DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਬਰ ਜਨਾਹ ਜਦੋਂ ਹਥਿਆਰ ਬਣ ਜਾਂਦਾ

ਖਾਮ ਖ਼ਾਨ ਸੂਨ ਹੋਸਿੰਗ ਮਨੀਪੁਰ ਵਿਚ ਕੁਕੀ-ਜ਼ੋਮੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਬੁਰਛਾਗਰਦਾਂ ਦੇ ਝੁੰਡ ਵਲੋਂ ਨਿਰਵਸਤਰ ਕਰ ਕੇ ਘੁਮਾਉਣ ਦੀ ਘਟਨਾ ਦੀ ਪ੍ਰੇਸ਼ਾਨਕੁਨ ਵੀਡਿਓ ਜਦੋਂ ਨਸ਼ਰ ਹੋਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਅੰਦਰ ਚੱਲ ਰਹੀ ਨਸਲੀ ਹਿੰਸਾ ਬਾਰੇ...
  • fb
  • twitter
  • whatsapp
  • whatsapp
featured-img featured-img
Bengaluru: Members of various organisations holding placards take part in a protest against the ongoing ethnic violence in Manipur, in Bengaluru, Friday, July 21, 2023. (PTI Photo/Shailendra Bhojak)(PTI07_21_2023_000346A)
Advertisement

ਖਾਮ ਖ਼ਾਨ ਸੂਨ ਹੋਸਿੰਗ

ਮਨੀਪੁਰ ਵਿਚ ਕੁਕੀ-ਜ਼ੋਮੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਬੁਰਛਾਗਰਦਾਂ ਦੇ ਝੁੰਡ ਵਲੋਂ ਨਿਰਵਸਤਰ ਕਰ ਕੇ ਘੁਮਾਉਣ ਦੀ ਘਟਨਾ ਦੀ ਪ੍ਰੇਸ਼ਾਨਕੁਨ ਵੀਡਿਓ ਜਦੋਂ ਨਸ਼ਰ ਹੋਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਅੰਦਰ ਚੱਲ ਰਹੀ ਨਸਲੀ ਹਿੰਸਾ ਬਾਰੇ ਆਪਣੀ ਚੁੱਪ ਤੋੜਨ ਲਈ ਮਜਬੂਰ ਹੋ ਗਏ। ਚਾਰ ਮਈ ਨੂੰ ਵਾਪਰੀ ਇਸ ਘਿਨਾਉਣੀ ਘਟਨਾ ਦੀ ਵੀਡਿਓ 19 ਜੁਲਾਈ ਨੂੰ ਵਾਇਰਲ ਹੋਈ ਸੀ।

