ਅਧਿਆਪਕ ਮਾਪਿਆਂ ਦੀ ਅਸਲ ਧਰੋਹਰ
ਇਸ ਕਾਲਮ ’ਚ ਮੈਂ ਆਪਣੇ ਪਰਿਵਾਰ ਦਾ ਜ਼ਿਕਰ ਕਰਨ ਤੋਂ ਟਲਦਾ ਹਾਂ, ਪਰ ਇਸ ਵਾਰ ਮੈਨੂੰ ਜ਼ਿਕਰ ਕਰਨਾ ਹੀ ਪਵੇਗਾ। ਅਜਿਹਾ ਇਸ ਲਈ ਕਿਉਂਕਿ ਮੇਰੇ ਪਿਤਾ ਦੇ ਗੁਜ਼ਰਨ ਤੋਂ ਬਾਰਾਂ ਸਾਲ ਬਾਅਦ, ਪਿਛਲੇ ਹਫ਼ਤੇ ਮੇਰੀ ਮਾਤਾ ਜੀ ਦਾ ਦੇਹਾਂਤ ਹੋ...
ਇਸ ਕਾਲਮ ’ਚ ਮੈਂ ਆਪਣੇ ਪਰਿਵਾਰ ਦਾ ਜ਼ਿਕਰ ਕਰਨ ਤੋਂ ਟਲਦਾ ਹਾਂ, ਪਰ ਇਸ ਵਾਰ ਮੈਨੂੰ ਜ਼ਿਕਰ ਕਰਨਾ ਹੀ ਪਵੇਗਾ। ਅਜਿਹਾ ਇਸ ਲਈ ਕਿਉਂਕਿ ਮੇਰੇ ਪਿਤਾ ਦੇ ਗੁਜ਼ਰਨ ਤੋਂ ਬਾਰਾਂ ਸਾਲ ਬਾਅਦ, ਪਿਛਲੇ ਹਫ਼ਤੇ ਮੇਰੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਪ੍ਰਸਿੱਧੀ ਨਾਲ ਉਨ੍ਹਾਂ ਦਾ ਦੂਰ-ਦੂਰ ਦਾ ਵੀ ਵਾਹ-ਵਾਸਤਾ ਨਹੀਂ ਸੀ, ਪਰ ਉਹ ਦੋਵੇਂ ਇੱਕ ਮਿਸਾਲੀ ਮਾਤਾ-ਪਿਤਾ ਸਨ।
ਮੇਰੇ ਮਾਤਾ-ਪਿਤਾ ਉਸ ਪੀੜ੍ਹੀ ਨਾਲ ਸਬੰਧਿਤ ਸਨ ਜਦੋਂ ਵਿਅਕਤੀ ਆਪਣੀ ਦੇਸ਼ ਭਗਤੀ ਦਾ ਪ੍ਰਗਟਾਵਾ ਉਜੱਡ ਦਿਖਾਵੇ ਦੀ ਥਾਂ ਸ਼ਾਂਤ ਸੇਵਾ ਭਾਵਨਾ ਨਾਲ ਕਰਦਾ ਸੀ। ਮੇਰੇ ਆਪਣੇ ਮਾਤਾ-ਪਿਤਾ ਬਾਰੇ ਲਿਖੇ ਇਨ੍ਹਾਂ ਸ਼ਬਦਾਂ ਵਿੱਚੋਂ ਪਾਠਕ ਨੂੰ ਆਪਣੇ ਜਾਣੇ-ਪਛਾਣੇ ਰਿਸ਼ਤੇ-ਨਾਤਿਆਂ ਦੀ ਖ਼ੁਸ਼ਬੂ ਆਵੇਗੀ, ਭਾਵੇਂ ਉਹ ਮਾਤਾ-ਪਿਤਾ ਸਨ ਜਾਂ ਫਿਰ ਚਾਚੇ-ਤਾਏ, ਚਾਚੀਆਂ, ਤਾਈਆਂ, ਮਾਸੀਆਂ, ਅਧਿਆਪਕ ਜਾਂ ਡਾਕਟਰ, ਉਨ੍ਹਾਂ ਸਭ ਨੇ ਅਜਿਹੀ ਸ਼ਰਾਫ਼ਤ ਅਤੇ ਨੈਤਿਕ ਇਮਾਨਦਾਰੀ ਨਾਲ ਜੀਵਨ ਜੀਵਿਆ, ਜੋ ਅੱਜਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।