DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਵਿੱਚ ਹੜ੍ਹਾਂ ਦਾ ਸੰਕਟ ਅਤੇ ਸੰਭਾਵੀ ਹੱਲ

ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪਹਾੜੀ ਰਾਜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਪੰਜਾਬ ਦੇ ਅੱਠ ਜ਼ਿਲ੍ਹੇ ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਹੜ੍ਹਾਂ ਨਾਲ...
  • fb
  • twitter
  • whatsapp
  • whatsapp
Advertisement

ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪਹਾੜੀ ਰਾਜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਪੰਜਾਬ ਦੇ ਅੱਠ ਜ਼ਿਲ੍ਹੇ ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਹੜ੍ਹਾਂ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਇੱਕਦਮ ਵਧਣ ਮਗਰੋਂ ਮੁਹਾਲੀ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ।

ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਹਾਲਤ ਇੰਨੀ ਵਿਗੜ ਚੁੱਕੀ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਦਰਜਨਾਂ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ। ਰਾਵੀ ਅਤੇ ਬਿਆਸ ਦਰਿਆਵਾਂ ਉੱਤੇ ਬਣੇ ਲਗਭਗ ਅੱਧੀ ਦਰਜਨ ਪੱਕੇ ਅਤੇ ਆਰਜ਼ੀ ਬੰਨ੍ਹ ਪਾਣੀ ਦੇ ਤੇਜ਼ ਵਹਾਅ ਦੀ ਮਾਰ ਝੱਲਣ ਤੋਂ ਅਸਮਰੱਥ ਹੋ ਕੇ ਪਾਣੀ ਵਿੱਚ ਰੁੜ੍ਹ ਗਏ ਹਨ। ਲੱਖਾਂ ਏਕੜ ਫ਼ਸਲ ਨੁਕਸਾਨੀ ਗਈ ਹੈ। ਹੜ੍ਹਾਂ ਦੀ ਮਾਰ ਹੋਰ ਵੀ ਭਿਆਨਕ ਹੋ ਸਕਦੀ ਹੈ ਕਿਉਂਕਿ ਅਜੇ ਵੀ ਡੈਮਾਂ ਵਿੱਚੋਂ ਪਾਣੀ ਛੱਡਣਾ ਜਾਰੀ ਹੈ।

Advertisement

ਪੰਜਾਬ ਦਰਿਆਵਾਂ ਦੀ ਧਰਤੀ ਹੈ। ਦਰਿਆਵਾਂ ਵਾਲੇ ਖੇਤਰਾਂ ਵਿੱਚ ਹੜ੍ਹ ਆਉਣਾ ਕੁਦਰਤੀ ਵਰਤਾਰਾ ਹੈ। ਪੰਜਾਬ ਵਿੱਚ ਹੜ੍ਹ ਆਉਣੇ ਨਾ ਤਾਂ ਕੋਈ ਨਵੀਂ ਗੱਲ ਹੈ ਤੇ ਨਾ ਹੀ ਕੋਈ ਅਨੋਖੀ ਘਟਨਾ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਨਾ ਤਾਂ ਇਸ ਸਾਲ ਵਾਲੇ ਹੜ੍ਹ ਅਤੇ ਨਾ ਹੀ 2023 ਵਾਲੇ ਹੜ੍ਹ ਕੁਦਰਤੀ ਵਰਤਾਰੇ ਕਰ ਕੇ ਆਏ; ਇਨ੍ਹਾਂ ਹੜ੍ਹਾਂ ਪਿੱਛੇ ਮਨੁੱਖੀ ਗਤੀਵਿਧੀਆਂ ਅਤੇ ਮਨੁੱਖਾਂ ਦੀ ਕੁਦਰਤ ਨਾਲ ਹੱਦੋਂ ਵੱਧ ਛੇੜਛਾੜ ਹੈ। 2023 ਵਿੱਚ ਜਦੋਂ ਪੰਜਾਬ ਭਾਰੀ ਹੜ੍ਹਾਂ ਦੀ ਲਪੇਟ ਵਿੱਚ ਆਇਆ ਸੀ, ਉਦੋਂ 18 ਜ਼ਿਲ੍ਹਿਆਂ ਦੇ 1400 ਪਿੰਡਾਂ ਵਿੱਚ ਭਾਰੀ ਤਬਾਹੀ ਹੋਈ ਸੀ। ਇਸ ਸਾਲ ਵਾਂਗ 2023 ਵਿੱਚ ਵੀ ਪੰਜਾਬ ਵਿੱਚ ਹੜ੍ਹ ਭਾਰੀ ਮੀਂਹ ਪੈਣ ਕਰ ਕੇ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਅਤੇ ਡੈਮਾਂ ਤੋਂ ਜ਼ਿਆਦਾ ਪਾਣੀ ਛੱਡਣ ਕਰ ਕੇ ਆਏ ਸਨ। ਪੰਜਾਬ ਵਿੱਚ ਆਏ ਹੜ੍ਹ ਕੋਈ ਕੁਦਰਤੀ ਵਰਤਾਰਾ ਜਾਂ ਆਫ਼ਤ ਨਹੀਂ, ਇਹ ਮਨੁੱਖ ਦੀ ਆਪ ਸਹੇੜੀ ਤ੍ਰਾਸਦੀ ਹੈ।

ਪੰਜਾਬ ਵਿੱਚ ਅਜਿਹੇ ਅਚਨਚੇਤੀ ਹੜ੍ਹ ਆਉਣ ਦਾ ਮੁੱਖ ਕਾਰਨ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੋ ਰਿਹਾ ਗ਼ੈਰ-ਯੋਜਨਾਬੱਧ ਆਰਥਿਕ ਵਿਕਾਸ ਹੈ। ਇਸ ਆਰਥਿਕ ਵਿਕਾਸ ਲਈ ਪਹਾੜੀ ਅਤੇ ਮੈਦਾਨੀ ਖੇਤਰਾਂ ਵਿੱਚ ਦਰੱਖ਼ਤਾਂ ਦੀ ਅੰਧਾਧੁੰਦ ਕਟਾਈ, ਦਰਿਆਵਾਂ ਉੱਤੇ ਵੱਡੇ-ਵੱਡੇ ਡੈਮ ਬਣਾਉਣੇ, ਦਰਿਆਵਾਂ, ਨਦੀਆਂ, ਬਰਸਾਤੀ ਨਾਲਿਆਂ ਦੇ ਵਹਾਅ ਖੇਤਰਾਂ, ਚੋਅ ਖੇਤਰਾਂ, ਟੋਭਿਆਂ, ਬਾਉੜੀਆਂ ਆਦਿ ਦੀਆਂ ਖਾਲੀ ਪਈਆਂ ਥਾਵਾਂ ਉੱਤੇ ਉਸਾਰੀਆਂ ਅਤੇ ਪਾਣੀ ਦੇ ਸਰੋਤਾਂ ਦੀ ਸਾਂਭ-ਸੰਭਾਲ ਪ੍ਰਤੀ ਅਣਗਹਿਲੀ ਸ਼ਾਮਿਲ ਹਨ।

