ਮੁਲਕ ਦੇ ਬੱਚੇ ਗੰਭੀਰ ਕੁਪੋਸ਼ਣ ਦੇ ਸ਼ਿਕਾਰ
ਅੱਜ ਕੱਲ੍ਹ ਭਾਰਤ ਦੇ ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਵਜੋਂ ਉਭਰਨ ਅਤੇ ਜਲਦੀ ਹੀ ਦੁਨੀਆ ਦੇ ਵਿਕਸਤ ਦੇਸ਼ ਵਿੱਚ ਸ਼ਾਮਿਲ ਹੋਣ ਦੇ ਸੁਫਨੇ ਦੇਸ਼ ਵਾਸੀਆਂ ਨੂੰ ਦਿਖਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਸਮੇਤ ਸਾਰੀ ਸੱਤਾਧਾਰੀ ਧਿਰ ਭਾਰਤ ਦੇ 2047 ਤੱਕ ਵਿਕਸਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਦਾ ਪ੍ਰਚਾਰ ਕਰ ਰਹੇ ਹਨ। ਇਹ ਪ੍ਰਚਾਰ ਇੰਨਾ ਜ਼ਬਰਦਸਤ ਹੈ ਕਿ ਕਈ ਵਾਰ ਭੁਲੇਖਾ ਪੈ ਜਾਂਦਾ ਹੈ ਕਿ ਦੇਸ਼ ਅੱਜ ਹੀ ਵਿਕਸਤ ਦੇਸ਼ ਬਣ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਨੇਤਾ ਅਤੇ ਸਰਕਾਰੀ ਅਧਿਕਾਰੀ ਵਿਕਸਤ ਭਾਰਤ ਕਹਿ ਕੇ ਹੀ ਸੰਬੋਧਨ ਕਰਨ ਲੱਗ ਪਏ ਹਨ। ਇਹ ਗੱਲ ਵੀ ਬੜੇ ਜ਼ੋਰ-ਸ਼ੋਰ ਨਾਲ ਉਭਾਰੀ ਜਾ ਰਹੀ ਹੈ ਕਿ ਭਾਰਤ ਵਿੱਚ ਆਮਦਨ ਤੇ ਧਨ-ਦੌਲਤ ਦੀ ਵੰਡ ਵਿੱਚ ਇਕਸਾਰਤਾ ਆ ਗਈ ਹੈ ਅਤੇ ਇਨ੍ਹਾਂ ਮਿਆਰਾਂ ਤੇ ਅਤਿ ਗਰੀਬੀ ਦੀ ਘਟਦੀ ਅਨੁਪਾਤ ਦੇ ਮਾਮਲੇ ਵਿੱਚ ਦੇਸ਼ ਦੁਨੀਆ ਦੀ ਚੌਥਾ ਸਭ ਤੋਂ ਵੱਧ ਬਰਾਬਰੀ ਵਾਲਾ ਅਰਥਚਾਰਾ ਬਣ ਗਿਆ ਹੈ। ਕੌਮਾਂਤਰੀ ਸੰਸਥਾਵਾਂ ਦੇ ਅੰਕੜੇ ਵੀ ਤੋੜ-ਮਰੋੜ ਕੇ ਆਪਣੀ ਪ੍ਰਸ਼ੰਸਾ ਲਈ ਵਰਤੇ ਜਾ ਰਹੇ ਹਨ ਪਰ ਜੇ ਦੇਸ਼ ਦੇ ਮਨੁੱਖੀ ਵਿਕਾਸ ਦੀ ਗੱਲ ਕਰੀਏ, ਖ਼ਾਸ ਕਰ ਕੇ ਬੱਚਿਆਂ ਦੇ ਸਰੀਰਕ ਵਿਕਾਸ ਅਤੇ ਤੰਦਰੁਸਤੀ ਦੀ, ਤਾਂ ਹਕੀਕਤ ਵਿੱਚ ਸਾਹਮਣੇ ਕੁਝ ਹੋਰ ਹੀ ਆਉਂਦਾ ਹੈ। ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਬਹੁਤ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਪਾਲਣ ਪੋਸ਼ਣ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਤਾਂ ਕਿ ਦੇਸ਼ ਦਾ ਭਵਿੱਖ ਉੱਜਲ ਹੋ ਸਕੇ। ਕੀ ਭਾਰਤ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ, ਭਾਵ, ਵਿਸ਼ਵ ਸਿਹਤ ਸੰਗਠਨ ਦੇ ਤੈਅ ਮਿਆਰਾਂ ਅਨੁਸਾਰ ਹੋ ਰਿਹਾ ਹੈ?
