DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਪਜਾਊ ਜ਼ਮੀਨ ਉਪਰ ਵਿਛੀ ਗਾਰ ਨਾਲ ਕਿਵੇਂ ਨਜਿੱਠੀਏ

ਪੰਜਾਬ ਵਿੱਚ 2025 ਦੇ ਹੜ੍ਹਾਂ ਨੇ 20 ਜਿ਼ਲ੍ਹਿਆਂ ਦੇ 2100 ਤੋਂ ਵੱਧ ਪਿੰਡਾਂ ਦੀ ਲੱਖਾਂ ਏਕੜ ਜ਼ਮੀਨ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਵਿੱਚੋਂ ਬਹੁਤ ਵੱਡੇ ਹਿੱਸੇ ਦੀ ਉਪਜਾਊ ਜ਼ਮੀਨ ਉਪਰ ਗਾਰ (ਰੇਤ, ਭਲ ਤੇ ਕੁਝ ਮਿੱਟੀ...
  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ 2025 ਦੇ ਹੜ੍ਹਾਂ ਨੇ 20 ਜਿ਼ਲ੍ਹਿਆਂ ਦੇ 2100 ਤੋਂ ਵੱਧ ਪਿੰਡਾਂ ਦੀ ਲੱਖਾਂ ਏਕੜ ਜ਼ਮੀਨ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਵਿੱਚੋਂ ਬਹੁਤ ਵੱਡੇ ਹਿੱਸੇ ਦੀ ਉਪਜਾਊ ਜ਼ਮੀਨ ਉਪਰ ਗਾਰ (ਰੇਤ, ਭਲ ਤੇ ਕੁਝ ਮਿੱਟੀ ਦਾ ਮਿਸ਼ਰਨ) ਵਿਛਾ ਦਿੱਤੀ ਹੈ। ਇਸ ਗਾਰ ਦੀ ਤਹਿ ਕੁਝ ਸੈਂਟੀਮੀਟਰ ਤੋਂ ਕਈ ਮੀਟਰ ਮੋਟੀ ਹੋਣ ਦੇ ਨਾਲ ਖੇਤਾਂ ਨੂੰ ਉੱਚਾ ਨੀਵਾਂ ਕਰ ਦਿੱਤਾ ਹੈ, ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਨੁਕਸਾਨ ਹੋਇਆ ਹੈ।

ਉਪਜਾਊ ਜ਼ਮੀਨ ਦੀ ਬਣਤਰ, ਪੌਦਿਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਅਤੇ ਪਾਣੀ ਮੁਹੱਈਆ ਕਰਨ ਦੀ ਸ਼ਕਤੀ

Advertisement

ਧਰਤੀ ਉਪਰ ਕੁਦਰਤ ਵੱਲੋਂ ਬਣੀ ਤਹਿ, ਜੋ 2 ਮਿਲੀਮੀਟਰ ਤੋਂ ਛੋਟੇ ਕਣਾਂ (ਰੇਤ, ਭਲ (silt) ਤੇ ਚੀਕਣਾ ਮਾਦਾ), ਖਣਿਜ, ਜੈਵਿਕ ਪਦਾਰਥਾਂ ਤੇ ਸੂਖਮ ਜੀਵਾਂ ਦਾ ਸੁਮੇਲ ਹੋਵੇ, ਉਹ ਉਪਜਾਊ ਜ਼ਮੀਨ ਬਣਦੀ ਹੈ। ਇਸ ਵਿੱਚ ਪੌਦਿਆਂ ਵਾਸਤੇ ਲੋੜੀਂਦੇ ਪੌਸ਼ਟਿਕ ਤੱਤ, ਪਾਣੀ ਅਤੇ ਹਵਾ ਮੁਹੱਈਆ ਕਰਨ ਦੀ ਸ਼ਕਤੀ ਹੋਣੀ ਜ਼ਰੂਰੀ ਹੈ। ਉਪਜਾਊ ਜ਼ਮੀਨ ਜ਼ਰੂਰੀ ਪੌਸਟਿਕ ਤੱਤ ਤੇ ਪਾਣੀ ਸੰਭਾਲਦੀ ਹੈ ਅਤੇ ਜੜ੍ਹਾਂ ਤੱਕ ਪਹੁੰਚਾਉਣ ਦਾ ਸਾਧਨ ਬਣਦੀ ਹੈ। ਆਮ ਕਰ ਕੇ ਖੇਤ ਦੀ 15 ਸੈਂਟੀਮੀਟਰ ਉਪਰਲੀ ਤਹਿ, ਜੋ ਹਲ ਨਾਲ ਵਾਹੀ ਜਾਂਦੀ ਹੈ, ਨੂੰ ‘ਹਲ ਪਰਤ’ ਕਿਹ ਜਾਂਦਾ ਹੈ। ਹਲ ਪਰਤ ’ਚ ਉਪਜਾਊ ਸ਼ਕਤੀ ਦਾ ਬਹੁਤਾ ਹਿੱਸਾ ਹੁੰਦਾ ਹੈ ਅਤੇ ਪੌਦਿਆਂ ਦੀਆਂ ਜਿ਼ਆਦਾ ਜੜ੍ਹਾਂ ਵੀ ਇਸੇ ਵਿੱਚ ਵਧਦੀਆਂ ਫੁੱਲਦੀਆਂ ਹਨ ਤੇ ਖੁਰਾਕ ਲੈਂਦੀਆਂ ਹਨ।

