DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚਿਆਂ ਦੀ ਪੁਕਾਰ ਅਜਾਈਂ ਨਹੀਂ ਜਾਵੇਗੀ

ਡਾ. ਅਰੁਣ ਮਿੱਤਰਾ ਬੱਚੇ ਕੁਦਰਤ ਦਾ ਸਭ ਤੋਂ ਵੱਡਾ ਤੋਹਫ਼ਾ ਹਨ। ਉਨ੍ਹਾਂ ਨੂੰ ਵਧਦੇ ਹੋਏ ਦੇਖਣ ਨਾਲ ਸਦੀਵੀ ਖੁਸ਼ੀ ਮਿਲਦੀ ਹੈ ਕਿਉਂਕਿ ਉਹ ਜੀਵਨ ਦੀ ਉਮੀਦ, ਭਵਿੱਖ ਅਤੇ ਨਿਰੰਤਰਤਾ ਹਨ। ਡਾਕਟਰ ਹੋਣ ਦੇ ਨਾਤੇ ਕਿਸੇ ਬੱਚੇ ਦੀ ਸਰੀਰਕ ਸੱਟ, ਬਿਮਾਰੀ...
  • fb
  • twitter
  • whatsapp
  • whatsapp
Advertisement

ਡਾ. ਅਰੁਣ ਮਿੱਤਰਾ

ਬੱਚੇ ਕੁਦਰਤ ਦਾ ਸਭ ਤੋਂ ਵੱਡਾ ਤੋਹਫ਼ਾ ਹਨ। ਉਨ੍ਹਾਂ ਨੂੰ ਵਧਦੇ ਹੋਏ ਦੇਖਣ ਨਾਲ ਸਦੀਵੀ ਖੁਸ਼ੀ ਮਿਲਦੀ ਹੈ ਕਿਉਂਕਿ ਉਹ ਜੀਵਨ ਦੀ ਉਮੀਦ, ਭਵਿੱਖ ਅਤੇ ਨਿਰੰਤਰਤਾ ਹਨ। ਡਾਕਟਰ ਹੋਣ ਦੇ ਨਾਤੇ ਕਿਸੇ ਬੱਚੇ ਦੀ ਸਰੀਰਕ ਸੱਟ, ਬਿਮਾਰੀ ਜਾਂ ਕਿਸੇ ਵੀ ਤਰ੍ਹਾਂ ਦੇ ਤਣਾਅ ਕਾਰਨ ਹੋਣ ਵਾਲੇ ਦਰਦ ਨੂੰ ਦੂਰ ਕਰਨਾ ਬਹੁਤ ਹੀ ਤਸੱਲੀ ਵਾਲੀ ਗੱਲ ਹੁੰਦੀ ਹੈ। ਇਹ ਸਮਝਣਾ ਮੁਸ਼ਕਿਲ ਹੈ ਕਿ ਕਿਵੇਂ ਕੁਝ ਲੋਕ ਬੱਚਿਆਂ ਨੂੰ ਨੁਕਸਾਨ ਪਹੁੰਚਾ ਕੇ, ਇੱਥੋਂ ਤੱਕ ਕਿ ਕਤਲ ਕਰਨ ਵਿਚ ਵੀ ਆਨੰਦ ਪ੍ਰਾਪਤ ਕਰਦੇ ਹਨ। ਗਾਜ਼ਾ ਵਿਚ ਇਜ਼ਰਾਈਲ ਦੇ ਸੁਰੱਖਿਆ ਬਲਾਂ ਦੁਆਰਾ ਬੱਚਿਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਚੱਲ ਰਹੀ ਸਦੀ ਦਾ ਸਭ ਤੋਂ ਵੱਡਾ ਅਪਰਾਧ ਹਨ।