ਮੇਰੇ ਪਿਤਾ ਜੀ, ਸੁਬਰਾਮਨੀਅਮ ਰਾਮ ਦਾਸ ਗੁਹਾ ਦਾ ਜਨਮ 1924 ਵਿੱਚ ਇੱਕ ਪਹਾੜੀ ਕਸਬੇ ਵਿੱਚ ਹੋਇਆ, ਜੋ ਕਦੇ ਊਟਾਕਮੰਡ ਵਜੋਂ ਜਾਣਿਆ ਜਾਂਦਾ ਸੀ। ਤੇਈ ਸਾਲਾਂ ਬਾਅਦ ਆਪਣੀ ਜਨਮ ਭੂਮੀ ਦਾ ਦੌਰਾ ਕਰਦੇ ਹੋਏ ਉਹ ਵਿਸ਼ਾਲਾਕਸ਼ੀ ਨਾਰਾਇਣਮੂਰਤੀ ਨਾਂ ਦੀ ਕੁੜੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ। ਉਹ ਉਸ ਸਮੇਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਤੋਂ ਆਪਣੀ ਪੀਐੱਚ ਡੀ ਕਰ ਰਹੇ ਸਨ। ਉਸੇ ਵਿਦਿਆਰਥੀ ਸਮੂਹ ’ਚ ਮਹਾਨ ਭੌਤਿਕ ਵਿਗਿਆਨੀ ਜੀ. ਐੱਨ. ਰਾਮਾਚੰਦਰਨ ਵੀ ਸ਼ਾਮਲ ਸਨ। ਮੇਰੇ ਪਿਤਾ ਜੀ ਨੂੰ ਵਿਦੇਸ਼ ਦੀ ਕਿਸੇ ਯੂਨੀਵਰਸਿਟੀ ਵਿੱਚ ਪੋਸਟ-ਡਾਕਟੋਰਲ ਸਕਾਲਰਸ਼ਿਪ ਮਿਲ ਸਕਦੀ ਸੀ, ਪਰ ‘ਦਿਲ ਦਾ ਮਾਮਲਾ’ ਹੋਣ ਕਾਰਨ ਉਨ੍ਹਾਂ ਨੂੰ ਇਸ ਦੀ ਬਜਾਏ ਦੇਹਰਾਦੂਨ ਦੇ ਫੋਰੈਸਟ ਰਿਸਰਚ ਇੰਸਟੀਚਿਊਟ (ਐੱਫ ਆਰ ਆਈ) ਵਿੱਚ ਨੌਕਰੀ ਕਰਨੀ ਪਈ, ਜਿੱਥੇ ਵਿਸ਼ਾਲਾਕਸ਼ੀ ਦੇ ਪਿਤਾ ਕੰਮ ਕਰਦੇ ਸਨ। ਮੇਰੇ ਪਿਤਾ 1948 ਵਿੱਚ ਐੱਫ ਆਰ ਆਈ ’ਚ ਆਏ ਤੇ ਤਿੰਨ ਸਾਲ ਬਾਅਦ ਮੇਰੀ ਮਾਂ ਨਾਲ ਵਿਆਹ ਕਰਵਾ ਲਿਆ। ਉਹ ਸੇਵਾਮੁਕਤੀ ਤੱਕ ਉਸੇ ਨੌਕਰੀ ’ਤੇ ਰਹੇ। ਮੇਰੇ ਪਿਤਾ ਜੀ ਸਰਕਾਰੀ ਕਰਮਚਾਰੀਆਂ ਦੇ ਇੱਕ ਪਰਿਵਾਰ ਨਾਲ ਸਬੰਧਿਤ ਸਨ, ਜਿਨ੍ਹਾਂ ਦਾ ਇੱਕ ਭਰਾ ਹਵਾਈ ਸੈਨਾ ਵਿੱਚ ਸੀ ਅਤੇ ਭੈਣ ਫ਼ੌਜ ਦੀ ਨਰਸਿੰਗ ਸੇਵਾ ਵਿੱਚ ਸੀ। ਇੱਕ ਚਾਚਾ ਅਤੇ ਇੱਕ ਜੀਜਾ ਉਨ੍ਹਾਂ ਵਾਂਗ ਵਿਗਿਆਨੀ ਸਨ, ਜਿਨ੍ਹਾਂ ਦਾ ਖੋਜ ਕਾਰਜ ਸਮਾਜਿਕ ਉਦੇਸ਼ਾਂ ਦੁਆਲੇ ਘੁੰਮਦਾ ਸੀ। ਮੇਰੇ ਪਿਤਾ ਜੀ ਆਪ ਵੀ ‘ਭਾਰਤ ਸਰਕਾਰ’ ਅਜਿਹੇ ਲਹਿਜੇ ਵਿੱਚ ਕਹਿੰਦੇ ਸਨ, ਜਿਸ ’ਚੋਂ ਸੱਚਾ ਤੇ ਸੰਪੂਰਨ ਸਤਿਕਾਰ ਝਲਕਦਾ ਸੀ। ਉਹ ਮੰਨਦੇ ਸਨ ਕਿ ਸਰਕਾਰੀ ਜਾਇਦਾਦ ਨੂੰ ਕਦੇ ਵੀ ਨਿੱਜੀ ਉਦੇਸ਼ਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਉਹ ਸਰਕਾਰੀ ਕਾਰ ਦੀ ਵਰਤੋਂ ਕਰਨ ਤੋਂ ਟਲਦੇ ਸਨ ਅਤੇ ਹਰ ਰੋਜ਼ ਆਪਣੀ ਸਾਈਕਲ ’ਤੇ ਹੀ ਲੈਬਾਰਟਰੀ ਆਉਣਾ-ਜਾਣਾ ਪਸੰਦ ਕਰਦੇ ਸਨ।
