DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਤੀ ਦੀ ਸਿਹਤ ਬਨਾਮ ਮਨੁੱਖ ਦੀ ਸਿਹਤ

ਡਾ. ਸ਼ਿਆਮ ਸੁੰਦਰ ਦੀਪਤੀ ਸਾਫ ਹਵਾ, ਪਾਣੀ ਅਤੇ ਖੁਰਾਕ ਨਾਲ ਸਾਡੀ ਸਿਹਤ ਜੁੜੀ ਹੈ ਤੇ ਧਰਤੀ ਦੀ ਸਿਹਤ ਵੀ ਇਨ੍ਹਾਂ ’ਤੇ ਹੀ ਨਿਰਭਰ ਹੈ। ਇਸ ਮਾਮਲੇ ਵਿੱਚ ਕਰੋਨਾ ਸੰਕਟ ਤੋਂ ਸਬਕ ਸਿੱਖਣਾ ਬੇਹੱਦ ਜ਼ਰੂਰੀ ਹੈ। ਉਦੋਂ ਅਸੀਂ ਨਹਿਰਾਂ ਨੂੰ ਸਾਹ...
  • fb
  • twitter
  • whatsapp
  • whatsapp
Advertisement

ਡਾ. ਸ਼ਿਆਮ ਸੁੰਦਰ ਦੀਪਤੀ

ਸਾਫ ਹਵਾ, ਪਾਣੀ ਅਤੇ ਖੁਰਾਕ ਨਾਲ ਸਾਡੀ ਸਿਹਤ ਜੁੜੀ ਹੈ ਤੇ ਧਰਤੀ ਦੀ ਸਿਹਤ ਵੀ ਇਨ੍ਹਾਂ ’ਤੇ ਹੀ ਨਿਰਭਰ ਹੈ। ਇਸ ਮਾਮਲੇ ਵਿੱਚ ਕਰੋਨਾ ਸੰਕਟ ਤੋਂ ਸਬਕ ਸਿੱਖਣਾ ਬੇਹੱਦ ਜ਼ਰੂਰੀ ਹੈ। ਉਦੋਂ ਅਸੀਂ ਨਹਿਰਾਂ ਨੂੰ ਸਾਹ ਲੈਂਦੇ ਦੇਖਿਆ, ਧਰਤੀ ਨੂੰ ਹੱਸਦੇ ਮੁਸਕਰਾਉਂਦੇ ਤੱਕਿਆ। ਅਸੀਂ ਬੰਦ ਸੀ, ਪਰ ਅਸਮਾਨ ਸਾਫ਼ ਸੀ, ਨੀਲਾ-ਨੀਲਾ। ਜਿੱਥੇ ਕਿਤੇ ਵੀ ਪਹਾੜੀਆਂ ਦਿਸਦੀਆਂ ਸੀ, ਉਨ੍ਹਾਂ ਦਾ ਨਿਖਾਰ ਵੀ ਵੱਖਰਾ ਸੀ। ਇਹ ਸਾਰੇ ਸੰਕੇਤ ਹਨ ਕਿ ਕਿਵੇਂ ਵਾਤਾਵਰਨ ਸਾਫ਼ ਹੋ ਸਕਦਾ ਹੈ। ਸਾਨੂੰ ਕਿਹੜੇ-ਕਿਹੜੇ ਕੰਮਾਂ ਵਿਚ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਲੋੜ ਹੈ। ‘ਵਿਕਾਸ’ ਦੇ ਅਰਥਾਂ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਦੀ ਲੋੜ ਹੈ। ਕੀ ਸਾਨੂੰ ਵਿਕਾਸ ਨਾਲ ਵਧ ਰਹੀ ਇਕੱਲਤਾ ਅਤੇ ਇਕੱਲਤਾ ਤੋਂ ਵਧ ਰਹੀ ਉਦਾਸੀ ਚਾਹੀਦੀ ਹੈ? ਇਹ ਕਿਹੋ ਜਿਹਾ ਵਿਕਾਸ ਹੈ, ਜੋ ਹਜ਼ਾਰਾਂ ਮੀਲ ਦੂਰ ਬੈਠੇ ਬੱਚੇ ਨਾਲ ਸਿੱਧੇ ਸ਼ਕਲੋ-ਸ਼ਕਲੀ ਗੱਲ ਕਰਵਾਉਂਦਾ ਹੈ, ਆਵਾਜ਼ਾਂ ਨਾਲ ਕਲੇਜਾ ਠੰਢਾ ਹੁੰਦਾ ਹੈ ਤੇ ਸੰਪਰਕ ਟੁੱਟਦੇ ਸਾਰ ਉਦਾਸੀ ਵਧ ਜਾਂਦੀ ਹੈ, ਬਹੁਤ ਲੰਮੀ ਉਦਾਸੀ।