ਗ਼ੈਰ-ਯੋਜਨਾਬੱਧ ਵਿਕਾਸ ਦੀ ਗੱਲ ਦਰਿਆਵਾਂ ਉੱਤੇ ਬਣੇ ਡੈਮਾਂ ਤੋਂ ਹੀ ਸ਼ੁਰੂ ਕਰਦੇ ਹਾਂ। ਅਣਵੰਡੇ ਪੰਜਾਬ ਵਿੱਚ ਪੰਜ ਦਰਿਆ ਹੁੰਦੇ ਸਨ ਪਰ ਹੁਣ ਪੰਜਾਬ ਵਿੱਚੋਂ ਸਿਰਫ਼ ਢਾਈ ਦਰਿਆ ਸਤਲੁਜ, ਬਿਆਸ ਅਤੇ ਰਾਵੀ ਲੰਘਦੇ ਹਨ। ਤਿੰਨਾਂ ਦਰਿਆਵਾਂ ਉੱਤੇ ਕ੍ਰਮਵਾਰ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮ ਬਣੇ ਹੋਏ ਹਨ। ਆਮ ਤੌਰ ਉੱਤੇ ਦਰਿਆਵਾਂ ਦਾ ਬਹੁਤਾ ਪਾਣੀ ਇਨ੍ਹਾਂ ਡੈਮਾਂ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ ਜਿਸ ਤੋਂ ਪਹਿਲਾਂ ਪਣ-ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਪਾਣੀ ਨਹਿਰਾਂ ਵਿੱਚ ਛੱਡ ਕੇ ਫ਼ਸਲਾਂ ਦੀ ਸਿੰਜਾਈ, ਪੀਣ ਵਾਲੇ ਪਾਣੀ, ਉਦਯੋਗਿਕ ਇਕਾਈਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਲੋੜਾਂ ਆਦਿ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਡੈਮਾਂ ਦੀਆਂ ਮੈਨਜੇਮੈਂਟਾਂ ਆਮ ਦਿਨਾਂ ਵਿੱਚ ਦਰਿਆਵਾਂ ਦੇ ਪਾਣੀ ਨੂੰ ਡੈਮਾਂ ਦੀਆਂ ਸਮਰੱਥਾ ਅਨੁਸਾਰ ਇਕੱਠਾ ਕਰਦੀਆਂ ਰਹਿੰਦੀਆਂ ਹਨ ਅਤੇ ਬਾਕੀ ਦਾ ਪਾਣੀ ਦਰਿਆਵਾਂ ਵਿੱਚ ਛੱਡ ਦਿੰਦੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਜਦੋਂ ਪਾਣੀ ਡੈਮਾਂ ਦੀ ਸਮਰੱਥਾ ਤੋਂ ਵਧ ਜਾਂਦਾ ਹੈ ਤਾਂ ਡੈਮ ਬਚਾਉਣ ਲਈ ਬਾਕੀ ਦਾ ਪਾਣੀ ਸਿੱਧਾ ਹੀ ਦਰਿਆਵਾਂ ਵਿੱਚ ਛੱਡ ਦਿੱਤਾ ਜਾਂਦਾ ਹੈ ਜਿਸ ਕਾਰਨ ਮੈਦਾਨੀ ਖੇਤਰਾਂ ਵਿੱਚ ਹੜ੍ਹ ਆ ਜਾਂਦਾ ਹੈ।

ਸਤਲੁਜ ਉੱਤੇ ਬਣਿਆ ਭਾਖੜਾ ਡੈਮ ਦੁਨੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ। ਇਸ ਡੈਮ ਵਿੱਚ ਸਤਲੁਜ ਦਰਿਆ ਦਾ ਬਹੁਤ ਜ਼ਿਆਦਾ ਪਾਣੀ ਇਕੱਠਾ ਕਰ ਲਿਆ ਜਾਂਦਾ ਹੈ। ਨਤੀਜੇ ਵਜੋਂ ਸਾਲ ਦਾ ਬਹੁਤਾ ਸਮਾਂ ਇਹ ਦਰਿਆ ਨਾ-ਮਾਤਰ ਪਾਣੀ ਨਾਲ ਵਗਦਾ ਹੈ ਅਤੇ ਦਰਿਆ ਦਾ ਵਹਾਅ ਖੇਤਰ ਖਾਲੀ ਪਿਆ ਰਹਿੰਦਾ ਹੈ। ਖਾਲੀ ਪਏ ਵਹਾਅ ਖੇਤਰ ਉੱਤੇ ਕਬਜ਼ੇ ਕਰ ਕੇ ਲੋਕਾਂ ਨੇ ਕੁਝ ਥਾਵਾਂ ਉੱਤੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਥਾਵਾਂ ਉੱਤੇ ਘਰ, ਝੌਪੜੀਆਂ ਆਦਿ ਬਣਾ ਲਏ ਹਨ। ਬਰਸਾਤ ਦੇ ਦਿਨਾਂ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਜਦੋਂ ਡੈਮ ਵਿੱਚ ਪਾਣੀ ਉਸ ਦੀ ਸਮਰੱਥਾ ਤੋਂ ਵਧ ਜਾਂਦਾ ਹੈ ਤਾਂ ਡੈਮ ਮੈਨੇਜਮੈਂਟ ਡੈਮ ਦੇ ਫਲੱਡਗੇਟ ਖੋਲ੍ਹ ਦਿੰਦੀ ਹੈ; ਨਤੀਜੇ ਵਜੋਂ ਦਰਿਆ ਦੇ ਵਹਾਅ ਖੇਤਰ ਵਿੱਚ ਬਣੇ ਘਰ, ਝੌਂਪੜੀਆਂ, ਖੇਤਾਂ ਵਿੱਚ ਫ਼ਸਲਾਂ ਸਭ ਹੜ੍ਹ ਦੀ ਮਾਰ ਵਿਚ ਆ ਜਾਂਦੇ ਹਨ। ਵਹਾਅ ਖੇਤਰ ਉੱਤੇ ਹੋਏ ਅਜਿਹੇ ਕਬਜ਼ੇ ਪਾਣੀ ਦੇ ਵਹਾਅ ਵਿੱਚ ਵੀ ਰੁਕਾਵਟ ਪਾਉਂਦੇ ਹਨ ਜਿਸ ਕਾਰਨ ਪਾਣੀ ਦਾ ਪੱਧਰ ਉੱਚਾ ਹੋ ਕੇ ਦਰਿਆ ਦੇ ਕਿਨਾਰੇ ਵੱਸੇ ਪਿੰਡਾਂ, ਸ਼ਹਿਰਾਂ ਵਿੱਚ ਜਾ ਵੜਦਾ ਹੈ ਅਤੇ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਦਰਿਆਵਾਂ ਕਿਨਾਰੇ ਵੱਸੇ ਪਿੰਡ ਵੀ ਇਸੇ ਤਰ੍ਹਾਂ ਹੜ੍ਹ ਆਉਣ ਨਾਲ ਨੁਕਸਾਨੇ ਜਾ ਰਹੇ ਹਨ।

