DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਰੱਕੀ ਅਤੇ ਅਵਾਮ ਦੀ ਖੁਸ਼ਹਾਲੀ

ਇੰਜ. ਦਰਸ਼ਨ ਸਿੰਘ ਭੁੱਲਰ ਤਰੱਕੀ ਕੀ ਹੈ? ਇਹ ਸਵਾਲ ਡੈਰਨ ਏਸਮੋਗਲੂ, ਸਾਈਮਨ ਜੌਹਨਸਨ ਨੇ ਆਪਣੀ ਪੁਸਤਕ ‘ਪਾਵਰ ਐਂਡ ਪ੍ਰੋਗਰੈਸ’ ਦੀ ਭੂਮਿਕਾ ਵਿੱਚ ਉਠਾਇਆ ਹੈ। ਸਾਲ 2024 ਦਾ ਅਰਥਸ਼ਾਸਤਰ ਨੋਬੇਲ ਪੁਰਸਕਾਰ ਡੈਰਨ ਏਸਮੋਗਲੂ, ਸਾਈਮਨ ਜੌਹਨਸਨ ਅਤੇ ਜੇਮਜ਼ ਰੌਬਿਨਸਨ ਦੀ ਤਿੱਕੜੀ ਨੂੰ...
  • fb
  • twitter
  • whatsapp
  • whatsapp
Advertisement

ਇੰਜ. ਦਰਸ਼ਨ ਸਿੰਘ ਭੁੱਲਰ

ਤਰੱਕੀ ਕੀ ਹੈ? ਇਹ ਸਵਾਲ ਡੈਰਨ ਏਸਮੋਗਲੂ, ਸਾਈਮਨ ਜੌਹਨਸਨ ਨੇ ਆਪਣੀ ਪੁਸਤਕ ‘ਪਾਵਰ ਐਂਡ ਪ੍ਰੋਗਰੈਸ’ ਦੀ ਭੂਮਿਕਾ ਵਿੱਚ ਉਠਾਇਆ ਹੈ। ਸਾਲ 2024 ਦਾ ਅਰਥਸ਼ਾਸਤਰ ਨੋਬੇਲ ਪੁਰਸਕਾਰ ਡੈਰਨ ਏਸਮੋਗਲੂ, ਸਾਈਮਨ ਜੌਹਨਸਨ ਅਤੇ ਜੇਮਜ਼ ਰੌਬਿਨਸਨ ਦੀ ਤਿੱਕੜੀ ਨੂੰ ਇਨ੍ਹਾਂ ਵੱਲੋਂ ‘ਸੰਸਥਾਵਾਂ ਕਿਵੇਂ ਬਣਦੀਆਂ ਹਨ ਅਤੇ ਫਿਰ ਆਰਥਿਕ ਖੁਸ਼ਹਾਲੀ ਨੂੰ ਕਿਵੇਂ ਆਕਾਰ ਦਿੰਦੀਆਂ ਹਨ’ ਦੇ ਵਿਸ਼ੇ ’ਤੇ ਕੀਤੇ ਅਧਿਐਨ ਲਈ ਮਿਲਿਆ ਹੈ। ਤਰੱਕੀ ਅਤੇ ਅਵਾਮ ਦੀ ਖੁਸ਼ਹਾਲੀ ਦੇ ਸਬੰਧ ਨੂੰ ਤਲਾਸ਼ਣ ਲਈ ਲੇਖਕਾਂ ਨੇ ਇਸ ਕਿਤਾਬ ਵਿੱਚ ਪਿਛਲੇ ਹਜ਼ਾਰ ਸਾਲਾਂ ਦੌਰਾਨ ਹੋਈ ਤਰੱਕੀ ਅਤੇ ਖੁਸ਼ਹਾਲੀ ਨਾਲ ਮਨੁੱਖ ਦੇ ਸੰਘਰਸ਼ ਦੀ ਗਾਥਾ ਬਿਆਨ ਕੀਤੀ ਹੈ।

