DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ, ਕੁਦਰਤ ਅਤੇ ਮਨੁੱਖ

ਪੰਜਾਬ ਦਾ ਨਾਮ ਪਾਣੀਆਂ ਤੋਂ ਹੀ ਪਿਆ ਹੈ, ਪਰ ਕਈ ਸਾਲਾਂ ਤੋਂ ਪਾਣੀ ਹੀ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ। ਬਰਬਾਦੀ ਦਾ ਸ਼ਿਕਾਰ ਸਭ ਤੋਂ ਵੱਧ ਪੇਂਡੂ ਤਬਕਾ ਖਾਸ ਕਰ ਕੇ ਕਿਸਾਨ ਹੋ ਰਿਹਾ ਹੈ। ਉਂਝ, ਹੜ੍ਹਾਂ ਲਈ ਕੁਦਰਤ ਨਾਲੋਂ...

  • fb
  • twitter
  • whatsapp
  • whatsapp
Advertisement

ਪੰਜਾਬ ਦਾ ਨਾਮ ਪਾਣੀਆਂ ਤੋਂ ਹੀ ਪਿਆ ਹੈ, ਪਰ ਕਈ ਸਾਲਾਂ ਤੋਂ ਪਾਣੀ ਹੀ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ। ਬਰਬਾਦੀ ਦਾ ਸ਼ਿਕਾਰ ਸਭ ਤੋਂ ਵੱਧ ਪੇਂਡੂ ਤਬਕਾ ਖਾਸ ਕਰ ਕੇ ਕਿਸਾਨ ਹੋ ਰਿਹਾ ਹੈ। ਉਂਝ, ਹੜ੍ਹਾਂ ਲਈ ਕੁਦਰਤ ਨਾਲੋਂ ਮਨੁੱਖਾਂ ਦਾ ਅਵੇਸਲਾਪਣ, ਲਾਲਚ ਅਤੇ ਗ਼ੈਰ-ਮਨੁੱਖੀ ਖਹਿਬਾਜ਼ੀ ਕਿਤੇ ਵੱਧ ਜ਼ਿੰਮੇਵਾਰ ਹੈ।

ਪੰਜਾਬ ’ਚ ਇਸ ਵਕਤ ਤਿੰਨ ਦਰਿਆਵਾਂ ਉਪਰ ਡੈਮ ਹਨ। ਡੈਮਾਂ ਦਾ ਮੁੱਖ ਮਕਸਦ ਪਾਣੀ ਨੂੰ ਕੁੰਡ (Reservoir) ’ਚ ਜਮ੍ਹਾ ਕਰ ਕੇ ਕਾਬੂ ਕਰਨਾ ਹੁੰਦਾ ਹੈ ਤਾਂ ਕਿ ਘਰਾਂ ਤੇ ਉਦਯੋਗਾਂ ਲਈ ਪਾਣੀ ਦੀ ਸਪਲਾਈ, ਖੇਤੀਬਾੜੀ ਲਈ ਸਿੰਜਾਈ, ਹੜ ਕੰਟਰੋਲ ਅਤੇ ਪਣ-ਬਿਜਲੀ ਉਤਪਾਦਨ ਸਮੇਤ ਕਈ ਉਦੇਸ਼ਾਂ ਦੀ ਪੂਰਤੀ ਕੀਤੀ ਜਾ ਸਕੇ। ਡੈਮ ਯਕੀਨੀ ਬਣਾਉਂਦੇ ਹਨ ਕਿ ਪਾਣੀ ਜਦੋਂ ਅਤੇ ਜਿੱਥੇ ਲੋੜ ਹੋਵੇ, ਉਪਲਬਧ ਹੋਵੇ।