Advertisement

ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਕਿਸੇ ਟਕਰਾਅ ਵਿਚ ਬਲਾਤਕਾਰ ਨੂੰ ਹਥਿਆਰ ਦੇ ਰੂਪ ਵਿਚ ਵਰਤ ਕੇ ਨਾ ਕੇਵਲ ਔਰਤਾਂ ਦੀ ਬੇਹੁਰਮਤੀ ਕੀਤੀ ਗਈ ਅਤੇ ਵਡੇਰੇ ਰੂਪ ਵਿਚ ਕੁਕੀ-ਜ਼ੋਮੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸਗੋਂ ਇਸ ਨੇ ਭਾਰਤੀ ਨਾਗਰਿਕਾਂ ਦੀ ਸਮੂਹਿਕ ਜ਼ਮੀਰ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਰਕਾਰੀ ਕੰਟਰੋਲ ਵਾਲਾ ਕੰਟਰੋਲ ਹੇਠਲਾ ਮੀਡੀਆ ਜਾਂ ਦਮਨਕਾਰੀ ਸਰਕਾਰਾਂ ਭਾਵੇਂ ਬਲਾਤਕਾਰ ਨੂੰ ਹਥਿਆਰ ਦੇ ਰੂਪ ਵਿਚ ਵਰਤਣ ਤੇ ਕਿਸੇ ਸਮੂਹ ਦੇ ਦਮਨ ਸਮੇਤ ਅਜਿਹੇ ਹਿਕਾਰਤੀ ਕਾਰਿਆਂ ਦੀ ਪਰਦਾਪੋਸ਼ੀ ਕਰਨ ਜਾਂ ਰਫ਼ਾ ਦਫ਼ਾ ਕਰਨ ਦੀਆਂ ਕਿੰਨੀਆਂ ਵੀ ਕੋਸ਼ਿਸ਼ਾਂ ਕਰੇ, ਫਿਰ ਵੀ ਸਚਾਈ ਨੂੰ ਦਬਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਿਤੇ ਨਾ ਕਿਤੇ ਨਕਾਰਾ ਸਿੱਧ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਸਰਬਵਿਆਪੀ ਹਕੀਕਤ ਵੀ ਜੱਗ ਜ਼ਾਹਿਰ ਹੁੰਦੀ ਹੈ ਕਿ ਔਰਤਾਂ ਦੇ ਸਰੀਰਾਂ ਨਾਲ ਖਿਲਵਾੜ ਦਾ ਕੋਈ ਵੀ ਕਾਰਾ ਭਾਵੇਂ ਉਸ ਦਾ ਆਧਾਰ/ਬਹਾਨਾ ਜਾਂ ਪ੍ਰਸੰਗ ਕੁਝ ਵੀ ਹੋਵੇ, ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਸਰਬਵਿਆਪੀ ਹਕੀਕਤ ਦੇ ਪ੍ਰਗਟ ਹੋਣ ਦਾ ਢੰਗ ਵੀ ਨਿਰਾਲਾ ਹੈ ਜਦਕਿ ਇਸ ਕਿਸਮ ਦੀ ਘਟਨਾ ਤੋਂ ਉਪਜੀ ਪੀੜ ਅਤੇ ਰੋਹ ਸਾਰੇ ਨਸਲੀ ਤੇ ਖੇਤਰੀ ਹੱਦ-ਬੰਨਿਆਂ ਨੂੰ ਪਾਰ ਕਰ ਜਾਂਦੀ ਹੈ।

ਕਿਸੇ ਨੇ ਇਸ ਘਿਨਾਉਣੇ ਅਪਰਾਧ ਤੋਂ ਉਪਜੀ ਬੇਵਸੀ, ਪੀੜ ਅਤੇ ਸਮੂਹਿਕ ਸ਼ਰਮਿੰਦਗੀ ਦਾ ਬਹੁਤ ਹੀ ਮਾਰਮਿਕ ਢੰਗ ਨਾਲ ਚਿੱਤਰ ਵਾਹਿਆ ਹੈ ਜਿਸ ਵਿਚ ਜਬਰ ਜਨਾਹ ਦਾ ਸ਼ਿਕਾਰ ਹੋਈ ਔਰਤ ਨੂੰ ਦੋ ਬੰਦੇ ਬਚਾ ਕੇ ਲਿਜਾਂਦੇ ਦਿਖਾਈ ਦਿੰਦੇ ਹਨ। ਤਿਰੰਗੇ ਵਿਚ ਲਿਪਟੀ ਖ਼ੂਨ ਨਾਲ ਲਥਪਥ ਉਸ ਔਰਤ ਦੇ ਪਿਛਾਂਹ ਖ਼ੂਨ ਦੇ ਨਿਸ਼ਾਨ ਪੈ ਰਹੇ ਹਨ।