ਜ਼ਮੀਨ ਵਿੱਚ ਜੈਵਿਕ ਪਦਾਰਥ ਪੌਦਿਆਂ, ਸੂਖਮ ਜੀਵਾਣੂਆਂ, ਹੋਰ ਜੀਵਾਂ ਆਦਿ ਲਈ ਪੌਸ਼ਟਿਕ ਤੱਤਾਂ ਦਾ ਸੋਮਾ (ਜਿਵੇਂ ਸਾਡਾ ਮਿਹਦਾ ਖੁਰਾਕ ਦਾ) ਬਣਦਾ ਹੈ। ਨਾਲ ਹੀ ਜ਼ਮੀਨ ਦੀ ਸਿਹਤ ਸੁਧਾਰਦਾ ਹੈ ਜਿਸ ਕਾਰਨ ਪੌਸ਼ਟਿਕ ਤੱਤਾਂ ਤੇ ਪਾਣੀ ਨੂੰ ਸੰਭਾਲਣ ਦੀ ਸ਼ਕਤੀ ਵਧਾ ਕੇ ਇਨ੍ਹਾਂ ਨੂੰ ਜਿ਼ਆਦਾ ਡੂੰਘਾਈ ਵਿੱਚ ਜਾਣ ਤੋਂ ਰੋਕਦਾ ਹੈ।