ਮੀਂਹ ਦਾ ਵਾਧੂ ਪਾਣੀ ਲਿਜਾਣ ਵਾਲੀਆਂ ਡਰੇਨਾਂ, ਬਰਸਾਤੀ ਨਦੀਆਂ, ਨਾਲਿਆਂ, ਬੰਨ੍ਹਾਂ ਆਦਿ ਦੀ ਵੇਲੇ ਸਿਰ ਮੁਰੰਮਤ ਤੇ ਸਫ਼ਾਈ ਨਾ ਹੋਣ ਕਰ ਕੇ ਵੀ ਹੜ੍ਹ ਆ ਜਾਂਦਾ ਹੈ। ਰਾਵੀ ਅਤੇ ਬਿਆਸ ਦਰਿਆਵਾਂ ਉੱਤੇ ਬਣੇ ਕਰੀਬ ਅੱਧੀ ਦਰਜਨ ਬੰਨ੍ਹ (ਧੁੱਸੀ ਬੰਨ੍ਹ, ਸੁਲਤਾਨਪੁਰ ਲੋਧੀ ਨੇੜਲਾ ਬੰਨ੍ਹ, ਨਰੋਟ ਜੈਮਲ ਨੇੜੇ ਰਾਵੀ ਦਰਿਆ ਉੱਤੇ ਬਣਿਆ ਬੰਨ੍ਹ ਆਦਿ) ਹਨ। ਡੈਮਾਂ ਦੇ ਫਲੱਡਗੇਟ ਖੋਲ੍ਹਣ ਨਾਲ ਜਦੋਂ ਇੱਕਦਮ ਬਹੁਤ ਸਾਰਾ ਪਾਣੀ ਡਰੇਨਾਂ, ਰਜਵਾਹਿਆਂ ਜਾਂ ਨਹਿਰਾਂ ਵਿੱਚ ਆ ਜਾਂਦਾ ਹੈ ਤਾਂ ਇਨ੍ਹਾਂ ਦੇ ਕਮਜ਼ੋਰ ਕਿਨਾਰੇ ਟੁੱਟਣ ਨਾਲ ਵੀ ਹੜ੍ਹ ਆ ਜਾਂਦਾ ਹੈ। ਬਰਸਾਤੀ ਨਦੀਆਂ, ਨਾਲਿਆਂ ਦੇ ਵਹਾਅ ਖੇਤਰਾਂ ਵਿੱਚ ਗਾਰ ਜਮ੍ਹਾਂ ਹੋ ਜਾਣ ਕਾਰਨ ਵੀ ਇਨ੍ਹਾਂ ਦੀ ਪਾਣੀ ਚੁੱਕਣ ਦੀ ਸਮਰੱਥਾ ਘਟ ਜਾਂਦੀ ਹੈ। ਪੰਜਾਬ ਸਰਕਾਰ ਦੇ ਮਾਈਨਜ਼ ਐਂਡ ਜੀਓਲੋਜੀ ਡਿਪਾਰਟਮੈਂਟ ਦੀ 2020 ਦੀ ਰਿਪੋਰਟ ਅਨੁਸਾਰ ਦਰਿਆਵਾਂ, ਨਦੀਆਂ, ਨਾਲਿਆਂ ਆਦਿ ਦੀ ਵੇਲੇ ਸਿਰ ਸਫ਼ਾਈ ਨਾ ਹੋਣ ਕਰ ਕੇ ਇਨ੍ਹਾਂ ਵਿੱਚ ਗਾਰ, ਰੇਤ, ਬਜਰੀ ਆਦਿ ਦੀ ਬਹੁਤਾਤ ਕਾਰਨ ਪੰਜਾਬ ਵਿੱਚ 2019 ਵਿੱਚ ਹੜ੍ਹ ਆਏ ਸਨ।

ਪੰਜਾਬ ਵਿੱਚ ਵੀ ਹੋਰਨਾਂ ਰਾਜਾਂ ਵਾਂਗ ਪਾਣੀ ਦੇ ਵਹਾਅ ਖੇਤਰਾਂ ਵਿੱਚ ਉਸਾਰੀਆਂ ਹੋਣ ਕਰ ਕੇ ਹੜ੍ਹ ਆ ਰਹੇ ਹਨ। ਪਟਿਆਲਾ ਦੇ ਅਰਬਨ ਅਸਟੇਟ ਦੇ ਸਾਰੇ ਫੇਜ਼ ਚੋਅ ਖੇਤਰ ਵਿੱਚ ਬਣੇ ਹੋਏ ਹਨ ਜੋ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈੱਲਪਮੈਂਟ ਅਥਾਰਟੀ ਦੇ ਅਧੀਨ ਹੈ। ਸਵਾਲ ਉੱਠਦਾ ਹੈ ਕਿ ਜੇ ਪੰਜਾਬ ਦੀ ਪਲਾਨਿੰਗ ਅਤੇ ਡਿਵੈੱਲਪਮੈਂਟ ਅਥਾਰਟੀ ਹੀ ਚੋਅ ਖੇਤਰ ਵਿੱਚ ਮਕਾਨ ਬਣਾਉਣ ਦੀ ਵਿਉਂਤਬੰਦੀ ਕਰ ਕੇ ਦਿੰਦੀ ਹੈ ਤਾਂ ਆਮ ਲੋਕਾਂ ਦੀ ਵਿਉਂਤਬੰਦੀ ਬਾਰੇ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ? ਪੰਜਾਬ ਦੇ ਪਿੰਡਾਂ ਵਿੱਚ ਹੜ੍ਹ ਆਉਣ ਦਾ ਇੱਕ ਕਾਰਨ ਪੰਜਾਬ ਸਿਰ ਮੜ੍ਹੀ ਝੋਨੇ ਦੀ ਫ਼ਸਲ ਵੀ ਹੈ। ਇਸ ਫ਼ਸਲ ਲਈ ਛੱਪੜ ਸਿੰਜਾਈ ਦੀ ਲੋੜ ਹੁੰਦੀ ਹੈ; ਪੰਜਾਬ ਦੀਆਂ ਖੇਤੀਬਾੜੀ ਜਲਵਾਯੂ ਹਾਲਤਾਂ ਅਨੁਸਾਰ ਢੁਕਵੀਆਂ ਫ਼ਸਲਾਂ (ਕਪਾਹ, ਮੱਕੀ ਆਦਿ) ਲਈ ਸਿੰਜਾਈ ਦੀ ਜ਼ਿਆਦਾ ਲੋੜ ਨਹੀਂ ਹੁੰਦੀ। ਜ਼ਿਆਦਾ ਮੀਂਹ ਦੇ ਦਿਨਾਂ ਵਿੱਚ ਇਨ੍ਹਾਂ ਫ਼ਸਲਾਂ ਵਾਲੇ ਖੇਤ ਵਾਧੂ ਪਾਣੀ ਜਜ਼ਬ ਕਰ ਲੈਂਦੇ ਹਨ ਪਰ ਝੋਨੇ ਦੀ ਫ਼ਸਲ ਅਧੀਨ ਖੇਤ ਛੱਪੜ ਸਿੰਜਾਈ ਦੀ ਲੋੜ ਨੂੰ ਪੂਰਾ ਕਰਨ ਲਈ ਕੱਦੂ ਕਰਨ ਕਰ ਕੇ ਪਾਣੀ ਜਜ਼ਬ ਨਹੀਂ ਕਰ ਸਕਦੇ।