ਇਹ ਘਟਨਾ ਫਿਰਕੂ ਦੰਗਿਆਂ ਦੌਰਾਨ ‘ਪਰਿਵਰਤਨ ਮਾਹਿਰਾਂ’ ਦੀ ਤਾਕਤ ਦਾ ਵਿਖਾਲਾ ਵੀ ਕਰਦੀ ਹੈ; ਉਹ ਰਾਜਕੀ ਛਤਰ ਛਾਇਆ ਹੇਠ ਇਕ ਭਾਈਚਾਰੇ ਖਿਲਾਫ਼ ਹਿੰਸਾ ਫੈਲਾਉਣ ਲਈ ਹਜੂਮ ਨੂੰ ਲਾਮਬੰਦ ਕਰਨ ਲਈ ਝੂਠੀ ਖ਼ਬਰ ਦਾ ਕਾਰਗਰ ਅਤੇ ਬੱਝਵੇਂ ਢੰਗ ਨਾਲ ਇਸਤੇਮਾਲ ਕਰਦੇ ਹਨ ਅਤੇ ਕੂੜ ਪ੍ਰਚਾਰ ਕਰਦੇ ਹਨ। ਤਿੰਨ ਅਤੇ ਚਾਰ ਮਈ ਦੀ ਰਾਤ ਨੂੰ ਇਹ ਝੂਠੀ ਖ਼ਬਰ ਵੱਡੇ ਪੱਧਰ ’ਤੇ ਫੈਲਾਈ ਗਈ ਸੀ ਕਿ ਚੂਰਾਚਾਂਦਪੁਰ ਮੈਡੀਕਲ ਕਾਲਜ ਵਿਚ ਕੁਕੀ-ਜ਼ੋਮੀ ਹਜੂਮ ਨੇ ਇਕ ਮੈਤੇਈ ਨਰਸਿੰਗ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ ਅਤੇ ਜਬਰ ਜਨਾਹ ਪੀੜਤ ਮੈਤੇਈ ਔਰਤਾਂ ਦੀਆਂ ਲਾਸ਼ਾਂ ਸ਼ਿਜਾ ਹਸਪਤਾਲ ਦੇ ਮੁਰਦਾਘਰ ਵਿਚ ਰੱਖੀਆਂ ਹੋਈਆਂ ਹਨ। ਹਾਲਾਂਕਿ ਉਸ ਨਰਸ ਦੇ ਪਿਤਾ ਅਤੇ ਇੰਫਾਲ ਵਿਚਲੇ ਸ਼ਿਜਾ ਹਸਪਤਾਲ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਘਟਨਾਵਾਂ ਦਾ ਖੰਡਨ ਕਰ ਦਿੱਤਾ ਸੀ ਪਰ ਮੈਤੇਈ ਹਜੂਮੀ ਗਰੁਪਾਂ ਨੇ ਇਨ੍ਹਾਂ ਅਫ਼ਵਾਹਾਂ ’ਤੇ ਯਕੀਨ ਬਣਾਈ ਰੱਖਿਆ ਜੋ ਅਜਿਹੇ ਕੁਪ੍ਰਚਾਰ ਨੂੰ ਗੈਂਗਰੇਪ ਦੇ ਬਹਾਨੇ ਵਜੋਂ ਵਰਤਦੇ ਹਨ ਅਤੇ ਇਨ੍ਹਾਂ ਨੂੰ ਕੁਕੀ-ਜ਼ੋਮੀ ਔਰਤਾਂ ਖਿਲਾਫ਼ ਬਦਲੇ ਦੀ ਕਾਰਵਾਈ ਦੇ ਰੂਪ ਵਿਚ ਸਹੀ ਠਹਿਰਾਉਂਦੇ ਸਨ।