ਸਰਕਾਰੀ ਸੇਵਾ ਪ੍ਰਤੀ ਇਹ ਵਚਨਬੱਧਤਾ ਨਿਭਾਉਂਦਿਆਂ ਮੇਰੇ ਪਿਤਾ ਜੀ ਸਮਾਜਿਕ ਪੱਖਪਾਤ ਨੂੰ ਸਿਰੇ ਤੋਂ ਨਕਾਰਦੇ ਸਨ। ਉਸ ਸਮੇਂ ਦੀਆਂ ਹੋਰ ਭਾਰਤੀ ਸੰਸਥਾਵਾਂ ਵਾਂਗ ਐੱਫ ਆਰ ਆਈ ਦਾ ਵਿਗਿਆਨਕ ਕੇਡਰ ਬ੍ਰਾਹਮਣਾਂ ਦੇ ਦਬਦਬੇ ਵਾਲਾ ਸੀ, ਜਿਨ੍ਹਾਂ ਦੇ ਪੁੱਤਰ ਮਾਣ ਨਾਲ ਆਪਣੇ ਖਾਨਦਾਨ ਬਾਰੇ ਗੱਲ ਕਰਦੇ ਸਨ ਕਿ ਕਿਵੇਂ ਉਨ੍ਹਾਂ ਦੇ ਪਿਤਾ ਅਤੇ ਉਹ ਖ਼ੁਦ ਹਰ ਸਾਲ ਆਪਣਾ ਜਨੇਊ ਇਕੱਠੇ ਬਦਲਦੇ ਸਨ। ਹਾਲਾਂਕਿ, ਮੇਰੇ ਪਿਤਾ ਨੇ ਆਪਣੀ ਉੱਚੀ ਜਾਤੀ ਨੂੰ ਦਰਸਾਉਂਦਾ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਨੂੰ ਵੀ ਪਹਿਨਣ ਨਹੀਂ ਦਿੱਤਾ।
ਜਾਤੀ ਵਰਗੀਕਰਨ ਪ੍ਰਤੀ ਮੇਰੇ ਪਿਤਾ ਦੀ ਘਿਰਣਾ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਸਦਕਾ ਸੀ। ਉਨ੍ਹਾਂ ਦੇ ਆਪਣੇ ਚਾਚਾ ਜੀ ਮੋਹਰੀ ਸਮਾਜ ਸੁਧਾਰਕ ਆਰ. ਗੋਪਾਲਸਵਾਮੀ ਅਈਅਰ (1878-1943) ਸਨ, ਜਿਨ੍ਹਾਂ ਨੇ ਮੈਸੂਰ ਰਾਜ ਵਿੱਚ ਅਛੂਤਾਂ ਦੀ ਮੁਕਤੀ ਲਈ ਅੰਦੋਲਨ ਦੀ ਅਗਵਾਈ ਕੀਤੀ ਸੀ। ਅੱਲ੍ਹੜ ਉਮਰੇ ਬੰਗਲੌਰ ਦੇ ਚਾਮਰਾਜਪੇਟ ਇਲਾਕੇ ਵਿੱਚ ਸਾਂਝੇ ਪਰਿਵਾਰ ’ਚ ਰਹਿੰਦਿਆਂ ਮੇਰੇ ਪਿਤਾ ਨੇ ਆਪਣੇ ਚਾਚੇ ਨੂੰ ਸੁਵੱਖਤੇ ਸਾਈਕਲ ’ਤੇ ਜਾਂਦਿਆਂ ਦੇਖਿਆ ਸੀ ਜਦੋਂ ਉਹ ਸ਼ਹਿਰ ਤੇ ਆਸ-ਪਾਸ ਦੇ ਦਲਿਤ ਬੱਚਿਆਂ ਲਈ ਆਪਣੇ ਵੱਲੋਂ ਚਲਾਏ ਜਾਂਦੇ ਕਈ ਹੋਸਟਲਾਂ ਦਾ ਦੌਰਾ ਕਰਨ ਜਾਂਦੇ ਸਨ।
ਮੇਰੀ ਮਾਂ ਇੱਕ ਵਧੇਰੇ ਰੂੜੀਵਾਦੀ ਬ੍ਰਾਹਮਣ ਪਰਿਵਾਰ ਤੋਂ ਆਈ ਸੀ। ਫਿਰ ਵੀ ਮਦਰਾਸ (ਹੁਣ ਚੇਨੱਂਈ) ਤੇ ਦਿੱਲੀ ’ਚ ਗੁਜ਼ਰੇ ਵਿਦਿਆਰਥੀ ਜੀਵਨ ਅਤੇ ਦੇਹਰਾਦੂਨ ਵਿਚ ਇੱਕ ਅਜਿਹੇ ਸਕੂਲ ’ਚ ਅਧਿਆਪਨ, ਜਿਸ ਦਾ ਕਿਸੇ ਸੰਪਰਦਾਇ ਨਾਲ ਸਬੰਧ ਨਹੀਂ ਸੀ, ਨੇ ਉਨ੍ਹਾਂ ਨੂੰ ਵੀ ਅਜਿਹਾ ਬਣਾਇਆ ਸੀ ਕਿ ਵਿਅਕਤੀ ਦੀ ਕਦਰ ਉਹ ਉਸ ਦੀ ਆਮਦਨ ਜਾਂ ਸਮਾਜਿਕ ਰੁਤਬੇ ਅਨੁਸਾਰ ਨਹੀਂ ਕਰਦੇ ਸਨ।
ਮੇਰੇ ਮਾਤਾ-ਪਿਤਾ ਨੇ ਕਦੇ ਵੀ ਆਪਣੇ ਧਰਮ-ਨਿਰਪੱਖ ਵਿਸ਼ਵਾਸਾਂ ਦਾ ਜਨਤਕ ਤੌਰ ’ਤੇ ਪ੍ਰਦਰਸ਼ਨ ਨਹੀਂ ਕੀਤਾ। ਇਹ ਵਿਸ਼ਵਾਸ ਇਸ ਗੱਲ ਵਿੱਚ ਪ੍ਰਗਟ ਹੋਏ ਕਿ ਉਨ੍ਹਾਂ ਦਾ ਵਿਹਾਰ ਕਿਵੇਂ ਦਾ ਸੀ। ਦੇਹਰਾਦੂਨ ਵਿੱਚ ਜਿਨ੍ਹਾਂ ਤਿੰਨ ਪਰਿਵਾਰਾਂ ਨਾਲ ਉਹ ਸਭ ਤੋਂ ਵੱਧ ਘੁਲਦੇ-ਮਿਲਦੇ ਸਨ, ਉਹ ਕ੍ਰਮਵਾਰ ਸਿੱਖ, ਕਾਇਸਥ ਅਤੇ ਤਾਮਿਲ ਇਸਾਈ ਸਨ। ਬ੍ਰਾਹਮਣ ਘਰਾਂ ਵਿੱਚ ਜਿਨ੍ਹਾਂ ਕੋਲ ਰਸੋਈਆ ਰੱਖਣ ਦੇ ਸਾਧਨ ਸਨ, ਉਹ ਆਮ ਤੌਰ ’ਤੇ ਪੁਰਸ਼ ਹੁੰਦਾ ਸੀ ਅਤੇ ਮਾਲਕਾਂ ਦੀ ਉਪ-ਜਾਤੀ ਦਾ ਹੁੰਦਾ ਸੀ ਤਾਂ ਜੋ ਉਹ ਜਿਹੜਾ ਭੋਜਨ ਖਾਂਦੇ ਸਨ ਉਹ ਰਸਮੀ ਤੌਰ ’ਤੇ ‘ਸ਼ੁੱਧ’ ਹੋਵੇ। ਮੇਰੇ ਮਾਤਾ-ਪਿਤਾ ਵੀ ਰਸੋਈਆ ਰੱਖ ਸਕਦੇ ਸਨ ਅਤੇ ਮੈਨੂੰ ਦੋ ਰਸੋਈਏ ਯਾਦ ਹਨ, ਜੋ ਗੜਵਾਲ ਦੇ ਗ਼ੈਰ-ਬ੍ਰਾਹਮਣ ਪਰਿਵਾਰਾਂ ਤੋਂ ਸਨ। ਬਾਅਦ ਵਿੱਚ ਜਾਤੀ ਦੇ ਨਿਯਮਾਂ ਨੂੰ ਹੋਰ ਚੰਗੀ ਤਰ੍ਹਾਂ ਤਿਲਾਂਜਲੀ ਦਿੰਦਿਆਂ ਮੇਰੇ ਮਾਤਾ-ਪਿਤਾ ਨੇ ਇੱਕ ਮੁਸਲਮਾਨ ਰਸੋਈਆ ਵੀ ਰੱਖਿਆ।
ਮੇਰੇ ਪਿਤਾ ਜੀ ਨੇ ਆਪਣੇ ਸੁਭਾਅ ਵਿੱਚ ਹਲਕਾ ਮਜ਼ਾਹੀਆਪਣ ਰੱਖਦਿਆਂ ਖ਼ੁਦ ਨੂੰ ਦੰਭ ਤੋਂ ਦੂਰ ਰੱਖਿਆ। ਉਨ੍ਹਾਂ ਦੇ ਤੀਹ ਤੋਂ ਵੱਧ ਪੀਐੱਚ ਡੀ ਵਿਦਿਆਰਥੀਆਂ ਵਿੱਚੋਂ ਪਹਿਲਾ ਵੀ.