ਇਸ ਸਬੰਧੀ ਪੁਣ-ਛਾਣ ਲਈ ਭਾਰਤ ਸਰਕਾਰ ਦੇ ਔਰਤਾਂ ਤੇ ਬਾਲ ਵਿਕਾਸ ਵਿਭਾਗ ਦੇ ਸਰਵੇਖਣ ਨੂੰ ਆਧਾਰ ਬਣਾਇਆ ਗਿਆ ਹੈ। ਇਹ ਵਿਭਾਗ ਪੂਰੇ ਦੇਸ਼ ਵਿੱਚੋਂ 0-5 ਸਾਲ ਦੀ ਉਮਰ ਦੇ ਬੱਚਿਆਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਅੰਕੜਿਆਂ ਦਾ ਅਧਿਐਨ ਕਰ ਕੇ ਸਮੇਂ-ਸਮੇਂ ਤੇ ਦੇਸ਼ ਵਾਸੀਆਂ ਦੀ ਜਾਣਕਾਰੀ ਹਿੱਤ ਜਾਰੀ ਕਰਦਾ ਹੈ। ਇਸ ਸਰਵੇਖਣ ਨੂੰ ਪੋਸ਼ਣ ਟਰੈਕਰ ਵਜੋਂ ਜਾਣਿਆ ਜਾਂਦਾ ਹੈ ਅਤੇ ਤਾਜ਼ਾ ਸਰਵੇਖਣ ਜੂਨ 2025 ਵਿੱਚ ਜਾਰੀ ਕੀਤਾ ਗਿਆ ਹੈ। ਪੋਸ਼ਣ ਟਰੈਕਰ ਰਾਹੀਂ ਵਿਭਾਗ 0-5 ਸਾਲ ਉਮਰ ਵਾਲੇ ਬੱਚਿਆਂ ਦੀ ਸਿਹਤ ਬਾਰੇ ਜਾਣਕਾਰੀ ਇਕੱਤਰ ਕਰਦਾ ਹੈ। ਇਥੇ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਤਿੰਨ ਮੁੱਦਿਆਂ ਦਾ ਨਿਰੀਖਣ ਕੀਤਾ ਜਾਵੇਗਾ। ਪਹਿਲਾਂ, ਵਾਧਾ ਰੁਕਣ (stunting) ਦਾ ਮਤਲਬ ਹੁੰਦਾ ਹੈ, ਜਦੋਂ ਗੰਭੀਰ ਕੁਪੋਸ਼ਣ ਕਰ ਕੇ ਵਿਸ਼ਵ ਸਿਹਤ ਸੰਗਠਨ ਦੇ ਮਿਆਰਾਂ ਅਨੁਸਾਰ ਉਮਰ ਮੁਤਾਬਿਕ ਕੱਦ ਨਾ ਵਧੇ; ਦੂਜਾ, ਕਮਜ਼ੋਰੀ (wasting) ਦਾ ਮਤਲਬ ਹੁੰਦਾ ਹੈ, ਜਦੋਂ ਬੱਚੇ ਕੁਪੋਸ਼ਣ ਕਾਰਨ ਉਮਰ ਤੇ ਕੱਦ ਮੁਤਾਬਿਕ ਜ਼ਿਆਦਾ ਦੁਬਲੇ ਪਤਲੇ ਹੋਣ ਅਤੇ ਤੀਜਾ, ਔਸਤ ਨਾਲੋਂ ਘੱਟ ਭਾਰ (underweight) ਦਾ ਭਾਵ, ਜਦੋਂ ਬੱਚਿਆਂ ਦਾ ਭਾਰ ਕੱਦ ਅਤੇ ਉਮਰ ਮੁਤਾਬਕ ਮਿਆਰਾਂ ਨਾਲੋਂ ਕਿਤੇ ਘੱਟ ਹੋਵੇ। ਇਸ ਬਾਰੇ ਭਾਰਤ ਅਤੇ 10 ਰਾਜਾਂ ਦੇ ਅੰਕੜਿਆਂ ਦਾ ਅਧਿਐਨ ਕਰਾਂਗੇ; ਪੰਜ ਰਾਜ ਜਿੱਥੇ ਬੱਚਿਆਂ ਵਿੱਚ ਕੁਪੋਸ਼ਣ ਵੱਡੇ ਪੱਧਰ ’ਤੇ ਹੈ ਅਤੇ ਪੰਜ ਉਹ ਰਾਜ ਜਿੱਥੇ ਬੱਚਿਆਂ ਵਿੱਚ ਕੁਪੋਸ਼ਣ ਮੁਕਾਬਲਤਨ ਘੱਟ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਕੁਪੋਸ਼ਣ ਬਾਰੇ ਇਕ-ਦੋ ਹੋਰ ਮੁੱਖ ਪਹਿਲੂਆਂ ਬਾਰੇ ਛਾਣਬੀਣ ਕਰਾਂਗੇ।
ਪੋਸ਼ਣ ਟਰੈਕਰ 2025 ਦੇ ਅੰਕੜੇ ਦੱਸਦੇ ਹਨ ਕਿ 0-5 ਸਾਲ ਦੇ ਬੱਚਿਆਂ ਦੀ ਕੁੱਲ ਆਬਾਦੀ ਦਾ ਇਕ ਤਿਹਾਈ ਤੋਂ ਵੱਧ ਹਿੱਸਾ (37.07%) ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋਣ ਕਾਰਨ ਸਰੀਰਕ ਤੌਰ ’ਤੇ ਮਿਆਰਾਂ ਅਨੁਸਾਰ ਵਿਕਾਸ ਨਹੀਂ ਕਰਦਾ; ਇਹ ਬੱਚੇ ਤੰਦਰੁਸਤ ਨਹੀਂ ਅਤੇ ਇਨ੍ਹਾਂ ਦਾ ਕੱਦ ਛੋਟਾ ਰਹਿ ਜਾਂਦਾ ਹੈ। ਕੁਪੋਸ਼ਣ ਕਰ ਕੇ ਲੱਗਭਗ 5.46% ਬੱਚੇ ਦੁਬਲੇ ਪਤਲੇ ਰਹਿ ਰਹੇ ਹਨ ਅਤੇ 15.93% ਬੱਚਿਆਂ ਦਾ ਉਮਰ ਤੇ ਕੱਦ ਮੁਤਾਬਿਕ ਭਾਰ ਬਹੁਤ ਘੱਟ ਹੈ। ਵੱਧ ਕੁਪੋਸ਼ਣ ਦਾ ਸ਼ਿਕਾਰ ਰਾਜਾਂ ਜਿਵੇਂ ਉੱਤਰ ਪ੍ਰਦੇਸ਼ ਵਿੱਚ 48.83%, ਝਾਰਖੰਡ ਵਿੱਚ 43.26, ਮੱਧ ਪ੍ਰਦੇਸ਼ ਵਿੱਚ 42.09, ਬਿਹਾਰ ਵਿੱਚ 42.68 ਅਤੇ ਅਸਾਮ ਵਿੱਚ 42.94% ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋਣ ਕਾਰਨ ਕੱਦ ਵਿੱਚ ਛੋਟੇ ਰਹਿ ਜਾਂਦੇ ਹਨ ਅਤੇ ਤੰਦਰੁਸਤ ਨਹੀਂ। ਇਵੇਂ ਹੀ ਇਨ੍ਹਾਂ ਰਾਜਾਂ ਵਿੱਚ 5 ਤੋਂ 9% ਤੱਕ ਬੱਚੇ ਦੁਬਲੇ ਪਤਲੇ ਰਹਿ ਜਾਂਦੇ ਹਨ ਅਤੇ 16 ਤੋਂ 25% ਤੱਕ ਬੱਚਿਆਂ ਦਾ ਉਮਰ ਤੇ ਕੱਦ ਮੁਤਾਬਿਕ ਭਾਰ ਬਹੁਤ ਘੱਟ ਹੈ।