ਅਸੀਂ ਭਾਵੇਂ ਖੁਸ਼ਹਾਲੀ ਦੇ ਅਵਾਮ ਤੱਕ ਆਪਣੇ ਆਪ ਪਹੁੰਚਣ ਦੀ ਧਾਰਨਾ ਪ੍ਰਤੀ ਕਿੰਨੇ ਵੀ ਆਸ਼ਾਵਾਦੀ ਕਿਉਂ ਨਾ ਹੋਈਏ ਪਰ ਇਹ ਖੁਸ਼ਫਹਿਮੀ ਹੀ ਹੈ। ਦਰਅਸਲ, ਹਜ਼ਾਰਾਂ ਸਾਲਾਂ ਦਾ ਇਤਿਹਾਸ ਅਤੇ ਸਮਕਾਲੀ ਵਰਤਾਰਾ ਇਹ ਗੱਲ ਚੰਗੀ ਤਰ੍ਹਾਂ ਸਾਫ ਕਰ ਦਿੰਦਾ ਹੈ ਕਿ ਨਵੀਆਂ ਤਕਨੀਕਾਂ ਆਪਮੁਹਾਰੇ ਅਵਾਮ ਤੱਕ ਖੁਸ਼ਹਾਲੀ ਨਹੀਂ ਪਹੁੰਚਾਉਦੀਆਂ। ਇਨ੍ਹਾਂ ਦਾ ਅਵਾਮ ਤੱਕ ਪਹੁੰਚਣਾ ਜਾਂ ਨਾ ਪਹੁੰਚਣਾ ਸਰਮਾਏ ਅਤੇ ਰਾਜਨੀਤੀ ਦੀ ਲੋੜ ਤੇ ਮਰਜ਼ੀ ਹੁੰਦੀ ਹੈ। ਨਵੀਆਂ ਕਾਢਾਂ ਦੇ ਸਿੱਟੇ ਵਜੋਂ ਆਈ ਖੁਸ਼ਹਾਲੀ ਲੋਕਾਂ ਕੋਲ ਕਦੇ ਵੀ ਖੁਦ ਚੱਲ ਕੇ ਨਹੀਂ ਆਉਂਦੀ ਅਤੇ ਨਾ ਹੀ ਸਭ ਨੂੰ ਨਸੀਬ ਹੁੰਦੀ ਹੈ।