ਜ਼ਮੀਨ ਪਾਣੀ ਸੋਖਣ/ਜਜ਼ਬ ਕਰਨ, ਸਾਫ਼ ਕਰਨ ਅਤੇ ਬਨਸਪਤੀ, ਜੀਵਾਂ ਤੇ ਮਨੁੱਖਤਾ ਲਈ ਲੋੜੀਂਦਾ ਪਾਣੀ ਦੇਣ ਦੀਆਂ ਪ੍ਰਕਿਰਿਆਵਾਂ ਜਾਰੀ ਰੱਖਦੀ ਹੈ। ਮੀਂਹ ਤੇ ਸਿੰਜਾਈ ਰਾਹੀਂ ਆਏ ਪਾਣੀ ਨੂੰ ਜ਼ਮੀਨ ਆਪਣੇ ਅੰਦਰ ਜਜ਼ਬ ਕਰ ਕੇ ਪਾਣੀ ਦਾ ਭੰਡਾਰ ਬਣਾ ਲਂੈਦੀ ਹੈ। ਇਹ ਪਾਣੀ ਪੌਦਿਆਂ ਦੀਆਂ ਜੜ੍ਹਾਂ ਚੂਸ ਲੈਂਦੀਆਂ ਹਨ ਤੇ ਜ਼ਮੀਨ ਵਿੱਚ ਰਹਿੰਦੇ ਜੀਵ ਵੀ ਪੀਂਦੇ ਹਨ। ਜ਼ਮੀਨ ਜੀਵਤ ਵਾਤਾਵਰਨ ਪ੍ਰਣਾਲੀ ਹੈ। ਇਸ ਵਿੱਚ 20,000 ਤੋਂ ਵੱਧ ਸੂਖਮ ਜੀਵਾਣੂਆਂ (ਬੈਕਟੀਰੀਆ, ਉੱਲੀ ਤੇ ਹੋਰ ਕਿਸਮਾਂ) ਅਤੇ ਵੱਡੇ ਅਕਾਰ ਵਾਲੇ ਕਈ ਜੀਵਾਂ (ਗਡੋਏ ਆਦਿ) ਦੀਆਂ ਲਾਭਦਾਇਕ ਕਿਸਮਾਂ ਰਹਿੰਦੀਆਂ ਹਨ। ਵਾਤਾਵਰਨ ਦੇ ਕੁਲ ਜੀਵਾਂ ਤੇ ਸੂਖਮ ਜੀਵਾਣੂਆਂ ਦੀਆਂ ਪ੍ਰਜਾਤੀਆਂ ਦਾ 60-75% ਅਨੁਪਾਤ ਜ਼ਮੀਨ ਵਿੱਚ ਰਹਿੰਦੀਆਂ ਹਨ। ਇਹ ਪੌਸ਼ਟਿਕ ਤੱਤਾਂ ਦੇ ਚੱਕਰ ਰਾਹੀਂ ਕੁਦਰਤ, ਖੇਤੀ, ਮਨੁੱਖਤਾ ਅਤੇ ਸਨਅਤ ਤੋਂ ਪੈਦਾ ਰਹਿੰਦ-ਖੂੰਹਦ ਨੂੰ ਗਲਣ-ਸੜਨ ਦੀ ਪ੍ਰਕਿਰਿਆ ਰਾਹੀਂ ਪੌਦਿਆਂ ਲਈ ਖੁਰਾਕ ਅਤੇ ਉਪਜਾਊ ਜ਼ਮੀਨ ਬਣਾਉਣ ਵਿੱਚ ਲੋੜੀਂਦੀ, ਅਨੋਖੀ ਤੇ ਅਤਿਅੰਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਪੌਦੇ 90 ਤੱਤ ਲੈਂਦੇ ਹਨ, ਜਿਨ੍ਹਾਂ ਵਿੱਚੋਂ 17 ਤੱਤ ਜੀਵਨ ਪੂਰਾ ਕਰਨ ਲਈ ਜ਼ਰੂਰੀ ਹਨ। ਚੌਦਾਂ (14) ਜ਼ਰੂਰੀ ਤੱਤ ਜ਼ਮੀਨ ਵਿੱਚੋਂ ਜੜ੍ਹਾਂ ਰਾਹੀਂ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ, ਜ਼ਿੰਕ, ਮੈਂਗਨੀਜ਼, ਲੋਹਾ, ਮੌਲੀਬਿਡਨਮ, ਬੋਰੋਨ, ਕਲੋਰਾਈਡ, ਤਾਂਬਾ ਤੇ ਨਿੱਕਲ) ਅਤੇ 3 ਜ਼ਰੂਰੀ ਤੱਤ (ਕਾਰਬਨ, ਆਕਸੀਜਨ, ਹਾਈਡਰੋਜਨ) ਹਵਾ ’ਚੋਂ ਮਿਲਦੇ ਹਨ।

ਖੇਤਾਂ ਵਿੱਚ ਵਿਛੀ ਗਾਰ ਦੇ ਨੁਕਸਾਨ

ਗਾਰ ਵਿੱਚ ਕੁਝ ਪੌਸ਼ਟਿਕ ਤੱਤ ਥੋੜ੍ਹੀ ਬਹੁਤ ਮਾਤਰਾ ਵਿੱਚ ਮੌਜੂਦ ਹੋ ਸਕਦੇ ਹਨ ਪਰ ਉਪਜਾਊ ਜ਼ਮੀਨ ਦੀਆਂ ਬਾਕੀ ਵਿਸ਼ੇਸ਼ਤਾਵਾਂ ਨਾ ਹੋਣ ਕਰ ਕੇ ਇਸ ਵਿੱਚ ਪੌਦੇ ਵਧ-ਫੁਲ ਨਹੀਂ ਸਕਦੇ। ਇਸ ਗਾਰ ਦੀ ਤਹਿ ਵੱਧ ਘੱਟ ਮੋਟੀ ਹੋਣ ਕਰ ਕੇ ਖੇਤ ਦਾ ਪੱਧਰ ਉਚਾ ਨੀਵਾਂ ਹੋ ਜਾਂਦਾ ਹੈ, ਜਿਸ ਕਾਰਨ ਵਹਾਈ ਅਤੇ ਫ਼ਸਲਾਂ ਦੀ ਬਿਜਾਈ, ਸਿੰਜਾਈ, ਪਾਲਣ, ਕਟਾਈ ਆਦਿ ਮੁਸ਼ਕਿਲ ਹੋ ਸਕਦੀ ਹੈ।

