DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਪਰੇਸ਼ਨ ਸਿੰਧੂਰ ਤੋਂ ਅਗਲੇ ਟੀਚੇ

ਲੈਫਟੀਨੈਂਟ ਜਨਰਲ (ਸੇਵਾਮੁਕਤ) ਹਰਵੰਤ ਸਿੰਘ ਅਪਰੇਸ਼ਨ ਸਿੰਧੂਰ ਸ਼ੁਰੂ ਹੋਣ ਤੋਂ ਤਿੰਨ ਦਿਨ ਬਾਅਦ ਭਾਰਤ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ। ਇਸ ਕਾਰਵਾਈ ਨਾਲ ਦੋਵਾਂ ਪਾਸੇ ਹੋਏ ਨੁਕਸਾਨ ਦੀ ਸਹੀ ਜਾਣਕਾਰੀ ਹੁਣ ਤੱਕ ਨਹੀਂ ਮਿਲ ਸਕੀ ਕਿਉਂਕਿ ਇਸ ਨੂੰ ਅਜੇ ਵੀ...
  • fb
  • twitter
  • whatsapp
  • whatsapp

ਲੈਫਟੀਨੈਂਟ ਜਨਰਲ (ਸੇਵਾਮੁਕਤ) ਹਰਵੰਤ ਸਿੰਘ

ਅਪਰੇਸ਼ਨ ਸਿੰਧੂਰ ਸ਼ੁਰੂ ਹੋਣ ਤੋਂ ਤਿੰਨ ਦਿਨ ਬਾਅਦ ਭਾਰਤ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ। ਇਸ ਕਾਰਵਾਈ ਨਾਲ ਦੋਵਾਂ ਪਾਸੇ ਹੋਏ ਨੁਕਸਾਨ ਦੀ ਸਹੀ ਜਾਣਕਾਰੀ ਹੁਣ ਤੱਕ ਨਹੀਂ ਮਿਲ ਸਕੀ ਕਿਉਂਕਿ ਇਸ ਨੂੰ ਅਜੇ ਵੀ ਗੁਪਤ ਰੱਖਿਆ ਜਾ ਰਿਹਾ ਹੈ। ਭਾਰਤ ਦੇ ਜਹਾਜ਼ਾਂ ਦੇ ਨੁਕਸਾਨ ਬਾਰੇ ਕਈ ਅਨੁਮਾਨ ਲਗਾਏ ਜਾ ਰਹੇ ਹਨ। ਜਿਹੜੀ ਗੱਲ ਹੁਣ ਸਾਹਮਣੇ ਆਈ ਹੈ, ਉਹ ਇਹ ਹੈ ਕਿ ਉੱਪਰੋਂ ਮਿਲੇ ਨਿਰਦੇਸ਼ਾਂ ਕਾਰਨ ਭਾਰਤੀ ਹਵਾਈ ਸੈਨਾ ਨੇ ਅਤਿਵਾਦੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਪਾਕਿਸਤਾਨੀ ਰਾਡਾਰਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਕਾਰਾ ਨਹੀਂ ਕੀਤਾ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਨੂੰ ਅਤਿਵਾਦੀ ਕੇਂਦਰਾਂ ’ਤੇ ਹਮਲਾ ਕਰਨ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਸਿੱਟੇ ਵਜੋਂ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ, ਖ਼ਾਸ ਕਰ ਕੇ ਇਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਪਹਿਲਾਂ ਹੀ ਹਾਈ ਅਲਰਟ ’ਤੇ ਆ ਗਈਆਂ ਹੋਣਗੀਆਂ। ਜੇ ਅਜਿਹਾ ਹੀ ਹੈ ਤਾਂ ਕੀ ਭਾਰਤ ਦੇ ਵਿਦੇਸ਼ ਮੰਤਰੀ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਇਸ ਕਾਰਵਾਈ ਦੇ ਕੀ ਅਸਰ ਹੋਣਗੇ?