Advertisement

ਸਾਡੀ ਅਤੇ ਧਰਤੀ ਦੀ ਸਿਹਤ ਨੂੰ ਲੈ ਕੇ ਉਭਾਰੇ ਵਿਸ਼ੇ ਲਈ ਤਿੰਨ ਪਹਿਲੂ ਵੀ ਸਾਹਮਣੇ ਰੱਖੇ ਗਏ ਹਨ, ਜੋ ਇਸ ਦਿਸ਼ਾ ਨੂੰ ਠੱਲ੍ਹ ਪਾ ਸਕਦੇ ਹਨ ਜਾਂ ਫਿਲਹਾਲ ਇਸ ਦੀ ਰਫ਼ਤਾਰ ਘਟਾ ਸਕਦੇ ਹਨ; ਉਹ ਹਨ- ਰਾਜਨੀਤਕ, ਸਮਾਜਿਕ ਅਤੇ ਵਪਾਰਕ। ਜੇਕਰ ਇਸ ਨੂੰ ਇਕ ਕੇਂਦਰੀ ਨੁਕਤੇ ਤੱਕ ਸੀਮਤ ਕਰ ਕੇ ਦੇਖਣਾ ਹੋਵੇ ਤਾਂ ਉਹ ਰਾਜਨੀਤਕ ਹੈ। ਰਾਜਨੀਤਕ ਇੱਛਾ ਸ਼ਕਤੀ ਬਹੁਤ ਅਸਰਦਾਰ ਹੁੰਦੀ ਹੈ; ਜੇ ਉਹ ਆਪਣੀ ਤਾਕਤ ਨੂੰ ਪਛਾਣੇ ਤੇ ਸਹੀ ਦਿਸ਼ਾ ਵਿਚ ਵਰਤੇ, ਪਰ ਦਿਨ-ਬਦਿਨ ਰਾਜਨੀਤਕ ਸ਼ਕਤੀ ਨੂੰ ਵਪਾਰਕ ਸ਼ਕਤੀ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ। ਵਪਾਰਕ ਸ਼ਕਤੀ ਕੌਮਾਂਤਰੀ ਪੱਧਰ ਤੱਕ ਬਣ ਰਹੀ ਹੈ ਤੇ ਉਹ ਹੁਣ ਰਾਜਨੀਤਕ ਏਜੰਡਾ ਤੈਅ ਕਰਦੀ ਹੈ। ਇਹ ਸਭ ਸਰਮਾਏਦਾਰੀ ਤੈਅ ਕਰਦੀ ਹੈ ਜੋ ਸਾਮਰਾਜਵਾਦ ਦੇ ਰੂਪ ਵਿੱਚ ਉੱਭਰ ਰਹੀ ਹੈ।