Advertisement

ਕੀ ਇਹ ਡੈਮ ਆਪਣੇ ਉਦੇਸ਼, ਖਾਸ ਕਰ ਕੇ ਹੜ੍ਹ ਰੋਕਣ ਦੀ ਪੂਰਤੀ ਕਰ ਰਹੇ ਹਨ? ਸਰਕਾਰਾਂ ਅਤੇ ਮਾਹਿਰ ਭਾਵੇਂ ਕਹਿ ਰਹੇ ਹਨ ਕਿ ਪੰਜਾਬ ਦੇ ਦਰਿਆਵਾਂ ਵਿੱਚ ਪਿਛਲੇ ਸਮਿਆਂ ਦੇ ਮੁਕਾਬਲੇ ਪਾਣੀ ਘਟ ਰਿਹਾ ਹੈ ਪਰ ਇਸ ਦੇ ਬਾਵਜੂਦ 2019, 2023 ਅਤੇ ਹੁਣ 2025 ਵਿੱਚ ਡੈਮਾਂ ਵਿੱਚੋਂ ਵਾਧੂ ਪਾਣੀ ਛੱਡਣ ਕਰ ਕੇ ਹੀ ਪੰਜਾਬ ਨੂੰ ਹੜ੍ਹਾਂ ਦਾ ਸਾਹਮਣਾ ਪਿਆ। ਇਹ ਅਚਾਨਕ ਨਹੀਂ ਹੋ ਰਿਹਾ, ਕਿਉਂਕਿ ਆਧੁਨਿਕ ਵਿਗਿਆਨ ਮੌਸਮ ਬਾਰੇ ਠੀਕ-ਠੀਕ ਜਾਣਕਾਰੀ ਦੇਣ ਦੇ ਸਮਰੱਥ ਹੈ। ਇਸ ਵਾਰ ਮੌਸਮ ਵਿਭਾਗ ਨੇ 15 ਅਪਰੈਲ ਨੂੰ ਹੀ ਖ਼ਬਰਦਾਰ ਕਰ ਦਿੱਤਾ ਸੀ ਕਿ ਮੀਂਹ ਆਮ ਨਾਲੋਂ 105% ਵੱਧ ਪੈਣਗੇ।

ਜੇ ਡੈਮ ਮੌਸਮ ਦੀ ਭਵਿੱਖਬਾਣੀ ਧਿਆਨ ਵਿੱਚ ਰੱਖ ਕੇ ਖਾਲੀ ਕਰਵਾ ਲਏ ਜਾਣ ਤਾਂ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਸਮੇਂ ਸਿਰ ਡੈਮ ਖਾਲੀ ਕਰਨ ਨਾਲ ਮੀਂਹ ਵੇਲੇ ਵੀ ਕੈਚਮੈਂਟ ਏਰੀਏ ਤੋਂ ਆ ਰਹੇ ਪਾਣੀ ਨੂੰ ਪੂਰਾ ਛੱਡਣ ਦੀ ਬਜਾਏ ਨਿਯਮਤ (Regulate) ਕੀਤਾ ਜਾ ਸਕਦਾ ਹੈ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਕੁੱਲ 9621 ਮਿਲੀਅਨ ਕਿਊਬਕ ਮੀਟਰ (7.8 ਮਿਲੀਅਨ ਏਕੜ ਫੁੱਟ) ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ। ਇਸ ਦੀ ਸਮਰੱਥਾ (Live Storage Capacity) 7191 ਮਿਲੀਅਨ ਕਿਊਬਕ ਮੀਟਰ (5.83 ਮਿਲੀਅਨ ਏਕੜ ਫੁੱਟ) ਹੈ। ਡੈਮ ਨੂੰ ਵੱਧ ਤੋਂ ਵੱਧ 1680 ਫੁੱਟ ਤੱਕ ਭਰਿਆ ਜਾ ਸਕਦਾ ਹੈ ਅਤੇ 1462 ਫੁੱਟ (Minimum Drawdown Level-MDDL) ਤੱਕ ਖਾਲੀ ਕੀਤਾ ਜਾ ਸਕਦਾ ਹੈ। ਇਹ ਡੈਮ ਤਕਰੀਬਨ 6 ਮਿਲੀਅਨ ਏਕੜ ਫੁੱਟ ਪਾਣੀ ਰੱਖਣ ਦੀ ਸਮਰੱਥਾ ਰੱਖਦਾ ਹੈ। ਡੈਮ ਨੂੰ ਮੌਨਸੂਨ ਦੌਰਾਨ ਸਤੰਬਰ ਤੱਕ ਭਰਿਆ ਜਾਂਦਾ ਹੈ ਅਤੇ ਅਕਤੂਬਰ ਤੋਂ ਲੋੜ ਮੁਤਾਬਿਕ ਤੇ ਸੰਭਾਵੀ ਪਾਣੀ ਦੀ ਆਮਦ ਦੇ ਮੱਦੇਨਜ਼ਰ ਖਾਲੀ ਕੀਤਾ ਜਾਣਾ ਚਾਹੀਦਾ ਹੈ। ਕੀ ਡੈਮ ਅਪ੍ਰੇਸ਼ਨ ਵਿਧੀ ਸੁਚਾਰੂ ਢੰਗ ਨਾਲ ਅਪਣਾਈ ਜਾ ਰਹੀ ਹੈ? ਡੈਮ ਖਾਲੀ ਹੋਣ ਦਾ ਸਬੰਧ ਪਾਣੀ ਦੀ ਵਰਤੋਂ ਨਾਲ ਜੁੜਿਆ ਹੈ। ਡੈਮਾਂ ਦਾ ਪਾਣੀ ਮੁੱਖ ਤੌਰ ’ਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਮਿਥੇ ਅਨੁਪਾਤ ਅਨੁਸਾਰ ਦਿੱਤਾ ਜਾਂਦਾ ਹੈ। ਹਰਿਆਣਾ ਤੇ ਰਾਜਸਥਾਨ ਆਪਣੇ ਹਿੱਸੇ ਦਾ ਪਾਣੀ ਵਰਤ ਕੇ ਵਾਧੂ ਮੰਗਦੇ ਹਨ, ਪਰ ਪੰਜਾਬ ਆਪਣੇ ਹਿੱਸੇ ਦਾ ਪੂਰਾ ਪਾਣੀ ਨਹੀਂ ਵਰਤ ਰਿਹਾ।