ਦੋਵੇਂ ਧਿਰਾਂ ਆਪੋ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਪਾਕਿਸਤਾਨ ਵਾਲੇ ਪਾਸੇ ਸਫਲਤਾ ਨੂੰ ਸੈਨਾ ਮੁਖੀ, ਜਨਰਲ ਆਸਿਮ ਮੁਨੀਰ ਨੂੰ ਫੀਲਡ ਮਾਰਸ਼ਲ ਦੇ ਅਹੁਦੇ ’ਤੇ ਤਰੱਕੀ ਦੇ ਕੇ ਉਜਾਗਰ ਕੀਤਾ ਗਿਆ ਹੈ। ਭਾਰਤ ਵਿੱਚ ਖ਼ੂਨ ਦੀ ਬਜਾਏ, ਲਾਲ ਗਰਮ ਸਿੰਧੂਰ ਕੁਝ ਰਗ਼ਾਂ ਵਿੱਚ ਵਗਣਾ ਸ਼ੁਰੂ ਹੋ ਗਿਆ ਅਤੇ ਇਸ ਅਪਰੇਸ਼ਨ ਦੀਆਂ ਪ੍ਰਾਪਤੀਆਂ ਨੂੰ ਬਿਹਾਰ ’ਚ ਹੋਣ ਵਾਲੀਆਂ ਚੋਣਾਂ ਵਿੱਚ ਲਾਹੇਵੰਦ ਮਾਧਿਅਮ ਵਜੋਂ ਵਰਤਿਆ ਜਾ ਰਿਹਾ ਹੈ।

ਜਿੱਥੇ ਲਗਭਗ ਅੱਧਾ ਦਰਜਨ ਦੇਸ਼ਾਂ ਨੇ ਭਾਰਤੀ ਹਮਲੇ (ਅਪਰੇਸ਼ਨ ਸਿੰਧੂਰ) ਦੇ ਖ਼ਿਲਾਫ਼ ਜਾ ਕੇ ਪਾਕਿਸਤਾਨ ਦਾ ਸਮਰਥਨ ਕੀਤਾ, ਦੂਜੇ ਪਾਸੇ ਪੂਰੀ ਦੁਨੀਆ ਵਿੱਚ ਸਾਡੇ ਬਿਲਕੁਲ ਨਾਲ ਦੇ ਗੁਆਂਢੀਆਂ ਸਣੇ ਇੱਕ ਵੀ ਦੇਸ਼ ਨੇ ਭਾਰਤ ਨਾਲ ਹਮਾਇਤ ਜ਼ਾਹਿਰ ਨਹੀਂ ਕੀਤੀ। ਦੁਨੀਆ ਦੇ ਕਿਸੇ ਵੀ ਮੰਚ ’ਤੇ ਪਾਕਿਸਤਾਨ ਨੂੰ ਅਤਿਵਾਦ ਦਾ ਸਮਰਥਕ ਨਹੀਂ ਗਰਦਾਨਿਆ ਗਿਆ। ਸਾਡੀ ਵਿਦੇਸ਼ ਨੀਤੀ ਦੀਆਂ ਇਹ ਕਿਹੜੀਆਂ ਪ੍ਰਾਪਤੀਆਂ ਹਨ: ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਦੁਆਰਾ ਕ੍ਰਮਵਾਰ ਚਾਰ ਦਰਜਨ ਤੋਂ ਵੱਧ ਅਤੇ 150 ਤੋਂ ਵੱਧ ਵਿਦੇਸ਼ੀ ਯਾਤਰਾਵਾਂ ’ਤੇ ਲੱਖਾਂ ਡਾਲਰ ਖਰਚ ਕਰਨ ਦੇ ਬਾਵਜੂਦ ਕੀ ਹਾਸਿਲ ਹੋਇਆ? ਕਈ ਦੇਸ਼ਾਂ ਨੂੰ ਭੇਜੇ ਸੰਸਦ ਮੈਂਬਰਾਂ ਦੇ ਸੱਤ ਵਫ਼ਦ ਅਪਰੇਸ਼ਨ ਸਿੰਧੂਰ ਅਤੇ ਪਾਕਿਸਤਾਨ ਦੀ ਅਤਿਵਾਦ ਨੂੰ ਸ਼ਹਿ ਬਾਰੇ ਉਨ੍ਹਾਂ ਮੁਲਕਾਂ ਦੀ ਧਾਰਨਾ ’ਚ ਕੋਈ ਤਬਦੀਲੀ ਨਹੀਂ ਲਿਆ ਸਕੇ। ਭਾਰਤ ਦੀ ਵਿਦੇਸ਼ ਨੀਤੀ ਦੀ ਅਸਫਲਤਾ ਦੀ ਇਹ ਹੱਦ ਹੀ ਹੈ। ਹੋ ਸਕਦਾ ਹੈ, ਹੁਣ ਵਿਦੇਸ਼ ਮੰਤਰੀ ਦਾ ਅਹੁਦਾ ਛੱਡਣ ਦਾ ਸਮਾਂ ਆ ਗਿਆ ਹੈ।