ਜ਼ੋਮੀ ਸਟੂਡੈਂਟਸ ਫੈਡਰੇਸ਼ਨ ਵਲੋਂ ਸੋਸ਼ਲ ਮੀਡੀਆ ’ਤੇ ਪਾਈ ਇਕ ਸਟੋਰੀ ਤੋਂ ਵੀ ਇਹ ਗੱਲ ਜ਼ਾਹਿਰ ਹੁੰਦੀ ਹੈ। ਨਿਰਵਸਤਰ ਕਰ ਕੇ ਘੁਮਾਈਆਂ ਦੋ ਪੀੜਤ ਔਰਤਾਂ ’ਚੋਂ ਇਕ ਔਰਤ ਦੱਸਦੀ ਹੈ ਕਿ ਕਿਵੇਂ ਹਜੂਮ ਨੇ ਝੂਠੀ ਖ਼ਬਰ ਦੀ ਵਰਤੋਂ ਕਰ ਕੇ ਬੀ ਫੈਨੌਮ ਪਿੰਡ ਵਿਚ 4 ਮਈ ਨੂੰ 21 ਸਾਲ ਦੀ ਔਰਤ ਨਾਲ ਜਬਰ ਜਨਾਹ ਦੇ ਘਿਨਾਉਣੇ ਕਾਰੇ ਨੂੰ ਸਹੀ ਠਹਿਰਾਇਆ ਸੀ। ਉਸੇ ਦਿਨ ਇੰਫਾਲ ਦੇ ਪੋਰੋਮਪਟ ਵਿਖੇ ਨਾਈਟਿੰਗੇਲ ਨਰਸਿੰਗ ਇੰਸਟੀਚਿਊਟ ਦੀਆਂ ਦੋ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ਸੀ ਜਿਸ ਕਰ ਕੇ ਉਹ ਬੇਹੋਸ਼ ਹੋ ਗਈਆਂ ਸਨ। ਅਗਲੇ ਦਿਨ ਕੰਗਪੋਕਪੀ ਜਿ਼ਲ੍ਹੇ ਦੇ ਪਿੰਡ ਖੋਪੀਬੁੰਗ ਦੀ ਕਾਰ ਵਾਸ਼ ਸ਼ੌਪ ’ਚ ਕੰਮ ਕਰਨ ਵਾਲੀਆਂ ਦੋ ਔਰਤਾਂ ਨੂੰ ਔਰਤਾਂ ਦੇ ਸਮੂਹ ਵਲੋਂ ਕਾਬੂ ਕਰ ਕੇ ਸ਼ਰਾਰਤੀ ਅਨਸਰਾਂ ਦੇ ਸਪੁਰਦ ਕਰ ਦਿੱਤਾ ਅਤੇ ਉਨ੍ਹਾਂ ਅਨਸਰਾਂ ਨੇ ਕਮਰੇ ਵਿਚ ਲਿਜਾ ਕੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਸੀ। ਬਦਲੇ ਦੀ ਕਾਰਵਾਈ ਦੇ ਆਧਾਰ ’ਤੇ ਦੋ ਘੰਟੇ ਉਨ੍ਹਾਂ ਨੂੰ ਗੁੰਡਿਆਂ ਦੀ ਵਹਿਸ਼ਤ ਦਾ ਸਾਹਮਣਾ ਕਰਨਾ ਪਿਆ ਅਤੇ ਅੰਤ ਨੂੰ ਉਹ ਦਮ ਤੋੜ ਗਈਆਂ ਸਨ।

ਇਨ੍ਹਾਂ ਵਧੀਕੀਆਂ ਦੀ ਸਾਂਝੀ ਤੰਦ ਇਹ ਹੈ ਕਿ ਹਿੰਸਾ ਵਿਚ ਮੈਤੇਈ ਔਰਤਾਂ ਦੇ ਗਰੁਪਾਂ ਅਤੇ ਮਨੀਪੁਰ ਪੁਲੀਸ ਦੀ ਇਨ੍ਹਾਂ ਵਿਚ ਪੂਰੀ ਮਿਲੀਭਗਤ ਸੀ। ਪਿੰਡ ਦੇ ਮੁਖੀ ਨੇ 18 ਮਈ ਨੂੰ ਦਰਜ ਕਰਵਾਈ ਜ਼ੀਰੋ ਐੱਫਆਈਆਰ ਵਿਚ ਦੋਸ਼ ਲਾਇਆ ਸੀ ਕਿ ਚਾਰ ਮਈ ਨੂੰ ਲਗਭਗ ਇਕ ਹਜ਼ਾਰ ਲੋਕਾਂ ਦੀ ਮੈਤੇਈ ਭੀੜ ਨੇ ਨਾ ਕੇਵਲ ਸੂਬਾਈ ਪੁਲੀਸ ਦੀ ਦੇਖ ਰੇਖ ਹੇਠ ਉਨ੍ਹਾਂ ਦੇ ਪਿੰਡਾਂ ਨੂੰ ਲੁੱਟ-ਮਾਰ ਅਤੇ ਭੰਨ-ਤੋੜ ਕੀਤੀ ਸਗੋਂ ਗੈਂਗਰੇਪ ਜਿਹੇ ਘਿਨਾਉਣੇ ਕਾਰੇ ਵੀ ਕੀਤੇ। ਸੂਬਾਈ ਪੁਲੀਸ ਦੇ ਕਰਮੀ ਜਾਂ ਤਾਂ ਹਜੂਮ ਨੂੰ ਕਾਬੂ ਕਰਨ ਤੋਂ ਲਾਚਾਰ ਦਿਖਾਈ ਦਿੱਤੇ ਜਾਂ ਮਿਲੀਭਗਤ ਹੋਣ ਕਰ ਕੇ ਤਮਾਸ਼ਬੀਨ ਬਣੇ ਰਹੇ।