ਪੀਣ ਅਤੇ ਘਰੇਲੂ ਵਰਤੋਂ ਲਈ: ਕੀ ਪੰਜਾਬ ਸਰਕਾਰ ਪੀਣ ਅਤੇ ਘਰੇਲੂ ਵਰਤੋਂ ਲਈ ਨਹਿਰੀ ਪਾਣੀ ਹਰ ਘਰ ਤੱਕ ਪਹੁੰਚਦਾ ਕਰ ਸਕੀ ਹੈ? 2023 ਤੱਕ 919 ਸਕੀਮਾਂ ਰਾਹੀਂ ਸਿਰਫ਼ 1852 ਬਸਤੀਆਂ (Habitants) ਨੂੰ ਹੀ ਨਹਿਰੀ ਪਾਣੀ ਮਿਲ ਰਿਹਾ ਹੈ; ਬਾਕੀ 12880 ਬਸਤੀਆਂ ਨੂੰ ਤਕਰੀਬਨ 8628 ਟਿਊਬਵੈੱਲਾਂ ਤੇ ਨਲਕਿਆਂ ਦਾ ਪਾਣੀ ਹੀ ਮਿਲ ਰਿਹਾ ਹੈ। ਪੰਜਾਬ ਨੂੰ ਘਰੇਲੂ ਵਰਤੋਂ ਲਈ 1.78 ਮਿਲੀਅਨ ਏਕੜ ਫੁੱਟ ਪਾਣੀ ਸਾਲਾਨਾ ਚਾਹੀਦਾ ਹੈ। ਆਜ਼ਾਦੀ ਦੇ 78 ਸਾਲ ਬੀਤ ਜਾਣ ’ਤੇ ਵੀ ਦਰਿਆਵਾਂ ਦੀ ਧਰਤੀ ਦੇ ਬਾਸ਼ਿੰਦਿਆਂ ਨੂੰ ਪੀਣ ਲਈ ਸਾਫ਼ ਅਤੇ ਸਿਹਤਮੰਦ ਪਾਣੀ ਨਹੀਂ ਮਿਲ ਰਿਹਾ।