Advertisement

ਡੈਰਨ ਏਸਮੋਗਲੂ ਅਤੇ ਸਾਈਮਨ ਜੌਹਨਸਨ ਅਨੁਸਾਰ ਮੱਧ ਯੁੱਗ ਅਤੇ ਸ਼ੁਰੂਆਤੀ ਆਧੁਨਿਕ ਕਾਲ ਦੌਰਾਨ ਖੇਤੀ ਵਿੱਚ ਜੋ ਤਕਨੀਕੀ ਸੁਧਾਰ ਆਏ, ਉਹ ਕਿਸਾਨੀ ਤੱਕ ਨਹੀਂ ਪਹੁੰਚੇ। ਸਮੁੰਦਰੀ ਜਹਾਜ਼ਰਾਨੀ ਨੇ ਵਪਾਰ ਵਿੱਚ ਵਾਧਾ ਵੀ ਕੀਤਾ ਅਤੇ ਯੂਰੋਪੀਅਨਾਂ ਦੇ ਖਜ਼ਾਨੇ ਵੀ ਭਰੇ ਪਰ ਨਾਲ ਹੀ ਇਨ੍ਹਾਂ ਹੀ ਜਹਾਜ਼ਾਂ ਨੇ ਅਫਰੀਕਨਾਂ ਨੂੰ ਗੁਲਾਮ ਬਣਾ ਕੇ ਵੀ ਢੋਇਆ। ਬਰਤਾਨੀਆ ਦੀਆਂ ਕੱਪੜਾ ਮਿੱਲਾਂ ਨੇ ਜੋ ਕ੍ਰਾਂਤੀ ਲਿਆਂਦੀ, ਉਸ ਨੇ ਬੇਸ਼ੁਮਾਰ ਦੌਲਤ ਪੈਦਾ ਕੀਤੀ ਪਰ ਪੂਰੇ ਸੌ ਸਾਲ ਕਾਮਿਆਂ ਦੀਆਂ ਉਜਰਤਾਂ ’ਚ ਵਾਧਾ ਨਹੀਂ ਹੋਇਆ ਬਲਕਿ ਇਸ ਦੇ ਉਲਟ ਕੰਮ ਕਰਨ ਦੇ ਘੰਟੇ ਵਧੇ ਅਤੇ ਹਾਲਾਤ ਦੋਵੀਂ ਥਾਈਂ- ਕਾਰਖਾਨਿਆਂ ਤੇ ਸ਼ਹਿਰਾਂ ਵਿੱਚ, ਹੌਲਨਾਕ ਸਨ। ਹੱਡ ਭੰਨਵੀਂ ਮਜ਼ਦੂਰੀ ਤੋਂ ਤਪੇ ਇੱਕ ਜੁਲਾਹੇ (weaver) ਨੇ 1835 ਵਿੱਚ ਬਰਤਾਨੀਆ ਦੀ ਪਾਰਲੀਮੈਂਟਰੀ ਕਮੇਟੀ ਅੱਗੇ ਪੇਸ਼ ਹੋ ਕੇ ਕਿਹਾ ਸੀ, “ਜੇ ਆਦਮੀ ਤੋਂ ਬਿਹਤਰ ਕੰਮ ਕਰਨ ਵਾਲੀਆਂ ਮਸ਼ੀਨਾਂ ਦੀ ਇਜਾਦ ਕਰਨੀ ਹੀ ਹੈ ਤਾਂ ਰੱਬ ਦਾ ਵਾਸਤਾ, ਉਨ੍ਹਾਂ ’ਤੇ ਕੰਮ ਕਰਨ ਲਈ ਲੋਹੇ ਦੇ ਬੰਦੇ ਵੀ ਬਣਾਓ।”

ਜਦੋਂ ਮਸ਼ੀਨਾਂ ਦੀ ਆਮਦ ਨਾਲ ਉਦਯੋਗਕ ਯੁੱਗ ਸ਼ੁਰੂ ਹੋਇਆ ਤਾਂ ਮਜ਼ਦੂਰਾਂ ’ਤੇ ਨਿਗਰਾਨੀ ਕਰਨ ਦੀ ਲੋੜ ਮਹਿਸੂਸ ਹੋਈ। ਪੈਨਔਪਟੀਕੌਨ ਵਿਧੀ ਜੋ ਜਰਮੀ ਬੈਥਮ ਨੇ 1791 ਵਿੱਚ ਜੇਲ੍ਹਾਂ ਵਿੱਚ ਕੈਦੀਆਂ ’ਤੇ ਹਰ ਵਕਤ ਨਿਗਰਾਨੀ ਰੱਖਣ ਲਈ ਸੋਚੀ ਸੀ, ਉਸ ਨੂੰ ਉਦਯੋਗਕ ਯੁੱਗ ਆਉਣ ਤੋਂ ਬਾਅਦ ਕਾਰਖਾਨੇਦਾਰਾਂ ਦੁਆਰਾ ਮਜ਼ਦੂਰਾਂ ਉੱਪਰ ਦਮਨਕਾਰੀ ਨਿਗਰਾਨੀ ਲਈ ਅਪਣਾਇਆ। ਇਸ ਪਹੁੰਚ ਨੂੰ ਇਉਂ ਪੇਸ਼ ਕੀਤਾ ਗਿਆ ਕਿ ਇਸ ਤਰ੍ਹਾਂ ਦਾ ਵਰਕ ਕਲਚਰ ਸਰਬ ਹਿਤਕਾਰੀ ਹੈ; ਬਿਰਤਾਂਤ ਇੱਥੋਂ ਤੱਕ ਰਚਿਆ ਗਿਆ ਕਿ ਜੇ ਬਹੁਤਿਆਂ ਦੇ ਲਾਭ ਲਈ ਕੁਝ ਕੁ ਲੋਕਾਂ ਨੂੰ ਨਿਚੋੜ ਲਿਆ ਜਾਵੇ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ।

ਹੁਣ ਸਵਾਲ ਉੱਠ ਸਕਦਾ ਹੈ: ਕੀ ਉਦਯੋਗੀਕਰਨ ਦੇ ਸਾਨੂੰ ਫਾਇਦੇ ਨਹੀਂ ਹੋਏ? ਕੀ ਅਸੀਂ ਪਹਿਲੀਆਂ ਪੀੜ੍ਹੀਆਂ ਜਿਨ੍ਹਾਂ ਨੇ ਪੈਸੇ-ਪੈਸੇ ਲਈ ਹੱਡ ਭੰਨਵੀਂ ਮਿਹਨਤ ਕੀਤੀ ਤੇ ਭੁੱਖੇ ਵੀ ਮਰੇ, ਨਾਲੋਂ ਖੁਸ਼ਹਾਲ ਨਹੀਂ ਹਾਂ? ਬਿਨਾਂ ਸ਼ੱਕ ਅਸੀਂ ਆਪਣੇ ਪੁਰਖਿਆਂ ਨਾਲੋਂ ਹਰ ਤਰ੍ਹਾਂ ਬਿਹਤਰ ਹਾਂ। ਪੱਛਮੀ ਸਮਾਜ ਵਿੱਚ ਗਰੀਬ ਦਾ ਜੀਵਨ ਪੱਧਰ ਵੀ ਤਿੰਨ ਸਦੀਆਂ ਤੋਂ ਪਹਿਲਾਂ ਵਾਲੇ ਲੋਕਾਂ ਤੋਂ ਕਿਤੇ ਚੰਗਾ ਹੈ। ਅਸੀਂ ਸਿਹਤਮੰਦ ਤੇ ਲੰਮੀ ਜਿੰਦਗੀ ਬਤੀਤ ਕਰ ਰਹੇ ਹਾਂ। ਸਾਡੇ ਕੋਲ ਉਹ ਸਹੂੁਲਤਾਂ ਨੇ ਜਿਨ੍ਹਾਂ ਬਾਰੇ ਅੱਜ ਤੋਂ ਸੌ ਸਾਲ ਪਹਿਲਾਂ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਸਾਰ ਵਿੱਚ ਵਿਗਿਆਨੀਆਂ ਦੀਆਂ ਇਜਾਦ ਕੀਤੀਆਂ ਮਸ਼ੀਨਾਂ ਅਤੇ ਹੋਰ ਸੁੱਖ-ਸਹੂਲਤਾਂ ਨੇ ਮਨੁੱਖੀ ਜਿ਼ੰਦਗੀ ਬੇਹੱਦ ਸੁਖਾਲੀ ਕੀਤੀ ਹੈ ਪਰ ਕੀ ਇਹ ਕਦੀ ਸੋਚਿਆ ਹੈ ਕਿ ਇਹ ਸੁੱਖ ਆਮ ਆਦਮੀ ਦੀਆਂ ਬਰੂਹਾਂ ’ਤੇ ਪਹੁੰਚਿਆ ਕਿਵੇਂ ਹੈ?

