੇ ਤਾਂ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਬਚੇਗਾ ਅਤੇ ਕੋਸਟਾ ਰੀਕਾ ਜਾਂ ਪਨਾਮਾ ਵਿਚਲੇ ਭਾਰਤੀ ਸਫ਼ੀਰ ਕਿਸ ਆਧਾਰ ’ਤੇ ਇਹ ਫ਼ੈਸਲਾ ਕਰਨਗੇ ਕਿ ਫਲਾਂ ਬੰਦਾ ਭਾਰਤੀ ਹੈ ਜਾਂ ਨਹੀਂ? ਕੀ ਇਸ ਆਧਾਰ ’ਤੇ ਕਿ ਉਹ ਕਿਹੋ ਜਿਹਾ ਦਿਸਦਾ ਹੈ ਜਾਂ ਉਹ ਕਿਹੜੀ ਭਾਸ਼ਾ ਬੋਲਦਾ ਹੈ?

ਤੀਜਾ ਇਹ ਤੱਥ ਬਰਕਰਾਰ ਹੈ ਕਿ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਲੋਕ ਟੋਭਾ ਟੇਕ ਸਿੰਘ ਵਰਗੀ ਲਾਚਾਰੀ ਦੇ ਆਲਮ ਵਿੱਚ ਫਸ ਗਏ ਹਨ- ਪਿੱਛੇ ਪੰਜਾਬ ਵਿੱਚ ਹਾਲਾਤ ਇਸ ਨਾਲੋਂ ਵੀ ਮਾੜੇ ਬਣੇ ਹੋਏ ਹਨ ਅਤੇ ਕੈਨੇਡਾ-ਅਮਰੀਕਾ ਦੀ ਚਮਕ ਅਜੇ ਵੀ ਧੂਹ ਪਾ ਰਹੀ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਣਾ ਚਾਹੁੰਦੇ ਹਨ ਜਿਵੇਂ ਗੁਜਰਾਤੀ ਕਰਦੇ ਹਨ- ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਵਿੱਚ ਦੂਜਾ ਨੰਬਰ ਗੁਜਰਾਤੀਆਂ ਦਾ ਹੀ ਹੈ ਅਤੇ ਉਹ ਵੀ ਉਵੇਂ ਹੀ ਕਰਦੇ ਹਨ ਜਿਵੇਂ ਸਾਡੇ ’ਚੋਂ ਬਹੁਤ ਸਾਰੇ ਲੋਕ ਅਮਰੀਕੀ ਵੀਜ਼ੇ ਲਈ ਕਰਦੇ ਹਨ।

ਚੌਥਾ ਸਵਾਲ ਇਹ ਹੈ ਕਿ ਸਮਾਂ ਆ ਗਿਆ ਹੈ ਕਿ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਮੂਲ ਮੁੱਦੇ ਦੀ ਗੱਲ ਕਰੀਏ। ਸਚਾਈ ਇਹ ਹੈ ਕਿ ਜੋ ਇਹ ਤੂਫ਼ਾਨ ਖੜ੍ਹਾ ਕੀਤਾ ਜਾ ਰਿਹਾ ਹੈ, ਉਹ ਤੁਹਾਡੇ ਆਸ-ਪਾਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੀ ਨਿਰਖ-ਪਰਖ ਤੋਂ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ। ਰਿਆਧ ਵਿੱਚ ਰੂਸ-ਅਮਰੀਕਾ ਵਾਰਤਾ ਤੋਂ ਬਾਅਦ ਟਰੰਪ ਦੀ ਮੰਡਲੀ ਰੂਸੀਆਂ ਨਾਲ ਚੰਗੀਆਂ-ਚੰਗੀਆਂ ਗੱਲਾਂ ਕਰਨ ਦੇ ਰੌਂਅ ਵਿੱਚ ਆ ਗਈ ਹੈ। ਹੋਰ ਪਤੇ ਦੀ ਗੱਲ ਇਹ ਹੈ ਕਿ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵਾਸ਼ਿੰਗਟਨ ਡੀਸੀ ਆਉਣ ਦਾ ਸੱਦਾ ਦਿੱਤਾ ਹੈ।

