ਕ੍ਰਿਕਟ ਦਾ ਸਾਮਰਾਜ ਤੇ ਸੰਮੋਹਨ
ਅਵਿਜੀਤ ਪਾਠਕ
ਕੁਝ ਦਿਨ ਪਹਿਲਾਂ ਬਿਹਾਰ ਦੇ ਪੇਂਡੂ ਬੱਚਿਆਂ ਨਾਲ ਗੱਲਬਾਤ ਕਰਦਿਆਂ ਮੈਂ ਉਨ੍ਹਾਂ ਤੋਂ ਉਨ੍ਹਾਂ ਦੀ ਪਸੰਦੀਦਾ ਖੇਡ ਕ੍ਰਿਕਟ ਬਾਬਤ ਪੁੱਛ ਪੜਤਾਲ ਕੀਤੀ। ਉਨ੍ਹਾਂ ਬਹੁਤ ਜੋਸ਼ ਨਾਲ ਹੁੰਗਾਰਾ ਭਰਿਆ। ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਪਸੰਦੀਦਾ ਕ੍ਰਿਕਟਰ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਹੋਰ ਵੀ ਜੋਸ਼ ਨਾਲ ਜਵਾਬ ਦਿੱਤਾ- ‘ਵਿਰਾਟ ਕੋਹਲੀ’। ਇਸ ਨਾਲ ਮੇਰੇ ਲਈ ਗੱਲਬਾਤ ਜਾਰੀ ਰੱਖਣੀ ਸੌਖੀ ਹੋ ਗਈ। ‘ਕੀ ਤੁਸੀਂ ਮੈਨੂੰ ਹਾਕੀ ਦੇ ਕਿਸੇ ਮਹਾਨ ਖਿਡਾਰੀ ਜਾਂ ਕਿਸੇ ਮਹਿਲਾ ਪਹਿਲਵਾਨ ਦਾ ਨਾਂ ਦੱਸ ਸਕਦੇ ਹੋ?’ ਇਸ ਵਾਰ ਉਹ ਸਭ ਚੁੱਪ ਹੋ ਗਏ। ਦਰਅਸਲ, ਇਹ ਚੁੱਪ ਦੱਸਦੀ ਹੈ ਕਿ ਕਿਵੇਂ ਕ੍ਰਿਕਟ ਨੇ ਸਾਡੀ ਸਮੂਹਿਕ ਚੇਤਨਾ ’ਤੇ ਕਬਜ਼ਾ ਕਰ ਲਿਆ ਹੈ ਅਤੇ ਇਵੇਂ ਮਸਲਨ, ਧਿਆਨ ਚੰਦ ਵਰਗੇ ਮਹਾਨ ਹਾਕੀ ਖਿਡਾਰੀ, ਇੰਦਰ ਸਿੰਘ ਜਿਹੇ ਫੁੱਟਬਾਲਰ ਜਾਂ ਵਿਨੇਸ਼ ਫੋਗਾਟ ਜਿਹੀ ਪਹਿਲਵਾਨ ਨਾਲ ਜੁੜੀਆਂ ਸਾਡੀਆਂ ਸਮੂਹਿਕ ਯਾਦਾਂ ਮਿਟ ਰਹੀਆਂ ਹਨ।
ਦਰਅਸਲ, ਹਰ ਪਾਸੇ ਕ੍ਰਿਕਟ ਨੇ ਪੈਰ ਪਸਾਰ ਲਏ ਹਨ; ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿੱਚ ਵੀ; ਝੁੱਗੀਆਂ ਝੌਂਪੜੀਆਂ ਤੋਂ ਲੈ ਕੇ ਗੇਟਬੰਦ ਸੁਸਾਇਟੀਆਂ ਵਿੱਚ; ਡਿਊਟੀ ’ਤੇ ਤਾਇਨਾਤ ਟਰੈਫਿਕ ਸਿਪਾਹੀ ਤੋਂ ਲੈ ਕੇ ਘਰ ਦੀ ਸੁਆਣੀ ਤੱਕ; ਜਾਂ ਕਿਸੇ ਕਾਰਪੋਰੇਟ ਐਗਜ਼ੈਕਟਿਵ ਤੋਂ ਲੈ ਕੇ ਨੌਜਵਾਨ ਵਿਦਿਆਰਥੀ ਤੱਕ, ਹਰ ਕੋਈ ਕ੍ਰਿਕਟ ਦਾ ਦੀਵਾਨਾ ਬਣ ਗਿਆ ਲੱਗਦਾ ਹੈ। ਇਸ ਕਰ ਕੇ ਸ਼ਾਇਦ ਜਦੋਂ ਇਹ ਅਨੁਮਾਨ ਸਾਹਮਣੇ ਆਇਆ ਕਿ ਹਾਲੀਆ ਆਈਪੀਐੱਲ ਦੇ ਮੁਕਾਬਲਿਆਂ ਨੂੰ ਕਰੀਬ 50 ਕਰੋੜ ਲੋਕਾਂ ਨੇ ਟੀਵੀ ਜਾਂ ਮੋਬਾਈਲ ’ਤੇ ਦੇਖਿਆ ਸੀ ਤਾਂ ਇਸ ’ਤੇ ਕਿਸੇ ਨੂੰ ਕੋਈ ਹੈਰਾਨੀ ਨਾ ਹੋਈ। ਇਵੇਂ ਲਗਦਾ ਹੈ ਕਿ ਕ੍ਰਿਕਟ ਹੋਰ ਖੇਡਾਂ ਵਾਂਗ ਨਹੀਂ ਹੈ। ਇਹ ਤਮਾਸ਼ਾ ਹੈ; ਇਹ ਜਨਤਕ ਖ਼ਪਤ ਦੀ ਵਸਤ ਹੈ; ਤੇ ਸਭ ਤੋਂ ਵਧ ਕੇ ਇਹ ਅਜਿਹਾ ਆਧੁਨਿਕ ਮਿਥਿਹਾਸ ਹੈ ਜਿਸ ਰਾਹੀਂ ਲਾਈਫ ਸਟਾਈਲ- ਸ਼ੋਹਰਤ, ਪੈਸਾ ਤੇ ਸਟਾਰਡਮ, ਵੇਚਿਆ ਜਾਂਦਾ ਹੈ। ਦੇਖਿਆ ਜਾਵੇ ਤਾਂ ਇਸ ਵਰਤਾਰੇ ’ਚੋਂ ਸਾਨੂੰ ਤਿੰਨ ਚੀਜ਼ਾਂ ਦੀ ਸਮਝ ਪੈਂਦੀ ਹੈ।
ਪਹਿਲੀ, ਕ੍ਰਿਕਟ ਨੇ ਬਹੁਤ ਹੀ ਲਾਹੇਵੰਦ ਕਾਰੋਬਾਰੀ ਸਾਮਰਾਜ ਦਾ ਰੂਪ ਧਾਰ ਲਿਆ ਹੈ। ਜਿਵੇਂ ਨਵ-ਉਦਾਰਵਾਦ ਦੇ ਯੁੱਗ ਵਿੱਚ ਮੰਡੀ ਨੂੰ ਬਹੁਤ ਹੀ ਉੱਚੀ ਚੀਜ਼ ਗਿਣਿਆ ਜਾਂਦਾ ਹੈ, ਉਸੇ ਤਰ੍ਹਾਂ ਕ੍ਰਿਕਟ, ਖ਼ਾਸਕਰ ਇਸ ਦੇ ਇੱਕ ਦਿਨਾ ਜਾਂ ਟੀ20 ਰੂਪਾਂ ਦੀ ਝਟਾਪਟੀ, ਉਤੇਜਨਾ, ਇਸ਼ਤਿਹਾਰ ਮਸ਼ੀਨਰੀਆਂ ਅਤੇ ਤਕਨੀਕੀ ਤੇ ਨਫੀਸ ਲਾਈਵ ਕਵਰੇਜ ਸਦਕਾ ਇਹ ਵੇਚਣਯੋਗ ਵਸਤ ਬਣ ਚੁੱਕੀ ਹੈ। ਇਸ ਕਰ ਕੇ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬੀਸੀਸੀਆਈ ਨੇ ਆਈਪੀਐੱਲ 2025 ਸੀਜ਼ਨ ਤੋਂ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਦੋਂ ਸਾਨੂੰ ਇਹ ਜਾਣਨ ਦਾ ਮੌਕਾ ਮਿਲਦਾ ਹੈ ਕਿ ਇਸ ਨੇ ਸਿਰਫ਼ ਘਰੋਗੀ ਮੀਡੀਆ ਪ੍ਰਸਾਰਨ ਮਾਲੀਏ ਦੇ ਰੂਪ ਵਿੱਚ ਹੀ 1.21 ਅਰਬ ਡਾਲਰ ਕਮਾਏ ਹਨ ਤਾਂ ਅਸੀਂ ਸਮਝ ਸਕਦੇ ਹਾਂ ਕਿ ਆਈਪੀਐੱਲ ਬਹੁਤ ਵੱਡਾ ਕਾਰੋਬਾਰੀ ਮਾਡਲ ਹੈ; ਇਹ ਨਾ ਭੁੱਲਣਾ ਕਿ ਕ੍ਰਿਕਟ ਸੱਟੇਬਾਜ਼ੀ ਦੀਆਂ ਐਪਾਂ ਦੀ ਕੋਈ ਗਿਣਤੀ ਹੀ ਨਹੀਂ ਹੈ ਜਿਨ੍ਹਾਂ ਨੂੰ ਸਾਰੇ ਵੱਡੇ ਕ੍ਰਿਕਟ ਖਿਡਾਰੀਆਂ ਵੱਲੋਂ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਲਿਹਾਜ਼ ਤੋਂ ਇੱਕ ਅਨੁਮਾਨ ਮੁਤਾਬਿਕ, ਆਈਪੀਐੱਲ ਦੌਰਾਨ ਮੈਚਾਂ ’ਤੇ ਸੱਟਾ ਲਾਉਣ ਵਾਲੇ ਭਾਰਤੀਆਂ ਦੀ ਤਾਦਾਦ 34 ਕਰੋੜ ਤੋਂ ਵੀ ਵੱਧ ਰਹੀ ਹੈ ਅਤੇ ਆਲਮੀ ਪੱਧਰ ’ਤੇ ਇਸ ਸੱਟੇਬਾਜ਼ੀ ਰਾਹੀਂ ਇੱਕ ਅਰਬ ਡਾਲਰ ਤੋਂ ਵੱਧ ਕਾਰੋਬਾਰ ਹੋਇਆ ਸੀ। ਜਦੋਂ ਮੈਂ ਇਹ ਅੰਕੜੇ ਦੇਖਦਾ ਹਾਂ ਤਾਂ ਮੈਂ ਪਾਟੇ ਝਰੀਟੇ ਕੱਪੜਿਆਂ ਵਿੱਚ ਉਸ ਪੇਂਡੂ ਬੱਚੇ ਬਾਰੇ ਸੋਚਦਾ ਹਾਂ ਜੋ ਵਿਰਾਟ ਕੋਹਲੀ ਨੂੰ ਆਪਣਾ ਹੀਰੋ ਮੰਨਦਾ ਹੈ। ਮੈਂ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਸ ਦਾ ਚਹੇਤਾ ਕ੍ਰਿਕਟਰ ਅਸਲ ’ਚ ਇੱਕ ‘ਵਸਤ’ ਜਾਂ ਬ੍ਰਾਂਡ ਹੈ ਜਿਸ ਦੀ ‘ਕੀਮਤ’ ਇਸ ਵਾਰ 21 ਕਰੋੜ ਰੁਪਏ ਪਈ ਸੀ; ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਨਾਂ ਦੀ ਕੰਪਨੀ ਨੇ ਉਸ ਨੂੰ ਖਰੀਦਿਆ ਹੈ, ਤਦ ਉਹ ਟੱਡੀਆਂ ਅੱਖਾਂ ਨਾਲ ਮੇਰੇ ਵੱਲ ਤੱਕਦਾ ਹੈ।