ਦੱਸਣਾ ਜ਼ਰੂਰੀ ਹੈ ਕਿ ਸਾਡੇ ਬਜ਼ੁਰਗ ਪਹਿਲਾਂ ਉੱਚੀਆਂ ਥਾਵਾਂ ਉੱਤੇ ਘਰ ਬਣਾਉਂਦੇ ਸਨ। ਮੀਂਹ ਪੈਣ ਤੋਂ ਬਾਅਦ ਵਾਧੂ ਪਾਣੀ ਆਪਮੁਹਾਰੇ ਟੋਭਿਆਂ ਤੇ ਤਲਾਬਾਂ ਦਾ ਰੂਪ ਧਾਰਨ ਲੈਂਦਾ ਸੀ ਅਤੇ ਹੜ੍ਹ ਤੋਂ ਬਚਾਅ ਹੋ ਜਾਂਦਾ ਸੀ। ਅੱਜ ਕੱਲ੍ਹ ਲੋਕਾਂ ਨੇ ਟੋਭੇ, ਤਲਾਬਾਂ ਅਤੇ ਹੋਰ ਨੀਵੀਆਂ ਥਾਵਾਂ ਭਰ ਕੇ ਉਸਾਰੀਆਂ ਕਰ ਲਈਆਂ ਹਨ। ਮੀਂਹ ਦਾ ਪਾਣੀ ਹੁਣ ਹੜ੍ਹ ਦੇ ਰੂਪ ਵਿੱਚ ਉਨ੍ਹਾਂ ਨੀਵੀਆਂ ਥਾਵਾਂ ਉੱਤੇ ਹੀ ਆ ਕੇ ਇਕੱਠਾ ਹੋ ਜਾਂਦਾ ਹੈ।