ਭਾਰਤ ’ਚ ਰੱਖਿਆ ਮੰਤਰੀ ਮਕਬੂਜ਼ਾ ਕਸ਼ਮੀਰ (ਪੀਓਕੇ) ਲੈਣ ਦੀ ਗੱਲ ਕਰ ਰਹੇ ਹਨ ਤੇ ਪਾਕਿਸਤਾਨ ਵਾਲੇ ਪਾਸੇ ਫੀਲਡ ਮਾਰਸ਼ਲ ਆਸਿਮ ਮੁਨੀਰ ਕਹਿੰਦੇ ਹਨ ਕਿ ਉਹ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡ ਦੇਣਗੇ। ਸੰਭਵ ਹੈ ਕਿ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਕਿ ਪੀਓਕੇ ਲੈਣ ਦੀ ਕੋਈ ਵੀ ਕੋਸ਼ਿਸ਼ ਪਾਕਿਸਤਾਨ ਨਾਲ ਸੰਪੂਰਨ ਜੰਗ ਮੁੱਲ ਲੈਣ ਦਾ ਕਾਰਨ ਬਣੇਗੀ। ਇਸ ਦੇ ਨਾਲ ਹੀ ਉਹ ਸ਼ਾਇਦ ਆਪਣੀਆਂ ਹਥਿਆਰਬੰਦ ਸੈਨਾਵਾਂ, ਖ਼ਾਸ ਕਰ ਕੇ ਭਾਰਤੀ ਹਵਾਈ ਸੈਨਾ ਦੀ ਹਾਲਤ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਇਸ ਦੌਰਾਨ ਫੀਲਡ ਮਾਰਸ਼ਲ ਆਸਿਮ ਮੁਨੀਰ ਵੀ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਲੱਗਦੇ ਹਨ, ਜਦੋਂ ਉਹ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਗੱਲ ਕਰਦੇ ਹਨ। ਫਿਰ ਵੀ ਪਾਕਿਸਤਾਨੀ ਫ਼ੌਜ ਜਦੋਂ ਚੀਨ ਦੇ ਦਿੱਤੇ ਅਤਿ-ਆਧੁਨਿਕ ਫ਼ੌਜੀ ਹਥਿਆਰਾਂ ਤੇ ਸਾਜ਼ੋ-ਸਮਾਨ ਨਾਲ ਪੂਰੀ ਤਰ੍ਹਾਂ ਲੈਸ ਹੋ ਗਈ ਤਾਂ ਇਹ ਕੋਸ਼ਿਸ਼ ਕਰ ਸਕਦੇ ਹਨ, ਜਾਂ ਕਸ਼ਮੀਰ ਨੂੰ ਖੋਹਣ ਦਾ ਯਤਨ ਵੀ ਕਰ ਸਕਦੇ ਹਨ। ਉਹ ਇਸ ਨੂੰ ਪਾਕਿਸਤਾਨ ਦੀ ਜੀਵਨ ਰੇਖਾ ਦੱਸ ਹੀ ਰਹੇ ਹਨ।

