ਮੌਸਮਾਂ ਵਾਂਗ ਬਦਲਦੀ ਵਿਦੇਸ਼ ਨੀਤੀ
ਜਯੋਤੀ ਮਲਹੋਤਰਾ
ਵਿਦੇਸ਼ ਨੀਤੀ ਬਾਰੇ ਇਹ ਗੱਲ ਮੰਨਣੀ ਪਵੇਗੀ ਕਿ ਇਹ ਚੰਡੀਗੜ੍ਹ ਦੇ ਨਿਰੰਤਰ ਬਦਲਦੇ ਮੌਸਮ ਤੋਂ ਵੀ ਤੇਜ਼ੀ ਨਾਲ ਬਦਲਦੀ ਹੈ ਤੇ ਤੁਹਾਨੂੰ ਉਦੋਂ ਤੱਕ ਪਤਾ ਨਹੀਂ ਲੱਗਦਾ ਕਿ ਆਉਣ ਵਾਲੇ ਤੂਫ਼ਾਨ ਨਾਲ ਕਿਵੇਂ ਨਜਿੱਠਿਆ ਜਾਵੇ, ਜਦੋਂ ਤੱਕ ਇਹ ਤੁਹਾਡੇ ਸਿਰ ’ਤੇ ਆ ਕੇ ਫਟ ਨਹੀਂ ਜਾਂਦਾ।
ਕਨਾਨਸਕਿਸ ’ਚ ਪਿਛਲੇ ਹਫ਼ਤੇ ਕੁਝ ਅਜਿਹਾ ਹੀ ਵਾਪਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਸਾਈਪ੍ਰਸ ਰਾਹੀਂ 11,056 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜੀ-7 ਸੰਮੇਲਨ ਦੇ ਇੱਕ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ, ਜਿੱਥੇ ਦੁਨੀਆ ਦੇ ਕੁਝ ਸਭ ਤੋਂ ਸ਼ਕਤੀਸ਼ਾਲੀ ਆਗੂ ਇਕੱਠੇ ਹੋਏ ਸਨ। ਇਨ੍ਹਾਂ ’ਚੋਂ ਡੋਨਲਡ ਟਰੰਪ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੀ ਬੰਬਾਰੀ ਮਗਰੋਂ ਸੰਮੇਲਨ ’ਚੋਂ ਜਲਦੀ ਚਲੇ ਗਏ। ਹਾਲਾਂਕਿ ਮਗਰੋਂ ਪਤਾ ਲੱਗਾ ਕਿ ਉਨ੍ਹਾਂ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਵ੍ਹਾਈਟ ਹਾਊਸ ਵਿੱਚ ਦੁਪਹਿਰ ਦੇ ਖਾਣੇ (ਅਤੇ ਹਾਂ, ਇਹ ਹਲਾਲ ਸੀ) ਲਈ ਸੱਦਿਆ ਹੋਇਆ ਸੀ।
ਇਸ ਹਫ਼ਤੇ ਆਲਮੀ ਮਿਜ਼ਾਜ ਦੇ ਬਦਲਣ ਨਾਲ ਇਹ ਤਿੰਨ ਸਬਕ ਮਿਲੇ ਹਨ:
ਪਹਿਲਾ, ਮਹਾਭਾਰਤ ਦੇ ਅਰਜੁਨ ਵਾਂਗ, ਆਪਣੀ ਨਜ਼ਰ ਮੱਛੀ ਦੀ ਅੱਖ ’ਤੇ ਰੱਖੋ। ਸਾਲ 2019 ਦੇ ਨਾਅਰੇ ‘ਅਬ ਕੀ ਬਾਰ, ਟਰੰਪ ਸਰਕਾਰ’ ਨੂੰ ਮੁੜ ਸੁਰਜੀਤ ਕਰਨ ਤੋਂ ਲੈ ਕੇ ਪਿਛਲੇ ਹਫ਼ਤੇ ਵਾਸ਼ਿੰਗਟਨ ਡੀਸੀ ਵਿੱਚ ਟਰੰਪ ਦੇ ਸੱਦੇ ਨੂੰ ਠੁਕਰਾਉਣ ਤੱਕ, ਪ੍ਰਧਾਨ ਮੰਤਰੀ ਮੋਦੀ ਲਈ ਇਹ ਇੱਕ ਲੰਬਾ ਅਤੇ ਵਿਚਾਰਨ ਵਾਲਾ ਸਫ਼ਰ ਰਿਹਾ ਹੈ। ਇੱਥੇ ਰਾਜਨੀਤੀ ਦਾ ਮੁੱਖ ਸਬਕ ਇਹ ਹੈ ਕਿ ਕੋਈ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਸਿਰਫ ਹਿੱਤ ਸਥਾਈ ਹੁੰਦੇ ਹਨ।
ਪ੍ਰਧਾਨ ਮੰਤਰੀ ਘਰੇਲੂ ਰਾਜਨੀਤੀ ਦੇ ਘੇਰੇ ਵਿੱਚ ਇਸ ਖੇਡ ਦੇ ਮਾਹਿਰ ਹਨ। ਉਹ ਵਿਰੋਧਾਭਾਸਾਂ ਨੂੰ ਬਹੁਤ ਖੂਬਸੂਰਤੀ ਨਾਲ ਸੰਭਾਲਣ ਦੇ ਸਮਰੱਥ ਹਨ; ਮਿਸਾਲ ਵਜੋਂ, ਉਹ ਦਲਿਤ ਨੇਤਾ ਬੀ.ਆਰ. ਅੰਬੇਡਕਰ ਦੇ ਪ੍ਰਸ਼ੰਸਕ ਹਨ, ਪਰ ਉਨ੍ਹਾਂ ਦੀ ਪਾਰਟੀ ਜਾਤੀ ਅਧਾਰਿਤ ਮਰਦਮਸ਼ੁਮਾਰੀ ਬਾਰੇ ਅਸਹਿਜ ਸੀ, ਇਸ ਦੇ ਬਾਵਜੂਦ ਕਾਂਗਰਸ ਦੀ ਮੰਗ ’ਤੇ ਉਨ੍ਹਾਂ ਜਾਤੀ ਅਧਾਰਿਤ ਮਰਦਮਸ਼ੁਮਾਰੀ ਕਰਵਾਉਣ ਦਾ ਐਲਾਨ ਕਰ ਦਿੱਤਾ।
ਹੋ ਸਕਦੈ ਕਿ ਭਾਜਪਾ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਵਿਚ ਵੀ ਸਫ਼ਲ ਹੋ ਜਾਵੇ ਕਿਉਂਕਿ ਕਾਂਗਰਸ ਬਹੁਤੀ ਸੰਗਠਿਤ ਪਾਰਟੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਇਸ ਮਾਮਲੇ ’ਤੇ ਦੇਸ਼ ’ਚ ਮਤਭੇਦਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਉਨ੍ਹਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਮੋਰਚੇ ’ਤੇ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।