ਕੀ ਇਸ ਦਾ ਮਤਲਬ ਇਹ ਹੈ ਕਿ ਕੋਈ ਯਾਲਟਾ ਵਰਗੀ ਦੂਜੀ ਕਾਨਫਰੰਸ (ਦੂਜੀ ਆਲਮੀ ਜੰਗ ਤੋਂ ਬਾਅਦ ਯੂਰੋਪ ਤੇ ਜਰਮਨੀ ਦਾ ਮੁੜਗਠਨ ਕਰਨ ਲਈ ਅਮਰੀਕਾ, ਇੰਗਲੈਂਡ ਤੇ ਸੋਵੀਅਤ ਸੰਘ ਵਿਚਕਾਰ ਹੋਈ ਵਾਰਤਾ) ਹੋ ਰਹੀ ਹੈ? ਕੀ ਇਸ ਦਾ ਮਤਲਬ ਹੈ ਕਿ ਟਰੰਪ, ਪੂਤਿਨ ਅਤੇ ਜਿਨਪਿੰਗ ਛੇਤੀ ਹੀ ਆਪੋ-ਆਪਣੇ ਮਹਾਦੀਪਾਂ ਦੇ ਸਵਾਮੀ ਬਣ ਜਾਣਗੇ- ਮਸਲਨ ਕੀ ਯੂਰੋਪ ਰੂਸ ਨੂੰ ਅਤੇ ਏਸ਼ੀਆ ਚੀਨ ਨੂੰ ਸੌਂਪ ਦਿੱਤਾ ਜਾਵੇਗਾ? ਇੱਕ ਪਲ ਲਈ ਇਸ ਨੂੰ ਅਤਿਕਥਨੀ ਵੀ ਮੰਨ ਲਿਆ ਜਾਵੇ ਤਾਂ ਵੀ ਪਿਆਰੇ ਪਾਠਕੋ, ਨੁਕਤਾ ਸਮਝ ਗਏ ਹੋਵੋਗੇ। ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਨ੍ਹੀਂ ਦਿਨੀਂ ਮਾਸਕੋ ਅਤੇ ਪੇਈਚਿੰਗ ਦੀਆਂ ਵਾਛਾਂ ਖਿੜੀਆਂ ਹੋਈਆਂ ਹਨ।

ਤੇ ਇਸ ਲੇਖ ਦਾ ਅੰਤਿਮ ਸਵਾਲ ਹੈ: ਜੇ ਟਰੰਪ ਸ਼ੀ ਜਿਨਪਿੰਗ ਨੂੰ ਜੱਫੀ ਪਾ ਲੈਂਦੇ ਹਨ ਜੋ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਕੋਈ ਅਲੋਕਾਰੀ ਗੱਲ ਨਹੀਂ ਹੈ ਤਾਂ ਭਾਰਤ ਲਈ ਕਿਹੜੀ ਥਾਂ ਬਚੇਗੀ, ਖ਼ਾਸਕਰ ਉਦੋਂ ਜਦੋਂ ਭਾਰਤ ਤੇ ਮੋਦੀ ਚੀਨ ਦੇ ਦਬਦਬੇ ਖ਼ਿਲਾਫ਼ ਟਰੰਪ ਅਤੇ ਅਮਰੀਕੀ ਸਹਾਰੇ ਦੀ ਤਲਾਸ਼ ਵਿੱਚ ਜੁਟੇ ਹੋਏ ਹਨ? ਸ਼ਾਇਦ ਇਹ ਭਾਰਤ ਲਈ ਅੱਖਾਂ ਖੋਲ੍ਹਣ ਵਰਗੀ ਕੋਈ ਗੱਲ ਹੈ। ਸ਼ਾਇਦ ਇਹ ਅੰਤਰ-ਝਾਤ ਮਾਰਨ ਅਤੇ ਆਪਣੀ ਅੰਦਰੂਨੀ ਸ਼ਕਤੀ ਵਿਕਸਤ ਕਰਨ ਦਾ ਸਮਾਂ ਹੈ। ਜਿੱਥੋਂ ਤੱਕ ‘ਵਿਦੇਸ਼ੀ ਹੱਥ’ ਦਾ ਤਾਅਲੁਕ ਹੈ ਤਾਂ ਇਸ ਨੂੰ ਉਵੇਂ ਦੇਖਿਆ ਪਛਾਣਿਆ ਜਾਣਾ ਚਾਹੀਦਾ ਹੈ ਜਿਵੇਂ ਹਮੇਸ਼ਾ ਤੋਂ ਹੀ ਰਿਹਾ ਹੈ, ਭਾਵ, ਧਿਆਨ ਭਟਕਾਉਣ ਦਾ ਹਥਕੰਡਾ।

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
×