ਖੇਤੀ ਲਈ: ਵੱਖ-ਵੱਖ ਰਿਪੋਰਟਾਂ ਵਿੱਚ ਪੰਜਾਬ ਦੀ ਪਾਣੀ ਦੀ ਸਾਲਾਨਾ ਲੋੜ ਭਾਵੇਂ ਵੱਖ-ਵੱਖ ਹੈ ਪਰ ਪੰਜਾਬ ਸਰਕਾਰ ਦੇ 2023 ਵਾਲੇ ਖੇਤੀ ਨੀਤੀ ਖਰੜੇ ਮੁਤਾਬਿਕ, ਪੰਜਾਬ ਨੂੰ ਸਾਲਾਨਾ 57.73 ਮਿਲੀਅਨ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੈ। ਇਸ ਦੀ ਪੂਰਤੀ ਲਈ ਤਕਰੀਬਨ ਭਾਖੜਾ ਡੈਮ ਦੀ ਸਮਰੱਥਾ ਦੇ ਬਰਾਬਰ ਦੇ 8 ਡੈਮ ਚਾਹੀਦੇ ਹਨ। ਕੀ ਪੰਜਾਬ ਸਿੰਜਾਈ ਲਈ ਨਹਿਰੀ ਪਾਣੀ ਦੀ ਪੂਰੀ ਵਰਤੋਂ ਕਰ ਰਿਹਾ ਹੈ? ਨਹਿਰੀ ਪਾਣੀ ਪ੍ਰਤੀ ਜਿੰਨੀ ਬੇਰੁਖ਼ੀ ਪੰਜਾਬ ਦੇ ਲੋਕਾਂ, ਖਾਸ ਕਰ ਕੇ ਕਿਸਾਨ ਨੇ ਅਪਣਾਈ ਹੈ, ਓਨੀ ਸ਼ਾਇਦ ਹੀ ਕਿਤੇ ਕਿਸੇ ਨੇ ਅਪਣਾਈ ਹੋਵੇ। ਪੰਜਾਬ ਵਿੱਚ ਤਕਰੀਬਨ 15 ਲੱਖ ਬਿਜਲੀ/ਸੂਰਜੀ ਟਿਊਬਵੈੱਲ ਹਨ। ਕਿਸਾਨਾਂ ਨੇ ਰਾਤ ਵੇਲੇ ਤਾਂ ਨਹਿਰੀ ਪਾਣੀ ਦੀ ਵਾਰੀ ਲਾਉਣੀ ਛੱਡ ਹੀ ਦਿੱਤੀ ਹੈ। ਨਹਿਰੀ ਪਾਣੀ ਤੋਂ ਸਿਰਫ਼ ਤਕਰੀਬਨ 24% ਸਿੰਜਾਈ ਹੀ ਕੀਤੀ ਜਾਂਦੀ ਹੈ; ਬਾਕੀ 76% ਸਿੰਜਾਈ ਬਿਜਲੀ/ਸੂਰਜੀ ਟਿਊਬਵੈੱਲਾਂ ਰਾਹੀਂ ਹੁੰਦੀ ਹੈ।

ਇੱਕ ਤਾਂ ਪੰਜਾਬ ਦਾ ਫ਼ਸਲੀ ਚੱਕਰ ਹੀ ਐਸਾ ਹੈ ਕਿ ਜਦੋਂ ਡੈਮ ਖਾਲੀ ਕਰਨ ਦਾ ਸਮਾਂ ਹੁੰਦਾ ਹੈ, ਮੁੱਖ ਫਸਲ ਕਣਕ ਹੁੰਦੀ ਹੈ ਜਿਸ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਹੈ; ਦੂਜਾ, ਰਾਤ ਵੇਲੇ ਪਾਣੀ ਲਾਉਣਾ ਕਿਸਾਨ ਪਸੰਦ ਨਹੀਂ ਕਰਦੇ ਤੇ ਕਣਕ ਦੀ ਬਹੁਤੀ ਸਿੰਜਾਈ ਟਿਊਬਵੈੱਲਾਂ ਰਾਹੀਂ ਕੀਤੀ ਜਾਂਦੀ ਹੈ; ਤੀਜਾ, ਮੋਘਿਆਂ ਦਾ ਆਕਾਰ ਇੰਨਾ ਛੋਟਾ ਹੈ ਕਿ ਪ੍ਰਤੀ ਏਕੜ ਜਿੰਨਾ ਸਮਾਂ ਪਾਣੀ ਦਿੱਤਾ ਜਾਂਦਾ ਹੈ, ਉਸ ਸਮੇਂ ਵਿੱਚ ਪੂਰਾ ਏਕੜ ਸਿੰਜਿਆ ਨਹੀਂ ਜਾ ਸਕਦਾ; ਚੌਥਾ, ਪੰਜਾਬ ਦੇ ਹਰ ਖੇਤ ਨੂੰ ਨਹਿਰੀ ਪਾਣੀ ਉਪਲਬਧ ਨਹੀਂ ਹੋ ਸਕਿਆ, ਕਿਉਂਕਿ ਇੱਕ ਤਾਂ ਲੋੜ ਮੁਤਾਬਿਕ ਬਨਿਆਦੀ ਢਾਂਚਾ ਪਹਿਲਾਂ ਉਸਾਰਿਆ ਹੀ ਨਹੀਂ ਗਿਆ, ਰਹਿੰਦੀ ਕਸਰ ਲੋਕਾਂ ਨੇ ਨਹਿਰੀ ਖਾਲ ਵਾਹ ਕੇ ਪੂਰੀ ਕਰ ਦਿੱਤੀ।