ਮਨੁੱਖ ਦੀ ਸਿਹਤ ਦੀ ਗੱਲ ਕਰੀਏ ਤਾਂ ਕੌਮਾਂਤਰੀ ਪੱਧਰ ’ਤੇ ਵਿਸ਼ਵ ਸਿਹਤ ਸੰਸਥਾ ਆਪਣੇ ਸਥਾਪਨਾ ਦਿਵਸ ਮੌਕੇ 7 ਅਪਰੈਲ ਨੂੰ ‘ਵਿਸ਼ਵ ਸਿਹਤ ਦਿਵਸ’ ਮਨਾਉਂਦੀ ਹੈ। ਦਰਅਸਲ, ਸਿਹਤ ਦਾ ਮੁੱਦਾ ਬਹੁਤ ਵਿਆਪਕ ਹੈ। ਇਸ ਨੂੰ ਬਿਮਾਰੀ ਅਤੇ ਇਲਾਜ ਤੱਕ ਸੀਮਤ ਕਰ ਦੇਣਾ, ਇਸ ਦੀ ਮੂਲ ਭਾਵਨਾ ਤੋਂ ਦੂਰ ਜਾਣਾ ਹੈ। ਬਿਮਾਰ ਲਈ ਸਮੇਂ ਸਿਰ ਸਿਹਤ ਸਹੂਲਤਾਂ ਬਿਨਾਂ ਸ਼ੱਕ ਬਹੁਤ ਅਹਿਮ ਪੱਖ ਹੈ, ਪਰ ਸਾਡੇ ਗਿਆਨ ਵਿੱਚ ਉਹ ਸੰਕਲਪ ਵੀ ਹੈ ਕਿ ਬਿਮਾਰ ਹੋਇਆ ਹੀ ਨਾ ਜਾਵੇ। ਸਾਰੇ ਲੋਕ ਸਿਹਤਮੰਦ ਰਹਿਣ, ਜੋ ਸੰਭਵ ਵੀ ਹੈ। ਸਾਡੇ ਸਰੀਰ ਵਿਚ ਲਾਜਵਾਬ ਸੁਰੱਖਿਆ ਪ੍ਰਣਾਲੀ ਹੈ, ਜੋ ਇਹ ਕੰਮ ਕਰਨ ਲਈ ਮਾਹਿਰ ਹੈ ਕਿ ਬਿਮਾਰੀ ਨੇੜੇ-ਤੇੜੇ ਨਾ ਫਟਕੇ।