ਐੱਨ. ਮੁਖਰਜੀ ਨਾਂ ਦਾ ਵਿਅਕਤੀ ਸੀ। ਜਿਸ ਦਿਨ ਮੇਰੇ ਪਿਤਾ ਜੀ ਨੂੰ ਆਗਰਾ ਯੂਨੀਵਰਸਿਟੀ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਵਿਦਿਆਰਥੀ ਨੇ ਆਪਣਾ ਵਾਈਵਾ (ਜ਼ੁਬਾਨੀ ਇਮਤਿਹਾਨ) ਪਾਸ ਕਰ ਲਿਆ ਹੈ, ਉਨ੍ਹਾਂ ਨੇ ਉਸ ਨੂੰ ਕੰਮ ’ਤੇ ਜਾਣ ਤੋਂ ਪਹਿਲਾਂ ਅਗਲੀ ਸਵੇਰ ਘਰ ਬੁਲਾਇਆ। ਜਦੋਂ ਵੀ.ਐੱਨ. ਮੁਖਰਜੀ ਨੇ ਸਾਡੇ ਘਰ ਦੀ ਘੰਟੀ ਵਜਾਈ ਤਾਂ ਮੈਂ ਤੇ ਮੇਰੀ ਭੈਣ ਵਾਣੀ, ਜੋੋ ਉਸ ਸਮੇਂ ਕ੍ਰਮਵਾਰ ਦਸ ਅਤੇ ਬਾਰ੍ਹਾਂ ਸਾਲ ਦੇ ਸਾਂ, ਨੇ ਦਰਵਾਜ਼ਾ ਖੋਲ੍ਹਿਆ। ਸਾਡੇ ਪਿਤਾ ਜੀ ਦੇ ਕਹਿਣ ’ਤੇ ਅਸੀਂ ਉਸ ਦਾ ਸਵਾਗਤ ‘‘ਸ਼ੁਭ ਸਵੇਰ, ਡਾਕਟਰ ਮੁਖਰਜੀ!’’ ਆਖ ਕੇ ਕੀਤਾ। ਇਸ ਤੋਂ ਪਹਿਲੀ ਸ਼ਾਮ ਤੱਕ ਉਹ ਸਿਰਫ਼ ‘ਸ੍ਰੀਮਾਨ ਮੁਖਰਜੀ’ ਹੀ ਸੀ। ਉਸ ਦੇ ਚਿਹਰੇ ’ਤੇ ਆਈ ਖ਼ੁਸ਼ੀ ਅਤੇ ਸਕੂਨ ਦੇਖਿਆਂ ਹੀ ਬਣਦਾ ਸੀ।
ਸਕੂਲ ਅਧਿਆਪਕ ਹੋਣ ਨਾਤੇ ਮੇਰੀ ਮਾਂ ਨੇ ਮੇਰੇ ਪਿਤਾ ਨਾਲੋਂ ਵੀ ਵੱਧ ਜ਼ਿੰਦਗੀਆਂ ਨੂੰ ਛੋਹਿਆ। ਦੋ ਦਹਾਕਿਆਂ ਤੋਂ ਵੱਧ ਸਮਾਂ ਮੇਰੇ ਮਾਤਾ ਜੀ ਦੇਹਰਾਦੂਨ ਛਾਉਣੀ ਵਿੱਚ ਸਥਿਤ ਕੈਂਬ੍ਰੀਅਨ ਹਾਲ ਨਾਮੀ ਸਕੂਲ ਵਿੱਚ ਹਿੰਦੀ, ਅੰਗਰੇਜ਼ੀ, ਅਰਥ ਸ਼ਾਸਤਰ ਅਤੇ ਭੂਗੋਲ ਪੜ੍ਹਾਉਂਦੇ ਰਹੇ। ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਵਿੱਚ ਜਾਤ, ਵਰਗ, ਧਰਮ ਜਾਂ ਸ਼ਾਇਦ ਸਭ ਤੋਂ ਮਹੱਤਵਪੂਰਨ ਸਿੱਖਣ ਦੀ ਯੋਗਤਾ ਦੇ ਆਧਾਰ ’ਤੇ ਕਦੇ ਵੀ ਵਿਤਕਰਾ ਨਾ ਕੀਤਾ। ਮੇਰੀ ਮਾਂ ਨੂੰ ਵਿਦਿਆਰਥੀਆਂ ਨੇ ਬਹੁਤ ਸਤਿਕਾਰ ਦਿੱਤਾ, ਜੋ ਦਸਵੀਂ ਪਾਸ ਕਰਨ ਤੋਂ ਬਾਅਦ ਵੀ ਸਾਲਾਂਬੱਧੀ ਉਨ੍ਹਾਂ ਦੇ ਸੰਪਰਕ ਵਿੱਚ ਰਹੇ। ਹਰ ਸਾਲ ਅਧਿਆਪਕ ਦਿਵਸ ਮੌਕੇ ਉਨ੍ਹਾਂ ਨੂੰ ਲਗਾਤਾਰ ਫੋਨ ਕਾਲਾਂ ਆਉਂਦੀਆਂ ਰਹਿੰਦੀਆਂ ਅਤੇ ਹੁਣ ਆਪਣੀ ਉਮਰ ਦੇ ਪੰਜਾਹ ਜਾਂ ਸੱਠ ਸਾਲਾਂ ਨੂੰ ਢੁਕੇ ਵਿਦਿਆਰਥੀ ਵੀ ਗੁਲਦਸਤੇ ਲੈ ਕੇ ਆਪਣੇ ਪਿਆਰੇ ‘ਗੁਹਾ ਮੈਡਮ’ ਨੂੰ ਮਿਲਣ ਆਉਂਦੇ ਸਨ।