ਮੌਨਸੂਨ ਤੋਂ ਪਹਿਲਾਂ ਡੈਮਾਂ ’ਚ ਪਾਣੀ ਘਟਾਉਣਾ ਜਾਂ ਖਾਲੀ ਕਰਨਾ: ਪਣ-ਬਿਜਲੀ ਟ੍ਰਬਾਈਨਾਂ ਰਾਹੀਂ ਪਾਣੀ ਵਰਤ ਕੇ ਡੈਮ ਨੂੰ ਡਰਾਅ-ਡਾਊਨ ਲੈਵਲ (ਘੱਟੋ-ਘੱਟ) ਤੱਕ ਖਾਲੀ ਕੀਤਾ ਜਾ ਸਕਦਾ ਹੈ। ਜਦੋਂ ਰਾਜਾਂ ਨੂੰ ਪਾਣੀ ਦੀ ਜ਼ਰੂਰਤ ਨਾ ਹੋਵੇ ਤਾਂ ਪਣ-ਬਿਜਲੀ ਬਣਾਉਣ ’ਤੇ ਪਾਣੀ ਪਾਕਿਸਤਾਨ ਵੱਲ ਵਹੇਗਾ ਪਰ ਕੇਂਦਰ ਦੀ ਸਖ਼ਤ ਹਦਾਇਤ ਹੈ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਛੱਡਣਾ ਜਿਸ ਦੀ ਪਾਲਣਾ ਪੰਜਾਬ ਸਰਕਾਰ ਮੁਸਤੈਦੀ ਨਾਲ ਕਰਦੀ ਹੈ। ਭਾਖੜਾ ਡੈਮ ਨੂੰ 1462 ਫੁੱਟ ਤੱਕ ਖਾਲੀ ਕੀਤਾ ਜਾ ਸਕਦਾ ਹੈ ਪਰ 1980 ਤੋਂ 2025 ਤੱਕ 45 ਸਾਲਾਂ ਦੌਰਾਨ ਇਸ ਦਾ ਲੈਵਲ 1522 ਫੁੱਟ ਤੋਂ ਹੇਠਾਂ ਨਹੀਂ ਲਿਆਂਦਾ ਗਿਆ। ਹੜ੍ਹਾਂ ਵਾਲੇ ਸਾਲਾਂ 2019, 2023 ਤੇ 2025 ਦੌਰਾਨ ਮੌਨਸੂਨ ਸ਼ੁਰੂ ਹੋਣ ਵੇਲੇ ਭਾਖੜਾ ਡੈਮ ਦਾ ਲੈਵਲ 30 ਜੂਨ ਨੂੰ ਕ੍ਰਮਵਾਰ 1605, 1595 ਅਤੇ 1575 ਫੁੱਟ ਸੀ। ਬਾਕੀ ਦੋ ਡੈਮ ਖਾਲੀ ਕਰਨ ਦਾ ਰੁਝਾਨ ਵੀ ਇਸੇ ਤਰ੍ਹਾਂ ਦਾ ਹੈ। ਇਹ ਡੈਮ ਮਾਹਿਰਾਂ ਦੇ ਵਿਚਾਰਨ ਵਾਲੀ ਗੱਲ ਹੈ ਕਿ ਡੈਮ ਖਾਲੀ ਨਾ ਕਰਨ ਕਰ ਕੇ ਅਤੇ ਲੰਮੇ ਅਰਸੇ ਤੱਕ ਲਗਾਤਾਰ ਭਰੇ ਰਹਿਣ ਕਰ ਕੇ ਇਸ ਦੀ ਢਾਂਚਾਗਤ ਸੁਰੱਖਿਆ ਨਾਲ ਖਿਲਵਾੜ ਤਾਂ ਨਹੀਂ ਕੀਤਾ ਜਾ ਰਿਹਾ?

ਡੈਮਾਂ ਦਾ ਲੈਵਲ ਵੱਧ ਰੱਖਣਾ: ਅੰਕੜੇ ਦੱਸਦੇ ਹਨ ਕਿ ਹੜ੍ਹਾਂ ਵਾਲੇ ਸਾਲਾਂ 2019, 2023 ਤੇ 2025 ਦੌਰਾਨ ਮੌਨਸੂਨ ਸ਼ੁਰੂ ਹੋਣ ਵੇਲੇ ਭਾਖੜਾ ਡੈਮ ਦਾ ਲੈਵਲ ਘੱਟੋ-ਘੱਟ ਲੈਵਲ ਤੋਂ ਤਕਰੀਬਨ 113 ਤੋਂ 143 ਫੁੱਟ, ਪੌਂਗ ਡੈਮ ਦਾ ਲੈਵਲ 46 ਤੋਂ 77 ਫੁੱਟ ਅਤੇ ਰਣਜੀਤ ਸਾਗਰ ਡੈਮ ਦਾ ਲੈਵਲ 59 ਫੁੱਟ ਤੱਕ ਵੱਧ ਸੀ। ਜੇ ਡੈਮ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਖਾਲੀ ਕੀਤੇ ਹੁੰਦੇ, ਖਾਸ ਕਰ ਕੇ 2025 ਦੌਰਾਨ (ਜਦੋਂ ਭਵਿੱਖਬਾਣੀ ਭਾਰੀ ਮੀਂਹ ਦੀ ਸੀ), ਤਾਂ ਹੜ੍ਹਾਂ ਦਾ ਖ਼ਤਰਾ ਟਾਲਿਆ ਜਾ ਸਕਦਾ ਸੀ।

ਫਲੱਡਗੇਟ ਖੋਲ੍ਹਣੇ: ਜੇ ਡੈਮਾਂ ਦੇ ਫਲੱਡਗੇਟ ਖੋਲ੍ਹਣ ਦੇ ਸਮੇਂ ਅਤੇ ਲੈਵਲ ਦੇ ਅੰਕੜੇ ਦੇਖੀਏ ਤਾਂ ਲੈਵਲ ਖ਼ਤਰੇ ਦੇ ਨਿਸ਼ਾਨ ਵੱਲ ਤੇਜ਼ੀ ਨਾਲ ਵਧਣ ਦੇ ਬਾਵਜੂਦ ਫਲੱਡਗੇਟ ਦੇਰੀ ਨਾਲ ਖੋਲ੍ਹੇ ਜਾਂਦੇ ਹਨ। 2019, 2023 ਅਤੇ 2025 ਦੌਰਾਨ ਭਾਖੜਾ ਡੈਮ ਦਾ ਲੈਵਲ ਫਲੱਡਗੇਟ ਖੋਲ੍ਹਣ ਤੋਂ ਪਹਿਲਾਂ ਵੱਧ ਤੋਂ ਵੱਧ ਲੈਵਲ ਤੋਂ ਕ੍ਰਮਵਾਰ ਸਿਰਫ 6, 7 ਅਤੇ 14 ਫੁੱਟ ਘੱਟ ਸੀ। ਇਸੇ ਤਰ੍ਹਾਂ ਪੌਗ ਡੈਮ ਦਾ ਲੈਵਲ ਕ੍ਰਮਵਾਰ 2, 18 ਅਤੇ 15 ਫੁੱਟ ਘੱਟ ਸੀ। 2025 ਦੌਰਾਨ ਰਣਜੀਤ ਸਾਗਰ ਡੈਮ ਦਾ ਲੈਵਲ ਸਿਰਫ਼ 2 ਫੁੱਟ ਹੀ ਘੱਟ ਸੀ। ਫਲੱਡਗੇਟ ਦੇਰੀ ਨਾਲ ਖੋਲ੍ਹਣ ਕਰ ਕੇ ਡੈਮਾਂ ਦੇ ਕੈਚਮੈਂਟ ਖੇਤਰ ਵਿੱਚ ਆ ਰਿਹਾ ਪਾਣੀ ਇੱਕਦਮ ਸਿੱਧਾ ਹੀ ਚਲਾ ਜਾਂਦਾ ਹੈ ਜੋ ਦਰਿਆਵਾਂ ਦੇ ਬੰਨ੍ਹ, ਖਾਸ ਕਰ ਕੇ ਧੁੱਸੀ ਬੰਨ੍ਹ ਟੁੱਟਣ ਦਾ ਕਾਰਨ ਬਣਦਾ ਹੈ।