ਜਿਵੇਂ ਸਾਰੀਆਂ ਬਿਮਾਰੀਆਂ ਜਾਨਲੇਵਾ ਨਹੀਂ ਹੁੰਦੀਆਂ, ਉਵੇਂ ਅਜਾਰੇਦਾਰੀ ਅਤੇ ਧਨ ਦਾ ਕੁਝ ਹੱਥਾਂ ਵਿੱਚ ਹੋਣਾ ਆਪਣੇ ਆਪ ’ਚ ਇਲਾਜ ਦਾ ਬੀਅ ਹੁੰਦਾ ਹੈ। ਜੋ ਹਾਲਾਤ ਮਨੁੱਖਾਂ ਦੇ ਇਕੱਠ ਨੂੰ ਦਬਾਉਂਦੇ ਹਨ, ਉਹ ਗਿਆਨ ਦੇ ਪ੍ਰਸਾਰ ਲਈ ਸੁਖਾਵੇਂ ਹਾਲਾਤ ਵੀ ਪੈਦਾ ਕਰਦੇ ਹਨ; ਆਖਿ਼ਰਕਾਰ ਮਨੁੱਖ ਨੂੰ ਆਜ਼ਾਦੀ ਦੀ ਚਿਣਗ ਲਾਉਣ ਵਿੱਚ ਸਹਾਈ ਹੁੰਦੀਆਂ ਹਨ। ਹਰ ਵੱਡੀ ਵਰਕਸ਼ਾਪ ਅਤੇ ਕਾਰਖਾਨਾ ਰਾਜਨੀਤਕ ਸਮਾਜ ਹੁੰਦਾ ਹੈ ਜਿਸ ਨੂੰ ਕੋਈ ਵੀ ਪ੍ਰਬੰਧ ਨਾ ਤਾਂ ਚੁੱਪ ਕਰਵਾ ਸਕਦਾ ਹੈ ਅਤੇ ਨਾ ਹੀ ਖਿੰਡਾ ਸਕਦਾ ਹੈ। ਜਦੋਂ ਕਾਮੇ ਕਾਰਖਾਨਿਆਂ ਅਤੇ ਸ਼ਹਿਰਾਂ ਵਿੱਚ ਇਕੱਤਰ ਹੋਏ ਤਾਂ ਸਾਂਝੇ ਹਿੱਤਾਂ ਦੀ ਗੱਲ ਚੱਲੀ ਅਤੇ ਉਨ੍ਹਾਂ ਨੇ ਆਰਥਿਕ ਵਿਕਾਸ ਤੋਂ ਹੋਣ ਵਾਲੇ ਲਾਭਾਂ ਵਿੱਚ ਜ਼ਿਆਦਾ ਭਾਗੀਦਾਰ ਹੋਣ ਦੀ ਮੰਗ ਕੀਤੀ। ਇਨ੍ਹਾਂ ਹਾਲਾਤਾਂ ਵਿੱਚੋਂ ਉਪਜੇ ਕਾਮਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਕਾਨੂੰਨਾਂ ਨੇ ਬਰਤਾਨੀਆਂ ਵਿੱਚ ਉਪਜ ਦੇ ਪ੍ਰਬੰਧ ਅਤੇ ਉਜਰਤਾਂ ਤੈਅ ਕਰਨ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ।

ਹੁਣ ਸੰਸਾਰ ਦੀ ਬਹੁਤ ਸਾਰੀ ਵਸੋਂ ਸਾਡੇ ਪੁਰਖਿਆਂ ਨਾਲੋਂ ਬਿਹਤਰ ਇਸ ਲਈ ਹੈ ਕਿਉਂਕਿ ਨਾਗਰਿਕਾਂ ਅਤੇ ਕਾਮਿਆਂ ਨੇ ਸ਼ੁਰੂਆਤੀ ਉਦਯੋਗਕ ਸਮਾਜ ਵਿੱਚ ਆਪਣੇ ਆਪ ਨੂੰ ਜਥੇਬੰਦ ਕਰ ਕੇ ਮਾੜੇ ਕੰਮ ਹਾਲਾਤ ਅਤੇ ਤਕਨੀਕ ’ਤੇ ਕੁਲੀਨ ਦਾਬੇ ਨੂੰ ਚੁਣੌਤੀ ਦਿੱਤੀ। ਇਸ ਤਰ੍ਹਾਂ ਤਕਨੀਕੀ ਉੱਨਤੀ ਦਾ ਫਲ਼ ਵੰਡਣ ਦਾ ਰਾਹ ਪੱਧਰਾ ਕੀਤਾ। ਸੋ, ਇਸ ਤਰੱਕੀ ਅਤੇ ਖੁਸ਼ਹਾਲੀ ਦੀ ਵੰਡ ਤੁਹਾਡੇ ਨਸੀਬ ਵਿੱਚ ਉਦੋਂ ਹੀ ਆਈ ਹੈ ਜਦੋਂ ਸਾਡੇ ਪੁਰਖਿਆਂ ਨੇ ਤਕਨੀਕ ਦੀ ਦਿਸ਼ਾ ਅਤੇ ਲਾਭਾਂ ਨੂੰ ਉਸ ਪ੍ਰਬੰਧਕੀ ਢਾਂਚੇ ਵਿੱਚੋਂ ਖਿਚਿਆ ਜੋ ਖਾਸ ਅਮੀਰਾਂ ਦੀ ਖਿਦਮਤ ਵਿੱਚ ਹੀ ਸੀ। ਪਲ ਭਰ ਲਈ ਸੋਚੋ, ਕੀ ਆਜ਼ਾਦੀ ਸਾਡੇ ਕੋਲ ਖ਼ੁਦ ਚੱਲ ਕੇ ਆਈ ਸੀ? ਨਹੀਂ। ਲੱਖਾਂ ਦੇਸ਼ ਵਾਸੀਆਂ ਨੇ ਆਪਣੀਆਂ ਜਿ਼ੰਦਗੀਆਂ ਕੁਰਬਾਨ ਕੀਤੀਆਂ ਤਾਂ ਕਿਤੇ ਜਾ ਕੇ ਆਜ਼ਾਦੀ ਮਿਲੀ ਸੀ।

