ਨੇਪਾਲ ਘਟਨਾਵਾਂ ਅਤੇ ਭਾਰਤ ਲਈ ਸਬਕ
ਨੇਪਾਲ ਅੰਦਰ ਨਵੀਂ ਪੀੜ੍ਹੀ (ਜੈਨ ਜ਼ੀ) ਦੇ ਨੌਜਵਾਨਾਂ/ਵਿਦਿਆਰਥੀਆਂ ਨੇ ਨੇਪਾਲੀ ਕਮਿਊਨਿਸਟ ਪਾਰਟੀ (ਯੂਐੱਮਐੱਲ) ਦੀ ਓਲੀ ਸਰਕਾਰ ਉਲਟਾ ਕੇ ਉਸ ਦੀ ਥਾਂ ਨੇਪਾਲ ਦੀ ਸੁਪਰੀਮ ਕੋਰਟ ਦੀ ਸਾਬਕਾ ਜੱਜ ਸੁਸ਼ੀਲਾ ਕਾਰਕੀ ਨੂੰ ਨੇਪਾਲੀ ਸਰਕਾਰ ਦਾ ਅੰਤਰਿਮ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ।...
ਨੇਪਾਲ ਅੰਦਰ ਨਵੀਂ ਪੀੜ੍ਹੀ (ਜੈਨ ਜ਼ੀ) ਦੇ ਨੌਜਵਾਨਾਂ/ਵਿਦਿਆਰਥੀਆਂ ਨੇ ਨੇਪਾਲੀ ਕਮਿਊਨਿਸਟ ਪਾਰਟੀ (ਯੂਐੱਮਐੱਲ) ਦੀ ਓਲੀ ਸਰਕਾਰ ਉਲਟਾ ਕੇ ਉਸ ਦੀ ਥਾਂ ਨੇਪਾਲ ਦੀ ਸੁਪਰੀਮ ਕੋਰਟ ਦੀ ਸਾਬਕਾ ਜੱਜ ਸੁਸ਼ੀਲਾ ਕਾਰਕੀ ਨੂੰ ਨੇਪਾਲੀ ਸਰਕਾਰ ਦਾ ਅੰਤਰਿਮ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ। ਸੁਸ਼ੀਲਾ ਕਾਰਕੀ ਨੇ ਨੇਪਾਲ ਦੇ ਚੋਣ ਕਮਿਸ਼ਨ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਉਂਦੇ ਛੇ ਮਹੀਨਿਆਂ ਅੰਦਰ ਨੇਪਾਲ ਅੰਦਰ ਨਵੀਆਂ ਚੋਣਾਂ ਕਰਵਾਉਣ ਅਤੇ ਨੇਪਾਲ ਅੰਦਰ ਸੰਵਿਧਾਨ ਅਨੁਸਾਰ ਬਾਕਾਇਦਾ ਚੁਣੀ ਹੋਈ ਸਰਕਾਰ ਬਣਾਈ ਜਾਵੇ।
ਜਿ਼ਕਰਯੋਗ ਹੈ ਕਿ ਨੇਪਾਲ ਦੇ ਤਤਕਾਲੀ ਮੰਤਰੀ ਕੇ ਪੀ ਓਲੀ ਨੇ ਨੇਪਾਲ ਅੰਦਰ ਲੋਕਾਂ ਦੇ ਸੰਚਾਰ ਦਾ ਕੇਂਦਰ ਬਣੇ ਸੋਸ਼ਲ ਮੀਡੀਆ ਦੇ ਸਾਰੇ ਚੈਨਲ ਬੰਦ ਕਰ ਦਿੱਤੇ ਸਨ। ਇਸ ਨਾਲ ਦੇਸ਼ ਅੰਦਰ ਹੋਰ ਵੀ ਜਿ਼ਆਦਾ ਹਿੰਸਾ ਅਤੇ ਅਫ਼ਰਾ-ਤਫ਼ਰੀ ਫੈਲ ਗਈ ਤੇ ਦੇਸ਼ ਨੂੰ ਪੁਲੀਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ। ਇਉਂ ਨੇਪਾਲ ਦੀਆਂ ਭ੍ਰਿਸ਼ਟ ਸਰਕਾਰਾਂ ਵਿਰੁੱਧ ਗੁੱਸੇ ਵਿੱਚ ਆਏ ਵਿਦਿਆਰਥੀਆਂ ਅਤੇ ਨੌਜਵਾਨਾਂ ਅੰਦਰ ਗੁੱਸਾ ਹੋਰ ਭੜਕ ਗਿਆ। ਨੇਪਾਲ ਅੰਦਰ ਬੇਰੁਜ਼ਗਾਰੀ ਕਾਰਨ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵੱਡੇ ਹਿੱਸੇ ਨੂੰ ਵਿਦੇਸ਼ਾਂ ਅੰਦਰ ਤਰ੍ਹਾਂ-ਤਰ੍ਹਾਂ ਦੇ ਕਿੱਤੇ, ਵਿਸ਼ੇਸ਼ ਕਰ ਕੇ ਸੁਰੱਖਿਆ ਅਮਲੇ ਅੰਦਰ ਰੁਜ਼ਗਾਰ ਲੈਣ ਲਈ ਮਜਬੂਰ ਹੋਣਾ ਪੈਂਦਾ ਰਿਹਾ ਹੈ ਪਰ ਵਿਦਿਆਰਥੀ ਅਤੇ ਨੌਜਵਾਨ ਜਦੋਂ ਆਪਣੀ ਮਿਹਨਤ ਦੀ ਕਮਾਈ ਨਾਲ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਐਸ਼-ਓ-ਇਸ਼ਰਤ ਵਾਲੀ ਜ਼ਿੰਦਗੀ ਬਤੀਤ ਕਰਦੇ ਦੇਖਦੇ ਤਾਂ ਉਨ੍ਹਾਂ ਦੇ ਮਨਾਂ ਅੰਦਰ ਸਿਆਸੀ ਆਗੂਆਂ ਵਿਰੁੱਧ ਗੁੱਸੇ ਅਤੇ ਨਫ਼ਰਤ ਦੇ ਭਾਂਬੜ ਬਲ ਜਾਂਦੇ। ਹੁਣ ਅੰਦੋਲਨ ਭੜਕਣ ’ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸਿਆਸੀ ਆਗੂਆਂ ਦੇ ਮਹਿਲਾਂ ਵਰਗੇ ਘਰਾਂ ਅਤੇ ਪ੍ਰਸ਼ਾਸਕੀ ਅਦਾਰਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਵੱਖ-ਵੱਖ ਹਾਕਮ ਪਾਰਟੀਆਂ ਦੇ ਓਲੀ, ਪ੍ਰਚੰਡ ਅਤੇ ਸ਼ੇਰ ਬਹਾਦੁਰ ਦਿਓਬਾ ਵਰਗੇ ਆਗੂ ਵੱਖ-ਵੱਖ ਸਮੇਂ ਰਾਜਸੱਤਾ ਦਾ ਆਨੰਦ ਮਾਣਦੇ ਰਹੇ ਹਨ। ਇਸ ਕਰ ਕੇ ਜਦੋਂ ਨੌਜਵਾਨਾਂ ਦੇ ਗੁੱਸੇ ਨੂੰ ਸਾਂਝੇ ਕਰਨ ਵਾਲੇ ਪਲੈਟਫਾਰਮ ਸੋਸ਼ਲ ਮੀਡੀਆ ਦੇ ਚੈਨਲਾਂ ਨੂੰ ਬੰਦ ਕੀਤਾ ਗਿਆ ਤਾਂ ਉਨ੍ਹਾਂ ਅੰਦਰ ਸਰਕਾਰ ਵਿਰੁੱਧ ਗੁੱਸਾ ਭੜਕ ਗਿਆ।