ਗਾਰ ਵਿੱਚ ਜੈਵਿਕ ਪਦਾਰਥ ਨਹੀਂ ਹੁੰਦੇ। ਇਨ੍ਹਾਂ ਦੇ ਬਣਨ ਲਈ ਫ਼ਸਲਾਂ ਦੀ ਰਹਿੰਦ-ਖੂੰਹਦ, ਪਸ਼ੂਆਂ ਦਾ ਮਲ-ਮੂਤਰ, ਰੂੜੀ ਆਦਿ ਪਾ ਕੇ ਇਸ ਦਾ ਘਾਟਾ ਪੂਰਾ ਕਰਨ ਵਿੱਚ ਕੁਝ ਸਾਲ ਲੱਗ ਸਕਦੇ ਹਨ। ਨਾਲ ਹੀ, ਗਾਰ ਵਿੱਚ ਲਾਭਦਾਇਕ ਜੀਵਾਣੂਆਂ ਤੇ ਵੱਡੇ ਜੀਵਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੋਣ ਕਰ ਕੇ ਇਨ੍ਹਾਂ ਦੀ ਗਿਣਤੀ ਤੇ ਵਿਭਿੰਨਤਾ ਵਧਣ ਲਈ ਕਈ ਸਾਲ ਲੱਗ ਸਕਦੇ ਹਨ। ਗਾਰ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਨਾਂਹ ਦੇ ਬਰਾਬਰ ਹੈ। ਨਤੀਜੇ ਵਜੋਂ ਕਈ ਸਾਲ ਫ਼ਸਲਾਂ ਦਾ ਝਾੜ ਘੱਟ ਰਹਿਣ ਦਾ ਖ਼ਦਸ਼ਾ ਹੋਵੇਗਾ।

ਕਈ ਵਾਰ ਹੜ੍ਹ ਦਾ ਤੇਜ਼ ਵਹਾਅ ਖੇਤਾਂ ਵਿੱਚ ਡੂੰਘੇ ਟੋਏ ਵੀ ਪਾ ਦਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਰਨ ਤੋਂ ਬਿਨਾਂ ਫ਼ਸਲ ਨਹੀਂ ਉਗਾਈ ਜਾ ਸਕਦੀ।

ਹੜ੍ਹਾਂ ਨਾਲ ਵਿਛੀ ਗਾਰ ਦੇ ਕਾਰਗਰ ਹੱਲ

ਜੇਕਰ ਗਾਰ ਦੀ ਤਹਿ 10 ਸੈਂਟੀਮੀਟਰ ਤੱਕ ਹੋਵੇ ਤਾਂ ਇਸ ਨੂੰ ਕਰਾਹੇ ਨਾਲ ਪੱਧਰ ਕਰ ਕੇ 2-3 ਵਾਰ ਡੂੰਘਾ ਉਲਟਾਵਾਂ ਹਲ ਜਾਂ ਤਵੀਆਂ ਨਾਲ ਵਾਹ ਕੇ ਖੇਤ ਫ਼ਸਲ ਉਗਾਉਣ ਯੋਗ ਬਣ ਸਕਦਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ, ਪਸ਼ੂਆਂ ਦਾ ਮਲ-ਮੂਤਰ, ਰੂੜੀ, ਰਸਾਇਣਕ ਖਾਦਾਂ ਆਦਿ ਪਾ ਕੇ ਫ਼ਸਲਾਂ ਦਾ ਝਾੜ ਠੀਕ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

ਜਿਹੜੇ ਖੇਤਾਂ ਵਿੱਚ ਗਾਰ ਦੀ ਤਹਿ ਜਿ਼ਆਦਾ ਮੋਟੀ ਹੈ, ਵੱਤਰ ਆਉਣ ਤੋਂ ਬਾਅਦ ਉਨ੍ਹਾਂ ਵਿੱਚੋਂ ਗਾਰ ਬਾਹਰ ਕੱਢਣੀ ਪਵੇਗੀ। ਪਹਿਲਾਂ ਕਰਾਹੇ ਜਾਂ ਜੇਸੀਬੀ ਮਸ਼ੀਨ ਨਾਲ ਇੱਕ ਪਾਸੇ ਗਾਰ ਦਾ ਢੇਰ ਲਾ ਲਿਆ ਜਾਵੇ ਤਾਂ ਕਿ ਬਾਕੀ ਖੇਤ ਵਿੱਚ ਫ਼ਸਲ ਉਗਾਈ ਜਾ ਸਕੇ। ਇਸ ਪ੍ਰਕਿਰਿਆ ਨੂੰ ਗਾਰ ਦੀ ਤਹਿ ਦੀ ਮੋਟਾਈ, ਕਿਸਾਨ ਦੇ ਕਿੰਨੇ ਨੁਕਸਾਨੇ ਖੇਤ, ਉਪਲਬਧ ਮਸ਼ੀਨਰੀ ਅਤੇ ਵਿੱਤੀ ਸਰੋਤਾਂ ਅਨੁਸਾਰ ਕੁਝ ਦਿਨਾਂ ਤੋਂ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।

ਜੇ ਹੜ੍ਹਾਂ ਦੇ ਤੇਜ਼ ਵਹਾਅ ਨਾਲ ਖੇਤਾਂ ’ਚ ਡੂੰਘੇ ਟੋਏ ਪਏ ਹੋਣ ਤਾਂ ਇਨ੍ਹਾਂ ਨੂੰ ਦੂਜੀ ਜਗ੍ਹਾ ਤੋਂ ਉਪਜਾਊ ਜ਼ਮੀਨ ਵਿੱਚੋਂ ਮਿੱਟੀ ਜਾਂ ਗਾਰ ਨਾਲ ਜੈਵਿਕ ਪਦਾਰਥ ਮਿਲਾ ਕੇ ਭਰਿਆ ਜਾਵੇ।

ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਅਕਤੂਬਰ ਵਿੱਚ ਸ਼ੁਰੂ ਹੋ ਜਾਂਦੀ ਹੈ। ਇਸ ਲਈ ਕਿਸਾਨ ਆਪਣੇ ਨਿੱਜੀ ਸਰੋਤਾਂ ਅਤੇ ਸਰਕਾਰ ਦੀ ਮਾਲੀ ਸਹਾਇਤਾ ਨਾਲ ਗਾਰ ਹੇਠ ਦੱਬੀ ਉਪਜਾਊ ਜ਼ਮੀਨ ਦੇ ਵੱਧ ਤੋਂ ਵੱਧ ਹਿੱਸੇ ਨੂੰ ਖਾਲੀ ਕਰ ਕੇ ਹਾੜ੍ਹੀ ਦੀ ਫ਼ਸਲ ਬੀਜਣ ਦੀ ਕੋਸ਼ਿਸ਼ ਕਰਨ। ਬਾਅਦ ਵਿੱਚ ਇਕੱਠੀ ਹੋਈ ਗਾਰ ਦੇ ਨਿਬੇੜੇ ਲਈ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਸ ਥੱਲੇ ਨੱਪੀ ਜ਼ਮੀਨ ਨੂੰ ਵੀ ਮੁੜ ਖੇਤੀ ਯੋਗ ਬਣਿਆ ਜਾ ਸਕੇ।

ਕਿਸਾਨਾਂ ਦੀ ਲੋੜੀਂਦੀ ਮਦਦ ਲਈ ਕੁਝ ਸੁਝਾਅ

ਭਾਰਤ ਸਰਕਾਰ ਦੀ ਖਣਿਜ ਨੀਤੀ ਅਨੁਸਾਰ ਗਾਰ ਨੂੰ ਧਰਤੀ ਹੇਠੋਂ ਕੱਢਣ ਤੇ ਵੇਚਣ ਦਾ ਅਧਿਕਾਰ ਸਿਰਫ ਸਰਕਾਰ ਕੋਲ ਹੈ ਪਰ ਹੜ੍ਹਾਂ ਰਾਹੀਂ ਉਪਜਾਊ ਜ਼ਮੀਨ ਉਪਰ ਵਿਛੀ ਗਾਰ ਧਰਤੀ ਹੇਠੋਂ ਨਹੀਂ ਨਿਕਲ ਰਹੀ ਅਤੇ ਹੜ੍ਹਾਂ ਦੀ ਕੁਦਰਤੀ ਆਫ਼ਤ ਨੇ ਕਿਸਾਨ ਦੀ ਜ਼ਮੀਨ ਵਿੱਚ ਫ਼ਸਲ ਉਗਾਉਣ ਦਾ ਹੱਕ ਖ਼ਤਮ ਕਰ ਦਿੱਤਾ ਹੈ। ਇਸ ਲਈ ਕਿਸਾਨ ਦਾ ਇਸ ਗਾਰ ’ਤੇ ਹੱਕ ਹੋਣਾ ਹੀ ਚਾਹੀਦਾ ਹੈ।