ਦੂਜਾ, ਕਿਉਂਕਿ ਸਾਡੇ ਵਿੱਚੋਂ ਬਹੁਤੇ ਲੋਕ ਸਰਗਰਮ ਸਿਰਜਣਹਾਰਿਆਂ ਦੀ ਥਾਂ ਸੁਸਤ ਖ਼ਪਤਕਾਰਾਂ ਵਜੋਂ ਜਿਊਂਦੇ ਹਨ, ਇਸ ਲਈ ਇਨ੍ਹਾਂ ਪਸੰਦੀਦਾ ਕ੍ਰਿਕਟਰਾਂ ਨਾਲ ਜੁੜੀਆਂ ਖਿਆਲੀ ਕਹਾਣੀਆਂ ਵੱਲ ਖਿੱਚੇ ਜਾਣਾ ਬਹੁਤਾ ਔਖਾ ਨਹੀਂ ਹੈ। ਇਨ੍ਹਾਂ ਦੀ ਚਮਕ-ਦਮਕ, ‘ਬ੍ਰਾਂਡ ਵੈਲਿਊ’, ਪ੍ਰੇਮ ਪ੍ਰਸੰਗ, ਫਰਜ਼ੀ ਪਛਾਣਾਂ ਤੇ ਇਨ੍ਹਾਂ ਦੇ ਰਹਿਣ-ਸਹਿਣ ਦੇ ਤਰੀਕੇ ਸਾਨੂੰ ਖਿੱਚਦੇ ਹਨ। ਦਰਅਸਲ, ਇਹ ਕਿਸੇ ਵੀ ਲਿਹਾਜ਼ ਤੋਂ ‘ਬੇਤੁਕੇ’ ਬੌਲੀਵੁੱਡ ਸਿਤਾਰਿਆਂ ਨਾਲੋਂ ਘੱਟ ਨਹੀਂ ਹਨ। ਸਿਰਫ਼ ਇਹੀ ਨਹੀਂ, ਬਾਜ਼ਾਰ ਦਾ ਲਾਲਚ ਇੰਨਾ ਤਾਕਤਵਰ ਹੈ ਕਿ ਜੇਕਰ ਤੁਸੀਂ ਕਿਸੇ ਆਈਪੀਐੱਲ ਟੀਮ ਦੀ ਜਰਸੀ ਵੱਲ ਨਿਗ੍ਹਾ ਮਾਰੋ, ਜਿਸ ’ਤੇ ਵੱਖ-ਵੱਖ ਸਪਾਂਸਰਾਂ ਦੇ ਲੋਗੋ ਲੱਗੇ ਹੋਏ ਹਨ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਕ੍ਰਿਕਟਰ ਅਸਲੋਂ ‘ਚੱਲਦੇ ਫਿਰਦੇ ਇਸ਼ਤਿਹਾਰੀ ਬੋਰਡ’ ਬਣੇ ਹੋਏ ਹਨ। ਖੇਡਣ ਲੱਗਿਆਂ ਇਹ ਤੁਹਾਨੂੰ ਇਹ ਉਤਪਾਦ ਖਰੀਦਣ ਲਈ ਵੀ ਲਲਚਾ ਰਹੇ ਹੁੰਦੇ ਹਨ। ਇਹ ਪੈਸੇ ਦਾ ਚੱਕਰ ਹੈ। ਤੁਸੀਂ ਤੇ ਮੈਂ ਪਾਗਲ ਹੋ ਜਾਂਦੇ ਹਾਂ, ਬਲੈਕ ’ਚ ਆਈਪੀਐੱਲ ਦੀਆਂ ਟਿਕਟਾਂ ਖਰੀਦਦੇ ਹਾਂ ਜਾਂ ਫਿਰ ਟੈਲੀਵਿਜ਼ਨ ਮੂਹਰੇ ਘੰਟਿਆਂਬੱਧੀ ਬੈਠ ਕੇ ਹੋਂਦ ਦੀ ਨੀਰਸਤਾ ਤੋਂ ਪਾਰ ਪਾਉਣ ਲਈ ਕ੍ਰਿਕਟ ਦੇਖਦੇ ਹਾਂ ਤੇ ਇਸੇ ਦੌਰਾਨ ਕ੍ਰਿਕਟਰ ਤੇ ਉਨ੍ਹਾਂ ਦੇ ਸਪਾਂਸਰ ਦਿਮਾਗ ਨੂੰ ਹਿਲਾ ਕੇ ਰੱਖ ਦੇਣ ਵਾਲੀ ਸੰਪਤੀ ਜੋੜਦੇ ਜਾਂਦੇ ਹਨ।