ਚੀਨ ਪਾਕਿਸਤਾਨ ਦੇ ਪੂਰਾ ਹੱਕ ਵਿੱਚ ਖੜ੍ਹਾ ਹੈ ਅਤੇ ਇਸ ਨੂੰ ਅਤਿ-ਆਧੁਨਿਕ ਤਕਨੀਕੀ ਫ਼ੌਜੀ ਉਪਕਰਨ, ਜਿਨ੍ਹਾਂ ਵਿੱਚ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਵੀ ਸ਼ਾਮਿਲ ਹਨ, ਦੇ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਪਰਖਿਆ ਵੀ ਗਿਆ ਸੀ। ਚੀਨੀ ਹਥਿਆਰ ਤੇ ਸਾਜ਼ੋ-ਸਮਾਨ ਪਾਕਿਸਤਾਨ ਦੀ ਸਮੁੱਚੀ ਸਮਰੱਥਾ ’ਚ ਅਹਿਮ ਵਾਧਾ ਕਰਨਗੇ। ਰੂਸ ਨੇ ਵੀ ਪਾਕਿਸਤਾਨ ਨੂੰ ਫ਼ੌਜੀ ਸਾਜ਼ੋ-ਸਮਾਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਚੀਨ ਸਾਈਬਰ ਤਕਨੀਕ, ਸੈਟੇਲਾਈਟ ਇਮੇਜਰੀ, ਮਿਜ਼ਾਈਲ ਪ੍ਰਣਾਲੀ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਡਰੋਨ ਤਕਨੀਕ ਵਰਗੇ ਖੇਤਰਾਂ ਵਿੱਚ ਪਾਕਿਸਤਾਨ ਦੀ ਮਦਦ ਕੀਤੀ ਜਾ ਰਹੀ ਹੈ ਤੇ ਪਾਕਿਸਤਾਨੀਆਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਅਮਰੀਕਾ ਵੀ ਪਾਕਿਸਤਾਨ ਵੱਲ ਝੁਕਾਅ ਰੱਖਦਾ ਹੈ। ਚੀਨ ਪੂਰਬੀ ਲੱਦਾਖ ਵਿੱਚ ਆਪਣੀ ਫ਼ੌਜ ਵਧਾ ਰਿਹਾ ਹੈ ਅਤੇ ਤਿੱਬਤ ਸਰਹੱਦ ’ਤੇ ਅਸਲ ਕੰਟਰੋਲ ਰੇਖਾ (ਐੱਲਏਸੀ) ਨਾਲ ਬੁਨਿਆਦੀ ਸੈਨਿਕ ਢਾਂਚਾ ਬਣਾ ਰਿਹਾ ਹੈ।

ਖਿੱਤੇ ਵਿੱਚ ਭਾਰਤ ਦੀ ਚੜ੍ਹਤ ਰੋਕਣ ਲਈ ਚੀਨ ਪਾਕਿਸਤਾਨ ਨੂੰ ਪ੍ਰੌਕਸੀ ਵਜੋਂ ਵਰਤਣਾ ਚਾਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨੀ ਫ਼ੌਜ ਦੇ ਕੁਝ ਅਧਿਕਾਰੀ ਪੂਰਬੀ ਲੱਦਾਖ ਵਿੱਚ ਤਾਇਨਾਤ ਚੀਨੀ ਫ਼ੌਜੀ ਤੰਤਰ ਵਿੱਚ ਸਟਾਫ ਅਧਿਕਾਰੀਆਂ ਵਜੋਂ ਕੰਮ ਕਰ ਰਹੇ ਹਨ। ਚੀਨ ਬੰਗਲਾਦੇਸ਼ ਦੇ ਸਹਿਯੋਗ ਨਾਲ ਸਿਲੀਗੁੜੀ ਲਾਂਘੇ ਨੇੜੇ ਵੱਡਾ ਹਵਾਈ ਅੱਡਾ ਵੀ ਬਣਾ ਰਿਹਾ ਹੈ। ਦੂਜੇ ਪਾਸੇ, ਚੀਨ ਭਾਰਤ ਵੱਲ ਦੋਸਤੀ ਦਾ ਹੱਥ ਵਧਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ, ਕਿਉਂਕਿ ਭਾਰਤ ਚੀਨੀ ਸਾਮਾਨ ਲਈ ਵੱਡਾ ਬਾਜ਼ਾਰ ਹੈ। ਇਹ ਚੀਨ ਦੀ ਦੋਹਰੀ ਨੀਤੀ ਦਾ ਪ੍ਰਤੀਕ ਹੈ।

