DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ਲਸਤੀਨ ਮੁਕਤੀ ਲਹਿਰ ਅਤੇ ਇਰਾਨ

ਵਾਪੱਲਾ ਬਾਲਚੰਦਰਨ * ਵਾਸ਼ਿੰਗਟਨ ਡੀਸੀ ਸਥਿਤ ਪਾਪੂਲੇਸ਼ਨ ਰੈਫਰੈਂਸ ਬਿਊਰੋ (ਪੀਆਰਬੀ) ਮੁਤਾਬਿਕ ਪੱਛਮੀ ਕੰਢੇ (ਵੈਸਟ ਬੈਂਕ) ਅਤੇ ਗਾਜ਼ਾ ਦੇ ਜ਼ਿਆਦਾਤਰ ਵਸਨੀਕ ਅਰਬ ਮੂਲ ਦੇ ਫ਼ਲਸਤੀਨੀ ਹਨ। ਪੱਛਮੀ ਕੰਢੇ ਦੇ 92 ਫ਼ੀਸਦੀ ਤੇ ਗਾਜ਼ਾ ਦੇ 99 ਫ਼ੀਸਦੀ ਲੋਕ ਸੁੰਨੀ ਮੁਸਲਮਾਨ ਹਨ ਅਤੇ...
  • fb
  • twitter
  • whatsapp
  • whatsapp
Advertisement

ਵਾਪੱਲਾ ਬਾਲਚੰਦਰਨ *

ਵਾਸ਼ਿੰਗਟਨ ਡੀਸੀ ਸਥਿਤ ਪਾਪੂਲੇਸ਼ਨ ਰੈਫਰੈਂਸ ਬਿਊਰੋ (ਪੀਆਰਬੀ) ਮੁਤਾਬਿਕ ਪੱਛਮੀ ਕੰਢੇ (ਵੈਸਟ ਬੈਂਕ) ਅਤੇ ਗਾਜ਼ਾ ਦੇ ਜ਼ਿਆਦਾਤਰ ਵਸਨੀਕ ਅਰਬ ਮੂਲ ਦੇ ਫ਼ਲਸਤੀਨੀ ਹਨ। ਪੱਛਮੀ ਕੰਢੇ ਦੇ 92 ਫ਼ੀਸਦੀ ਤੇ ਗਾਜ਼ਾ ਦੇ 99 ਫ਼ੀਸਦੀ ਲੋਕ ਸੁੰਨੀ ਮੁਸਲਮਾਨ ਹਨ ਅਤੇ ਬਾਕੀ ਈਸਾਈ ਹਨ। ਇਹ 2002 ਦੇ ਅੰਕੜੇ ਹਨ। ਪੀਆਰਬੀ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ 2.14 ਲੱਖ ਯਹੂਦੀ ਵੀ ਰਹਿੰਦੇ ਹਨ। ਉਨ੍ਹਾਂ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ‘ਗ਼ੈਰਕਾਨੂੰਨੀ’ ਯਹੂਦੀਆਂ ਨੂੰ ਵਸਾਉਣ ਦੇ ਰੁਝਾਨ ਤੋਂ ਬਾਅਦ ਸੰਭਵ ਹੈ ਕਿ ਹੁਣ ਤੱਕ ਆਬਾਦੀ ਦੇ ਮੁਹਾਂਦਰੇ ਵਿੱਚ ਬਦਲਾਅ ਆ ਗਿਆ ਹੋਵੇ। ਉਂਝ, ਸੀਆਈਏ ਦੀ ‘ਵਰਲਡ ਫੈਕਟ ਬੁੱਕ’ (2024) ਮੁਤਾਬਿਕ ਫ਼ਲਸਤੀਨੀਆਂ ਦੀ ਧਾਰਮਿਕ ਬਣਤਰ ਵਿੱਚ ਕੋਈ ਬਦਲਾਅ ਨਹੀਂ ਆਇਆ। ਸੁਆਲ ਪੈਦਾ ਹੁੰਦਾ ਹੈ ਕਿ ਇਰਾਨ ਵਰਗਾ ਮੁਲਕ ਜਿਸ ਦੀ 95 ਫ਼ੀਸਦੀ ਆਬਾਦੀ ਸ਼ੀਆ ਹੈ, ਉਹ ਇਜ਼ਰਾਈਲ ਖ਼ਿਲਾਫ਼ ਫ਼ਲਸਤੀਨੀਆਂ ਦੇ ਸੰਘਰਸ਼ ਦਾ ਅਲੰਬਰਦਾਰ ਕਿਵੇਂ ਬਣ ਗਿਆ।

Advertisement

ਸੰਨ 1948 ਵਿੱਚ ਜਦੋਂ ਇਜ਼ਰਾਈਲ ਦੀ ਕਾਇਮੀ ਹੋਈ ਸੀ ਤਾਂ ਉਦੋਂ ਇਰਾਨ ਤੇ ਇਜ਼ਰਾਈਲ ਵਿਚਕਾਰ ਦੋਸਤਾਨਾ ਰਿਸ਼ਤੇ ਸਨ। 2019 ਦੇ ਬਰੁਕਿੰਗਜ਼ ਪੇਪਰ ਵਿੱਚ ਕਿਹਾ ਗਿਆ ਸੀ ਕਿ ਇਤਿਹਾਸਕ ਤੌਰ ’ਤੇ ਫਾਰਸੀਆਂ ਤੇ ਯਹੂਦੀਆਂ ਦੇ ਸਬੰਧ ਦੋਸਤਾਨਾ ਬਣੇ ਰਹੇ ਹਨ ਕਿਉਂਕਿ ਇਰਾਨ ਹੀ ਇਕਮਾਤਰ ਮੁਲਕ ਸੀ ਜੋ ਇਸ ਦੇ ਗਠਨ ਦਾ ਵਿਰੋਧ ਕਰਨ ਵਾਲੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬਿਨ ਗੁਰੀਓਨ ਦੇ ‘ਪੈਰੀਫਰੀ ਸਿਧਾਂਤ’ ਵਿੱਚ ਇਰਾਨ ਫਿੱਟ ਬੈਠਦਾ ਸੀ ਜਿਸ ਦਾ ਮੰਤਵ ਇਜ਼ਰਾਇਲੀ ਲੇਖਕ ਯੌਸੀ ਐਲਫਰ ਮੁਤਾਬਿਕ ਬਦਲਵੀਆਂ ਖੇਤਰੀ ਤਾਕਤਾਂ ਨਾਲ ਸਬੰਧ ਕਾਇਮ ਕਰਕੇ ਅਰਬਾਂ ਦੀ ਦੁਸ਼ਮਣੀ ਦਾ ਟਾਕਰਾ ਕਰਕੇ ਸਿਆਸੀ ਸੁਰੱਖਿਆ ਹਾਸਲ ਕਰਨੀ ਸੀ।

ਬਿਨ ਗੁਰੀਓਨ ਨੇ ਤੁਰਕੀ ਤੇ ਇਰਾਨ ਜਿਹੇ ਗ਼ੈਰ-ਅਰਬ ਦੇਸ਼ਾਂ ਨਾਲ ਸਬੰਧ ਬਣਾਏ ਜਿਨ੍ਹਾਂ ਦੇ ਇਸਮਤ ਇਨੋਨੂ ਅਤੇ ਮੁਹੰਮਦ ਰਜ਼ਾ ਪਹਿਲਵੀ ਜਿਹੇ ਸ਼ਾਸਕਾਂ ਦਾ ਪੱਛਮ ਪੱਖੀ ਰੁਝਾਨ ਰਿਹਾ ਸੀ। 1967 ਅਤੇ 1973 ਦੀਆਂ ਅਰਬ-ਇਜ਼ਰਾਇਲੀ ਜੰਗਾਂ ਦੌਰਾਨ ਇਰਾਨ ਇਜ਼ਰਾਇਲੀ ਸਬੰਧਾਂ ਨੇ ਰਣਨੀਤਕ ਗਹਿਰਾਈ ਵੀ ਹਾਸਲ ਕਰ ਲਈ ਸੀ ਜਿਸ ਦੇ ਅਧੀਨ ਟ੍ਰਾਂਸ-ਅਟਲਾਂਟਿਕ ਆਇਲ ਜਿਹੇ ਸਾਂਝੇ ਪ੍ਰਾਜੈਕਟ ਪਨਾਮਾ ਅਤੇ ਸਵਿਟਜ਼ਰਲੈਂਡ ਵਿੱਚ ਕਾਇਮ ਕੀਤੇ ਗਏ ਜਦੋਂ ਅਰਬ ਤੇਲ ਉਤਪਾਦਕਾਂ ਨੇ ਇਜ਼ਰਾਈਲ ਉੱਪਰ ਪਾਬੰਦੀਆਂ ਲਗਾ ਦਿੱਤੀਆਂ ਸਨ। ਨਿਊਯਾਰਕ ਟਾਈਮਜ਼ ਦੀ 1 ਅਪਰੈਲ 1986 ਦੇ ਹਵਾਲੇ ਨਾਲ ‘ਨਿਊ ਅਰਬ’ ਦੀ 23 ਅਕਤੂਬਰ 2023 ਦੀ ਇੰਕ ਰਿਪੋਰਟ ਅਨੁਸਾਰ ਸਵਾਕ-ਮੋਸਾਦ (ਦੋਵੇਂ ਦੇਸ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ) ਵਿਚਕਾਰ ਸਹਿਯੋਗ ਤੋਂ ਇਲਾਵਾ ਐਡਵਾਂਸਡ ਮਿਸਾਈਲ ਸਿਸਟਮ ਮੁਤੱਲਕ ‘ਪ੍ਰਾਜੈਕਟ ਫਲਾਵਰ’ ਨਾਮੀ ਇੱਕ ਗੁਪਤ ਇਜ਼ਰਾਇਲੀ-ਇਰਾਨੀ ਪ੍ਰਾਜੈਕਟ ਵੀ ਚੱਲ ਰਿਹਾ ਸੀ।

ਉਸੇ ਸਮੇਂ ਤੁਦੇਹ ਪਾਰਟੀ ਅਤੇ ‘ਫੈਦਾਈਨ ਗੁਰੀਲਿਆਂ’ ਦੀ ਅਗਵਾਈ ਹੇਠ ਖੱਬੇ ਪੱਖੀ ਇਰਾਨੀ ਬਾਗ਼ੀਆਂ, ਜਿਨ੍ਹਾਂ ਨੂੰ ਸਵਾਕ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਨੇ ਜੌਰਡਨ ਅਤੇ ਲਿਬਨਾਨ ਵਿੱਚ ਫ਼ਲਸਤੀਨੀਆਂ ਦੇ ‘ਅਲ ਫਤਿਹ’ ਪੱਖੀ ਲਹਿਰ ਵਿੱਚ ਸ਼ਾਮਲ ਹੋ ਕੇ ਗੁਰੀਲਾ ਯੁੱਧ ਕਲਾ ਵਿੱਚ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਜ਼ਰਾਇਲੀ ਫ਼ੌਜ ਖ਼ਿਲਾਫ਼ ‘ਅਲ ਫਤਿਹ’ ਦੇ ਹਥਿਆਰਬੰਦ ਅਪਰੇਸ਼ਨ ਵਿੱਚ ਵੀ ਹਿੱਸਾ ਲਿਆ ਸੀ। ਉਂਝ, ਇਹ ਖੱਬੇ ਪੱਖੀ ਕ੍ਰਾਂਤੀ ਬਹੁਤੀ ਦੇਰ ਟਿਕ ਨਾ ਸਕੀ। ਦੂਜੇ ਪਾਸੇ, ਇਰਾਨੀ ਸਮਾਜ ਦੇ ਆਧੁਨਿਕੀਕਰਨ ਲਈ ਸ਼ਾਹ ਰਜ਼ਾ ਪਹਿਲਵੀ ਵੱਲੋਂ ਚਲਾਈ ‘ਸਫ਼ੇਦ ਕ੍ਰਾਂਤੀ’ ਦੀ ਨਾਕਾਮੀ ਤੋਂ ਬਾਅਦ ਆਇਤੁੱਲ੍ਹਾ ਰੂਹੱਲਾ ਖਮੀਨੀ ਦੀ ਅਗਵਾਈ ਹੇਠ ਮਜ਼ਹਬੀ ਗਰੁੱਪਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਸ਼ਾਹ ਨੂੰ 16 ਜਨਵਰੀ 1979 ਨੂੰ ਇਰਾਨ ਛੱਡ ਕੇ ਦੌੜਨਾ ਪਿਆ ਅਤੇ ਖਮੀਨੀ ਨੇ 1 ਫਰਵਰੀ ਨੂੰ ਇਰਾਨ ਪਹੁੰਚ ਕੇ ਅਗਵਾਈ ਸੰਭਾਲ ਲਈ ਸੀ।

ਇਰਾਨ ਵਿੱਚ 17 ਫਰਵਰੀ 1979 ਨੂੰ ਆਇਆ ਪਹਿਲਾ ਵਿਦੇਸ਼ੀ ਆਗੂ ‘ਅਲ ਫਤਿਹ’ ਦਾ ਰਹਿਨੁਮਾ ਯਾਸਰ ਅਰਾਫ਼ਾਤ ਸੀ। 1970 ਦੇ ‘ਬਲੈਕ ਸਤੰਬਰ’ ਅਪਰੇਸ਼ਨ ਵਿੱਚ ਉਸ ਨੂੰ ਕਰਾਰੀ ਸ਼ਿਕਸਤ ਦਾ ਮੂੰਹ ਦੇਖਣਾ ਪਿਆ ਸੀ। ਹਾਲਾਂਕਿ ਲਿਬਨਾਨ ਨੇ ਉਸ ਨੂੰ ਆਪਣੀ ਧਰਤੀ ’ਤੇ ਸਰਗਰਮੀ ਦੀ ਇਜਾਜ਼ਤ ਦਿੱਤੀ ਹੋਈ ਸੀ, ਪਰ ਉਸ ਨੂੰ ਕਿਸੇ ਹੋਰ ਦੇਸ਼ ਤੋਂ ਮਦਦ ਦਰਕਾਰ ਸੀ। ਇਸ ਦਾ ਆਧਾਰ 2 ਨਵੰਬਰ 1969 ਦਾ ਕਾਹਿਰਾ ਸਮਝੌਤਾ ਸੀ ਜਿਸ ਦੀ ਮਿਸਰ ਦੇ ਰਾਸ਼ਟਰਪਤੀ ਗਮਾਲ ਅਬਦਲ ਨਾਸਰ ਵੱਲੋਂ ਹਮਾਇਤ ਕੀਤੀ ਗਈ ਸੀ। ਇਸ ਸਮਝੌਤੇ ਤਹਿਤ ਲਿਬਨਾਨ ਨੇ ਸੰਯੁਕਤ ਰਾਸ਼ਟਰ ਰਾਹਤ ਤੇ ਕਾਰਜ ਏਜੰਸੀ ਅਧੀਨ ਯਾਸਰ ਅਰਾਫ਼ਾਤ ਦੀ ਜਥੇਬੰਦੀ ਪੀਐੱਲਓ ਨੂੰ ਤਿੰਨ ਲੱਖ ਫ਼ਲਸਤੀਨੀ ਸ਼ਰਨਾਰਥੀਆਂ ਲਈ 16 ਕੈਂਪ ਖੋਲ੍ਹਣ ਦੀ ਆਗਿਆ ਦਿੱਤੀ ਸੀ।

