ਪਰਾਲੀ ਦੀ ਸੰਭਾਲ ਕਿਵੇਂ ਕਰੀਏ
ਝੋਨੇ ਦੀ ਪਰਾਲੀ ਸੰਭਾਲਣ ਦੇ ਅਨੇਕ ਲਾਭਦਾਇਕ ਤਰੀਕੇ ਹੁੰਦਿਆਂ ਵੀ ਕਿਸਾਨ ਪਰਾਲੀ ਦਾ ਵੱਡਾ ਹਿੱਸਾ ਖੇਤਾਂ ਵਿੱਚ ਸਾੜਦੇ ਹਨ। ਪਰਾਲੀ ਸਾੜਨਾ ਕਿਸਾਨ ਲਈ 5068 ਰੁਪਏ ਪ੍ਰਤੀ ਏਕੜ ਨੁਕਸਾਨ ਦੇ ਨਾਲ-ਨਾਲ ਜ਼ਮੀਨ ਵਿੱਚ ਲਾਭਦਾਇਕ ਜੈਵਿਕ ਪਦਾਰਥ ਖ਼ਤਮ ਕਰਨ, ਸੂਖਮ ਜੀਵਾਣੂ ਮਾਰਨ,...
ਝੋਨੇ ਦੀ ਪਰਾਲੀ ਸੰਭਾਲਣ ਦੇ ਅਨੇਕ ਲਾਭਦਾਇਕ ਤਰੀਕੇ ਹੁੰਦਿਆਂ ਵੀ ਕਿਸਾਨ ਪਰਾਲੀ ਦਾ ਵੱਡਾ ਹਿੱਸਾ ਖੇਤਾਂ ਵਿੱਚ ਸਾੜਦੇ ਹਨ। ਪਰਾਲੀ ਸਾੜਨਾ ਕਿਸਾਨ ਲਈ 5068 ਰੁਪਏ ਪ੍ਰਤੀ ਏਕੜ ਨੁਕਸਾਨ ਦੇ ਨਾਲ-ਨਾਲ ਜ਼ਮੀਨ ਵਿੱਚ ਲਾਭਦਾਇਕ ਜੈਵਿਕ ਪਦਾਰਥ ਖ਼ਤਮ ਕਰਨ, ਸੂਖਮ ਜੀਵਾਣੂ ਮਾਰਨ, ਬਿਮਾਰੀਆਂ ਫੈਲਾਉਣ ਵਾਂਗ ਹੈ। ਇਉਂ ਜ਼ਮੀਨ ਦੀ ਭੌਤਿਕ, ਰਸਾਇਣਕ ਤੇ ਜੈਵਿਕ ਸਿਹਤ, ਪੌਸ਼ਟਿਕ ਤੱਤ ਤੇ ਪਾਣੀ ਸੰਭਾਲਣ ਦੀ ਸਮਰੱਥਾ ਅਤੇ ਪੈਦਾਵਾਰ ਵੀ ਘਟਦੇ ਹਨ। ਖੋਜ ਨੇ ਪੁਸ਼ਟੀ ਕੀਤੀ ਹੈ ਕਿ ਪਰਾਲੀ ਸਾੜਨ ਵਾਲੇ ਖੇਤਰ ਵਿੱਚ ਰਹਿੰਦੇ ਲੋਕਾਂ ਦੇ ਫੇਫੜਿਆਂ ਵਿੱਚ 5 ਮਿਲੀਮੀਟਰ ਕਣ ਵਧੇ ਤੇ ਕੰਮ ਕਰਨ ਦੀ ਤਾਕਤ ਘਟੀ ਹੈ।
ਪਰਾਲੀ ਤੋਂ ਲਾਭ ਲੈਣ ਦੇ ਢੰਗ-ਤਰੀਕੇ