ਦਿਲਚਸਪ ਗੱਲ ਇਹ ਹੈ ਕਿ ਕਿਵੇਂ 21 ਸਾਲ ਦੀ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਘਟਨਾ ਤੋਂ 76 ਦਿਨਾ ਬਾਅਦ ਵੀਡਿਓ ਵਾਇਰਲ ਹੋਣ ਮਗਰੋਂ ਝਟਪਟ ਕਾਬੂ ਕਰ ਲਿਆ ਗਿਆ ਜਦਕਿ ਲਗਾਤਾਰ ਦੋ ਮਹੀਨੇ ਪੁਲੀਸ ਕਾਰਵਾਈ ਕਰਨ ਤੋਂ ਟਾਲਮਟੋਲ ਕਰਦੀ ਰਹੀ। ਦੇਰ ਨਾਲ ਹੋਈ ਪੁਲੀਸ ਦੀ ਇਹ ਕਾਰਵਾਈ ਕਈ ਸਵਾਲ ਖੜ੍ਹੇ ਕਰਦੀ ਹੈ; ਹਾਲਾਂਕਿ ਸਬੰਧਿਤ ਪਿੰਡ ਕੰਗਪੋਕਪੀ ਮਾਲ ਜਿ਼ਲੇ ਵਿਚ ਸਥਿਤ ਹੈ ਅਤੇ ਇਹ ਥੋਬਲ ਪੁਲੀਸ ਸਟੇਸ਼ਨ ਅਧੀਨ ਆਉੁਂਦਾ ਹੈ। ਇਹ ਪੁਲੀਸ ਸਟੇਸ਼ਨ ਮੈਤੇਈ ਬਹੁਗਿਣਤੀ ਜਿ਼ਲੇ ਵਿਚ ਸਥਿਤ ਹੋਣ ਕਰ ਕੇ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਕੁਕੀ-ਜ਼ੋਮੀ ਗਰੁਪ ਲਈ ਇੱਥੋਂ ਤੱਕ ਅੱਪੜਨਾ ਲਗਭਗ ਅਸੰਭਵ ਹੋ ਗਿਆ ਸੀ। ਪੁਲੀਸ ਦੀ ਵਿਆਪਕ ਮਿਲੀਭਗਤ ਦੇ ਦੋਸ਼ਾਂ ਨੂੰ ਜੇ ਕੁਝ ਸਮੇਂ ਲਈ ਲਾਂਭੇ ਰੱਖ ਵੀ ਦਿੱਤਾ ਜਾਵੇ ਤਾਂ ਵੀ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਦੇ ਅਧਿਕਾਰ ਖੇਤਰਾਂ ਦੇ ਵਖਰੇਵਿਆਂ ਅਤੇ ਉਲਝਣਾਂ ਕਰ ਕੇ ਹਿੰਸਾ ’ਤੇ ਕਾਬੂ ਪਾਉਣ ਦਾ ਅਮਲ ਬਹੁਤ ਜਿ਼ਆਦਾ ਪ੍ਰਭਾਵਿਤ ਰਿਹਾ ਹੈ। ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ ਉਨ੍ਹਾਂ ਹਜੂਮਾਂ ’ਤੇ ਕਾਬੂ ਪਾਉਣ ਵਿਚ ਨਾਕਾਮ ਸਾਬਿਤ ਹੋਏ ਜਿਨ੍ਹਾਂ ਨੇ ਚੂਰਾਚਾਂਦਪੁਰ ਅਤੇ ਕੰਗਪੋਕਪੀ ਜਿ਼ਲਿਆਂ ਦੀਆਂ ਪਹਾੜੀ ਢਲਾਣਾਂ ’ਤੇ ਵਸੇ ਬਹੁਤ ਸਾਰੇ ਕੁਕੀ-ਜ਼ੋਮੀ ਪਿੰਡਾਂ ’ਤੇ ਹਮਲੇ ਕਰ ਕੇ ਲੋਕਾਂ ਦੇ ਘਰ-ਬਾਰ ਸਾੜ ਦਿੱਤੇ ਸਨ।