ਤੇ ਤੀਜਾ, ਇੱਕ ਹੋਰ ਕੌੜੀ ਅਸਲੀਅਤ ਨੂੰ ਸਵੀਕਾਰ ਕਰਨਾ ਵੀ ਮਹੱਤਵਪੂਰਨ ਹੈ: ਕ੍ਰਿਕਟ ਦੀ ਹਥਿਆਰ ਵਜੋਂ ਵਰਤੋਂ। ਬਿਲਕੁਲ, ਨਵ-ਉਦਾਰਵਾਦ ਤੇ ਅੰਧ-ਰਾਸ਼ਟਰਵਾਦ ਨਾਲੋ-ਨਾਲ ਚੱਲਦੇ ਹਨ; ਤੇ ਇਸ ਲਈ ਇਹ ਹੈਰਾਨ ਕਰਨ ਵਾਲਾ ਨਹੀਂ ਕਿ ਕ੍ਰਿਕਟ ਦੀ ਵਿਆਪਕ ਖਿੱਚ ਨੂੰ ਅਕਸਰ ਅੰਧ-ਰਾਸ਼ਟਰਵਾਦ ਦੀ ਉਤੇਜਨਾ ਨੂੰ ਤਿੱਖਾ ਕਰਨ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ। ਕਲਪਨਾ ਕਰੋ ਕਿ ਭਾਰਤ ਤੇ ਪਾਕਿਸਤਾਨ ਵਿਸ਼ਵ ਕੱਪ ਵਿੱਚ ਖੇਡ ਰਹੇ ਹਨ। ਸਾਨੂੰ ਖੇਡ ਨੂੰ ਜੰਗ ਵਿੱਚ ਬਦਲਣ ਲਈ ਵਰਚਾਇਆ ਜਾਂਦਾ ਹੈ। ਮੈਚ ’ਚ ਜਿੱਤ ਭਾਵੇਂ ਰਾਸ਼ਟਰ ਦੀ ਆਤਮ-ਕੇਂਦਰਿਤ ਹਉਮੈ ਨੂੰ ਅੰਬਰੀਂ ਲਾ ਦਿੰਦੀ ਹੈ, ਪਰ ਹਾਰ ਤੋਂ ਬਾਅਦ ਸਾਂਝਾ ਸੋਗ ਉਪਜਦਾ ਹੈ। ਅਸਲ ’ਚ ਕ੍ਰਿਕਟ ਨੂੰ ਅੰਧ-ਰਾਸ਼ਟਰਵਾਦ ਦੇ ਨਜ਼ਰੀਏ ਰਾਹੀਂ ਦੇਖਣਾ ਕਈ ਤਰ੍ਹਾਂ ਦੇ ਭਰਮਾਂ ਨੂੰ ਜਨਮ ਦਿੰਦਾ ਹੈ। ਤੁਸੀਂ ਕਿਸੇ ਪਾਕਿਸਤਾਨੀ ਕ੍ਰਿਕਟਰ ਦੀ ਗੇਂਦਬਾਜ਼ੀ ਦੀ ਸ਼ਲਾਘਾ ਨਹੀਂ ਕਰ ਸਕਦੇ, ਜਿਸ ਨੇ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ ਹੋਵੇ। ਜੇ ਤੁਸੀਂ ਇਸ ਤਰ੍ਹਾਂ ਦੇ ‘ਰਾਸ਼ਟਰ ਵਿਰੋਧੀ’ ਕਾਰੇ ’ਚ ਸ਼ਾਮਿਲ ਹੁੰਦੇ ਹੋ ਤਾਂ ਕੀ ਪਤਾ ਬੁਲਡੋਜ਼ਰ ਤੁਹਾਡਾ ਘਰ ਹੀ ਢਾਹ ਦੇਵੇ।
ਦਰਅਸਲ, ਕ੍ਰਿਕਟ ਲਈ ਇਸ ਕਿਸਮ ਦੇ ਪਾਗਲਪਣ ਵਿਚਕਾਰ, ਅੰਧ-ਰਾਸ਼ਟਰਵਾਦੀ ਪ੍ਰਸ਼ੰਸਕਾਂ ਦੇ ਗੈਂਗ ਆਪਣੇ ਨਿਗਰਾਨ ਤੰਤਰ ਨੂੰ ਤੇਜ਼ ਕਰ ਦਿੰਦੇ ਹਨ ਤੇ ਦੇਖਦੇ ਰਹਿੰਦੇ ਹਨ ਕਿ ਕੀ ਦੇਸ਼ ਦੇ ਸੰਭਾਵੀ ‘ਦੁਸ਼ਮਣ’ ਭਾਰਤ ਦਾ ਸਮਰਥਨ ਕਰ ਰਹੇ ਹਨ ਜਾਂ ਨਹੀਂ, ਜਾਂ ਕੀ ਉਦੋਂ ਤਾੜੀਆਂ ਮਾਰ ਰਹੇ ਹਨ, ਜਦੋਂ ਕੋਈ ਪਾਕਿਸਤਾਨੀ ਬੱਲੇਬਾਜ਼ ਸ਼ਾਨਦਾਰ ਢੰਗ ਨਾਲ ਖੇਡਦਾ ਹੈ ਤੇ ਸੈਂਕੜੇ ਜੜਦਾ ਹੈ। ਖਪਤ ਦੀ ਵਸਤੂ ਤੋਂ ਇਲਾਵਾ ਕ੍ਰਿਕਟ ਇਨ੍ਹਾਂ ਜ਼ਹਿਰੀਲੇ ਸਮਿਆਂ ’ਚ ਅੰਧ-ਰਾਸ਼ਟਰਵਾਦੀ ਪ੍ਰੇਰਕ ਵੀ ਬਣ ਗਿਆ ਹੈ। ਤੇ ਇਹ ਵਿਕਦਾ ਵੀ ਹੈ...।