ਭਾਰਤ ਨੇ ਲੰਮੇ ਸਮੇਂ ਤੋਂ ਆਪਣੀਆਂ ਫ਼ੌਜਾਂ ਨੂੰ ਅਤਿ-ਆਧੁਨਿਕ ਰੂਪ ਦੇਣ ਲਈ ਲੋੜੀਂਦੇ ਸਰੋਤ ਨਹੀਂ ਵਰਤੇ ਅਤੇ ਵਾਰ-ਵਾਰ ਨੁਕਸਾਨ ਪਹੁੰਚਾਉਣ ਦੀ ਪਾਕਿਸਤਾਨੀ ਨੀਤੀ ਨੂੰ ਨਾਕਾਮ ਕਰਨ ਦੀ ਸਮਰੱਥਾ ਪੈਦਾ ਕਰਨ ਦੀ ਬਜਾਏ ਇਹ ਅਤਿਵਾਦ ਵਿਰੋਧੀ ਕਾਰਵਾਈਆਂ ’ਤੇ ਕੇਂਦਰਿਤ ਰਿਹਾ ਹੈ। ਇਸ ਨੂੰ ਅਹਿਸਾਸ ਨਹੀਂ ਕਿ ਅਜਿਹੀ ਸਮਰੱਥਾ ਹੀ ਪਾਕਿਸਤਾਨ ਨੂੰ ਰੋਕੇਗੀ। ਫ਼ੌਜੀ ਬਜਟ ਕਈ ਸਾਲਾਂ ਤੋਂ ਜੀਡੀਪੀ ਦੇ 2 ਪ੍ਰਤੀਸ਼ਤ ਤੋਂ ਘੱਟ ਰਿਹਾ ਹੈ; ਚੀਨ ਆਪਣੀ ਜੀਡੀਪੀ ਦਾ 3 ਪ੍ਰਤੀਸ਼ਤ ਰੱਖਿਆ ਬਜਟ ’ਤੇ ਖਰਚ ਕਰ ਰਿਹਾ ਹੈ, ਇਸ ਦੀ ਜੀਡੀਪੀ ਭਾਰਤ ਤੋਂ ਪੰਜ ਗੁਣਾ ਜ਼ਿਆਦਾ ਹੈ।

ਭਾਰਤ ਦੀਆਂ ‘ਮੇਕ ਇਨ ਇੰਡੀਆ’ ਦੀਆਂ ਕੋਸ਼ਿਸ਼ਾਂ ਜ਼ਿਆਦਾਤਰ ਕਾਗਜ਼ਾਂ ’ਤੇ ਹੀ ਰਹੀਆਂ ਹਨ। ਇਹ ਹਥਿਆਰਾਂ ਤੇ ਰੱਖਿਆ ਸਾਜ਼ੋ-ਸਮਾਨ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਛੋਟੇ ਹਥਿਆਰ ਵੀ ਦਰਾਮਦ ਕਰਨੇ ਪੈਂਦੇ ਹਨ ਹਾਲਾਂਕਿ ਕੁਝ ਹਲਕੀ ਤਕਨੀਕ ਵਾਲੇ ਖੇਤਰਾਂ ’ਚ ਫ਼ੌਜੀ ਸਾਜ਼ੋ-ਸਮਾਨ ਭਾਰਤ ਬਰਾਮਦ ਕਰਦਾ ਹੈ। ਕੁਝ ਰੂਸੀ ਐਂਟੀ-ਮਿਜ਼ਾਈਲ ਪ੍ਰਣਾਲੀ ਹੁਣ ਭਾਰਤ ਵਿੱਚ ਬਣਾਈ ਹੈ ਅਤੇ ਬਰਾਮਦ ਕੀਤੀ ਜਾ ਰਹੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਤੇ ਇਸ ਖੇਤਰ ਦੀਆਂ ਹੋਰ ਸੰਸਥਾਵਾਂ ਸਾਰਥਕ ਨਤੀਜੇ ਪੈਦਾ ਕਰਨ ਵਿੱਚ ਅਸਫਲ ਰਹੀਆਂ ਹਨ। ਐੱਚਏਐੱਲ ਵੀ ਦਹਾਕਿਆਂ ਤੋਂ ਤੇਜਸ ਜਹਾਜ਼ ਨਾਲ ਜੂਝ ਰਿਹਾ ਹੈ ਅਤੇ ਇਸ ਦਾ ਇੰਜਣ ਅਜੇ ਵੀ ਬਾਹਰੋਂ ਮੰਗਵਾਇਆ ਜਾ ਰਿਹਾ ਹੈ। ਇਨ੍ਹਾਂ ਸੰਸਥਾਵਾਂ ਦੇ ‘ਸਾਇੰਸ ਆਡਿਟ’ ਦੀ ਮੰਗ ਨੂੰ ਕਈ ਵਾਰ ਨਜ਼ਰਅੰਦਾਜ਼ ਕੀਤਾ ਜਾ ਚੁੱਕਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਦੇ ਕੰਮਕਾਜ ਵਿੱਚ ਸੁਧਾਰ ਕੀਤਾ ਜਾਵੇ ਅਤੇ ਕੁਝ ਉੱਚ ਤਕਨੀਕੀ ਫ਼ੌਜੀ ਸਾਜ਼ੋ-ਸਮਾਨ ਦੀ ਖੋਜ ਅਤੇ ਉਤਪਾਦਨ ਵਿੱਚ ਪ੍ਰਾਈਵੇਟ ਸਨਅਤ ਸ਼ਾਮਿਲ ਕੀਤੀ ਜਾਵੇ। ਲੇਜ਼ਰ ਤਕਨੀਕ ਦੇ ਖੇਤਰ ਵਿੱਚ ਭਾਰਤ ਨੇ ਚੰਗੀ ਤਰੱਕੀ ਕੀਤੀ ਲੱਗਦੀ ਹੈ। ਜੇ ਅਜਿਹਾ ਹੈ ਤਾਂ ਇਸ ਨੂੰ ਐਂਟੀ-ਡਰੋਨ ਪ੍ਰਣਾਲੀਆਂ ਆਦਿ ਨਾਲ ਜੋੜਨ ਦੀ ਲੋੜ ਹੈ।