ਜੇ ਮਨੁੱਖੀ ਸਰੀਰ ਦੀ ਗੱਲ ਕਰੀਏ, ਇਸ ਨੂੰ ਸੁਚਾਰੂ ਢੰਗ ਨਾਲ ਗਤੀਸ਼ੀਲ ਬਣਾਈ ਰੱਖਣ ਲਈ ਸਿਹਤਮੰਦ ਹਾਲਤ ਵਿਚ ਵਿਚਰਨ ਲਈ ਸਭ ਤੋਂ ਪਹਿਲੀ ਅਤੇ ਅਹਿਮ ਲੋੜ ਖੁਰਾਕ ਦੀ ਹੈ ਪਰ ਸਿਹਤ ਅਤੇ ਬਿਮਾਰੀ ਨੂੰ ਲੈ ਕੇ ਜਦੋਂ ਵੀ ਚਰਚਾ ਹੁੰਦੀ ਹੈ, ਖੁਰਾਕ ਦੀ ਗੱਲ ਉਸ ਵਿਚ ਸ਼ਾਮਲ ਨਹੀਂ ਹੁੰਦੀ। ਸਰਕਾਰਾਂ ਸਿਹਤ ਦੇ ਪਹਿਲੂ ’ਤੇ ਦਵਾਈਆਂ, ਸਿਹਤ ਕੇਂਦਰਾਂ ਦੀ ਮਜ਼ਬੂਤੀ, ਡਾਕਟਰਾਂ/ਨਰਸਾਂ ਦੀ ਭਰਤੀ ਦੀ ਗੱਲ ਕਰਦੀਆਂ ਹਨ। ਖੁਰਾਕ ਹੀ ਮੁੱਖ ਤੌਰ ’ਤੇ ਅਜਿਹਾ ਜ਼ਰੀਆ ਹੈ, ਜਿਸ ਨਾਲ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤੀ ਮਿਲਦੀ ਹੈ। ਸੁਰੱਖਿਆ ਪ੍ਰਣਾਲੀ ਮਜ਼ਬੂਤ ਹੋਵੇਗੀ ਤਾਂ ਉਹ ਬਿਮਾਰ ਕਰਨ ਵਾਲੇ ਕੀਟਾਣੂਆਂ, ਵਿਸ਼ਾਣੂਆਂ ਜਾਂ ਹੋਰ ਖਤਰਨਾਕ ਕਣਾਂ ਨਾਲ ਕਾਰਗਰ ਢੰਗ ਨਾਲ ਨਜਿੱਠ ਸਕੇਗੀ। ਇਸ ਖੁਰਾਕ ਦੇ ਅਗਾਂਹ ਮਹੱਤਵਪੂਰਨ ਪੱਖ ਹਨ। ਪ੍ਰੋਟੀਨ, ਵਿਟਾਮਿਨ, ਖਣਿਜ ਪਦਾਰਥ ਜੋ ਦਾਲਾਂ, ਫਲਾਂ, ਸਬਜ਼ੀਆਂ ਤੋਂ ਮਿਲਦੇ ਹਨ। ਇਹ ਖੁਰਾਕੀ ਤੱਤ ਲੋਕਾਂ ਨੂੰ ਮੁਹੱਈਆ ਕਰਵਾਉਣੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਿਵੇਂ ਖੇਤੀ ਨੀਤੀ ਤਹਿਤ ਇਨ੍ਹਾਂ ਨੂੰ ਉਗਾਉਣ ਦੀ ਵਿਉਂਤਬੰਦੀ ਹੋਵੇ ਤੇ ਫਿਰ ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿਸ ਤਰ੍ਹਾਂ ਦੀ ਵੰਡ ਪ੍ਰਣਾਲੀ ਬਣੇ। ਖੁਰਾਕ ਮੁਹੱਈਆ ਕਰਵਾਉਣ ਤੋਂ ਅੱਗੇ ਇਕ ਹੋਰ ਅਹਿਮ ਪਹਿਲੂ ਹੈ ਕਿ ਇਹ ਕਿਸ ਰੂਪ ਵਿੱਚ ਲੋਕਾਂ ਦੇ ਮੂੰਹ ਤੱਕ ਪਹੁੰਚਦੀ ਹੈ।

ਸਿਹਤ ਨੂੰ ਲੈ ਕੇ ਦੂਜਾ ਅਹਿਮ ਪੱਖ ਜੋ ਸਿਹਤ ਚਰਚਾ ਵਿਚ ਘੱਟੋ-ਘੱਟ ਸਿੱਧੇ ਤੌਰ ’ਤੇ ਕਦੇ ਵੀ ਨਹੀਂ ਆਉਂਦਾ, ਉਹ ਹੈ ਵਾਤਾਵਰਨ। ਵਾਤਾਵਰਨ ਬਹੁਤ ਵਸੀਹ ਪਹਿਲੂ ਹੈ। ਇਸ ਨੂੰ ਸਮਝਣਾ ਹੋਵੇ ਤਾਂ ਮਨੁੱਖੀ ਜੀਵਨ ਦੇ ਦੋ ਅਹਿਮ ਤੱਤ ਹਵਾ ਅਤੇ ਪਾਣੀ, ਸਾਡੇ ਵਾਤਾਵਰਣ ਦਾ ਹਿੱਸਾ ਹਨ; ਭਾਵੇਂ ਖੁਰਾਕ ਵੀ ਓਨਾ ਹੀ ਅਹਿਮ ਹਿੱਸਾ ਹੈ। ਵਾਤਾਵਰਨ ਨੂੰ ਗੰਭੀਰਤਾ ਨਾਲ ਅਸੀਂ ਕੁਝ ਕੁ ਸਾਲਾਂ ਤੋਂ ਹੀ ਸਮਝਣ ਲੱਗੇ ਹਾਂ ਪਰ ਇਸ ਨਾਲ ਨਜਿੱਠਣ ਲਈ ਅਜੇ ਵੀ ਤਿਆਰ ਨਹੀਂ ਹੋਏ। ਇਕ ਮੱਦ ਇਹ ਵੀ ਹੈ ਕਿ ਮੈਡੀਸਨ ਦੇ ਪਿਤਾਮਾ ਮੰਨੇ ਜਾਂਦੇ ਯੂਨਾਨ ਦੇ ਹਿਪੋਕਰੇਟਸ ਨੇ ਤਿੰਨ ਹਜ਼ਾਰ ਸਾਲ ਪਹਿਲਾਂ ਬਿਮਾਰੀਆਂ ਹੋਣ ਨੂੰ ਵਾਤਾਵਰਨ ਨਾਲ ਜੋੜਿਆ ਅਤੇ ਇਹ ਮੈਡੀਕਲ ਖੇਤਰ ਵਿੱਚ ਪਹਿਲਾ ਵਿਗਿਆਨਕ ਕਥਨ ਸੀ, ਨਹੀਂ ਤਾਂ ਇਹ ਦੈਵੀ ਸ਼ਕਤੀ ਦੇ ਕਹਿਰ ਵਜੋਂ ਲਈਆਂ ਜਾਂਦੀਆਂ ਸਨ।

ਵਾਤਾਵਰਨ ਵਿਚ ਗੰਦਗੀ ਦੇ ਢੇਰ, ਬਦਬੂ ਆਦਿ ਨਾਲ ਪਰੇਸ਼ਾਨੀ ਤਾਂ ਹੋਈ, ਪਰ ਉਸ ਦਾ ਹੱਲ ਸ਼ਹਿਰ ਤੋਂ ਦੂਰ ਕੀਤਾ ਗਿਆ। ਇਹ ਗੱਲ ਹੌਲੀ-ਹੌਲੀ ਸਮਝ ਵਿੱਚ ਆਈ ਕਿ ਹਵਾ ਚੱਲਦੀ ਹੈ ਤਾਂ ਪ੍ਰਦੂਸ਼ਿਤ ਕਣਾਂ ਨੂੰ ਮੀਲੋਂ ਦੂਰ ਨਾਲ ਲਿਆ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਵੱਧ ਰਿਹਾ ਤਾਪਮਾਨ ਸਭ ਨੂੰ ਪ੍ਰਭਾਵਿਤ ਕਰ ਰਿਹਾ ਹੈ, ਨਤੀਜੇ ਵਜੋਂ ਮੌਸਮਾਂ ਦੀ ਬਦਲ ਰਹੀ ਫਿਤਰਤ ਤੋਂ ਕੋਈ ਨਹੀਂ ਬਚ ਸਕਿਆ ਹੈ। ਓਜ਼ੋਨ ਪਰਤ ਦੇ ਨੁਕਸਾਨ ਨੇ ਕਿੰਨੀਆਂ ਹੀ ਬਿਮਾਰੀਆਂ ਵਿਚ ਵਾਧਾ ਕੀਤਾ ਹੈ। ਵਾਹਨਾਂ ਵਿਚ ਵਰਤੇ ਜਾਂਦੇ ਤੇਲ ਨੇ ਹਵਾ ਪ੍ਰਦੂਸ਼ਿਤ ਕੀਤੀ ਹੈ। ਵਿਸ਼ਵ ਸਿਹਤ ਸੰਸਥਾ ਦੇ ਅੰਦਾਜ਼ੇ ਮੁਤਾਬਿਕ, ਤਕਰੀਬਨ 1.2 ਕਰੋੜ ਲੋਕ ਹਰ ਸਾਲ ਇਸ ਲਈ ਮਰ ਜਾਂਦੇ ਹਨ ਕਿ ਉਨ੍ਹਾਂ ਨੂੰ ਸਿਹਤਮੰਦ ਵਾਤਾਵਰਨ ਨਹੀਂ ਮਿਲ ਰਿਹਾ। ਇਸ ਖਰਾਬੀ ਲਈ ਅਸੀਂ ਹੀ ਜ਼ਿੰਮੇਵਾਰ ਹਾਂ। ਇਹੀ ਹਾਲਤ ਪਾਣੀ ਦੀ ਹੈ ਹਾਲਾਂਕਿ ਏਅਰਪਿਉਰੀਫਾਇਰ, ਵੱਖ-ਵੱਖ ਤਰ੍ਹਾਂ ਦੇ ਏਅਰ ਕੰਡੀਸ਼ਨਰ ਆ ਰਹੇ ਹਨ ਤੇ ਇਸ ਦਿਸ਼ਾ ਵਿੱਚ ਖੋਜ ਵੀ ਕਾਫੀ ਹੋ ਰਹੀ ਹੈ, ਪਰ ਸਮੱਸਿਆ ਦੀ ਜੜ੍ਹ ਨੂੰ ਲੈ ਕੇ ਕੋਈ ਕੰਮ ਨਹੀਂ ਹੋ ਰਿਹਾ। ਤਕਨਾਲੋਜੀ ਦੀ ਡੋਰ ਸਰਮਾਏਦਾਰੀ ਦੇ ਹੱਥ ਹੈ ਤੇ ਉਹ ਮੁਨਾਫ਼ੇ ਵਾਲੀ ਦਿਸ਼ਾ ਵਿੱਚ ਖੋਜ ਕਰਦੇ ਹਨ। ਹਰ ਸਾਲ ਨਵੇਂ ਤੋਂ ਨਵਾਂ ਮਾਡਲ ਲਿਆ ਕੇ ਬਾਜ਼ਾਰ ਭਰ ਦਿੰਦੇ ਹਨ। ਇਉਂ ਸਿਹਤ ਦਾ ਨੁਕਸਾਨ ਰੁਕਣ ਦੀ ਬਜਾਏ ਵਧ ਰਿਹਾ ਹੈ।