ਕੀਮਤੀ ਪਾਣੀ ਤੇ ਬਿਜਲੀ ਦੀ ਬਰਬਾਦੀ: ਵਾਰ-ਵਾਰ ਹੜ੍ਹ ਆਉਣ ਨਾਲ ਜਿੱਥੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਉੱਥੇ ਬਹੁਤ ਸਾਰਾ ਪਾਣੀ ਜਾਇਆ ਚਲਾ ਜਾਂਦਾ ਹੈ ਜਿਸ ਤੋਂ ਬਿਜਲੀ ਵੀ ਨਹੀਂ ਪੈਦਾ ਕੀਤੀ ਜਾ ਸਕਦੀ, ਕਿਉਂਕਿ ਇਹ ਪਾਣੀ ਟ੍ਰਬਾਈਨਾਂ ਤੋਂ ਬਾਹਰ ਦੀ ਫਲੱਡਗੇਟਾਂ ਰਾਹੀਂ ਕੱਢਿਆ ਜਾਂਦਾ ਹੈ। ਅੰਦਾਜ਼ੇ ਮੁਤਾਬਿਕ, 2023 ਦੌਰਾਨ ਫਲੱਡਗੇਟ ਖੋਲ੍ਹਣ ਕਰ ਕੇ ਪੌਂਗ ਡੈਮ ਤੋਂ 450 ਕਰੋੜ, ਭਾਖੜਾ ਡੈਮ ਤੋਂ 150 ਕਰੋੜ ਅਤੇ ਰਣਜੀਤ ਸਾਗਰ ਡੈਮ ਤੋਂ 50 ਕਰੋੜ ਰੁਪਏ (ਕੁੱਲ 650 ਕਰੋੜ) ਦੀ ਬਿਜਲੀ ਦਾ ਨੁਕਸਾਨ ਹੋਇਆ। 2025 ਦੌਰਾਨ 10 ਸਤੰਬਰ 2025 ਤੱਕ ਪੌਂਗ ਡੈਮ ਤੋਂ 500 ਕਰੋੜ, ਭਾਖੜਾ ਡੈਮ ਤੋਂ 350 ਕਰੋੜ ਅਤੇ ਰਣਜੀਤ ਸਾਗਰ ਡੈਮ ਤੋਂ 300 ਕਰੋੜ ਰੁਪਏ (ਕੁੱਲ 1150 ਕਰੋੜ) ਦੀ ਬਿਜਲੀ ਦਾ ਨੁਕਸਾਨ ਹੋ ਚੁੱਕਾ ਹੈ। ਜਾਇਆ ਹੋਣ ਵਾਲੇ ਪਾਣੀ ਦੀ ਕੀਮਤ ਵੱਖਰੀ ਹੈ।

ਮਸਲੇ ਦੇ ਹੱਲ ਲਈ ਕੁਝ ਸੁਝਾਅ

-ਡੈਮ ਅਪ੍ਰੇਸ਼ਨ ਹੋਰ ਸੁਚਾਰੂ ਅਤੇ ਕੁਸ਼ਲ ਕੀਤੇ ਜਾਣ। ਅੱਜ ਕੱਲ੍ਹ ਮੌਸਮ ਸਬੰਧੀ ਹਾਲਾਤ ਦਾ ਅਗਾਊਂ ਪਤਾ ਲੱਗਣ ਦੇ ਮੱਦੇਨਜ਼ਰ ਹੀ ਡੈਮਾਂ ਵਿੱਚ ਪਾਣੀ ਸਟੋਰ ਕਰਨਾ ਚਾਹੀਦਾ ਹੈ।

-ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤਣ ਲਈ ਲੋੜੀਂਦੇ ਪ੍ਰਬੰਧ ਕਰੇ। ਸਰਕਾਰ ਨਹਿਰਾਂ, ਸੂਇਆਂ, ਕੱਸੀਆਂ, ਮੋਘਿਆਂ ਆਦਿ ’ਤੇ ਰੀਚਾਰਜਿੰਗ ਪੁਆਇੰਟ ਲਗਾਏ ਤਾਂ ਕਿ ਜਦੋਂ ਫਸਲਾਂ ਨੂੰ ਪਾਣੀ ਦੀ ਲੋੜ ਨਾ ਹੋਵੇ ਤੇ ਡੈਮ ਖਾਲੀ ਕਰਨੇ ਹੋਣ ਤਾਂ ਇਨ੍ਹਾਂ ਪੁਆਇੰਟਾਂ ਰਾਹੀਂ ਧਰਤੀ ਦਾ ਪਾਣੀ ਰੀਚਾਰਜ ਕੀਤਾ ਜਾ ਸਕੇ। ਇਉਂ ਬਿਜਲੀ ਦੀ ਪੈਦਾਵਾਰ ਵੀ ਵਧੇਗੀ। ਇਸੇ ਤਰ੍ਹਾਂ 100% ਘਰੇਲੂ, ਉਦਯੋਗਿਕ ਅਤੇ ਖੇਤੀ ਰਕਬੇ ਦੀ ਸਿੰਜਾਈ ਲਈ ਬੁਨਿਆਦੀ ਢਾਂਚਾ ਉਸਾਰਿਆ ਜਾਵੇ। ਇਉਂ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਵੇਗਾ ਅਤੇ ਬਿਜਲੀ ’ਤੇ ਸਬਸਿਡੀ ਵੀ ਘਟੇਗੀ।