ਭਾਰਤੀ ਫ਼ੌਜਾਂ ਦੀ ਸਥਿਤੀ ਕੁਝ ਹੱਦ ਤੱਕ ਨਿਰਾਸ਼ਾਜਨਕ ਹੈ। ਭਾਰਤੀ ਹਵਾਈ ਸੈਨਾ ਨੂੰ ਘੱਟੋ-ਘੱਟ 42 ਸਕੁਐਡਰਨਾਂ ਦੀ ਲੋੜ ਹੈ, ਪਰ ਇਸ ਵੇਲੇ 32 ਸਕੁਐਡਰਨ ਹੀ ਹਨ। 32 ਸਕੁਐਡਰਨਾਂ ਵਿੱਚੋਂ ਵੀ ਕਈਆਂ ਨੂੰ ਬਦਲਣ ਦੀ ਲੋੜ ਹੈ। ਭਾਰਤ ਕੋਲ ਅਜਿਹਾ ਕੋਈ ਜਹਾਜ਼ ਨਹੀਂ ਜੋ ਚੀਨ ਦੁਆਰਾ ਪਾਕਿਸਤਾਨ ਨੂੰ ਸਪਲਾਈ ਕੀਤੇ ਜਾ ਰਹੇ ਪੰਜਵੀਂ ਪੀੜ੍ਹੀ ਦੇ ਜਹਾਜ਼ ਨਾਲ ਮੇਲ ਖਾਂਦਾ ਹੋਵੇ।

ਭਾਰਤ ਨੂੰ ਰੱਖਿਆ ਬਜਟ ਤੇ ਡੀਆਰਡੀਓ ਦੇ ਫੰਡਾਂ ’ਚ ਮਹੱਤਵਪੂਰਨ ਵਾਧਾ ਕਰਨ ਦੀ ਲੋੜ ਹੈ। ਅਧਿਕਾਰੀ ਕਾਡਰ ਅਤੇ ਹੋਰ ਰੈਂਕਾਂ ਵਿੱਚ ਕਮੀਆਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਅਗਨੀਵੀਰ ਯੋਜਨਾ ਨੂੰ ਨਵੀਂ ਅਤੇ ਨਿਰਪੱਖ ਨਜ਼ਰ ਨਾਲ ਦੇਖਿਆ ਜਾਵੇ ਤੇ ਜੇ ਇਹ ਫ਼ੌਜ ਦੇ ਹਿੱਤ ਵਿੱਚ ਨਹੀਂ ਤਾਂ ਇਸ ਨੂੰ ਖਾਰਜ ਕਰ ਦਿੱਤਾ ਜਾਵੇ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲੀਆ ਸੰਘਰਸ਼ (ਅਪਰੇਸ਼ਨ ਸਿੰਧੂਰ), ਇਜ਼ਰਾਈਲ-ਇਰਾਨ ਮਿਜ਼ਾਈਲ ਜੰਗ ਤੇ ਬੰਬਾਰੀ, ਅਮਰੀਕਾ ਵੱਲੋਂ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਕੀਤੀ ਬੰਬਾਰੀ ਨੇ ਕੁਝ ਰੱਖਿਆ ਵਿਸ਼ਲੇਸ਼ਕਾਂ ਨੂੰ ਇਹ ਸਿੱਟਾ ਕੱਢਣ ਲਈ ਪ੍ਰੇਰਿਆ ਹੈ ਕਿ ਭਵਿੱਖੀ ਜੰਗਾਂ ਬਿਨਾਂ ਸੰਪਰਕ ਤੋਂ ਗਤੀਸ਼ੀਲ ਰੂਪ ਵਿੱਚ ਹੋਣਗੀਆਂ। ਇਹ ਗ਼ਲਤ ਧਾਰਨਾ ਹੈ। ਮੁਕੰਮਲ ਜੰਗ ਵਿੱਚ ਬਿਨਾਂ ਕਿਸੇ ਸੰਪਰਕ ਤੋਂ ਲੜਨ ਦਾ ਇਹ ਪੜਾਅ ਇੱਕ-ਦੋ ਦਿਨਾਂ ਵਿੱਚ ਖ਼ਤਮ ਹੋ ਜਾਵੇਗਾ, ਫਿਰ ਜ਼ਮੀਨੀ ਕਾਰਵਾਈਆਂ ਸ਼ੁਰੂ ਹੋਣਗੀਆਂ। ਇਸ ਪੜਾਅ ਦੌਰਾਨ ਮਿਜ਼ਾਈਲਾਂ, ਡਰੋਨ, ਏਆਈ, ਸਾਈਬਰ ਹਮਲੇ ਆਦਿ ਦੀ ਵਰਤੋਂ ਜਾਰੀ ਰਹੇਗੀ। ਹਵਾਈ ਸੈਨਾ ਦੀ ਭੂਮਿਕਾ ਵਧੇਰੇ ਪ੍ਰਸੰਗਿਕ ਹੋਵੇਗੀ।