ਦੂਜਾ ਬਹੁਤ ਲੋੜੀਂਦਾ ਬਦਲਾਅ ਯਥਾਰਥਵਾਦੀ ਹੋਣ ਦੀ ਯੋਗਤਾ ਹੈ। ਵ੍ਹਾਈਟ ਹਾਊਸ ਵਿੱਚ ਪਾਕਿਸਤਾਨ ਦੇ ਦੋ ਚੋਟੀ ਦੇ ਜਰਨੈਲਾਂ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਅਤੇ ਆਈਐੱਸਆਈ ਮੁਖੀ ਜਨਰਲ ਆਸਿਮ ਮਲਿਕ ਦਾ ਟਰੰਪ ਵੱਲੋਂ ਸਵਾਗਤ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਇਜ਼ਰਾਈਲ ਨਾਲ ਸੰਘਰਸ਼ ਵਧਦਾ ਹੈ ਤਾਂ ਅਮਰੀਕਾ ਪਾਕਿਸਤਾਨ ਨੂੰ ਇਰਾਨ ਨਾਲ ਲੱਗਦੇ ਇੱਕ ਸੰਭਾਵੀ ਮੋਹਰੇ ਵਜੋਂ ਦੇਖ ਰਿਹਾ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਉਨ੍ਹਾਂ ਕੁਝ ਮੁਲਕਾਂ ’ਚ ਸ਼ੁਮਾਰ ਹੈ, ਜਿਸ ਦੀ ਚੀਨ ਤੱਕ ਵੀ ਰਸਾਈ ਹੈ।
ਅਮਰੀਕਾ ਸੱਤਾ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਪਾਕਿਸਤਾਨੀ ਸਿਆਸੀ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕਰਕੇ ਤੇ ਇਸ ਦੀ ਫੌਜ ਨਾਲ ਗੱਲਬਾਤ ਕਰਕੇ ਟਰੰਪ ਇਹ ਸਪੱਸ਼ਟ ਕਰ ਰਹੇ ਹਨ ਕਿ ਉਨ੍ਹਾਂ ਕੋਲ ਫਾਲਤੂ ਗੱਲਾਂ ਲਈ ਸਮਾਂ ਨਹੀਂ ਹੈ। ਟਰੰਪ ਜਾਣਦੇ ਹਨ ਕਿ ਜੋ ਉਨ੍ਹਾਂ ਨੂੰ ਚਾਹੀਦਾ ਹੈ, ਉਹ ਰਾਵਲਪਿੰਡੀ ਵਿੱਚ ਬੈਠੀ ਫੌਜ ਰਾਹੀਂ ਹੀ ਹਾਸਲ ਕਰ ਸਕਦੇ ਹਨ।
ਕੀ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਹੁਣ ਭਾਰਤ ਦੀ ਇਸ ਗੱਲ ’ਤੇ ਯਕੀਨ ਨਹੀਂ ਕਰਦਾ ਕਿ ਪਾਕਿਸਤਾਨ ਸਰਹੱਦ ਪਾਰੋਂ ਅਤਿਵਾਦ ਨੂੰ ਸ਼ਹਿ ਦਿੰਦਾ ਹੈ? ਜਾਂ ਫਿਰ ਅਮਰੀਕਾ ਨੂੰ ਇਸ ਗੱਲ ਦਾ ਵੀ ਯਕੀਨ ਨਹੀਂ ਕਿ ਪਹਿਲਗਾਮ ਹਮਲਾ ਪਾਕਿਸਤਾਨੀ ਹੈਂਡਲਰਾਂ ਵੱਲੋਂ ਕੀਤਾ ਗਿਆ ਸੀ?