ਸਿਹਤ ਦੇ ਖੇਤਰ ਵਿਚ ਨਾ-ਬਰਾਬਰੀ ਪਹਿਲਾਂ ਹੀ ਕਾਫੀ ਹੈ, ਇਸ ਸਮੱਸਿਆ ਨਾਲ ਜਦੋਂ ਪੂਰੀ ਧਰਤੀ ਅਤੇ ਜੀਵ ਪ੍ਰਭਾਵਿਤ ਹੋ ਰਹੇ ਹਨ ਤਾਂ ਇਹ ਨਾ-ਬਰਾਬਰੀ ਹੋਰ ਵਧ ਰਹੀ ਹੈ। ਇਹ ਨਹੀਂ ਕਿ ਏਸੀ ਜਾਂ ਹਵਾ ਸਾਫ਼ ਕਰਨ ਦੀ ਮਸ਼ੀਨ ਅਮੀਰਾਂ ਦੀ ਉਮਰ ਵਧਾ ਰਹੀ ਹੈ ਜਾਂ ਸਿਹਤਮੰਦ ਰੱਖ ਰਹੀ ਹੈ; ਦਰਅਸਲ ਦੋਵੇਂ ਬਿਮਾਰੀਆਂ ਵੱਖ-ਵੱਖ ਹੋ ਰਹੀਆਂ ਹਨ ਤੇ ਸਿਹਤ ਸਹੂਲਤਾਂ ਅਮੀਰ ਆਦਮੀ ਦੀ ਪਹੁੰਚ ਵਿਚ ਹਨ।