ਇਸ ਪ੍ਰਕਿਰਿਆ ਨੂੰ ਗਾਰ ਜਾਂ ਟੋਇਆਂ ਦੀ ਮਿਕਦਾਰ, ਉਪਲਬਧ ਮਸ਼ੀਨਰੀ ਤੇ ਵਿੱਤੀ ਸਰੋਤਾਂ ਅਤੇ ਖਰੀਦਦਾਰ ਜਾਂ ਉਪਲਬਧ ਮਿੱਟੀ ਦੀ ਹੋਂਦ ਅਨੁਸਾਰ ਲੰਮਾ ਸਮਾਂ ਵੀ ਲੱਗ ਸਕਦਾ ਹੈ। ਉਸ ਲੰਮੇ ਸਮੇਂ ਦੌਰਾਨ ਕਿਸਾਨ ਨੂੰ ਗਾਰ ਥੱਲੇ ਨੱਪੀ ਜ਼ਮੀਨ ਵਿੱਚ ਫਸਲ ਨਾ ਹੋਣ ਕਰ ਕੇ ਨੁਕਸਾਨ ਸਹਿਣ ਕਰੇਗਾ ਅਤੇ ਇਸ ਕਰ ਕੇ ਉਹ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਸਬੰਧ ਵਿੱਚ ਪਹਿਲ ਦੇ ਆਧਾਰ ’ਤੇ ਸਰਕਾਰ ਜਾਂ ਹੋਰ ਸੰਸਥਾਵਾਂ ਰਾਹੀਂ ਕਿਸਾਨਾਂ ਦੀ ਮਦਦ ਕਰਨ ਲਈ ਹੇਠ ਲਿਖੇ ਸੁਝਾਅ ਹਨ:

(ੳ) ਪੰਜਾਬ ਸਰਕਾਰ ਦੀ ‘ਜਿਸ ਦਾ ਖੇਤ, ਉਸ ਦੀ ਰੇਤ’ ਨੀਤੀ ਅਧੀਨ 31 ਦਸੰਬਰ 2025 ਤੱਕ ਕਿਸਾਨ ਆਪਣੇ ਖੇਤਾਂ ਵਿੱਚ ਇਕੱਠੀ ਹੋਈ ਗਾਰ ਵੇਚ ਸਕਦੇ ਹਨ, ਪਰ ਕਿਸੇ ਇਲਾਕੇ ਵਿੱਚ ਅਗਰ ਬਹੁਤ ਜਿ਼ਆਦਾ ਗਾਰ ਇਕੱਠੀ ਹੋ ਗਈ ਹੋਵੇ ਅਤੇ ਉਪਰ ਲਿਖੇ ਕਾਰਨਾਂ ਕਰ ਕੇ ਜੇਕਰ ਕਿਸਾਨ ਗਾਰ ਨਹੀਂ ਵੇਚ ਸਕਦਾ ਤਾਂ ਇਸ ਨੀਤੀ ਦਾ ਸਮਾਂ ਅਨਿਸ਼ਚਿਤ ਕਰ ਦਿੱਤਾ ਜਾਵੇ। ਨਾਲ ਹੀ ਗਾਰ ਰੇਤ ਦੀ ਥਾਂ ਵਰਤਣ ਲਈ ਸ਼ਾਇਦ ਠੀਕ ਨ ਹੋਵੇ, ਜਿਸ ਕਾਰਨ ਇਸ ਨੂੰ ਵੇਚਣਾ ਮੁਸ਼ਕਿਲ ਹੋਵੇ।