ਡੈਰਨ ਏਸਮੋਗਲੂ ਅਤੇ ਸਾਈਮਨ ਜੌਹਨਸਨ ਆਪਣੀ ਗੱਲ ਖਤਮ ਕਰਦੇ ਹੋਏ ਲਿਖਦੇ ਹਨ ਕਿ ਇਤਿਹਾਸ ਨੇ ਭਾਵੇਂ ਸਭ ਕੁਝ ਸਾਡੇ ਸਾਹਮਣੇ ਨਿਖੇੜ ਕੇ ਰੱਖ ਦਿੱਤਾ ਹੈ ਪਰ ਅੱਜ ਅਸੀਂ ਫਿਰ ਉੱਥੇ ਹੀ ਜਾ ਖੜ੍ਹੇ ਹਾਂ ਜਿੱਥੇ 250 ਸਾਲ ਪਹਿਲਾਂ ਬਰਤਾਨੀਆ ਸੀ। ਜਰਮੀ ਬੈਥਮ ਦੀ ਕਾਰਖਾਨਿਆਂ ਅਤੇ ਦਫਤਰਾਂ ਵਿੱਚ ਨਿਗਰਾਨੀ ਰੱਖਣ ਵਾਲੀ ਪੈਨਔਪਟੀਕੌਨ ਵਿਧੀ ਨਵੇਂ ਸੰਦਾਂ ਸੀਸੀਟੀਵੀ, ਫਿੰਗਰ ਪ੍ਰਿੰਟ ਆਦਿ ਦੇ ਰੂਪ ਵਿੱਚ ਸਾਡਾ ਪਿੱਛਾ ਕਰ ਰਹੀ ਹੈ। ਅਸੀਂ ਸਮਝ ਨਹੀਂ ਰਹੇ ਕਿ ਕਾਰਖਾਨੇਦਾਰ ਮੁਨਾਫ਼ੇ ਲਈ ਸਾਡੇ ਘਰਾਂ ਅੰਦਰ ਵੜ ਗਏ ਹਨ। ‘ਵਰਕ ਫਰੌਮ ਹੋਮ’ ਦੇ ਰੁਝਾਨ ਨੂੰ ਅਸੀਂ ਬੜੇ ਮਜ਼ੇ ਨਾਲ ਲੈਂਦੇ ਹਾਂ ਪਰ ਇਸ ਨੇ ਸਾਡੀ ਨਵੀਂ ਪੀੜ੍ਹੀ ਨੂੰ ਬਿਨਾ ਨਾਗਾ ਚੌਵੀ ਘੰਟਿਆਂ ਲਈ ਗੁਲਾਮੀ ਦਿੱਤੀ ਹੈ। ਮਨੁੱਖ ਕੋਹਲੂ ਦਾ ਬੈਲ ਬਣ ਰਿਹਾ ਹੈ। ਕੰਮ ਦੇ ਘੰਟਿਆਂ ਵਿੱਚ ਕਾਨੂੰਨਨ ਵਾਧਾ ਕੀਤਾ ਜਾ ਰਿਹਾ ਹੈ। ਇਨਫੋਸਿਸ ਦੇ ਮਾਲਕ ਨੇ ਤਾਂ ਨੌਜਵਾਂਨਾ ਨੂੰ ਹਫਤੇ ਵਿੱਚ 70 ਘੰਟੇ ਕੰਮ ਕਰਨ ਦੀ ਵੀ ਵਕਾਲਤ ਕੀਤੀ ਹੈ! ਮਦਰਾਸ ਵਿੱਚ ਸੈਮਸੰਗ ਕੰਪਨੀ ਅਤੇ ਵਰਕਰਾਂ ਵਿੱਚ ਵਰਕਰ ਯੂਨੀਅਨ ਬਣਾਉਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ।