1) ਪਸ਼ੂਆਂ ਦੇ ਚਾਰੇ ਅਤੇ ਮਲ-ਮੂਤਰ ਸੰਭਾਲਣ ਲਈ ਵਰਤਣਾ: ਪਸ਼ੂਆਂ ਦੇ ਚਾਰੇ ਵਜੋਂ ਪਰਾਲੀ ਦੀ ਵਰਤੋਂ ਸਭ ਤੋਂ ਵਧੀਆ ਤਰੀਕਾ ਹੈ ਅਤੇੇ ਇਹ ਪਸ਼ੂਆਂ ਲਈ ਪੱਠਿਆਂ ਦਾ ਖਰਚਾ ਵੀ ਘਟਾਉਂਦਾ ਹੈ, ਪਰ ਧਿਆਨ ਰਹੇ ਕਿ ਜ਼ਿਆਦਾ ਪਰਾਲੀ ਖਾਣ ਨਾਲ ਜਾਨਵਰਾਂ ਦੀ ਸਿਹਤ ’ਤੇ ਬੁਰਾ ਅਸਰ ਪੈ ਸਕਦਾ ਹੈ। ਪਸ਼ੂਆਂ ਦੇ ਮਲ-ਮੂਤਰ ਨਾਲ ਰਲਾ ਕੇ ਰੂੜੀ ਬਣਾਉਣਾ ਪਰਾਲੀ ਸੰਭਾਲਣ ਦਾ ਅਗਲਾ ਵਧੀਆ ਤਰੀਕਾ ਹੈ। ਜਾਨਵਰਾਂ ਦੀ ਖੁਰਾਕ ਦਾ ਲਗਭਗ 90% ਹਿੱਸਾ ਪਿਸ਼ਾਬ (ਲਗਭਗ ਸਾਰੀ ਨਾਈਟਰੋਜਨ) ਅਤੇ ਗੋਹੇ (ਜ਼ਿਆਦਾਤਰ ਬਾਕੀ ਪੌਸ਼ਟਿਕ ਤੱਤ) ਰਾਹੀਂ ਨਿਕਲ ਜਾਂਦਾ ਹੈ। ਇੱਕ ਪਸ਼ੂ ਦੇ ਪਿਸ਼ਾਬ ਵਿੱਚ ਹਰ ਸਾਲ ਯੂਰੀਆ ਖਾਦ ਦੇ 3-4 ਥੈਲਿਆਂ ਬਰਾਬਰ ਨਾਈਟਰੋਜਨ ਹੁੰਦੀ ਹੈ। ਕਿਸਾਨ ਆਮ ਕਰ ਕੇ ਪਸ਼ੂਆਂ ਦੇ ਗੋਹੇ ਦੀ ਰੂੜੀ ਬਣਾਉਂਦੇ ਹਨ ਪਰ ਬਹੁਤਾ ਪਿਸ਼ਾਬ ਵਰਤਿਆ ਨਹੀਂ ਜਾਂਦਾ, ਜਿਹੜਾ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ।
ਸਾਰੇ ਪਿਸ਼ਾਬ ਅਤੇ ਗੋਹੇ ਨੂੰ ਵਰਤ ਕੇ ਰੂੜੀ ਬਣਾਉਣ ਲਈ ਸਥਾਨਕ ਤਰੀਕੇ ਵਰਤੇ ਜਾ ਸਕਦੇ ਹਨ। ਪਸ਼ੂਆਂ ਨੂੰ ਰੱਖਣ ਵਾਲੀਆਂ ਥਾਵਾਂ ’ਤੇ ਪਰਾਲੀ ਤੇ ਹੋਰ ਰਹਿੰਦ-ਖੂੰਹਦ ਦੀ 20-30 ਸੈਂਟੀਮੀਟਰ ਮੋਟੀ ਪਰਤ ਵਿਛਾ ਕੇ ਫਿਰ ਇਸ ਦੀ ਰੂੜੀ ਬਣਾਈ ਜਾਵੇ। ਇਸ ਤਰ੍ਹਾਂ ਪਸ਼ੂ ਚਾਰੇ ਦੀ ਲਾਗਤ ਘਟਾਉਣ ਅਤੇ ਪਰਾਲੀ ਦੀ ਰੂੜੀ ਤੋਂ ਪੌਸ਼ਟਿਕ ਤੱਤ ਤੇ ਜੈਵਿਕ ਪਦਾਰਥ ਖੇਤਾਂ ਵਿੱਚ ਪੈਣ ਕਰ ਕੇ ਲਾਭ ਮਿਲਣ ਨਾਲ ਜ਼ਮੀਨ, ਪਾਣੀ ਅਤੇ ਹਵਾ ਪ੍ਰਦੂਸ਼ਣ ਵੀ ਘਟਣਗੇ।