20 ਫਰਵਰੀ 2023 ਨੂੰ ਜਾਰੀ ਕਰਾਸ ਡਿਪੈਂਡੈਂਸੀ ਇਨੀਸ਼ੀਏਟਿਵ ਦੀ ਰਿਪੋਰਟ ਅਨੁਸਾਰ ਪੰਜਾਬ ਦੁਨੀਆ ਦੇ ਉਨ੍ਹਾਂ ਪਹਿਲੇ 50 ਖੇਤਰਾਂ ਵਿੱਚ ਸ਼ਾਮਿਲ ਹੈ, ਜਿੱਥੇ ਮੌਸਮੀ ਤਬਦੀਲੀਆਂ ਕਾਰਨ ਮਨੁੱਖਾਂ ਦੁਆਰਾ ਬਣਾਏ ਬੁਨਿਆਦੀ ਢਾਂਚੇ ਦਾ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ। ਰਾਜ ਅਤੇ ਕੇਂਦਰ ਸਰਕਾਰਾਂ ਨੂੰ ਅਜਿਹੀਆਂ ਕੌਮਾਂਤਰੀ ਰਿਪੋਰਟਾਂ ਦੇ ਮੱਦੇਨਜ਼ਰ ਕੁਦਰਤੀ ਆਫ਼ਤਾਂ ਨਾਲ ਸਿੱਝਣ ਲਈ ਅਗਾਊਂ ਉਚੇਚੇ ਪ੍ਰਬੰਧ ਕਰਨੇ ਚਾਹੀਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਦਰਿਆਵਾਂ, ਨਦੀਆਂ, ਬਰਸਾਤੀ ਨਾਲਿਆਂ, ਚੋਆਂ ਦੇ ਵਹਾਅ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਅਤੇ ਵਰਤੋਂ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾਵੇ। ਇਨ੍ਹਾਂ ਸਾਰਿਆਂ ਦੇ ਵਹਾਅ ਖੇਤਰਾਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਨਿਯਮਤ ਰੂਪ ਵਿੱਚ ਕਰਵਾਵੇ। ਪੁਰਾਣੇ ਬਰਸਾਤੀ ਨਾਲਿਆਂ, ਟੋਬਿਆਂ, ਛੱਪੜਾਂ ਆਦਿ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦੇਵੇ। ਸੰਭਵ ਹੋਵੇ ਤਾਂ ਟੋਭੇ ਮੁੜ ਸੁਰਜੀਤ ਕੀਤੇ ਜਾਣ। ਮੀਂਹ ਪੈਣ ਤੋਂ ਬਾਅਦ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਿਨ੍ਹਾਂ ਨੀਵੀਆਂ ਥਾਵਾਂ ਉੱਤੇ ਪਾਣੀ ਇਕੱਠਾ ਹੋ ਜਾਂਦਾ ਹੈ, ਉੱਥੇ ਰੀਚਾਰਜ ਖੂਹ ਬਣਾਏ ਜਾਣ ਤਾਂ ਕਿ ਮੀਂਹ ਦਾ ਪਾਣੀ ਹੜ੍ਹ ਦਾ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਇਨ੍ਹਾਂ ਖੂਹਾਂ ਵਿੱਚ ਚਲਾ ਜਾਵੇ। ਹਰ ਤਰ੍ਹਾਂ ਦੀ ਉਸਾਰੀ (ਮਕਾਨ ਜਾਂ ਇਮਾਰਤ) ਤੋਂ ਪਹਿਲਾਂ ਹੀ ਉੱਥੇ ਮੀਂਹ ਦਾ ਪਾਣੀ ਸੰਭਾਲਣ ਦਾ ਇੰਤਜ਼ਾਮ ਕਰਨਾ ਲਾਜ਼ਮੀ ਹੋਵੇ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਫ਼ਸਲ ਦੀ ਥਾਂ ਪੰਜਾਬ ਦੀਆਂ ਖੇਤੀਬਾੜੀ ਜਲਵਾਯੂ ਹਾਲਤਾਂ ਅਨੁਸਾਰ ਢੁੱਕਵੀਆਂ ਫ਼ਸਲਾਂ ਦੀਆਂ ਲਾਹੇਵੰਦ ਘੱਟੋ-ਘੱਟ ਸਮਰਥਨ ਕੀਮਤਾਂ ਦੇਣੀਆਂ ਯਕੀਨੀ ਬਣਾਵੇ।

*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement
×