ਹੌਲੀ ਹੌਲੀ ਇਹ ਰਾਹਤ ਕੈਂਪ ਹਰ ਤਰ੍ਹਾਂ ਦੇ ਕ੍ਰਾਂਤੀਕਾਰੀਆਂ ਦੇ ਸਿਖਲਾਈ ਕੇਂਦਰ ਬਣ ਗਏ ਜਿਨ੍ਹਾਂ ਵਿੱਚ ਲਿਬਰੇਸ਼ਨ ਮੂਵਮੈਂਟ ਆਫ ਇਰਾਨ ਜਿਹੇ ਮਜ਼ਹਬੀ ਇਨਕਲਾਬੀ, ‘ਐ ਖ਼ਲਕ’ ਜਿਹੇ ਇਸਲਾਮੀ-ਮਾਰਕਸੀ ਮੁਜਾਹਿਦੀਨ ਅਤੇ ਆਇਤੁੱਲ੍ਹਾ ਖਮੀਨੀ ਦੇ ਇਸਲਾਮੀ ਪੈਰੋਕਾਰ ਸ਼ਾਮਲ ਸਨ। ਉਸ ਦੌਰ ਦੇ ਇਰਾਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਰਾਨ ਦੀ ‘ਇਸਲਾਮਿਕ ਰੈਵੋਲੂਸ਼ਨਰੀ ਗਾਰਡਜ਼’ ਦਾ ਗਠਨ ਅਰਾਫ਼ਾਤ ਵੱਲੋਂ ਲਿਬਨਾਨੀ ਪੀਐਲਓ ਆਗੂ ਅਨੀਸ ਨਕਸ਼ ਰਾਹੀਂ ਦਿੱਤੀ ਸਲਾਹ ਦਾ ਸਿੱਟਾ ਸੀ। ਨਕਸ਼ ਨੇ ਕਾਰਲੋਸ ਦਿ ਜੈਕਾਲ ਰਾਹੀਂ 1975 ਵਿੱਚ ਵੀਏਨਾ ਵਿਖੇ ਓਪੇਕ ਦੇ ਤੇਲ ਮੰਤਰੀਆਂ ਨੂੰ ਬੰਧਕ ਬਣਾਉਣ ਦੇ ਅਪਰੇਸ਼ਨ ਦੀ ਅਗਵਾਈ ਕੀਤੀ ਸੀ। ਨਕਸ਼, ਖਮੀਨੀ ਦੇ ਕਰੀਬੀ ਜਲਾਲਦੀਨ ਫ਼ਾਰਸੀ ਨਾਲ ਮਿਲ ਕੇ ਕੰਮ ਕਰਦਾ ਸੀ ਤੇ ਫ਼ਾਰਸੀ ਇਰਾਨ ਵਿੱਚ ਖਮੀਨੀ ਦੇ ਸ਼ੁਰੂਆਤੀ ਉਥਲ ਪੁਥਲ ਦੇ ਦਿਨਾਂ ਵਿੱਚ ਬਗ਼ਾਵਤ ਵਿਰੋਧੀ ਕਾਰਜਾਂ ਵਿੱਚ ਲੱਗਿਆ ਹੋਇਆ ਸੀ। ਬਾਅਦ ਵਿੱਚ ਨਕਸ਼ ਨੇ ਇਮਾਦ ਮੁਗ਼ਨਿਯੇਹ ਨੂੰ ਭਰਤੀ ਕੀਤਾ ਸੀ ਜੋ ਹਿਜ਼ਬੁੱਲ੍ਹਾ ਦਾ ਸਿਰਮੌਰ ਆਗੂ ਬਣ ਗਿਆ ਸੀ ਅਤੇ 1992 ਅਤੇ 1994 ਵਿੱਚ ਅਰਜਨਟੀਨਾ ਵਿੱਚ ਬੰਬ ਧਮਾਕੇ ਕੀਤੇ ਸਨ।