2) ਪਰਾਲੀ ਨੂੰ ਖੇਤ ਵਿੱਚ ਵਰਤਣਾ: ਇਹ ਅਗਲਾ ਵਧੀਆ ਤਰੀਕਾ ਹੈ। ਝੋਨਾ ਪੱਕਣ ਪਿੱਛੋਂ ਇਸ ਦੀ ਪਰਾਲੀ ਅਤੇ ਬਾਕੀ ਦੀ ਰਹਿੰਦ-ਖੂੰਹਦ ਵਿੱਚ ਫਸਲ ਦੀ ਲੋੜ ਦਾ ਲਗਭਗ 30% ਨਾਈਟਰੋਜਨ, 34% ਫਾਸਫੋਰਸ ਅਤੇ ਪੰਜ ਗੁਣਾ ਪੋਟਾਸ਼ੀਅਮ ਦੇ ਬਰਾਬਰ ਹੋ ਸਕਦਾ ਹੈ। ਸਾਰਾ ਰਹਿੰਦ-ਖੂੰਹਦ ਜ਼ਮੀਨ ਵਿੱਚ ਰਲਾਉਣ ਨਾਲ 30-50% ਤੱਕ ਰਸਾਇਣਕ ਖਾਦਾਂ ਦੀ ਬਚਤ ਹੋ ਸਕਦੀ ਹੈ। ਪਰਾਲੀ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਜੈਵਿਕ ਪਦਾਰਥ ਰਾਹੀਂ 5068 ਰੁਪਏ ਪ੍ਰਤੀ ਏਕੜ ਜ਼ਮੀਨ ਨੂੰ ਦਿੰਦੀ ਹੈ। ਨਾਲ ਪੌਸ਼ਟਿਕ ਤੱਤਾਂ ਦੇ ਪੱਧਰ ਅਤੇ ਪਾਣੀ ਸੰਭਾਲਣ ਦੀ ਸਮਰੱਥਾ ਵਿੱਚ ਸੁਧਾਰ ਕਰ ਕੇ ਜ਼ਮੀਨ ਦੀ ਪੈਦਾਵਾਰ ਨੂੰ ਵਧਾਉਂਦੀ ਹੈ ਅਤੇ ਪੌਸ਼ਟਿਕ ਤੱਤਾਂ ਨੂੰ ਜ਼ਮੀਨ ਵਿੱਚ ਡੂੰਘਾ ਜਾਣ ਤੋਂ ਬਚਾਉਂਦੀ ਹੈ।
ਅਗਰ ਪਰਾਲੀ ਨੂੰ ਕੰਬਾਈਨ ਨਾਲ ਲੱਗੀ ਪਰਾਲੀ ਖਲਾਰਨ ਵਾਲੀ ਮਸ਼ੀਨ (SMS) ਜਾਂ ਝੋਨਾ ਵੱਢਣ ਤੋਂ ਬਾਅਦ ਰੀਪਰ ਨਾਲ ਬਰਾਬਰ ਖਲਾਰਿਆ ਜਾਵੇ ਤਾਂ ਹੇਠ ਲਿਖੇ ਤਰੀਕੇ ਕੰਮ ਕਰ ਸਕਦੇ ਹਨ:
ਪੁਰਾਣਾ ਤਰੀਕਾ: ਪਰਾਲੀ ਨੂੰ ਡਿਸਕ ਜਾਂ ਹੋਰ ਮਸ਼ੀਨਾਂ ਨਾਲ 3-5 ਵਾਰ ਵਾਹ ਕੇ, ਜ਼ਮੀਨ ਵਿੱਚ ਮਿਲਾ ਕੇ, ਸਿੰਜਾਈ ਕਰ ਕੇ ਲੋੜੀਂਦੀ ਨਮੀ ਹੋਣ ’ਤੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਤਰੀਕੇ ਵਾਸਤੇ 3-4 ਹਫਤੇ ਦੀ ਲੋੜ ਹੁੰਦੀ ਹੈ ਅਤੇ ਅਗੇਤੀ ਕਟਾਈ ਵਾਲੇ ਝੋਨੇ ਲਈ ਅਨੁਕੂਲ ਹੈ ਪਰ ਕਈ ਵਾਰ ਦੇਰੀ ਨਾਲ ਵੱਢੇ ਝੋਨੇ ਲਈ ਕਣਕ ਦੀ ਬਿਜਾਈ ਪਛੇਤੀ ਹੋਣ ਕਰ ਕੇ ਝਾੜ ਘਟਦਾ ਹੈ।
ਹੈਪੀ ਸੀਡਰ ਨਾਲ ਬਿਜਾਈ: ਇਸ ਦੇ ਹਰ ਇੱਕ ਫਾਲੇ ਅੱਗੇ ਲੱਗੇ ਬਲੇਡ ਪਰਾਲੀ ਅਤੇ ਬੁਥਿਆਂ ਨੂੰ ਕੱਟ ਕੇ ਪਾਸੇ ਧੱਕਦੇ ਹਨ ਤੇ ਫਾਲੇ ਬਿਜਾਈ ਕਰਦੇ ਹਨ। ਬੀਜਾਂ ਦੇ ਜ਼ਮੀਨ ਨਾਲ ਸਹੀ ਸੰਪਰਕ ਬਣਾਉਣ ਲਈ ਪਿਛਲੇ ਪਹੀਏ ਉਪਰੋਂ ਦਬਾਉਂਦੇ ਹਨ। ਬੀਜਾਂ ਦੀਆਂ ਕਤਾਰਾਂ ਵਿਚਕਾਰ ਪਰਾਲੀ (ਮੱਲਚ) ਨਦੀਨਾਂ ਦੇ ਉਗਣ ਅਤੇ ਜ਼ਮੀਨ ਨੂੰ ਸੁੱਕਣ ਤੋਂ ਬਚਾਉਦੀ ਹੈ ਪਰ ਕਦੇ-ਕਦਾਈਂ ਘੱਟ ਫਸਲ ਉਗਣ, ਚੂਹਿਆਂ ਦੇ ਹਮਲੇ, ਨਦੀਨਾਂ ਆਦਿ ਕਾਰਨ ਝਾੜ ਘਟ ਸਕਦਾ ਹੈ।
ਸੁਪਰ ਸੀਡਰ ਨਾਲ ਬਿਜਾਈ: ਇਹ ਪਰਾਲੀ ਕੱਟਣ ਅਤੇ ਮਿੱਟੀ ਵਿਚ ਰਲਾਉਣ ਦੇ ਨਾਲ-ਨਾਲ ਖਾਦ ਅਤੇ ਬੀਜ ਨੂੰ ਡਰਿਲ ਕਰਦਾ ਹੈ। ਫਸਲ ਦੀ ਬਿਜਾਈ ਵਧੀਆ ਹੁੰਦੀ ਹੈ। ਪਰਾਲੀ ਦੇ ਜ਼ਮੀਨ ਵਿੱਚ ਰਲਣ ਕਰ ਕੇ ਕੀੜਿਆਂ, ਬਿਮਾਰੀਆਂ, ਚੂਹਿਆਂ, ਨਦੀਨਾਂ ਆਦਿ ਰਾਹੀਂ ਨੁਕਸਾਨ ਘਟਦੇ ਹਨ।