ਫਿਰ ਅਮਨ ਅਤੇ ਕਾਨੂੰਨ ਨੂੰ ਕੰਟਰੋਲ ਕਰਨ ਦੇ ਨਾਂ ’ਤੇ ਓਲੀ ਸਰਕਾਰ ਨੇ ਦੇਸ਼ ਨੂੰ ਪੁਲੀਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਅਤੇ ਪੁਲੀਸ ਨੇ ਅਮਨ-ਕਾਨੂੰਨ ਬਹਾਲ ਕਰਨ ਦੇ ਨਾਂ ’ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ’ਤੇ ਘੇਰ-ਘੇਰ ਕੇ ਘੋਰ ਤਸ਼ੱਦਦ ਕੀਤਾ। ਇਸ ਤੋਂ ਬਾਅਦ ਦੇਸ਼ ਅੰਦਰ ਰੋਸ ਮਾਰਚ ਅਤੇ ਪ੍ਰਦਰਸ਼ਨ ਤੇਜ਼ ਹੋ ਗਏ ਪਰ ਜਿਵੇਂ ਆਮ ਤੌਰ ’ਤੇ ਹੁੰਦਾ ਹੈ, ਬਹੁਤ ਸਾਰੇ ਸਮਾਜ ਵਿਰੋਧੀ ਤੱਤ ਲਹਿਰਾਂ ਅੰਦਰ ਦਾਖ਼ਲ ਹੋ ਜਾਂਦੇ ਅਤੇ ਹਾਕਮ ਜਮਾਤਾਂ ਵੀ ਇਨ੍ਹਾਂ ਲਹਿਰਾਂ ਨੂੰ ਬਦਨਾਮ ਕਰਨ ਲਈ ਸਮਾਜ ਵਿਰੋਧੀ ਤੱਤਾਂ ਨੂੰ ਲਹਿਰਾਂ ਅੰਦਰ ਦਾਖ਼ਲ ਕਰ ਕੇ ਹਿੰਸਕ ਕਾਰਵਾਈਆਂ ਕਰਵਾ ਦਿੰਦੀਆਂ ਹਨ।
ਨੇਪਾਲ ਚੀਨ ਅਤੇ ਭਾਰਤ ਵਰਗੇ ਦੋ ਵੱਡੇ ਦੇਸ਼ਾਂ ਵਿੱਚ ਘਿਰਿਆ ਹੋਇਆ ਹੈ ਜਿਸ ਦੀ ਲਗਭਗ 1750 ਕਿਲੋਮੀਟਰ ਸਰਹੱਦ ਭਾਰਤ ਅਤੇ ਚੀਨ ਨਾਲ ਲੱਗਦੀ ਹੈ। ਇਸ ਦੇਸ਼ ਦਾ ਬਾਹਰਲੀ ਦੁਨੀਆ ਨਾਲ ਜ਼ਮੀਨੀ ਸੰਪਰਕ ਨਹੀਂ ਅਤੇ ਨੇਪਾਲ ਦੇ ਬਹੁਤ ਪਛੜੇ ਰਹਿਣ ਦਾ ਇੱਕ ਕਾਰਨ ਇਹ ਵੀ ਹੈ। ਇਸ ਦੀ ਆਰਥਿਕਤਾ ਜਿ਼ਆਦਾਤਰ ਖੇਤੀਬਾੜੀ, ਬਾਗਬਾਨੀ, ਸੈਰ-ਸਪਾਟੇ, ਦੇਸੀ-ਵਿਦੇਸ਼ੀ ਸੁਰੱਖਿਆ ਤੇ ਫ਼ੌਜੀ ਭਰਤੀ ਉੱਪਰ ਨਿਰਭਰ ਹੈ। ਨੇਪਾਲ ਅੰਦਰ ਖੇਤੀਬਾੜੀ ਪੱਛੜੀ ਹੋਈ ਹੈ। ਏਸ਼ੀਆ ਦੇ ਬਹੁਤੇ ਦੇਸ਼ਾਂ ਵਾਂਗ ਨੇਪਾਲ ਅੰਦਰ ਵੀ ਗ਼ਰੀਬੀ ਅਮੀਰੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸੇ ਰੋਸ ਅਤੇ ਬੇਚੈਨੀ ਕਰ ਕੇ ਨੇਪਾਲ ਤੋਂ ਪਹਿਲਾਂ ਲੋਕਾਂ ਨੇ ਸ੍ਰੀ ਲੰਕਾ, ਬੰਗਲਾਦੇਸ਼, ਇੰਡੋਨੇਸ਼ੀਆ ਵਰਗੇ ਹੋਰ ਏਸ਼ਿਆਈ ਦੇਸ਼ਾਂ ਅੰਦਰ ਸਰਕਾਰਾਂ ਉਲਟਾ ਦਿੱਤੀਆਂ ਹਨ ਪਰ ਉਸ ਤੋਂ ਬਾਅਦ ਉੱਥੇ ਫਿਰ ਉਹੀ ਪੁਰਾਣੀਆਂ ਪਾਰਟੀਆਂ ਅਤੇ ਪੁਰਾਣੇ ਆਗੂ ਸੱਤਾ ਉੱਤੇ ਕਾਬਜ਼ ਹੋ ਗਏ। ਇਹ ਪਾਰਟੀਆਂ ਮੁੜ ਉਹੀ ਨੀਤੀਆਂ ਲਾਗੂ ਕਰ ਰਹੀਆਂ ਹਨ। ਉਂਝ ਵੀ, ਇਨ੍ਹਾਂ ਦੇਸ਼ਾਂ ਅੰਦਰ ਹੋਈ ਉਥਲ-ਪੁਥਲ ਦੇ ਬਾਵਜੂਦ ਸੱਜੇ ਪੱਖੀ ਅਤੇ ਪਿਛਾਂਹਖਿੱਚੂ ਤਾਕਤਾਂ ਦਾ ਬੋਲਬਾਲਾ ਵਧ ਰਿਹਾ ਹੈ। ਬਦਲ-ਬਦਲ ਕੇ ਬਣਦੀਆਂ-ਟੁੱਟਦੀਆਂ ਸਰਕਾਰਾਂ ਤੋਂ ਲੋਕ ਅੱਕੇ ਅਤੇ ਨਿਰਾਸ਼ ਹੋਏ ਪਏ ਹਨ। ਪਿਛਲੇ ਕਈ ਦਹਾਕਿਆਂ ਤੋਂ ਨੇਪਾਲ ਦੇ ਲੋਕਾਂ ਨੇ ਵੀ ਉਥਲ-ਪੁਥਲ ਦੇ ਬਹੁਤ ਸਾਰੇ ਦੌਰ ਦੇਖੇ ਹਨ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਇਹ ਲੋਕ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ। ਨੇਪਾਲ ਦੇ ਲੋਕਾਂ ਨੇ ਵੱਖ-ਵੱਖ ਪਾਰਟੀਆਂ ਦੇ ਰਾਜ ਦੇਖੇ ਹਨ ਪਰ ਇਨ੍ਹਾਂ ਪਾਰਟੀਆਂ ਨੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ।
ਨੇਪਾਲ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਵੱਖ-ਵੱਖ ਤਰ੍ਹਾਂ ਦੇ ਵਿਸ਼ਲੇਸ਼ਣ ਪੇਸ਼ ਕੀਤੇ ਜਾ ਰਹੇ ਹਨ। ਇਕ ਗੱਲ ਤਾਂ ਸਾਫ਼ ਹੈ ਕਿ ਨੇਪਾਲ ਅੰਦਰ ਰਾਜ ਪਲਟਾ ਉਸ ਧਿਰ ਨੇ ਹੀ ਕਰਵਾਇਆ ਹੋ ਸਕਦਾ ਹੈ ਜਿਸ ਧਿਰ ਦੇ ਇਹ ਹਿੱਤ ਪੂਰਦਾ ਹੋਵੇ। ਨੇਪਾਲ ਅੰਦਰ ਮੌਜੂਦਾ ਸੀਪੀਐੱਨ (ਯੂਐੱਮਐੱਲ) ਦਾ ਝੁਕਾਅ ਚੀਨ ਵੱਲ ਸੀ ਅਤੇ ਇਸ ਪਾਰਟੀ ਦਾ ਲੀਡਰ ਕੇ ਪੀ ਓਲੀ ਸਪੱਸ਼ਟ ਰੂਪ ਵਿੱਚ ਚੀਨ ਪੱਖੀ ਸੀ। ਇਸੇ ਕਰ ਕੇ ਨੇਪਾਲ ਅੰਦਰ ਰਾਜਪਲਟਾ ਇਹ ਪਾਰਟੀ ਨਹੀਂ ਕਰਵਾ ਸਕਦੀ। ਇਹ ਵੀ ਕਿਹਾ ਜਾਂਦਾ ਹੈ ਕਿ ਜੈਨ ਜ਼ੀ ਨੌਜਵਾਨਾਂ ਦੀ ਜਥੇਬੰਦਕ ਪੱਖੋਂ ਇਤਨੀ ਪਰੋਖੋਂ ਨਹੀਂ ਕਿ ਉਹ ਨੇਪਾਲ ਅੰਦਰ ਰਾਜ ਪਲਟਾ ਕਰਵਾ ਸਕਦੇ ਅਤੇ ਫਿਰ ਇਸ ਨੂੰ ਸਾਂਭ ਸਕਦੇ। ਇਸ ਕਰ ਕੇ ਸੱਤਾ ਬਦਲੀ ਦੀ ਇਸ ਕੋਸ਼ਿਸ਼ ਪਿੱਛੇ ਡੀਪ ਸਟੇਟ ਜਾਂ ਸੰਸਾਰ ਦੀਆਂ ਵੱਡੀਆਂ ਤਾਕਤਾਂ ਦਾ ਹੱਥ ਹੋਣ ਦੀ ਵੱਧ ਸੰਭਾਵਨਾ ਹੈ। ਭਾਰਤੀ ਉਪ ਮਹਾਂਦੀਪ ਅੰਦਰ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕ ਲਾਉਣ ਦੀ ਅਮਰੀਕਾ ਦੀ ਅਣਸਰਦੀ ਲੋੜ ਬਣੀ ਹੋਈ ਹੈ, ਕਿਉਂਕਿ ਭਾਰਤ ਦੇ ਇਰਦ-ਗਿਰਦ ਸ੍ਰੀ ਲੰਕਾ, ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ, ਅਫਰੀਕਨ ਮਹਾਂਦੀਪ, ਲਾਤੀਨੀ ਅਮਰੀਕਾ, ਮੱਧ ਪੂਰਬ ਏਸ਼ੀਆ ਅੰਦਰ ਚੀਨ ਅਤੇ ਅਮਰੀਕਾ ਵਿਚਕਾਰ ਆਪੋ-ਆਪਣੇ ਰਸੂਖ ਵਾਲੇ ਖਿੱਤੇ ਵਧਾਉਣ ਦੀ ਦੌੜ ਲੱਗੀ ਹੋਈ ਹੈ। ਉੱਧਰ ਓਸੀਅਨ, ਆਸੀਅਨ ਅਤੇ ਚੀਨ ਸਾਗਰ ਅੰਦਰ ਚੀਨ ਆਪਣੇ ਪ੍ਰਭਾਵ ਖੇਤਰਾਂ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ।
ਨੇਪਾਲ ਦੀ ਇਸ ਅਫ਼ਰਾ-ਤਫ਼ਰੀ ਵਿੱਚ ਘਰੇਲੂ ਮੁੱਦੇ ਡੂੰਘੇ ਜੁੜੇ ਹੋਏ ਹਨ ਅਤੇ ਇਹ ਮੁੱਦੇ ਜੀਓ ਰਾਜਨੀਤਕ ਘਟਨਾਵਾਂ ਨਾਲ ਭਾਰਤ, ਚੀਨ ਅਤੇ ਅਮਰੀਕਾ ਨਾਲ ਵੀ ਪੂਰੀ ਤਰ੍ਹਾਂ ਜੁੜੇ ਹੋਏ ਹਨ ਤੇ ਇਨ੍ਹਾਂ ਭੂ-ਰਾਜਨੀਤਕ ਤਣਾਵਾਂ ਨੇ ਵੀ ਨੇਪਾਲ ਦੀਆਂ ਘਟਨਾਵਾਂ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਵਿਆਪਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਲੋਕਾਂ ਅੰਦਰ ਨਿਰਾਸ਼ਾ ਵਧਾਈ ਅਤੇ ਸਰਕਾਰ ਬਾਰੇ ਬਣੀ ਬੇਭਰੋਸਗੀ ਨੇ ਵੱਡੇ ਪੱਧਰ ’ਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਹੈ।
ਨੇਪਾਲ ਦੀ ਆਰਥਿਕਤਾ ਇਸ ਵਕਤ ਉੱਚ ਮਹਿੰਗਾਈ, ਨੌਕਰੀ ਦੇ ਮੌਕਿਆਂ ਦੀ ਘਾਟ ਅਤੇ ਦੇਸੀ-ਵਿਦੇਸ਼ੀ ਕਰਜ਼ੇ ਨਾਲ ਜੂਝ ਰਹੀ ਹੈ। 2008 ਵਿੱਚ ਰਾਜਸ਼ਾਹੀ ਦੇ ਅੰਤ ਤੋਂ ਬਾਅਦ ਨੇਪਾਲ ਅੰਦਰ ਮੌਕਾਪ੍ਰਸਤ ਸਿਆਸੀ ਗੱਠਜੋੜਾਂ ਨੇ ਲੋਕਾਂ ਅੰਦਰ ਬੇਦਿਲੀ ਦੇ ਉਹ ਅਨੁਭਵ ਉਜਾਗਰ ਕੀਤੇ, ਜਿਹੜੇ ਲੰਮੇ ਸਮੇਂ ਦੇ ਇਕਸਾਰ ਲਗਾਤਾਰ ਵਿਕਾਸ ਵਿੱਚ ਰੁਕਾਵਟਾਂ ਪਾਉਂਦੇ ਹਨ। ਨੇਪਾਲ ਦੀਆਂ ਰਾਜਨੀਤਕ ਪਾਰਟੀਆਂ ਦਾ ਕੌਮੀ ਸਥਿਰਤਾ ਨਾਲੋਂ ਸਵਾਰਥੀ ਅਤੇ ਥੋੜ੍ਹੇ ਸਮੇਂ ਦੇ ਹਿੱਤਾਂ ਨੂੰ ਤਰਜੀਹ ਦੇਣ ਦਾ ਇਤਿਹਾਸ ਰਿਹਾ ਹੈ, ਜਿਸ ਨੇ ਅੰਦਰੂਨੀ ਰਾਜਨੀਤਕ ਮਤਭੇਦ ਡੂੰਘੇ ਕੀਤੇ ਹਨ। ਨੇਪਾਲ ਦਾ ਇਹ ਘਟਨਕ੍ਰਮ ਭਾਰਤ ਅੰਦਰਲੇ ਸੰਕਟ ਵਾਲੇ ਹਾਲਾਤ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਕਰ ਕੇ ਭਾਰਤ ਦੇ ਅਗਾਂਹਵਧੂ ਹਲਕਿਆਂ ਨੂੰ ਨੇਪਾਲ ਦੀਆਂ ਘਟਨਾਵਾਂ ਤੋਂ ਸਬਕ ਸਿੱਖ ਕੇ ਆਪਣੇ ਕਾਰਜ ਤੈਅ ਕਰਨ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਮੌਜੂਦਾ ਸਮੇਂ ਦੀ ਲੋੜ ਅਨੁਸਾਰ ਭਾਰਤ ਅੰਦਰ ਲੋਕ ਪੱਖੀ ਨਿਜ਼ਾਮ ਵਿਕਸਤ ਕੀਤਾ ਜਾ ਸਕੇ।
ਸੰਪਰਕ: 78883-27695