ਸਾਲ 2001 ਵਿੱਚ ਸ੍ਰੀਲੰਕਾ ਦੀ ਯਾਤਰਾ ਦੌਰਾਨ ਮੈਂ ਭਾਰਤੀ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਪੁਲੀਸ ਅਧਿਕਾਰੀ ਨੂੰ ਮਿਲਿਆ। ਮੇਰੇ ਪਿਛੋਕੜ ਬਾਰੇ ਜਾਣ ਕੇ ਉਸ ਨੇ ਕਿਹਾ, ‘‘ਮੈਂ ਮੈਡਮ ਗੁਹਾ ਦਾ ਪਸੰਦੀਦਾ ਵਿਦਿਆਰਥੀ ਸੀ।’’ ਉਸ ਦੇ ਬੌਸ ਨੇ ਤੁਰੰਤ ਉਸ ਦੀ ਗੱਲ ਟੋਕਦਿਆਂ ਕਿਹਾ, ‘‘ਮੈਡਮ ਗੁਹਾ ਹੀ ਦੱਸ ਸਕਦੇ ਨੇ ਕਿ ਉਨ੍ਹਾਂ ਦਾ ਪਸੰਦੀਦਾ ਵਿਦਿਆਰਥੀ ਕੌਣ ਸੀ।’’ ਮੈਨੂੰ ਉਸ ਜੂਨੀਅਰ ਅਧਿਕਾਰੀ ’ਤੇ ਤਰਸ ਆਇਆ ਕਿਉਂਕਿ ਸ਼ਾਇਦ ਮੇਰੀ ਮਾਂ ਦਾ ਅਧਿਆਪਕ ਵਜੋਂ ਤਰੀਕਾ ਸੀ ਕਿ ਹਰ ਵਿਦਿਆਰਥੀ ਆਪਣੇ ਆਪ ਨੂੰ ਉਨ੍ਹਾਂ ਦਾ ‘ਪਸੰਦੀਦਾ’ ਵਿਦਿਆਰਥੀ ਸਮਝੇ। ਪੰਦਰਾਂ ਸਾਲ ਬਾਅਦ ਮੈਂ ਦਿੱਲੀ ਦੇ ਇੱਕ ਰੈਸਤਰਾਂ ਵਿੱਚ ਇੱਕ ਸੰਪਾਦਕ ਨਾਲ ਦੁਪਹਿਰ ਦਾ ਖਾਣਾ ਖਾ ਰਿਹਾ ਸੀ। ਬੈਰ੍ਹੇ ਨੇ ਮੇਰੇ ਕੋਲ ਇੱਕ ਪਰਚੀ ਲਿਆਂਦੀ, ਜਿਸ ਬਾਰੇ ਦੱਸਿਆ ਸੀ ਕਿ ਇਹ ਦੂਜੇ ਮੇਜ਼ ’ਤੇ ਬੈਠੇ ਇੱਕ ਨੌਜਵਾਨ ਨੇ ਲਿਖ ਕੇ ਭੇਜੀ ਸੀ। ਸੰਪਾਦਕ ਨੇ ਟਿੱਪਣੀ ਕੀਤੀ, ‘‘ਬੇਸ਼ੱਕ, ਇਹ ਤੁਹਾਡਾ ਕੋਈ ਪ੍ਰਸ਼ੰਸਕ ਹੈ।’’ ਦਰਅਸਲ, ਸੁਨੇਹੇ ਵਿੱਚ ਲਿਖਿਆ ਸੀ ਕਿ ਹੁਣ ਪੁਣੇ ਰਹਿੰਦੀ ਉਸ ਨੌਜਵਾਨ ਦੀ ਮਾਂ ਨੂੰ ਮੇਰੀ ਮਾਂ ਨੇ ਦੇਹਰਾਦੂਨ ਵਿੱਚ ਪੜ੍ਹਾਇਆ ਸੀ ਅਤੇ ਉਹ ਹੁਣ ਵੀ ਉਨ੍ਹਾਂ ਬਾਰੇ ਪਿਆਰ ਤੇ ਸਤਿਕਾਰ ਨਾਲ ਗੱਲ ਕਰਦੀ ਹੈ।
ਮੇਰੀ ਮਾਂ ਦੀ ਮੌਤ ਤੋਂ ਬਾਅਦ ਮੈਨੂੰ ਇੱਕ ਵਾਰ ਫਿਰ ਅਹਿਸਾਸ ਹੋਇਆ ਹੈ ਕਿ ਕਿਵੇਂ ਅਧਿਆਪਨ ਅਤੇ ਖ਼ਾਸਕਰ ਸਕੂਲ ਅਧਿਆਪਨ - ਬਿਹਤਰੀਨ ਕੰਮਾਂ ਵਿੱਚੋਂ ਇੱਕ ਕਿਹਾ ਜਾ ਸਕਦਾ ਹੈ। ਅਧਿਆਪਕ ਇਸ ਤਰੀਕੇ ਤਨੋਂ-ਮਨੋਂ ਸੇਵਾ ਭਾਵਨਾ ਨਾਲ ਆਪਣਾ ਕਾਰਜ ਕਰਦੇ ਹਨ, ਜੋ ਦੂਜੇ ਵਧੇਰੇ ਸਵੈ-ਕੇਂਦ੍ਰਿਤ ਪੇਸ਼ਿਆਂ ਵਿੱਚ ਅਕਸਰ ਨਦਾਰਦ ਹੁੰਦੀ ਹੈ। ਮੇਰੇ ਮਾਤਾ ਜੀ ਇਕਤਾਲੀ ਸਾਲ ਪਹਿਲਾਂ ਸੇਵਾਮੁਕਤ ਹੋ ਗਏ ਸਨ, ਪਰ ਮੈਨੂੰ ਉਨ੍ਹਾਂ ਦੇ ਵਿਦਿਆਰਥੀ ਰਹੇ ਲੋਕਾਂ ਤੋਂ ਸੁਨੇਹੇ ਮਿਲਦੇ ਰਹਿੰਦੇ ਹਨ, ਜੋ ਹੁਣ ਖ਼ੁਦ ਸਫ਼ਲ ਅਦਾਕਾਰ, ਫ਼ੌਜੀ ਅਧਿਕਾਰੀ, ਲੜਾਕੂ ਪਾਇਲਟ, ਲੇਖਕ, ਡਾਕਟਰ, ਕਾਰਪੋਰੇਟ ਅਧਿਕਾਰੀ ਅਤੇ ਇੱਥੋਂ ਤੱਕ ਕਿ ਅਧਿਆਪਕ ਵੀ ਹਨ।
ਸਾਲ 2012 ਦੀ ਕ੍ਰਿਸਮਸ ਵਾਲੇ ਦਿਨ ਅਠਾਸੀ ਸਾਲ ਦੀ ਉਮਰ ਵਿੱਚ ਮੇਰੇ ਪਿਤਾ ਦਾ ਦੇਹਾਂਤ ਹੋਇਆ ਸੀ। ਆਖ਼ਰੀ ਵਾਰ ਬਿਮਾਰੀ ਦੌਰਾਨ ਦੋ ਗੁਆਂਢੀ, ਜੋ ਦੋਸਤ ਵੀ ਸਨ, ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਸਨ। ਉਨ੍ਹਾਂ ਦੇ ਨਾਮ ਅੱਬਾਸ ਅਤੇ ਰਾਧਾਕ੍ਰਿਸ਼ਨ ਸਨ। ਉਦੋਂ ਤੋਂ ਮੇਰੇ ਮਾਤਾ ਜੀ ਬੰਗਲੂਰੂ ਦੇ ਕੋਰਮੰਗਲਾ ਇਲਾਕੇ ਵਿੱਚ ਆਪਣੇ ਘਰ ਦੀ ਥਾਂ, ਕਦੇ ਮੇਰੀ ਭੈਣ ਅਤੇ ਕਦੇ ਮੇਰੇ ਕੋਲ ਰਹਿੰਦੇ ਸਨ। ਉਨ੍ਹਾਂ ਨੂੰ ਬੁਢਾਪੇ ਦੀਆਂ ਆਮ ਸਮੱਸਿਆਵਾਂ ਤਾਂ ਸਨ, ਪਰ ਉਂਜ ਉਹ ਪਰਿਵਾਰ, ਦੋਸਤਾਂ ਅਤੇ ਪੁਰਾਣੇ ਵਿਦਿਆਰਥੀਆਂ ’ਚ ਖ਼ੁਸ਼ ਰਹਿੰਦੇ। ਹਾਲਾਂਕਿ ਉਨ੍ਹਾਂ ਸਿਆਸਤ ’ਚ ਕਦੇ ਵੀ ਬਹੁਤੀ ਰੁਚੀ ਨਹੀਂ ਲਈ, ਪਰ ਉਹ ਸਪੱਸ਼ਟ ਆਖਦੇ ਸਨ ਕਿ ਹਿੰਦੂਤਵੀ ਕੱਟੜਤਾ ਦੇ ਉਭਾਰ ਤੋਂ ਉਨ੍ਹਾਂ ਨੂੰ ਨਿਰਾਸ਼ਾ ਹੁੰਦੀ ਸੀ। ਨਹਿਰੂ ਯੁੱਗ ਦੇ ਬਹੁਲਵਾਦੀ ਤੇ ਸਮਾਵੇਸ਼ੀ ਮਾਹੌਲ ਤੋਂ ਪ੍ਰਭਾਵਿਤ ਕਿਸੇ ਵਿਅਕਤੀ ਲਈ ਇਹ ਵਿਚਾਰ ਘਿਣਾਉਣਾ ਸੀ ਕਿ ਸਿਰਫ਼ ਉਹ ਤੇ ਉਨ੍ਹਾਂ ਦਾ ਹਿੰਦੂ ਭਾਈਚਾਰਾ ਹੀ ਇਸ ਜ਼ਮੀਨ ਦਾ ਜੱਦੀ ਮਾਲਕ ਸੀ। ਮੈਨੂੰ ਦਿਲੋਂ ਯਾਦ ਹੈ ਕਿ ਦੇਹਰਾਦੂਨ ਦੇ ਦੋ ਸਾਥੀ ਅਧਿਆਪਕਾਂ ਦੀ ਸਲਾਹ ਦੀ ਮੇਰੇ ਮਾਤਾ ਜੀ ਖ਼ਾਸ ਤੌਰ ’ਤੇ ਕਦਰ ਕਰਦੇ ਸਨ: ਡੇਜ਼ੀ ਬਟਲਰਵਾਈਟ ਅਤੇ ਨਿਗਹਤ ਰਹਿਮਾਨ। ਬੰਗਲੂਰੂ ਵਿੱਚ ਉਨ੍ਹਾਂ ਦੇ ਸਭ ਤੋਂ ਪਿਆਰੇ ਦੋਸਤਾਂ ਵਿੱਚ ਲਈਕ ਅਤੇ ਜ਼ਫ਼ਰ ਫੁਤੇਹੱਲੀ ਦੀ ਜੋੜੀ ਸ਼ੁਮਾਰ ਸੀ।
ਮੈਨੂੰ ਜਨਮ ਸਦਕਾ ਬਹੁਤ ਸਾਰੇ ਵਿਸ਼ੇਸ਼ ਅਧਿਕਾਰ ਮਿਲੇ ਜਿਵੇਂ ਹਿੰਦੂਆਂ ਦੇ ਦਬਦਬੇ ਅਤੇ ਉਨ੍ਹਾਂ ਵੱਲੋਂ ਚਲਾਏ ਜਾਂਦੇ ਦੇਸ਼ ਵਿੱਚ ਰਹਿਣ ਵਾਲੇ ਹਿੰਦੂ ਦੇ ਵਜੋਂ, ਜਾਤੀ ਵਿਤਕਰੇ ਭਰਪੂਰ ਸੱਭਿਆਚਾਰ ’ਚ ਰਹਿਣ ਵਾਲੇ ਇੱਕ ਬ੍ਰਾਹਮਣ ਵਜੋਂ, ਪਿੱਤਰਸੱਤਾ ਦੁਆਰਾ ਕੋਝੇ ਬਣਾ ਦਿੱਤੇ ਗਏ ਸਮਾਜ ’ਚ ਰਹਿੰਦੇ ਇੱਕ ਵਿਅਕਤੀ ਵਜੋਂ ਅਤੇ ਇੱਕ ਅਜਿਹੇ ਦੇਸ਼ ਵਿੱਚ ਫਰ ਫਰ ਅੰਗਰੇਜ਼ੀ ਬੋਲਣ ਵਾਲੇ ਵਿਅਕਤੀ ਵਜੋਂ ਵਿਚਰਨਾ, ਜਿੱਥੇ ਇਹ ਭਾਸ਼ਾ ਬਹੁਤ ਸਾਰੇ ਦਰਵਾਜ਼ੇ ਖੋਲ੍ਹਦੀ ਹੈ। ਜਨਮ ਤੋਂ ਮਿਲੇ ਇਨ੍ਹਾਂ ਫ਼ਾਇਦਿਆਂ ਨੇ ਮੇਰੇ ਜੀਵਨ ਸਫ਼ਰ ਨੂੰ ਬਹੁਤ ਜ਼ਿਆਦਾ ਆਰਾਮਦੇਹ ਬਣਾ ਦਿੱਤਾ। ਫਿਰ ਵੀ ਮੇਰੇ ਮਾਪਿਆਂ ਦੀ ਮਿਸਾਲ ਨੇ ਮੈਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਜ਼ਿਆਦਾਤਰ ਹੋਰ ਭਾਰਤੀਆਂ ਕੋਲ ਕਿੰਨੇ ਘੱਟ ਵਿਸ਼ੇਸ਼ ਅਧਿਕਾਰ ਸਨ। ਹੁਣ ਜਦੋਂ ਮੈਂ ਉਨ੍ਹਾਂ ਦੇ ਜੀਵਨ ’ਤੇ ਝਾਤ ਮਾਰਦਾ ਹਾਂ ਤਾਂ ਆਪਣੀ ਜਵਾਨੀ ਦੀ ਉਮਰ ਤੋਂ ਕਿਤੇ ਜ਼ਿਆਦਾ ਉੱਘੜਵੇਂ ਰੂਪ ਵਿੱਚ ਦੇਖ ਸਕਦਾ ਹਾਂ ਕਿ ਕਿਵੇਂ ਮੇਰੇ ਮਾਪਿਆਂ ਨੇ ਚੁੱਪਚਾਪ ਅਚੇਤ ਰੂਪ ਵਿੱਚ ਬਿਨਾਂ ਸੋਚੇ-ਸਮਝੇ ਭਾਈਚਾਰੇ ਅਤੇ ਸਮਤਾ ਦੀ ਭਾਵਨਾ ਨਾਲ ਜ਼ਿੰਦਗੀ ਬਿਤਾਈ, ਜੋ ਨਾਗਰਿਕਤਾ ਦਾ ਧੁਰਾ ਹੈ।
ਈ-ਮੇਲ: ramachandraguha@yahoo.in