(ਅ) ਗਾਰ ਇਕੱਠੀ ਹੋਣ ਜਾਂ ਟੋਇਆਂ ਵਾਲੇ ਖੇਤਾਂ ਦੀ ਸਪੈਸ਼ਲ ਗਰਦਾਵਰੀ ਕਰ ਕੇ ਸਰਕਾਰ ਹਰ ਖੇਤ ਵਿੱਚ ਗਾਰ ਦੀ ਮਿਕਦਾਰ ਜਾਂ ਟੋਇਆਂ ਦੇ ਹੱਲ ਬਾਰੇ ਖਰਚੇ ਦਾ ਹਿਸਾਬ ਲਾਵੇ।

(ੲ) ਗਾਰ ਦੇ ਹੱਲ ਅਨੁਸਾਰ ਗਾਰ ਨੂੰ ਜ਼ਮੀਨ ਵਿੱਚ ਰਲਾਉਣ, ਹਟਾਉਣ ਜਾਂ ਇੱਕ ਪਾਸੇ ਇਕੱਠੀ ਕਰਨ ਲਈ ਮਸ਼ੀਨਰੀ ਆਦਿ ਉਪਲਬਧ ਕਰ ਕੇ ਕਿਸਾਨਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਕਿ ਵੱਧ ਤੋਂ ਵੱਧ ਰਕਬੇ ਵਿੱਚ ਹਾੜ੍ਹੀ ਦੀ ਫ਼ਸਲ ਬੀਜੀ ਜਾ ਸਕੇ। ਗਰੀਬ ਤੇ ਛੋਟੇ ਕਿਸਾਨਾਂ ਨੂੰ ਲੋੜੀਂਦੇ ਬੀਜ, ਖਾਦਾਂ ਆਦਿ ਦੇ ਕੇ ਬਿਜਾਈ ਲਈ ਉਤਸ਼ਾਹਿਤ ਕੀਤਾ ਜਾਵੇ।

(ਸ) ਜੇਕਰ ਗਾਰ ਕਾਰਨ ਇੱਕ ਜਾਂ ਵੱਧ ਮੌਸਮਾਂ ਵਿੱਚ ਫਸਲ ਨਾ ਬੀਜੀ ਜਾ ਸਕੇ ਤਾਂ ਹਰ ਮੌਸਮ ਗਰਦਾਵਰੀ ਕਰ ਕੇ ਕਿਸਾਨਾਂ ਦੀ ਮਾਲੀ ਮਦਦ ਕੀਤੀ ਜਾਵੇ।

(ਹ) ਜੇਕਰ ਗਾਰ ਵਿੱਚ ਭਲ (silt) ਦੀ ਜਿ਼ਆਦਾ ਮਾਤਰਾ ਹੋਣ ਕਰ ਕੇ ਵਿਕ ਨਾ ਸਕੇ ਤਾਂ ਇਸ ਗਾਰ ਨੂੰ ਨੇੜੇ ਵਾਲੇ ਧੁਸੀ ਬੰਨ੍ਹ ਵਿੱਚ ਵਰਤਣ ਹਿਤ ਉਥੇ ਪਹੁੰਚਾਉਣ ਲਈ ਕਿਸਾਨ ਦੀ ਮਦਦ ਕੀਤੀ ਜਾਵੇ।

ਇਹ ਸਾਰੇ ਸੁਝਾਅ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦੁਬਾਰਾ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਅਤੇ ਦੇਸ਼ ਦੀ ਭੋਜਨ ਸੁਰੱਖਿਆ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਨਗੇ।

*ਦੋਵੇਂ ਲੇਖਕ ਭੂਮੀ ਵਿਗਿਆਨੀ ਹਨ। ਡਾ. ਮਿਲਖਾ ਸਿੰਘ ਔਲਖ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ (ਐਗਰੀਕਲਚਰ) ਅਤੇ ਬਾਂਦਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ, ਉਤਰ ਪ੍ਰਦੇਸ਼ ਦੇ ਬਾਨੀ ਉਪ ਕੁਲਪਤੀ ਹਨ। ਡਾ. ਕਾਬਲ ਸਿੰਘ ਗਿੱਲ ਸਾਬਕਾ ਖੋਜ ਵਿਗਿਆਨੀ (ਇਕਰੀਸੈਟ, ਜ਼ਾਂਬੀਆ ਯੂਨਵਿਰਸਿਟੀ, ਐਗਰੀਕਲਚਰ ਤੇ ਐਗਰੀ ਫੂਡ, ਕੈਨੇਡਾ) ਹਨ।

ਸੰਪਰਕ: *+91-96468-58598 **+1-780-837-1143

Advertisement
×