‘ਆਈਆਰਜੀਸੀ’ ਇਸ ਸਮੇਂ ਇਰਾਨ ਦੀ ਮੁੱਖ ਲੜਾਕੂ ਫੋਰਸ ਬਣੀ ਹੋਈ ਹੈ ਜਿਸ ਦੇ ਦਸਤਿਆਂ ਦੀ ਸੰਖਿਆ ਦੋ ਲੱਖ ਦੇ ਕਰੀਬ ਹੈ ਤੇ ਵਿਦੇਸ਼ੀ ਕਾਰਵਾਈਆਂ ਦੀ ਦੇਖ-ਰੇਖ ‘ਕੁਦਸ ਫੋਰਸ’ ਦੇ ਜ਼ਿੰਮੇ ਹੈ। ਵਿਦੇਸ਼ੀ ਸਬੰਧਾਂ ਬਾਰੇ ਕੌਂਸਲ ਦੇ 17 ਅਪਰੈਲ 2024 ਨੂੰ ਅਪਡੇਟ ਹੋਏ ਇੱਕ ਪੇਪਰ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਬਹਿਰੀਨ, ਇਰਾਕ, ਲਿਬਨਾਨ (ਹਿਜ਼ਬੁੱਲ੍ਹਾ), ਫ਼ਲਸਤੀਨੀ ਖੇਤਰਾਂ (ਹਮਾਸ ਤੇ ਇਸਲਾਮਿਕ ਜਹਾਦ), ਸੀਰੀਆ ਅਤੇ ਯਮਨ ਵਿੱਚ ਖੇਤਰੀ ਸਹਿਯੋਗੀ ਹਨ। ਇਸ ਪੇਪਰ ਵਿੱਚ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵੱਲੋਂ 2020 ਦੇ ਇੱਕ ਅਨੁਮਾਨ ਦਾ ਹਵਾਲਾ ਦਿੱਤਾ ਗਿਆ ਹੈ ਕਿ ‘ਆਈਆਰਜੀਸੀ ਗੁਪਤ ਸਰਗਰਮੀਆਂ ਲਈ ਫੰਡਿੰਗ ਵਾਸਤੇ ਸਮੁੱਚੇ ਇਰਾਨ ਵਿੱਚ ਅਰਥਚਾਰੇ ਦੇ ਸਾਰੇ ਖੇਤਰਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਕੰਟਰੋਲਰ ਬਣ ਗਈ ਹੈ।’

ਯੂਐੱਸ ਵੈਸਟ ਪੁਆਇੰਟ ਮਿਲਟਰੀ ਅਕੈਡਮੀ ਵਿਚਲੇ ਕੰਬੈਟਿੰਗ ਟੈਰਰਿਜ਼ਮ ਸੈਂਟਰ (ਸੀਟੀਸੀ) ਵੱਲੋਂ ਦਸੰਬਰ 2023 ਦੇ ਇੱਕ ਪੇਪਰ ਵਿੱਚ ਕਿਹਾ ਗਿਆ ਹੈ ਕਿ ਆਈਆਰਜੀਸੀ ਜੁੜਵੇਂ ਗਰੁੱਪਾਂ ਅਤੇ ਸਾਂਝੇ ਅਪਰੇਸ਼ਨ ਕੇਂਦਰਾਂ ਰਾਹੀਂ ਆਪਣੀਆਂ ਵਿਦੇਸ਼ੀ ਸਰਗਰਮੀਆਂ ਦੀ ਵਿਉਂਤ ਬਣਾਉਂਦੀ ਹੈ। ਇਸ ਪੇਪਰ ਵਿੱਚ ਆਈਆਰਜੀਸੀ ਦੇ ਕੰਟਰੋਲ ਅਧੀਨ ਅਲ ਫਤਿਹ ਦੇ ਟੁੱਟਵੇਂ ਗਰੁੱਪਾਂ ਅਤੇ ਖੱਬੇ ਪੱਖੀ ਤੇ ਇਸਲਾਮੀ ਗਰੁੱਪਾਂ ਨੂੰ ਜ਼ਿਆਦਾ ਵਫ਼ਾਦਾਰ, ਫ਼ੌਜੀ ਤੌਰ ’ਤੇ ਵਧੇਰੇ ਇਕਜੁੱਟ ਅਤੇ ਸਿਆਸੀ ਤੌਰ ’ਤੇ ਜਵਾਬਦੇਹ ਨੈੱਟਵਰਕਾਂ ਵਿੱਚ ਸ਼ੁਮਾਰ ਕੀਤਾ ਗਿਆ ਹੈ। ਇਸ ਦਾ ਪਹਿਲਾ ਤਜਰਬਾ 1991 ਵਿੱਚ ਹੋਇਆ ਸੀ ਜਦੋਂ ਇਸ ਨੇ ਤਹਿਰਾਨ ਦੀ ਮਦਦ ਨਾਲ ਫ਼ਲਸਤੀਨ ਵਿੱਚ ਇਸਲਾਮੀ ਕ੍ਰਾਂਤੀ ਦੇ ਹੱਕ ਵਿੱਚ ਵਿਸ਼ਵ ਕਾਨਫਰੰਸ ਵਿੱਚ ‘ਟੈੱਨ ਰਜਿਸਟੈਂਸ ਆਰਗੇਨਾਈਜ਼ੇਸ਼ਨ’ ਦਾ ਗਠਨ ਕੀਤਾ ਸੀ।

ਸਤੰਬਰ 2023 ਵਿੱਚ ਹਮਾਸ ਅਤੇ ਇਸਲਾਮਿਕ ਜਹਾਦ ਨੇ ਬੈਰੂਤ ਵਿੱਚ ਇੱਕ ਸਾਂਝਾ ਅਪਰੇਸ਼ਨ ਰੂਮ (ਜੇਓਆਰ) ਸ਼ੁਰੂ ਕੀਤਾ ਸੀ। ਹਿਜ਼ਬੁੱਲ੍ਹਾ ਅਤੇ ਹਮਾਸ ਦਾ ਇੱਕ ਹੋਰ ਸਾਂਝਾ ਅਪਰੇਸ਼ਨਲ ਸੈਂਟਰ 2021 ਤੋਂ ਕੰਮ ਕਰ ਰਿਹਾ ਸੀ। ਸੀਟੀਸੀ ਮੁਤਾਬਿਕ ਹਿਜ਼ਬੁੱਲ੍ਹਾ ਦੀਆਂ ਇਰਾਨ ਅਤੇ ਇਰਾਕ, ਸੀਰੀਆ, ਯਮਨ ਵਿੱਚ ਇਰਾਨ ਪੱਖੀ ਸੰਗਠਨਾਂ ਅਤੇ ਫ਼ਲਸਤੀਨੀ ਗਰੁੱਪਾਂ ਦਰਮਿਆਨ ਜੇਓਆਰ ਦੀ ਕੋਆਰਡੀਨੇਟਰ ਵਜੋਂ ਸੇਵਾਵਾਂ ਲਈਆਂ ਜਾ ਰਹੀਆਂ ਸਨ। ਸੀਟੀਸੀ ਦੇ ਪੇਪਰ ਵਿੱਚ ਗਾਜ਼ਾ ਵਿੱਚ ਹਮਾਸ ਦੇ ਮਿਲਟਰੀ ਕਮਾਂਡਰ ਯਾਹੀਆ ਅਲ ਸਿਨਵਾਰ ਵੱਲੋਂ ਨਵੰਬਰ 2018 ਨੂੰ ਦਿੱਤੇ ਇਸ ਬਿਆਨ ਦਾ ਹਵਾਲਾ ਵੀ ਦਿੱਤਾ ਗਿਆ ਹੈ ਕਿ ਜੇਓਆਰ ਮੁਕਤੀ ਸੈਨਾ ਦੇ ਧੁਰੇ ਦਾ ਕੰਮ ਕਰੇਗਾ। ਨਤੀਜਤਨ, ਜੇਓਆਰ ਨੇ ਨਵੰਬਰ 2018 ਅਤੇ 2019 ਵਿੱਚ ਇਜ਼ਰਾਈਲ ਉਪਰ ਰਾਕੇਟ ਦਾਗਣ ਦੇ ਸਾਂਝੇ ਅਪਰੇਸ਼ਨਾਂ ਦਾ ਜ਼ਿੰਮਾ ਲਿਆ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਸੀਟੀਸੀ ਨੇ ਜੇਓਆਰ ਦੇ ਟੈਲੀਗ੍ਰਾਮ ਚੈਨਲਾਂ ਰਾਹੀਂ 29 ਦਸੰਬਰ 2020 ਨੂੰ ਪ੍ਰਸਾਰਿਤ ਕੀਤੇ ਗਏ ਪ੍ਰਾਪੇਗੰਡਾ ਪੇਪਰਾਂ ਨੂੰ ਵੀ ਪੇਸ਼ ਕੀਤਾ ਹੈ ਜਿਨ੍ਹਾਂ ਵਿੱਚ ਰਾਕੇਟ ਦਾਗਣ, ਇੱਕ ਟੈਂਕ ’ਚੋਂ ਆਈਡੀਐਫ ਦੇ ਦਸਤੇ ਨੂੰ ਬੰਧਕ ਬਣਾਉਣ, ਛੋਟੇ ਢਾਂਚਿਆਂ ’ਤੇ ਹਮਲਾ ਕਰਨ, ਇਰਾਨ ਦੀ ਬਣੀ ਮਿਸਗਾਹ ਮੈਨਪੈਡਜ਼ ਨੂੰ ਤਾਇਨਾਤ ਕਰਨ ਅਤੇ ਇਰਾਨੀ ਨਿਰਮਿਤ ਏਐੱਮ 50 ਰਾਈਫਲ ਚਲਾਉਣ ਦੇ ਅਭਿਆਸ ਵਰਤੇ ਗਏ ਹਨ। ਪੇਪਰ ਵਿੱਚ ਸਾਹਿਲੀ ਟਿਕਾਣਿਆਂ ’ਤੇ ਹਮਲਾ ਕਰਨ ਲਈ ਲੜਾਕਾ ਤੈਰਾਕਾਂ ਅਤੇ ਸਮੁੰਦਰ ਵਿੱਚ ਨਕਲੀ ਇਜ਼ਰਾਇਲੀ ਬਲਾਂ ਉਪਰ ‘ਜੇਓਆਰ’ ਦੇ ਲੜਾਕਿਆਂ ਦੇ ਹਮਲੇ ਦੇ ਅਭਿਆਸ ਦੀਆਂ ਵੀਡੀਓਜ਼ ਦਾ ਹਵਾਲਾ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਮਸ਼ਕਾਂ ਬਾਬਤ 27 ਦਸੰਬਰ 2020 ਦੀ ‘ਲੌਂਗ ਵਾਰ ਜਰਨਲ’ ਵਿੱਚ ਜੋਅ ਟਰੂਜ਼ਮੈਨ ਦੀ ਲਿਖਤ ਦਾ ਹਵਾਲਾ ਵੀ ਦਿੱਤਾ ਗਿਆ ਹੈ। ਹਮਾਸ ਵੱਲੋਂ 7 ਅਕਤੂਬਰ 2023 ਨੂੰ ਕੀਤੇ ਗਏ ਹਮਲੇ ਵਿੱਚ ਇਨ੍ਹਾਂ ਸਾਰੇ ਅਭਿਆਸਾਂ ਦਾ ਇਸਤੇਮਾਲ ਕੀਤਾ ਗਿਆ ਸੀ। ਸੁਆਲ ਇਹ ਹੈ ਕਿ ਜਦੋਂ 2020 ਤੋਂ ਹੀ ਸਾਰੀ ਜਾਣਕਾਰੀ ਉਪਲੱਬਧ ਸੀ ਤਾਂ ਇਜ਼ਰਾਇਲੀ ਸੂਹੀਆ ਤੰਤਰ ਇਸ ਬਾਰੇ ਕੀ ਕਰ ਰਿਹਾ ਸੀ?

* ਲੇਖਕ ਕੈਬਨਿਟ ਸਕੱਤਰੇਤ ਵਿੱਚ ਵਿਸ਼ੇਸ਼ ਸਕੱਤਰ ਰਿਹਾ ਹੈ।

Advertisement
×