ਪ੍ਰਦੂਸ਼ਿਤ ਵਾਤਾਵਰਨ ਨੇ ਹਵਾ, ਪਾਣੀ ਅਤੇ ਹੁਣ ਖੁਰਾਕ ਨੂੰ ਵੀ ਪ੍ਰਭਾਵਿਤ ਕੀਤਾ ਹੈ ਤੇ ਕੈਂਸਰ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਵਧਾਈਆਂ ਹਨ। ਘਰ ਦੀ ਰਸੋਈ ਤੋਂ ਬਾਹਰ ਬਾਜ਼ਾਰ ਵਿੱਚ ਮਿਲਦੀ ਫਾਸਟ-ਫੂਡ ਮੋਟਾਪੇ ਦੀ ਦਰ ਨੂੰ ਖ਼ਤਰਨਾਕ ਸੀਮਾ ਤੱਕ ਲੈ ਗਈ ਹੈ ਤੇ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਜ਼ਾਹਿਰ ਹੈ ਕਿ ਜਦੋਂ ਤੱਕ ਸਿਹਤ ਦਾ ਪਹਿਲੂ ਵਿਆਪਕ ਪੱਧਰ ’ਤੇ ਨਹੀਂ ਸਮਝਿਆ ਜਾਂਦਾ; ਭਾਵ, ਧਰਤੀ ਦੀ ਸਿਹਤ ਬਾਰੇ ਵਿਚਾਰ ਨਹੀਂ ਕੀਤੀ ਜਾਂਦੀ, ਤਦ ਤੱਕ ਸਿਹਤ ਦਾ ਖੇਤਰ ਮਾਰ ਹੇਠ ਰਹੇਗਾ। ਹਸਪਤਾਲਾਂ ਵਿੱਚ ਲੋੜੀਂਦੇ ਟੈਸਟ ਅਤੇ ਦਵਾਈਆਂ ਮੁਹੱਈਆ ਕਰਵਾਉਣਾ ਵੀ ਸਿਹਤ ਬਾਰੇ ਪੂਰੀ ਸਮਝ ਨਹੀਂ ਹੈ। ਇਸ ਦਿਸ਼ਾ ਵਿਚ ਚੰਗੀ ਹਵਾ, ਪਾਣੀ ਤੇ ਖੁਰਾਕ ਦੀ ਗਾਰੰਟੀ ਕੁਝ ਹੱਦ ਤੱਕ ਸਹੀ ਕਦਮ ਹੋਵੇਗਾ। ਇਸ ਦੇ ਲਈ ਸਰਮਾਏਦਾਰੀ ਨੂੰ ਆਪਣੇ ਸਨਅਤੀ ਤੌਰ-ਤਰੀਕੇ ਬਦਲਣੇ ਪੈਣਗੇ। ਹੁਣ ਸਨਅਤਕਾਰ ਆਪਣੇ ਮੁਨਾਫ਼ੇ ਘੱਟ ਕਰਨ ਲਈ ਕਿੰਨਾ ਕੁ ਰਾਜ਼ੀ ਹੋਣਗੇ, ਇਹ ਦੇਖਣ ਵਾਲਾ ਨੁਕਤਾ ਹੈ।

ਅਸੀਂ ਮਨੁੱਖ ਦੀ ਫਿ਼ਕਰ ਤਾਂ ਹੀ ਘਟਾ ਸਕਦੇ ਹਾਂ, ਜੇਕਰ ਸਾਡੀ ਧਰਤੀ ਸਿਹਤਮੰਦ ਹੋਵੇਗੀ, ਖੁਸ਼ ਹੋਵੇਗੀ। ਇਸ ਸੂਰਤ ਵਿੱਚ ਹੀ ਉਹ ਆਪਣੀ ਬੁੱਕਲ ਵਿੱਚ ਸਾਫ਼ ਹਵਾ, ਪਾਣੀ ਅਤੇ ਖੁਰਾਕ ਦੇਣ ਦੇ ਯੋਗ ਹੋਵੇਗੀ।

ਸੰਪਰਕ: 98158-08506

Advertisement
×