ਉਂਗਲਾਂ ’ਤੇ ਗਿਣਨ ਜੋਗਿਆਂ ਨੂੰ ਦਿੱਤੇ ਜਾਣ ਵਾਲੇ ਮੋਟੇ ਪੈਕਜਾਂ ਦੇ ਭਰਮ ਦੀ ਐਨਕ ਲਾਹ ਕੇ ਦੇਖੀਏ ਤਾਂ ਭਾਰਤ ਵਿੱਚ ਬਹੁ-ਕੌਮੀ ਕੰਪਨੀਆਂ ਔਸਤ ਤਨਖਾਹ ਕੇਵਲ 5 ਲੱਖ ਰੁਪਏ ਸਾਲਾਨਾ ਦਿੰਦੀਆਂ ਹਨ। ਘੱਟ ਤੋਂ ਘੱਟ ਖਰਚਾ ਕਰ ਕੇ ਵੱਧ ਤੋਂ ਵੱਧ ਮੁਨਾਫ਼ਾ ਕਰਨ ਦੀ ਹੋੜ ਹੈ। ਇਸੇ ਲਈ 2022 ਤੋਂ ਅਗਸਤ 2024 ਤੱਕ ਟੈਕ ਕੰਪਨੀਆਂ ਨੇ 4,28,449 ਨੌਜਵਾਨਾਂ ਨੂੰ ਘਰੀਂ ਤੋਰ ਦਿੱਤਾ ਹੈ। ਸਰਕਾਰਾਂ ਵੀ ਖਰਚੇ ਘੱਟ ਕਰਨ ਦੇ ਰੁਝਾਨ ਵਿੱਚ ਨੌਕਰੀਆਂ ਅਤੇ ਪੈਨਸ਼ਨਾਂ ਤੋਂ ਹੱਥ ਖੜ੍ਹੇ ਕਰ ਰਹੀਆਂ ਹਨ।

ਅੱਜ ਫਿਰ ‘ਤਰੱਕੀ’ ਮੁੱਠੀ ਭਰ ਨਿਵੇਸ਼ਕਾਂ ਨੂੰ ਹੀ ਮਾਲਾਮਾਲ ਕਰ ਰਹੀ ਹੈ; ਕਾਬਲ ਅਤੇ ਹੱਕਦਾਰ ਲੋਕ ਲਾਚਾਰ ਤੇ ਲਾਭਾਂ ਤੋਂ ਵਾਂਝੇ ਹਨ। ਨਾ-ਬਰਾਬਰੀ ਸਾਡੇ ਮੂਹਰੇ ਖੜ੍ਹੀ ਹੈ। ਕੀ ਕਾਰਨ ਹੈ ਕਿ ਖੇਤੀ ਕਰਨ ਵਾਲਾ ਕਿਸਾਨ ਕਮਜ਼ੋਰ ਹੈ ਪਰ ਖੇਤੀ ਨੂੰ ਬੀਜ, ਖਾਦਾਂ, ਦਵਾਈਆਂ, ਮਸ਼ੀਨਰੀ ਮੁਹੱਈਆ ਕਰਨ ਵਾਲੇ ਕਰੋੜ ਪਤੀ? ਨੌਕਰੀਪੇਸ਼ਾ ਮਨੁੱਖ ਕੋਲੋਂ ਸਾਰੀ ਉਮਰ ਵਿੱਚ ਇੱਕ ਮਕਾਨ ਵੀ ਕਿਉਂ ਨਹੀਂ ਬਣ ਰਿਹਾ?