ਗਾਜ਼ਾ ਵਿਚ ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਦਿਲ ਕੰਬ ਜਾਂਦਾ ਹੈ; ਮਾਵਾਂ ਡੂੰਘੇ ਦਰਦ ਵਿਚ ਰੋਂਦੀਆਂ, ਆਸ ਟੁੱਟਣ ਤੋਂ ਦੁਖੀ ਪਿਤਾ, ਲਾਸ਼ ਕੋਲ ਗੁੰਮਸੁਮ ਬੈਠੇ ਭੈਣ-ਭਰਾ। ਇਜ਼ਰਾਈਲ ਦੇ ਹਮਲਾਵਰ ਰੁਖ਼ ਤੋਂ ਕੁਝ ਪਤਾ ਨਹੀਂ ਲੱਗ ਰਿਹਾ ਕਿ ਮੌਤ ਦਾ ਨਾਚ ਕਦੋਂ ਤੱਕ ਚਲੇਗਾ। ਗਾਜ਼ਾ ਦੇ ਲੋਕ ਜਿਸ ਭਿਆਨਕ ਹਾਲਾਤ ਵਿਚੋਂ ਲੰਘ ਰਹੇ ਹਨ, ਉਹ ਕਲਪਨਾ ਤੋਂ ਪਰੇ ਹੈ। ਇਸ ਨੂੰ ਜੰਗ ਕਹਿਣਾ ਗ਼ਲਤ ਹੋਵੇਗਾ। ਇਹ ਬੱਚਿਆਂ ਸਮੇਤ ਬੇਕਸੂਰ ਲੋਕਾਂ ਦੀ ਨਸਲਕੁਸ਼ੀ ਹੈ। ਹਮਾਸ ਜਿਸ ਨੇ 7 ਅਕਤੂਬਰ ਨੂੰ ਵਹਿਸ਼ੀ ਕੰਮ ਕੀਤਾ, ਇਜ਼ਰਾਇਲੀ ਹਮਲੇ ਦੀ ਤਸਵੀਰ ਵਿਚ ਕਿਤੇ ਵੀ ਨਹੀਂ ਹੈ। ਹਸਪਤਾਲਾਂ ਦੇ ਹਥਿਆਰਾਂ ਦੇ ਅੱਡੇ ਹੋਣ ਦੀਆਂ ਗੱਲਾਂ ਝੂਠੀਆਂ ਸਾਬਤ ਹੋ ਰਹੀਆਂ ਹਨ।

Advertisement

ਜੰਗ ਹਮੇਸ਼ਾ ਤਬਾਹੀ ਦਾ ਕਾਰਨ ਬਣਦੀ ਹੈ। ਇਨ੍ਹਾਂ ਹਾਲਾਤ ਵਿਚ ਬੱਚੇ ਬਿਨਾਂ ਕਿਸੇ ਕਸੂਰ ਦੇ ਸਭ ਤੋਂ ਵੱਧ ਪੀੜਤ ਹੁੰਦੇ ਹਨ। ਹੁਣ ਜਦੋਂ ਹਸਪਤਾਲਾਂ ਨੂੰ ‘ਸਜ਼ਾ-ਏ-ਮੌਤ’ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਮਾਂ ਦੇ ਗਰਭ ਵਿਚ ਭਰੂਣਾਂ ਅਤੇ ਨਵਜੰਮੇ ਬੱਚਿਆਂ ਸਮੇਤ ਮਰਨ ਵਾਲੇ ਬੱਚਿਆਂ ਦੀ ਗਿਣਤੀ ਕਈ ਗੁਣਾ ਵਧ ਜਾਵੇਗੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਤੁਰਕ ਅਨੁਸਾਰ, “ਅਜਿਹੇ ਹਾਲਾਤ ਵਿਚ ਗਾਜ਼ਾ ਵਿਚ ਬਿਮਾਰੀ, ਭੁੱਖ ਦਾ ਕਹਿਰ ਅਟੱਲ ਹੈ। ਜਨੇਵਾ ਵਿਚ ਸੰਯੁਕਤ ਰਾਸ਼ਟਰ ਵਿਚ ਭਾਸ਼ਣ ਦੌਰਾਨ ਉਨ੍ਹਾਂ ਗਾਜ਼ਾ ਵਿਚ ਭੋਜਨ, ਬਾਲਣ ਤੇ ਮੈਡੀਕਲ ਸਪਲਾਈ ਦੀ ਬਹੁਤ ਜਿ਼ਆਦਾ ਘਾਟ ਉਜਾਗਰ ਕੀਤੀ ਅਤੇ ਪਾਣੀ, ਸੀਵਰੇਜ ਤੇ ਸਿਹਤ ਸੰਭਾਲ ਸੇਵਾਵਾਂ ਦੇ ਪੂਰੀ ਤਰ੍ਹਾਂ ਢਹਿ ਜਾਣ ਦੇ ਨਤੀਜਿਆਂ ਬਾਰੇ ਚਿਤਾਵਨੀ ਦਿੱਤੀ; ਉਨ੍ਹਾਂ ਮੁਤਾਬਿਕ ਛੂਤ ਵਾਲੀਆਂ ਬਿਮਾਰੀਆਂ ਅਤੇ ਭੁੱਖ ਦੇ ਵੱਡੇ ਕਹਿਰ ਅਟੱਲ ਜਾਪਦੇ ਹਨ।

ਬੱਚਿਆਂ ’ਤੇ ਜੰਗ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਦੇ ਨਤੀਜੇ ਗੰਭੀਰ ਅਤੇ ਲੰਮੇ ਸਮੇਂ ਲਈ ਹੋਣਗੇ। ਸਹੀ ਭੋਜਨ ਸਪਲਾਈ ਦੀ ਅਣਹੋਂਦ ਵਿਚ ਕੁਪੋਸ਼ਣ ਕਾਰਨ ਸਰੀਰ ਵਿਚ ਕਮਜ਼ੋਰੀ ਆਉਣ ਕਰ ਕੇ ਲਾਗ ਦੀਆਂ ਬਿਮਾਰੀਆਂ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਸੋਗ, ਸਦਮੇ, ਅਸੁਰੱਖਿਆ, ਡਰ, ਨੁਕਸਾਨ ਅਤੇ ਅਨਿਸ਼ਚਿਤ ਭਵਿੱਖ ਕਾਰਨ ਮਾਨਸਿਕ ਸਿਹਤ ਅਤੇ ਵਿਕਾਸ ਸਬੰਧੀ ਵਿਕਾਰ ਪੈਦਾ ਹੋ ਜਾਂਦੇ ਹਨ।

19 ਨਵੰਬਰ 2020 ਨੂੰ ਵਿਸ਼ਵ ਪ੍ਰਸਿੱਧ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸਿ਼ਤ ਲੇਖ ਵਿਚ ਮੁਥੰਨਾ ਸਮਰਾ, ਸਾਰਾ ਹਮੂਦਾ, ਪੈਨੋਸ ਵੋਸਟਾਨਿਸ, ਬਾਸੇਲ ਅਲ-ਖੋਦਰੀ ਅਤੇ ਨਾਦਰ ਅਲ-ਡੇਵਿਕ ਨੇ ਦੱਸਿਆ ਕਿ ਲੰਮੇ ਸਮੇਂ ਤੱਕ ਜੰਗ ਦੀ ਹਾਲਤ ਵਿਚ ਰਹਿਣ ਨਾਲ ਬੱਚਿਆਂ ਵਿਚ ‘ਜ਼ਹਿਰੀਲੇ ਤਣਾਅ’ ਪੈਦਾ ਹੁੰਦਾ ਹੈ। ਇਸ ਨਾਲ ਚਿੰਤਾ, ਇਕੱਲਤਾ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਪਰਿਵਾਰ ਦੇ ਸਹਿਯੋਗ ਦੀ ਅਣਹੋਂਦ ਅਤੇ ਮਾਪਿਆਂ ਤੇ ਦੋਸਤਾਂ ਤੋਂ ਵੱਖ ਹੋਣ ਕਾਰਨ ਵਧ ਜਾਂਦੀ ਹੈ। ਸਕੂਲ ਜਾਣ ਵਿਚ ਉਨ੍ਹਾਂ ਦੀ ਅਸਮਰੱਥਾ ਚਿੰਤਾ ਵਿਚ ਵਾਧਾ ਕਰਦੀ ਹੈ। ਅਗਲੇ ਦਿਨ ਉਹ ਬਚਣਗੇ ਜਾਂ ਨਹੀਂ, ਇਸ ਬਾਰੇ ਬੇਯਕੀਨੀ ਬੱਚਿਆਂ ਦੇ ਦਿਮਾਗ ਨੂੰ ਹਮੇਸ਼ਾ ਪ੍ਰੇਸ਼ਾਨ ਕਰਦੀ ਹੈ। ਉਹ ਕਿਸੇ ਵੀ ਅਣਜਾਣ ਆਵਾਜ਼ ਪ੍ਰਤੀ ਬਹੁਤ ਜਿ਼ਆਦਾ ਸੰਵੇਦਨਸ਼ੀਲ ਹੋ ਜਾਂਦੇ ਹਨ। ਇੰਝ ਇੰਡੀਅਨ ਡਾਕਟਰ ਫਾਰ ਪੀਸ ਡਿਵੈਲਪਮੈਂਟ ਦੇ ਡਾਕਟਰਾਂ ਦੀ ਟੀਮ ਦੁਆਰਾ ਦੇਖਿਆ ਗਿਆ ਜਿਸ ਨੇ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਦੀਆਂ ਸਿਹਤ ਜ਼ਰੂਰਤਾਂ ਦਾ ਮੁਲਾਂਕਣ ਕਰਨ ਲਈ ਮਨੀਪੁਰ (ਭਾਰਤ) ਵਿਚ ਹਿੰਸਾ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਸੀ। ਚਿੰਤਾ ਦੀ ਇਹ ਨਿਰੰਤਰ ਹਾਲਤ ਬਿਸਤਰੇ ਵਿਚ ਪਿਸ਼ਾਬ ਕਰਨ, ਸੌਣ ਵਿਚ ਮੁਸ਼ਕਿਲ, ਡਰਾਉਣੇ ਸੁਫ਼ਨੇ ਅਤੇ ਆਪਣੇ ਅਜ਼ੀਜ਼ਾਂ ਨਾਲ ਤਣਾਅਪੂਰਨ ਸਬੰਧਾਂ ਦਾ ਕਾਰਨ ਬਣ ਸਕਦੀ ਹੈ। ਅਜਿਹੇ ਹਾਲਾਤ ਵਿਚ ਲੰਮੇ ਸਮੇਂ ਤੱਕ ਰਹਿਣ ਨਾਲ ਉਹ ਆਪਣੇ ਨਜ਼ਦੀਕੀਆਂ ਤੇ ਪਿਆਰਿਆਂ ਤੋਂ ਵੀ ਮੂੰਹ ਮੋੜਨ ਅਤੇ ਹਮਲਾਵਰ ਵਿਹਾਰ ਵਿਕਸਿਤ ਕਰਦੇ ਹਨ। ਉਨ੍ਹਾਂ ਵਿਚ ਛੋਟੀਆਂ ਛੋਟੀਆਂ ਗੱਲਾਂ ’ਤੇ ਬਦਲਾ ਲੈਣ ਦੀ ਭਾਵਨਾ ਵਿਕਸਿਤ ਹੁੰਦੀ ਹੈ। ਉਹ ਆਪਣੇ ਦੋਸਤਾਂ ਨਾਲ ਲੜਨਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਸਕਦੇ ਹਨ, ਜਾਂ ਦੂਜੇ ਬੱਚਿਆਂ ਨਾਲ ਧੱਕਾ ਕਰ ਸਕਦੇ ਹਨ। ਡਰ ਦੇ ਨਤੀਜੇ ਵਜੋਂ ਬਹੁਤ ਸਾਰੇ ਬੱਚੇ ਸਾਫ ਨਹੀਂ ਬੋਲ ਸਕਦੇ ਤੇ ਅਟਕਣ ਲੱਗ ਪੈਂਦੇ ਹਨ। ਕਈਆਂ ਨੂੰ ਅੰਸ਼ਕ ਐਮਨੀਸ਼ੀਆ (ਭੁੱਲਣ) ਦਾ ਅਨੁਭਵ ਵੀ ਹੋ ਸਕਦਾ ਹੈ। ਉਨ੍ਹਾਂ ਵਿਚੋਂ ਕੁਝ ਨਸ਼ੇ ਦਾ ਸਹਾਰਾ ਲੈ ਸਕਦੇ ਹਨ; ਇੱਥੋਂ ਤੱਕ ਕਿ ਆਤਮ-ਘਾਤੀ ਵਿਹਾਰ ਵੀ ਦੇਖਿਆ ਗਿਆ ਹੈ।