-ਸਮੇਂ ਸਿਰ ਨਹਿਰਾਂ, ਡਰੇਨਾਂ, ਨਾਲਿਆਂ, ਦਰਿਆਵਾਂ ਆਦਿ ਦੀ ਸਫਾਈ ਕੀਤੀ ਜਾਵੇ। ਦਰਿਆਵਾਂ ਦੇ ਬੰਨ੍ਹ, ਖਾਸ ਕਰ ਕੇ ਧੁੱਸੀ ਬੰਨ੍ਹ ਆਧੁਨਿਕ ਤਕਨੀਕਾਂ ਰਾਹੀਂ ਤਕੜੇ ਕੀਤੇ ਜਾਣ।

-ਕਿਸਾਨ ਟਿਊਬਵੈੱਲ ਦਾ ਸੁੱਖ ਛੱਡਣ। ਫ਼ਸਲਾਂ ਲਈ ਨਹਿਰੀ ਪਾਣੀ ਵੱਧ ਤੋਂ ਵੱਧ ਵਰਤਣ। ਸਰਕਾਰ ਮੋਘਿਆਂ ਦੀ ਸਮਰੱਥਾ ਵਧਾਵੇ ਤਾਂ ਕਿ ਇੱਕ ਏਕੜ ਸਿੰਜਣ ਲਈ ਜੋ ਸਮਾਂ ਦਿੱਤਾ ਜਾਂਦਾ ਹੈ, ਉਸ ਸਮੇਂ ਵਿੱਚ ਪੂਰਾ ਏਕੜ ਸਿੰਜਿਆ ਜਾ ਸਕੇ।

-ਕੁਦਰਤੀ ਸਰੋਤਾਂ ਦੀ ਗ਼ੈਰ-ਜਿ਼ੰਮੇਵਾਰਾਨਾ ਵਰਤੋਂ ਅਤੇ ਕੁਦਰਤ ਦੇ ਉਲਟ ਜਾਣ ਦੀ ਮਾਨਸਿਕਤਾ ਦਾ ਤਿਆਗ ਕੀਤਾ ਜਾਵੇ। ਪਾਣੀਆਂ ਦੇ ਵਹਾਅ ਲਈ ਜਲ ਵਿਗਿਆਨ ਦੀ ਵਰਤੋਂ ਕੀਤੀ ਜਾਵੇ।

-ਪੰਜਾਬ ਸਰਕਾਰ ਮਾਹਿਰਾਂ ਦੀ ਕਮੇਟੀ ਬਣਾ ਕੇ, ਸਾਰੀਆਂ ਧਿਰਾਂ ਤੋਂ ਮਸ਼ਵਰੇ ਲੈ ਕੇ ਹੜ੍ਹਾਂ ਦੇ ਕਾਰਨਾਂ ਅਤੇ ਇਸ ਦੇ ਪੱਕੇ ਹੱਲ ਲਈ ਰਿਪੋਰਟ ਤਿਆਰ ਕਰਵਾਏ। ਰਿਪੋਰਟ ਅਨੁਸਾਰ ਦਿੱਤੇ ਸੁਝਾਵਾਂ ’ਤੇ ਤੈਅ ਸਮੇਂ ਅੰਦਰ ਗੌਰ ਕੀਤੀ ਜਾਵੇ।

*ਸਾਬਕਾ ਸੀ ਐੱਮ ਡੀ, ਪੀ ਐੱਸ ਪੀ ਐੱਲ। ਸੰਪਰਕ: 96462-00003

**ਸਾਬਕਾ ਉਪ ਮੁੱਖ ਇੰਜਨੀਅਰ, ਪੀ ਐੱਸ ਪੀ ਐੱਲ। ਸੰਪਰਕ: 94174-28643

Advertisement
×