ਅਜਿਹਾ ਬਿਰਤਾਂਤ ਸਿਰਜਿਆ ਜਾ ਚੁੱਕਿਆ ਹੈ ਕਿ ਅਸੀਂ ਅੰਨ੍ਹੇਵਾਹ ਆਸ਼ਾਵਾਦੀ ਅਤੇ ਕੁਲੀਨ ਪੱਖੀ ਯੁੱਗ ਦੇ ਹਾਮੀ ਹੋ ਗਏ ਹਾਂ। ਇਸੇ ਲਈ ਹੁਣ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਯੂਨੀਅਨ-ਬਾਜ਼ੀ ਤਰੱਕੀ ਵਿੱਚ ਅੜਿੱਕੇ ਡਾਹੁੰਦੀ ਹੈ ਪਰ ਅਵਾਮ ਦੇ ਹਿੱਸੇ ਜੋ ਤਰੱਕੀ ਆਈ ਹੈ, ਉਹ ਲੋਕਾਂ ਦੇ ਏਕੇ ਅਤੇ ਯੂਨੀਅਨਾਂ ਦੀ ਬਦੌਲਤ ਹੀ ਆਈ ਹੈ। ਅੜਿੱਕਾ ਯੂਨੀਅਨਾਂ ਨਹੀਂ ਬਲਕਿ ਯੂਨੀਅਨਾਂ ਦੇ ਮੋਹਰੀਆਂ ਦੇ ਕਿਰਦਾਰ ਵਿੱਚ ਆਈ ਅਨੈਤਿਕਤਾ ਹੈ, ਬਿਲਕੁੱਲ ਉਵੇਂ ਜਿਵੇਂ ਰਾਜਨੀਤਕ ਪਾਰਟੀਆਂ ਵਿੱਚ ਗਿਰਾਵਟ ਆਈ ਹੈ।

ਹੁਣ ਅਸੀਂ ਜਿਸ ਦਿਸ਼ਾ ਵੱਲ ਜਾ ਰਹੇ ਹਾਂ, ਉਹ ਤਰੱਕੀ ਤਾਂ ਹੋ ਸਕਦੀ ਹੈ ਪਰ ਖੁਸ਼ਹਾਲੀ ਨਹੀਂ। ਵੱਡੇ ਫੈਸਲੇ ਕਰਨ ਵਾਲੇ ਲੋਕ ਹੀ ਤਰੱਕੀ ਦੇ ਨਾਂ ’ਤੇ ਹੋ ਰਹੀ ਤਬਾਹੀ ਵੱਲ ਪਿੱਠ ਕਰੀ ਬੈਠੇ ਹਨ। ਲੋੜ ਤਰੱਕੀ ਅਤੇ ਤਕਨੀਕ ਦੀ ਨਵੀਂ ਅਤੇ ਸੰਗਤੀ (inclusive) ਦ੍ਰਿਸ਼ਟੀ ਉਭਾਰਨ ਦੀ ਹੈ ਤਾਂ ਜੋ ਖੁਸ਼ਹਾਲੀ ਅਵਾਮ ਤੱਕ ਪਹੁੰਚ ਸਕੇ। ਜਿਵੇਂ 19ਵੀਂ ਸਦੀ ਵਿੱਚ ਹੋਇਆ ਸੀ, ਰਵਾਇਤੀ ਬੁੱਧੀ ਦੇ ਸਨਮੁੱਖ ਕਾਟਵੀਆਂ ਦਲੀਲਾਂ ਅਤੇ ਸੰਸਥਾਵਾਂ ਦਾ ਉਭਰਨਾ ਜ਼ਰੂਰੀ ਹੈ।

ਸੰਪਰਕ: 94714-28643

Advertisement
×