ਲੰਮਾ ਸਮਾਂ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਅਤੇ ਸਿੱਖਿਆ ਦੇ ਮੌਕੇ ਗੁਆਉਣ ਕਾਰਨ ਉਨ੍ਹਾਂ ਦੇ ਪੂਰੇ ਜੀਵਨ ਦੀ ਚਾਲ ਬਦਲ ਜਾਂਦੀ ਹੈ। ਲੜਕੀਆਂ ਨੂੰ ਜਿਨਸੀ ਸ਼ੋਸ਼ਣ ਅਤੇ ਪਰਿਵਾਰ ਤੇ ਸਮਾਜ ਦੁਆਰਾ ਨਕਾਰੇ ਜਾਣ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬਾਰੂਦੀ ਸੁਰੰਗਾਂ ਅਤੇ ਹੋਰ ਕਿਸਮਾਂ ਦੀਆਂ ਸੱਟਾਂ ਕਾਰਨ ਬਹੁਤ ਸਾਰੇ ਬੱਚੇ ਫੱਟੜ ਹੋ ਜਾਂਦੇ ਹਨ। ਬੱਚੇ ਨੈਤਿਕ ਕਦਰਾਂ-ਕੀਮਤਾਂ ਗੁਆ ਸਕਦੇ ਹਨ ਕਿਉਂਕਿ ਉਨ੍ਹਾਂ ਲਈ ਜਿਊਂਦਾ ਰਹਿਣਾ ਬੁਨਿਆਦੀ ਲੋੜ ਹੈ ਜਿਸ ਲਈ ਉਹ ਜਿਊਣ ਲਈ ਅਪਰਾਧ ਦਾ ਸਹਾਰਾ ਵੀ ਲੈ ਸਕਦੇ ਹਨ। ਜੰਗ ਦੌਰਾਨ ਬੱਚੇ ਆਪਣਾ ਸਮਾਜਿਕ ਵਿਹਾਰ ਅਤੇ ਸੱਭਿਆਚਾਰ ਗੁਆ ਸਕਦੇ ਹਨ। ਇਜ਼ਰਾਈਲ ਦੇ ਗਾਜ਼ਾ ’ਤੇ ਹਮਲੇ ਵਿਚ ਉਪਰੋਕਤ ਸਭ ਕੁਝ ਲਗਾਤਾਰ ਦੇਖਿਆ ਜਾ ਰਿਹਾ ਹੈ।