ਅਜਿਹਾ ਵਿਆਪਕ ਵਸ਼ੀਕਰਨ, ਜਿਸ ਨੂੰ ਕ੍ਰਿਕਟ ਵਰਗਾ ਕੌਤਕ ਉਕਸਾਉਂਦਾ ਹੈ, ਦੇ ਵਿਨਾਸ਼ਕਾਰੀ ਸਿੱਟੇ ਹੀ ਨਿਕਲਣਗੇ। ਮੈਨੂੰ ਧੱਕਾ ਜ਼ਰੂਰ ਲੱਗਾ, ਪਰ ਹੈਰਾਨੀ ਨਹੀਂ ਹੋਈ ਜਦੋਂ ਬੰਗਲੁਰੂ ਵਿੱਚ ਕ੍ਰਿਕਟ ਸਟੇਡੀਅਮ ਦੇ ਬਾਹਰ 11 ਜਣਿਆਂ ਦੀ ਮੌਤ ਹੋਣ ਦੀ ਦੁਰਘਟਨਾ ਵਾਪਰ ਗਈ। ਇਸ ਬਾਰੇ ਸੋਚ ਕੇ ਦੇਖੋ। ਸਟੇਡੀਅਮ ਦੀ ਸਮਰੱਥਾ 32,000 ਦੀ ਸੀ, ਪਰ 2,00,000 ਤੋਂ ਵੱਧ ਲੋਕ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਆਈਪੀਐੱਲ ਜਿੱਤ ਦਾ ਜਸ਼ਨ ਮਨਾਉਣ ਲਈ ਪਹੁੰਚ ਗਏ। ਤੁਸੀਂ ਤੇ ਮੈਂ ਇਸ ਭੀੜ ਦੀ ਮਾਨਸਿਕਤਾ ਅਤੇ ਨਾਲ ਜੁੜੀ ਤ੍ਰਾਸਦੀ ਦਾ ਕੀ ਅਰਥ ਕੱਢਾਂਗੇ? ਦੋ ਮਹੀਨੇ, ਉਹ ਸਕਰੀਨ ’ਤੇ ਆਪਣੇ ‘ਸਿਤਾਰਿਆਂ’ ਨੂੰ ਦੇਖਦੇ ਰਹੇ; ਉਨ੍ਹਾਂ ਇਨ੍ਹਾਂ ਕ੍ਰਿਕਟਰਾਂ ਦੀ ਸਾਵਧਾਨੀ ਨਾਲ ਬਣਾਈ ਤੇ ਬਾਜ਼ਾਰ ਸੰਚਾਲਿਤ ਪਛਾਣ ਨੂੰ ਭੋਗਿਆ; ਤੇ ਸੰਭਵ ਹੈ ਕਿ ਉਹ ਇਨ੍ਹਾਂ ਦੀ ਇੱਕ ਝਲਕ ਚਾਹੁੰਦੇ ਸਨ, ਛੂਹਣਾ ਤੇ ਸੁੰਘਣਾ ਚਾਹੁੰਦੇ ਸਨ, ਜਿਸ ਨਾਲ ਉਨ੍ਹਾਂ ਨੂੰ ਸ਼ਾਇਦ ਕਿਸੇ ਕਿਸਮ ਦੀ ‘ਮੁਕਤੀ’ ਦਾ ਅਹਿਸਾਸ ਹੁੰਦਾ। ਇਸ ਤਰ੍ਹਾਂ ਦੀ ਝੁੰਡ ਮਾਨਸਿਕਤਾ ਤੇ ਮਗਰੋਂ ਵਾਪਰੀ ਤ੍ਰਾਸਦੀ ਦਰਸਾਉਂਦੀ ਹੈ ਕਿ ਕ੍ਰਿਕਟ ਸੱਚੀਂ ਸਾਡੇ ਮੁਲਕ ਵਿੱਚ ਨਸ਼ਾ ਬਣ ਗਿਆ ਹੈ।
*ਲੇਖਕ ਸਮਾਜ ਸ਼ਾਸਤਰੀ ਹੈ।