ਜਵਾਬ ‘ਹਾਂ’ ਅਤੇ ‘ਨਾਂਹ’ ਦੋਵੇਂ ਹੀ ਹਨ। ਅਮਰੀਕਾ ਯਕੀਨਨ ਭਾਰਤ ’ਚ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਭੜਕਾਏ ਜਾਂਦੇ ਅਤਿਵਾਦ ਸਬੰਧੀ ਭਾਰਤ ਦੇ ਵਿਸ਼ਲੇਸ਼ਣ ਨਾਲ ਸਹਿਮਤ ਹੈ। ਪਰ ਬਦਕਿਸਮਤੀ ਨਾਲ ਇਸ ਸਮੇਂ ਅਮਰੀਕਾ ਨੂੰ ਪਾਕਿਸਤਾਨ ਨਾਲ ਜੁੜੀ ਆਪਣੀ ਜ਼ਰੂਰਤ ਉਨ੍ਹਾਂ ਭਾਰਤੀਆਂ ਨੂੰ ਪਹੁੰਚ ਰਹੇ ਦੁੱਖ ਤੋਂ ਕਿਤੇ ਜ਼ਿਆਦਾ ਅਹਿਮ ਲੱਗਦੀ ਹੈ ਜਿਹੜੇ ਸੋਚਦੇ ਸਨ ਕਿ ਟਰੰਪ ਅਤੇ ਮੋਦੀ ਹਮੇਸ਼ਾ ਪੱਕੇ ਦੋਸਤ ਰਹਿਣਗੇ।
ਇੱਥੇ ਮੁੱਕਦੀ ਗੱਲ ਇਹ ਹੈ ਕਿ ਟਰੰਪ ਦਾ ਮੰਨਣਾ ਹੈ ਕਿ ਉਹ ਆਸਿਮ ਮੁਨੀਰ ਅਤੇ ਮੋਦੀ ਦੋਵਾਂ ਦੇ ਸਭ ਤੋਂ ਚੰਗੇ ਦੋਸਤ ਹੋ ਸਕਦੇ ਹਨ। ਅਸਲ ਵਿੱਚ ਸਿਰਫ਼ ਟਰੰਪ ਹੀ ਨਹੀਂ ਸਾਰੀਆਂ ਵੱਡੀਆਂ ਤਾਕਤਾਂ ਕੋਲ ਇਸ ਤਰ੍ਹਾਂ ਦੇ ਮੁਲਕਾਂ ਤੇ ਨੇਤਾਵਾਂ ਨਾਲ ਨਜਿੱਠਣ ਦੀ ਯੋਗਤਾ ਹੁੰਦੀ ਹੈ ਜਿਨ੍ਹਾਂ ਨੂੰ ਉਹ ਸ਼ਾਇਦ ਆਪ ਬਹੁਤਾ ਪਸੰਦ ਨਹੀਂ ਕਰਦੇ ਤੇ ਜਿਹੜੇ (ਮੁਲਕ) ਇੱਕ-ਦੂਜੇ ਨੂੰ ਵੀ ਪਸੰਦ ਨਹੀਂ ਕਰਦੇ ਹੁੰਦੇ। ਇਹ ਇਕ ਵੱਡੀ ਸ਼ਕਤੀ ਹੋਣ ਦਾ ਜ਼ਰੂਰੀ ਤੱਤ ਵੀ ਹੈ।
ਇਸੇ ਕਰਕੇ ਕੌਮਾਂਤਰੀ ਭਾਈਚਾਰਾ ਸ਼ਾਇਦ ਇਸ ਗੱਲ ਤੋਂ ਹੈਰਾਨ ਹੈ ਕਿ ਭਾਰਤ-ਪਾਕਿਸਤਾਨ ਦੀ 10 ਮਈ ਦੀ ਜੰਗਬੰਦੀ ’ਚ ਅਖੌਤੀ ਅਮਰੀਕੀ ‘ਵਿਚੋਲਗੀ’ ਬਾਰੇ ਦਿੱਲੀ ’ਚ ਐਨਾ ਹੰਗਾਮਾ ਕਿਉਂ ਹੈ, ਖਾਸ ਕਰਕੇ ਜਦ ਹਰ ਕੋਈ ਜਾਣਦਾ ਹੈ ਕਿ ਅਮਰੀਕੀ ਕੂਟਨੀਤਕ ਭਾਰਤੀਆਂ ਤੇ ਪਾਕਿਸਤਾਨੀਆਂ, ਦੋਵਾਂ ਨਾਲ ਇਸ ਨੂੰ ਖਤਮ ਕਰਨ ਲਈ ਵੱਖਰੇ ਤੌਰ ’ਤੇ ਗੱਲ ਕਰ ਰਹੇ ਸਨ।
ਅਤੇ ਹੋਇਆ ਵੀ ਬਿਲਕੁਲ ਇਸੇ ਤਰ੍ਹਾਂ, 10 ਮਈ ਨੂੰ ਭਾਰਤੀ ਹਵਾਈ ਸੈਨਾ ਵੱਲੋਂ 11 ਪਾਕਿਸਤਾਨੀ ਹਵਾਈ ਅੱਡਿਆਂ ’ਤੇ ਬੰਬਾਰੀ ਤੋਂ ਬਾਅਦ ਜਦੋਂ ਅਮਰੀਕੀਆਂ ਨੇ ਦਿੱਲੀ ਵਿੱਚ ਆਪਣੇ ਹਮਰੁਤਬਾ ਭਾਰਤੀ ਅਧਿਕਾਰੀਆਂ ਨੂੰ ਬੁਲਾਇਆ ਤਾਂ ਉਨ੍ਹਾਂ ਨੂੰ ਪਾਕਿਸਤਾਨ ’ਚ ਤਬਾਹੀ ਬੰਦ ਕਰਨ ਲਈ ਕਿਹਾ ਗਿਆ। ਅਮਰੀਕੀਆਂ ਨੂੰ ਦੱਸਿਆ ਗਿਆ ਕਿ ਉਹ ਪਾਕਿਸਤਾਨੀ ਧਿਰ ਨੂੰ ਕਹਿਣ ਕਿ ਉਹ ਭਾਰਤੀ ਧਿਰ ਨੂੰ ਇਸ ਸਬੰਧੀ ਬੇਨਤੀ ਕਰਨ, ਜੋ ਕਿ ਪਾਕਿਸਤਾਨੀ ਡੀਜੀਐਮਓ ਨੇ ਉਸੇ ਦਿਨ ਬਾਅਦ ਵਿੱਚ ਕਰ ਦਿੱਤੀ।
ਇਸ ਹਫ਼ਤੇ ਆਲਮੀ ਮਿਜ਼ਾਜ ਵਿੱਚ ਤੀਜਾ ਬਦਲਾਅ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੀ ਬੰਬਾਰੀ ਦੇ ਵਿਰੁੱਧ ਬਿਆਨਬਾਜ਼ੀ ਵਧਣ ਦੇ ਰੂਪ ਵਿਚ ਆਇਆ ਹੈ। ਟਰੰਪ ਵੱਲੋਂ ਇਜ਼ਰਾਈਲ ਦਾ ਕੀਤਾ ਸ਼ੁਰੂਆਤੀ ਸਮਰਥਨ ਘੱਟ ਰਿਹਾ ਹੈ। ਰੂਸ ਅਤੇ ਚੀਨ ਪਹਿਲਾਂ ਹੀ ਇਜ਼ਰਾਈਲ ਵਿਰੁੱਧ ਖੁੱਲ੍ਹ ਕੇ ਸਾਹਮਣੇ ਆ ਚੁੱਕੇ ਹਨ ਅਤੇ ਬਾਕੀ ਦਾ ਯੂਰਪ ਇੱਕ ਵਾਰ ਫਿਰ ਕੂਟਨੀਤੀ ਵਰਤਣ ਦੀ ਜ਼ਰੂਰਤ ਬਾਰੇ ਗੱਲ ਕਰ ਰਿਹਾ ਹੈ। ਅਰਬ ਦੀਆਂ ਗਲੀਆਂ ’ਚ ਡੂੰਘੀ ਚਿੰਤਾ ਬਣੀ ਹੋਈ ਹੈ। ਅਜਿਹਾ ਲੱਗਦਾ ਹੈ ਜਿਵੇਂ ਦੁਨੀਆ ਮੱਧ ਪੂਰਬ ਵਿੱਚ ਸੰਘਰਸ਼ ਦੇ ਵਿਸਤਾਰ ਨੂੰ ਰੋਕਣ ਲਈ ਇਕੱਠੀ ਹੋ ਰਹੀ ਹੈ।
ਇਸ ਸਥਿਤੀ ਵਿੱਚ, ਸੰਯੁਕਤ ਰਾਸ਼ਟਰ ਅਤੇ ਚੀਨ ਦੀ ਅਗਵਾਈ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ), ਦੋਵਾਂ ’ਚ ਇਜ਼ਰਾਈਲ ਵਿਰੁੱਧ ਪਾਏ ਗਏ ਮਤਿਆਂ ’ਤੇ ਭਾਰਤ ਦੀ ਗੈਰਹਾਜ਼ਰੀ ਨੂੰ ਲੈ ਕੇ ਚਿੰਤਾ ਪੈਦਾ ਕਰਨ ਵਾਲੇ ਸਵਾਲ ਬਣੇ ਹੋਏ ਹਨ। ਇਨ੍ਹਾਂ ਦਾ ਜਵਾਬ ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਤੇ ਬੈਂਜਾਮਿਨ ਨੇਤਨਯਾਹੂ ਦੀ ਕਰੀਬੀ ਦੋੋਸਤੀ ਅਤੇ ਫਲਸਰੂਪ ਭਾਰਤ ਤੇ ਇਜ਼ਰਾਈਲ ਦੀ ਮਹੱਤਵਪੂਰਨ ਸਾਂਝ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਫੋਨ ਕਰਕੇ ਉਨ੍ਹਾਂ ਦਾ ਸਮਰਥਨ ਮੰਗਿਆ।
ਜਿਸ ਤਰ੍ਹਾਂ ਆਲਮੀ ਵਿਵਸਥਾ ਮੁੜ ਬਦਲ ਰਹੀ ਹੈ, ਨਵੀਂ ਦਿੱਲੀ ਲਈ ਇਹ ਸਮਾਂ ਚੰਗਾ ਸਾਬਿਤ ਹੋ ਸਕਦਾ ਹੈ ਕਿ ਉਹ ਸਾਰੀਆਂ ਤਾਕਤਾਂ ਨਾਲ ਦੁਬਾਰਾ ਆਪਣੇ ਸਬੰਧਾਂ ਦਾ ਵਿਸਤਾਰ ਕਰੇ ਅਤੇ ਬਹੁ-ਗੱਠਜੋੜ ਵੱਲ ਮੁੜ ਪਰਤੇ ਜੋ ਇਸ ਨੇ ਕਦੇ ਬਹੁਤ ਸਾਵਧਾਨੀ ਨਾਲ ਬਣਾਇਆ ਸੀ ਤੇ ਦਹਾਕਿਆਂ ਤੱਕ ਕਾਇਮ ਰੱਖਿਆ ਸੀ।
ਖ਼ੁਦ ਨੂੰ ਵੱਖ ਵੱਖ ਸ਼ਕਤੀਆਂ ਦੇ ਸਮੂਹ ’ਚ ਖਿਲਾਰਨ ਦੀ ਬਜਾਏ ਅਮਰੀਕਾ ਵਰਗੀ ਮਜ਼ਬੂਤ ਸ਼ਕਤੀ ਨਾਲ ਗੱਠਜੋੜ ਕਰਨ ਅਤੇ ਉਸ ਦੀ ਮਦਦ ਨਾਲ ਤਾਕਤਵਰ ਬਣਨ ਦਾ ਖ਼ਿਆਲ ਵਧੇਰੇ ਢੁੱਕਵਾਂ ਰਹੇਗਾ।
ਗੱਠਜੋੜਾਂ ਦੀ ਸਮੱਸਿਆ ਬੇਸ਼ੱਕ ਇਹ ਹੈ ਕਿ ਤੁਸੀਂ ਇੱਕ ਖੇਮੇ ਨਾਲ ਬੱਝ ਜਾਂਦੇ ਹੋ ਪਰ ਦੂਜੇ ਪਾਸੇ ਇਕੱਲੇ ਤੁਰਨਾ, ਜਿਵੇਂ ਕਿ ਰਬਿੰਦਰਨਾਥ ਟੈਗੋਰ ਨੇ ਇੱਕ ਵਾਰ ਕਿਹਾ ਸੀ ਕਿ 21ਵੀਂ ਸਦੀ ’ਚ ਤਰਕਸੰਗਤ ਨਹੀਂ ਹੈ। ਭਾਰਤ ਦਾ ਆਦਰਸ਼ ਹੋਣਾ ਚਾਹੀਦਾ ਹੈ ਕਿ ਇਹ ਦੋਸਤ ਬਣਾਵੇ ਅਤੇ ਲੋਕਾਂ ਨੂੰ ਆਪਣੇ ਹੱਕ ’ਚ ਪ੍ਰਭਾਵਿਤ ਕਰੇ- ਜਿਵੇਂ ਕਿ ਮੈਰੀ ਪੌਪਿੰਸ ਨੇ ਇੱਕ ਵਾਰ ਕਿਹਾ ਸੀ ਕਿ ਹਵਾ ਦੇ ਰੁਖ਼ ਨੂੰ ਆਪਣੇ ਪੱਖ ਵਿੱਚ ਬਦਲਣ ਦੀ ਕੋਸ਼ਿਸ਼ ਕਰੋ।
*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।