ਹਾਲਾਤ ਦੀ ਵਿਡੰਬਨਾ ਇਹ ਹੈ ਕਿ ਨਾਗਰਿਕ ਦਰਦ ਮਹਿਸੂਸ ਕਰ ਰਹੇ ਹਨ ਅਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ ਪਰ ਜਿ਼ਆਦਾਤਰ ਸਰਕਾਰਾਂ ਇਜ਼ਰਾਇਲੀ ਹਮਲੇ ਦੀ ਧਿਰ ਬਣ ਗਈਆਂ ਹਨ ਜਾਂ ਸਿਰਫ ਗੱਲੀਂ ਬਾਤੀਂ ਸਾਰ ਰਹੀਆਂ ਹਨ। ਜੋ ਕੁਝ ਹਮਾਸ ਨੇ ਕੀਤਾ, ਉਸ ਬਾਰੇ ਤਾਂ ਯੂਰੋਪੀਅਨ ਨੇਤਾਵਾਂ ਨੇ ਜੰਗੀ ਅਪਰਾਧ ਦਾ ਲੇਬਲ ਦੇਣ ਲਈ ਆਵਾਜ਼ ਉਠਾਈ ਹੈ ਪਰ ਉਹ ਇਜ਼ਰਾਈਲ ਦੁਆਰਾ ਕੀਤੀ ਹਿੰਸਾ ਬਾਰੇ ਚੁੱਪ ਹਨ। ਅਲ-ਜਜ਼ੀਰਾ ਦੇ ਪੇਸ਼ਕਾਰ ਉਸਮਾਨ ਅਯਫਰਾਹ ਨੇ ਯੂਰੋਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਨੂੰ ਇਜ਼ਰਾਈਲ ਅਤੇ ਹਮਾਸ ਦੀਆਂ ਕਾਰਵਾਈਆਂ ਨੂੰ ਯੁੱਧ ਅਪਰਾਧ ਵਜੋਂ ਦਰਸਾਉਣ ’ਤੇ ਯੂਰੋਪੀਅਨ ਯੂਨੀਅਨ ਦੀ ਹਾਲਤ ਬਾਰੇ ਸਵਾਲ ਕੀਤਾ। ਜਦੋਂ ਪੁੱਛਿਆ ਗਿਆ ਕਿ ਕੀ ਯੂਰੋਪੀਅਨ ਯੂਨੀਅਨ 7 ਅਕਤੂਬਰ ਤੋਂ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ ਯੁੱਧ ਅਪਰਾਧਾਂ ਵਜੋਂ ਦਰਸਾਏਗੀ ਅਤੇ ਕੌਮਾਂਤਰੀ ਅਪਰਾਧਿਕ ਅਦਾਲਤ ਇਸ ਮਾਮਲੇ ਦੀ ਜਾਂਚ ਕਰੇਗੀ ਤਾਂ ਉਨ੍ਹਾਂ ਕਿਹਾ, “ਮੈਂ ਕੋਈ ਵਕੀਲ ਨਹੀਂ ਹਾਂ”; ਹਾਲਾਂਕਿ ਉਨ੍ਹਾਂ ਕਿਹਾ ਕਿ ਯੂਰੋਪੀਅਨ ਯੂਨੀਅਨ 7 ਅਕਤੂਬਰ ਨੂੰ ਹਮਾਸ ਦੇ ਹਮਲੇ ਨੂੰ ਜੰਗੀ ਅਪਰਾਧ ਮੰਨਦਾ ਹੈ ਕਿਉਂਕਿ ਇਹ ‘ਬਿਨਾਂ ਕਿਸੇ ਕਾਰਨ ਆਮ ਨਾਗਰਿਕਾਂ ਦੀ ਹੱਤਿਆ ਸੀ’। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਪਹੁੰਚ ਅਤੇ ਜੰਗਬੰਦੀ ਲਈ ਉਨ੍ਹਾਂ ਦਾ ਦਲੇਰ ਸਟੈਂਡ ਜਿੱਥੇ ਸ਼ਲਾਘਾਯੋਗ ਹੈ ਉੱਥੇ ਯੂਐੱਨ ਹਮਲਾਵਰ ਨੂੰ ਕਾਬੂ ਕਰਨ ਵਿਚ ਅਸਫਲ ਰਿਹਾ ਹੈ।