ਜਬਰ ਜਨਾਹ ਦੀ ਇਹ ਘਟਨਾ ਭਾਵੇਂ ਬਹੁਤ ਘਿਨਾਉਣੀ ਹੈ ਪਰ ਇਸ ਨਾਲ ਸਾਡਾ ਧਿਆਨ ਸਿਰਫ਼ ਕਬਾਇਲੀ ਔਰਤਾਂ ਖਿਲਾਫ਼ ਹੋਏ ਅਪਰਾਧਾਂ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ। ਇਸ ਤੋਂ ਸਾਨੂੰ ਝੂਠੀਆਂ ਖਬਰਾਂ ਅਤੇ ਕੁਪ੍ਰਚਾਰ ਮੁਹਿੰਮਾਂ ਬਾਰੇ ਵੀ ਚੌਕਸ ਹੋਣਾ ਚਾਹੀਦਾ ਹੈ ਜਿਨ੍ਹਾਂ ਰਾਹੀਂ ਕੁਕੀ-ਜ਼ੋਮੀ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਅਤੇ ਉਸ ਪ੍ਰਤੀ ਦਵੈਸ਼ ਭਾਵਨਾ ਭੜਕਾਈ ਗਈ। ਜਿੰਨੀ ਦੇਰ ਤੱਕ ਇਸ ਢਾਂਚਾਗਤ ਹਿੰਸਾ ਦੇ ਸਰੋਤ ਦੇ ਸਾਰੇ ਪੱਖਾਂ ਨੂੰ ਮੁਖ਼ਾਤਬ ਨਹੀਂ ਹੋਇਆ ਜਾਂਦਾ ਅਤੇ ਕੁਕੀ-ਜ਼ੋਮੀ ਭਾਈਚਾਰੇ ਖਿਲਾਫ਼ ਕੁਪ੍ਰਚਾਰ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪ੍ਰਧਾਨ ਮੰਤਰੀ ਦੀ ਚੁੱਪ ਤੋੜਨ ਅਤੇ ਮੁੱਖ ਮੰਤਰੀ ਬੀਰੇਨ ਸਿੰਘ ਵਲੋਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਭਰੋਸੇ ਦਾ ਕਬਾਇਲੀ ਔਰਤਾਂ ਖਿਲਾਫ਼ ਭਵਿੱਖ ਵਿਚ ਹੋਣ ਵਾਲੇ ਘਿਨਾਉਣੇ ਅਪਰਾਧਾਂ ਦੀ ਰੋਕਥਾਮ ਲਈ ਕੋਈ ਖ਼ਾਸ ਅਸਰ ਨਹੀਂ ਪਵੇਗਾ। ਇਸ ਦੌਰਾਨ ਗੈਂਗਰੇਪ ਦਾ ਸ਼ਿਕਾਰ ਬਣੀ ਕੁਕੀ-ਜ਼ੋਮੀ ਭਾਈਚਾਰੇ ਦੀ ਔਰਤ ਦਾ ਭਾਰਤ ਦੇ ਝੰਡੇ ਨਾਲ ਤਨ ਢਕਣ ਦਾ ਉਹ ਸਕੈੱਚ ਉਸ ਗਹਿਰੇ ਜ਼ਖ਼ਮ ਦਾ ਸ਼ਕਤੀਸ਼ਾਲੀ ਪ੍ਰਤੀਕ ਅਤੇ ਸੂਚਕ ਬਣਿਆ ਰਹੇਗਾ ਕਿ ਇਹੋ ਜਿਹੀ ਹਿੰਸਾ ਨਾਲ ਨਾ ਕੇਵਲ ਕਬਾਇਲੀ ਔਰਤਾਂ ਦੇ ਜਿਸਮ ਸਗੋਂ ਦੇਸ਼ ਦੀ ਸਮੂਹਿਕ ਜ਼ਮੀਰ ਵੀ ਛਲਣੀ ਹੋ ਗਏ ਹਨ।

*ਲੇਖਕ ਹੈਦਰਾਬਾਦ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਹਨ।

Advertisement
×