ਪਾਕਿਸਤਾਨ ਨਾਲ ਕਿਸੇ ਵੀ ਭਵਿੱਖੀ ਜੰਗ ਵਿੱਚ ਚੀਨ ਦੇ ਸ਼ਾਮਿਲ ਹੋਣ ਦੀ ਉਮੀਦ ਨਹੀਂ, ਪਰ ਉਹ ਪਿਛੋਕੜ ’ਚ ਮੌਜੂਦ ਰਹੇਗਾ, ਪਾਕਿਸਤਾਨ ਨੂੰ ਹਰ ਸੰਭਵ ਸਹਾਇਤਾ ਦੇਵੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਪਾਕਿਸਤਾਨ ਵਿਰੁੱਧ ਕਾਰਵਾਈ ਲਈ ਭਾਰਤ ਤਿੱਬਤ ਸਰਹੱਦ ’ਤੇ ਮੌਜੂਦ ਆਪਣੇ ਸਰੋਤਾਂ ਨੂੰ ਨਾ ਵਰਤ ਸਕੇ। ਬੰਗਲਾਦੇਸ਼ ਤੋਂ ਭਾਰਤ ਵਿਰੁੱਧ ਕੁਝ ਕਾਰਵਾਈਆਂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਨਤੀਜੇ ਵਜੋਂ ਭਾਰਤ ਤਿੱਬਤ ਸਰਹੱਦ ਤੋਂ ਇਲਾਵਾ ਬਰਮਾ ਤੇ ਬੰਗਲਾਦੇਸ਼ ਨਾਲ ਤਾਇਨਾਤ ਆਪਣੇ ਸਾਧਨਾਂ ਨੂੰ ਵੀ ਤਬਦੀਲ ਕਰਨ ਦੇ ਯੋਗ ਨਹੀਂ ਬਚੇਗਾ। ਇਸ ਲਈ ਲੋੜ ਹੈ ਕਿ ਇਸ ਬਦਲਦੀ ਹਾਲਤ ਮੁਤਾਬਿਕ ਭਾਰਤ ਦੀ ਫ਼ੌਜੀ ਸਮਰੱਥਾ ਨੂੰ ਵਿਕਸਿਤ ਕੀਤਾ ਜਾਵੇ।

ਸਾਡੇ ਕੋਲ ਸਮਾਂ ਨਹੀਂ ਬਚਿਆ ਤੇ ਦੇਸ਼ ਲਈ ਬਣ ਰਹੇ ਸੁਰੱਖਿਆ ਖ਼ਤਰਿਆਂ ਨੂੰ ਹੋਰ ਨਜ਼ਰਅੰਦਾਜ਼ ਕਰਨਾ ਵਿਨਾਸ਼ਕਾਰੀ ਸਾਬਿਤ ਹੋਵੇਗਾ। ਹਥਿਆਰਬੰਦ ਫ਼ੌਜਾਂ ਦੀ ਸਮਰੱਥਾ ਵਿਕਸਤ ਕਰਨ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।