ਹਮਲਾਵਰ ਤਾਕਤਾਂ ਬੱਚਿਆਂ ’ਤੇ ਕੋਈ ਰਹਿਮ ਨਹੀਂ ਕਰਦੀਆਂ। ਇਹ ਮਨੁੱਖੀ ਵਿਹਾਰ ਅੰਦਰ ਗੰਭੀਰ ਵਿਗਾੜ ਦਰਸਾਉਂਦਾ ਹੈ। ਇਹ ਉਦੋਂ ਦੇਖਿਆ ਗਿਆ ਸੀ ਜਦੋਂ ਨਾਜ਼ੀਆਂ ਨੇ ਯਹੂਦੀ ਬੱਚਿਆਂ ਨੂੰ ਮਾਰਿਆ ਸੀ। ਜਦੋਂ ਨਾਜ਼ੀ ਵੱਡੀ ਗਿਣਤੀ ਵਿਚ ਯਹੂਦੀਆਂ ਨੂੰ ਮਾਰ ਰਹੇ ਸਨ ਤਾਂ ਦੁਨੀਆ ਨੇ ਲੰਮੇ ਸਮੇਂ ਲਈ ਇਹ ਕਹਿ ਕੇ ਅਣਡਿੱਠ ਕੀਤਾ ਕਿ ਉਨ੍ਹਾਂ ਨੂੰ ਨਜ਼ਰਬੰਦੀ ਕੈਂਪਾਂ ਦਾ ਕੋਈ ਗਿਆਨ ਨਹੀਂ ਸੀ। ਪੱਛਮੀ ਦੇਸ਼ਾਂ ਨੇ ਸੋਵੀਅਤ ਫੌਜ ਦੁਆਰਾ ਖੋਜੇ ਜਾਣ ਤੋਂ ਬਾਅਦ ਵੀ ਨਜ਼ਰਬੰਦੀ ਕੈਂਪਾਂ ਦੀ ਹੋਂਦ ’ਤੇ ਵਿਸ਼ਵਾਸ ਨਹੀਂ ਕੀਤਾ ਪਰ ਹੁਣ ਇਹ ਬਹਾਨਾ ਨਹੀਂ ਚਲਦਾ। ਤਕਨੀਕੀ ਕਾਢਾਂ ਕਾਰਨ ਅੱਜ ਸਭ ਕੁਝ ਸਪੱਸ਼ਟ ਦਿਖਾਈ ਦੇ ਰਿਹਾ ਹੈ।

ਵਕਤ ਸਦਾ ਇਹੋ ਜਿਹਾ ਨਹੀਂ ਰਹਿਣਾ। ਅਤਿ ਦੇ ਤਸੀਹੇ ਢਾਹ ਕੇ ਅਤੇ ਤਬਾਹੀ ਲਿਆ ਕੇ ਹਿਟਲਰ ਅਖੀਰ ਮਰ ਮੁੱਕ ਗਿਆ। ਜ਼ਾਲਮਾਂ ਨੂੰ ਕਦੇ ਵੀ ਯਾਦ ਨਹੀਂ ਕੀਤਾ ਜਾਂਦਾ। ਛੋਟੇ ਛੋਟੇ ਬੱਚਿਆਂ ਦੀ ਆਵਾਜ਼ ਵਿਅਰਥ ਨਹੀਂ ਜਾਏਗੀ। ਐਲਿਜ਼ਬੈਥ ਬੈਰੇਟ ਬ੍ਰਾਊਨਿੰਗ ਦੀ ਕਵਿਤਾ ‘ਦਿ ਕਰਾਈ ਆਫ ਦਿ ਚਿਲਡਰਨ’ ਜੋ ਇੰਗਲੈਂਡ ਵਿਚ ਖ਼ਤਰਨਾਕ ਕੰਮ ਵਿਚ ਜਬਰੀ ਮਜ਼ਦੂਰੀ ਦੌਰਾਨ ਬੱਚਿਆਂ ਦੀ ਪੀੜ ਦੇ ਪ੍ਰਸੰਗ ਵਿਚ ਲਿਖੀ ਗਈ ਸੀ, ਵਿਚ ਬੱਚਿਆਂ ਦੇ ਦਰਦ ਨੂੰ ਇਉਂ ਉਜਾਗਰ ਕੀਤਾ ਗਿਆ:

ਬੱਚੇ ਕਹਿੰਦੇ ਹਨ, “ਇਹ ਹੋ ਸਕਦਾ ਹੈ

ਕਿ ਅਸੀਂ ਆਪਣੇ ਸਮੇਂ ਤੋਂ ਪਹਿਲਾਂ ਮਰ ਜਾਈਏ!...”

ਇਸ ਕਹਾਣੀ ਨੂੰ ਅਸੀਂ ਰਲ ਮਿਲ ਕੇ ਹੁਣ ਦੁਹਰਾਉਣ ਨਹੀਂ ਦੇਣਾ। ਬੱਚਿਆਂ ਦੀ ਪੁਕਾਰ ਨੂੰ ਵਿਅਰਥ ਨਹੀਂ ਜਾਣ ਦੇਣਾ।

ਸੰਪਰਕ: 94170-00360

Advertisement
×