ਪੀ ਏ ਯੂ ਸਮਾਰਟ ਸੀਡਰ ਨਾਲ ਬਿਜਾਈ: ਇਹ ਮਸ਼ੀਨ ਹੈਪੀ ਅਤੇ ਸੁਪਰ ਸੀਡਰ ਦਾ ਸੁਮੇਲ ਹੈ। ਇਹ ਸਿਰਫ ਬੀਜ ਦੀ ਕਤਾਰ (5-7.5 ਸੈਂਟੀਮੀਟਰ) ਵਾਲੀ ਜ਼ਮੀਨ ਵਿੱਚ ਪਰਾਲੀ ਰਲਾਉਂਦਾ ਹੈ। ਬਿਜਾਈ ਦੋ ਡਿਸਕਾਂ ਦੇ ਵਿਚਕਾਰ ਹੁੰਦੀ ਹੈ। ਬੀਜ ਦੀਆਂ ਕਤਾਰਾਂ ਵਿਚਕਾਰ ਪਰਾਲੀ ਨਦੀਨਾਂ ਦੇ ਉਗਣ ਅਤੇ ਜ਼ਮੀਨ ਸੁੱਕਣ ਨੂੰ ਘਟਾਉਂਦੀ ਹੈ।
ਬੀਜ ਤੇ ਖਾਦ ਖਲਾਰ ਕੇ ਪਰਾਲੀ ਮਲਚਿੰਗ ਕਰਨੀ: ਝੋਨਾ ਵੱਢਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਬੀਜ ਅਤੇ ਖਾਦ ਨੂੰ ਸੁੱਕੀ ਜਾਂ ਨਮੀ ਵਾਲੀ ਜ਼ਮੀਨ ਉਪਰ ਖਲਾਰਿਆ ਜਾਂਦਾ ਹੈ। ਵੱਢੀ ਹੋਈ ਪਰਾਲੀ ਦੇ ਢੇਰ ਖਲਾਰ ਕੇ ਬੁਥਿਆਂ ਅਤੇ ਪਰਾਲੀ ਨੂੰ ਛੋਟਾ ਕਰ ਕੇ ਖਲਾਰਿਆ ਜਾਂਦਾ ਹੈ। ਲੋੜ ਮੁਤਾਬਕ ਸਿੰਜਾਈ ਕੀਤੀ ਜਾਂਦੀ ਹੈ।
ਖਿਲਰੀ ਪਰਾਲੀ ਜ਼ਮੀਨ ਵਿੱਚ ਨਮੀ ਰੱਖਦੀ ਹੈ, ਨਦੀਨ ਘਟਾਉਂਦੀ ਹੈ ਅਤੇ ਚੰਗੀ ਫਸਲ ਦੀ ਸਥਾਪਨਾ ਤੇ ਜੜ੍ਹਾਂ ਦਾ ਵਾਧਾ ਉਤਸ਼ਾਹਿਤ ਕਰਦੀ ਹੈ। ਇਹ ਘੱਟ ਮਹਿੰਗਾ ਛੇਤੀ ਬਿਜਾਈ ਦਾ ਤਰੀਕਾ ਹੈ ਅਤੇ ਅਕਸਰ ਚੰਗੀ ਫਸਲ ਹੁੰਦੀ ਹੈ ਪਰ ਡੂੰਘੀਆਂ ਜੜ੍ਹਾਂ ਦਾ ਘੱਟ ਵਾਧਾ ਅਤੇ ਕਈ ਵਾਰ ਚੂਹੇ, ਕੀੜੇ ਤੇ ਉੱਲੀ ਦੇ ਨੁਕਸਾਨ ਕਾਰਨ ਅਨਾਜ ਦੀ ਪੈਦਾਵਾਰ ਨੂੰ ਘਟਦੇ ਦੇਖਿਆ ਗਿਆ ਹੈ।
3) ਪਰਾਲੀ ਵੇਚਣੀ: ਪਰਾਲੀ ਖੇਤਾਂ ਤੋਂ ਬਾਹਰ ਕੱਢਣ ਨਾਲ ਪੌਸ਼ਟਿਕ ਤੱਤ ਅਤੇ ਜੈਵਿਕ ਪਦਾਰਥ ਵੀ ਖੇਤਾਂ ਤੋਂ ਨਿਕਲ ਜਾਂਦੇ ਹਨ। ਨਾਲ ਹੀ ਪਰਾਲੀ ਖੇਤ ਵਿੱਚੋਂ ਕੱਢਣ ਅਤੇ ਵਰਤਣ ਲਈ ਤਕਰੀਬਨ 3000 ਰੁਪਏ ਪ੍ਰਤੀ ਏਕੜ ਖਰਚਾ ਹੈ। ਪਰਾਲੀ ਤੋਂ ਭਾਵੇਂ ਗੱਤਾ ਤੇ ਕਾਗਜ਼ ਆਦਿ ਬਣਾਉਣਾ ਕਿਸਾਨ ਲਈ ਆਮਦਨ ਤੇ ਵਾਤਾਵਰਨ ਲਈ ਠੀਕ ਹੈ ਪਰ ਪੌਸ਼ਟਿਕ ਤੱਤ ਅਤੇ ਜੈਵਿਕ ਪਦਾਰਥ ਜ਼ਮੀਨ ਵਿੱਚ ਵਾਪਸ ਨਹੀਂ ਆਉਂਦੇ।
ਬਿਜਲੀ ਪੈਦਾ ਕਰਨ ਅਤੇ ਇੱਟਾਂ ਪਕਾਉਣ ਲਈ ਪਰਾਲੀ ਨੂੰ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ ਪਰ ਇਹ ਕੋਲੇ ਦਾ ਬਦਲ ਹੈ। ਸੜਨ ਤੋਂ ਬਾਅਦ ਪਰਾਲੀ ਦੀ ਸੁਆਹ ਨੂੰ ਖੇਤ ਵਿੱਚ ਵਾਪਸ ਕਰਨ ਨਾਲ ਕੁਝ ਪੌਸ਼ਟਿਕ ਤੱਤ ਵਾਪਸ ਆ ਸਕਦੇ ਹਨ। ਕਈ ਵਾਰ ਕਿਸਾਨ ਪਰਾਲੀ ਵੇਚਣ ਤੋਂ ਅਸਮਰੱਥ ਰਹੇ ਹਨ ਅਤੇ ਖੇਤ ਤੋਂ ਬਾਹਰ ਕੱਢ ਕੇ ਨੇੜੇ ਰੱਖੀ ਪਰਾਲੀ ਕਰ ਕੇ ਚੂਹਿਆਂ ਅਤੇ ਹੋਰ ਕੀੜਿਆਂ ਵਲੋਂ ਫ਼ਸਲ ਨੁਕਸਾਨੀ ਜਾਂਦੀ ਹੈ। ਇਸ ਕਰ ਕੇ ਪਰਾਲੀ ਵੇਚਣੀ ਉਦੋਂ ਹੀ ਲਾਭਦਾਇਕ ਹੈ, ਜਦੋਂ ਪਰਾਲੀ ਨੂੰ ਹਟਾਉਣ ਦੇ ਖਰਚੇ ਅਤੇ ਪੌਸ਼ਟਿਕ ਤੱਤਾਂ ਤੇ ਜੈਵਿਕ ਪਦਾਰਥ ਦੇ ਨੁਕਸਾਨ ਨਾਲੋਂ ਜਿ਼ਆਦਾ ਹੋਵੇ।
ਸਾਰ ਅੰਸ਼ ਅਤੇ ਆਰਥਿਕ ਸਹਾਇਤਾ ਲਈ ਸੁਝਾਅ: ਖੇਤਾਂ ਵਿੱਚ ਪਰਾਲੀ ਸਾੜਨ ਤੋਂ ਗੁਰੇਜ਼ ਕਰੋ ਅਤੇ ਬਾਕੀ ਤਰੀਕਿਆਂ ਦੇ ਫਾਇਦੇ ਤੇ ਨੁਕਸਾਨ ਅਨੁਸਾਰ ਵਿਧੀ ਅਪਣਾਓ। ਪਹਿਲਾ ਤਰੀਕਾ ਜਦੋਂ ਸੰਭਵ ਹੋਵੇ, ਪਸ਼ੂਆਂ ਨੂੰ ਚਾਰੇ ਵਜੋਂ ਜਾਂ ਪਸ਼ੂਆਂ ਦੀ ਰਹਿੰਦ-ਖੂੰਹਦ ਨਾਲ ਭਰਪੂਰ ਰੂੜੀ ਤਿਆਰ ਕਰਨ ਲਈ ਪਰਾਲੀ ਵਰਤੋ। ਦੂਸਰਾ, ਉਪਲਬਧਤਾ ਅਨੁਸਾਰ, ਖੇਤ ਵਿੱਚ ਵਰਤੇ ਜਾਣ ਵਾਲੇ ਤਰੀਕੇ ਵਰਤੋ। ਤੀਸਰਾ, ਪਰਾਲੀ ਵੇਚ ਲਓ, ਪਰ ਖਰਚਾ ਅਤੇ ਇਸ ਤਰੀਕੇ ਨਾਲ ਪੌਸ਼ਟਿਕ ਤੱਤਾਂ ਤੇ ਜੈਵਿਕ ਪਦਾਰਥ ਦੇ ਨੁਕਸਾਨ ਨੂੰ ਵੀ ਧਿਆਨ ਵਿੱਚ ਰੱਖੋ।
ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਸਰਕਾਰ ਆਰਥਿਕ ਮਦਦ ਕਰੇ ਤਾਂ ਕਿ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਕਿਸਾਨਾਂ ’ਤੇ ਹੋਰ ਬੋਝ ਨਾ ਪਵੇ। ਛੋਟੇ ਕਿਸਾਨਾਂ ਲਈ ਸਹਿਕਾਰੀ, ਖੇਤੀ ਉਦਯੋਗ ਜਾਂ ਹੋਰ ਸਰਕਾਰੀ ਮਸ਼ੀਨਾਂ ਘੱਟ ਕਿਰਾਏ ਵਿੱਚ ਉਪਲਬਧ ਹੋਣ ਜਾਂ ਵਿਤੀ ਸਹਾਇਤਾ ਮਿਲੇ। ਵੱਡੇ ਕਿਸਾਨਾਂ ਨੂੰ ਸੰਦ, ਟਰੈਕਟਰ ਆਦਿ ਖਰੀਦਣ ਲਈ ਵਿਤੀ ਸਹਾਇਤਾ ਮਿਲੇ। ਪਰਾਲੀ ਨਾਲ ਗੱਤਾ ਜਾਂ ਕਾਗਜ਼ ਬਣਾਉਣ ਅਤੇ ਕੋਲੇ ਦੀ ਥਾਂ ਵਰਤਣ ਵਾਲੇ ਉਦਯੋਗਾਂ ਦੀ ਵਿਤੀ ਸਹਾਇਤਾ ਹੋਵੇ।
*ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ (ਐਗਰੀਕਲਚਰ) ਅਤੇ ਬਾਂਦਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ, ਉਤਰ ਪ੍ਰਦੇਸ਼ ਦੇ ਬਾਨੀ ਉਪ ਕੁਲਪਤੀ ਹਨ। ਸੰਪਰਕ: +91-96468-58598
**ਸਾਬਕਾ ਖੋਜ ਵਿਗਿਆਨੀ (ਇਕਰੀਸੈਟ, ਜ਼ਾਂਬੀਆ ਯੂਨਵਿਰਸਿਟੀ, ਐਗਰੀਕਲਚਰ ਤੇ ਐਗਰੀ ਫੂਡ, ਕੈਨੇਡਾ) ਹਨ। ਸੰਪਰਕ: +1-780-837-1143