ਜਦੋਂ ਘੱਟ ਕੁਪੋਸ਼ਣ ਵਾਲੇ ਰਾਜਾਂ ਦੀ ਗੱਲ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕੇਰਲ ਵਿੱਚ 35.75%, ਤਾਮਿਲਨਾਡੂ ਵਿੱਚ 14.23, ਪੰਜਾਬ ਵਿੱਚ 17.14, ਹਰਿਆਣਾ ਵਿੱਚ 23.41 ਅਤੇ ਆਂਧਰਾ ਪ੍ਰਦੇਸ਼ ਵਿੱਚ 18.43% ਬੱਚਿਆਂ ਦਾ ਤੈਅ ਮਿਆਰਾਂ ਅਨੁਸਾਰ ਸਰੀਰਕ ਵਿਕਾਸ ਨਹੀਂ ਹੋ ਰਿਹਾ। ਇਨ੍ਹਾਂ ਰਾਜਾਂ ਵਿੱਚ 3 ਤੋਂ 5% ਬੱਚੇ ਦੁਬਲੇ ਪਤਲੇ ਰਹਿ ਜਾਂਦੇ ਹਨ ਅਤੇ 5 ਤੋਂ 10% ਬੱਚਿਆਂ ਦਾ ਉਮਰ ਤੇ ਕੱਦ ਮੁਤਾਬਿਕ ਭਾਰ ਘੱਟ ਹੈ।
ਬੱਚਿਆਂ ਦੀ ਸਿਹਤ ਬਾਰੇ ਦੋ ਹੋਰ ਅਹਿਮ ਮੁੱਦਿਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਪਹਿਲਾ, ਨਵਜੰਮੇ ਬੱਚਿਆਂ ਵਿੱਚ ਪਹਿਲੇ 29 ਦਿਨਾਂ ਦੇ ਅੰਦਰ ਮੌਤ ਦੀ ਦਰ (Neo Natal Mortality Rate)। ਜਦੋਂ ਇਸ ਸਬੰਧੀ ਅੰਕੜਿਆਂ ’ਤੇ ਨਿਗ੍ਹਾ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਦੇਸ਼ ਪੱਧਰ ’ਤੇ 1000 ਨਵਜੰਮਿਆਂ ਵਿੱਚੋਂ 19 ਬੱਚਿਆਂ ਦੀ ਮੌਤ ਜਨਮ ਹੋਣ ਤੋਂ ਬਾਅਦ 29 ਦਿਨਾਂ ਦੇ ਅੰਦਰ-ਅੰਦਰ ਹੋ ਜਾਂਦੀ ਹੈ। ਇਹ ਦਰ ਗੰਭੀਰ ਕੁਪੋਸ਼ਣ ਵਾਲਿਆਂ ਰਾਜਾਂ ਜਿਵੇਂ ਮੱਧ ਪ੍ਰਦੇਸ਼ ਵਿੱਚ 29, ਉਤਰ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ 27 ਅਤੇ ਉੜੀਸਾ ਵਿੱਚ 23 ਹੈ। ਘੱਟ ਕੁਪੋਸ਼ਣ ਵਾਲੇ ਰਾਜਾਂ ਜਿਵੇਂ ਕੇਰਲ ਵਿੱਚ 5, ਤਾਮਿਲਨਾਡੂ ਵਿੱਚ 8, ਮਹਾਰਾਸ਼ਟਰ ਵਿੱਚ 11 ਅਤੇ ਪੰਜਾਬ ਵਿੱਚ 12 ਹੈ। ਦੂਜਾ, ਬੱਚਿਆਂ ਦਾ ਜਨਮ ਹੋਣ ਤੋਂ ਬਾਅਦ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਮੌਤ ਹੋਣ ਦੀ ਦਰ (Under 5 Mortality Rate) ਦਾ ਮੁੱਦਾ ਵੀ ਬਹੁਤ ਮਹੱਤਤਾ ਰੱਖਦਾ ਹੈ। ਅੰਕੜੇ ਦੱਸਦੇ ਹਨ ਕਿ ਇਹ ਮੌਤ ਦਰ ਦੇਸ਼ ਪੱਧਰ ’ਤੇ 1000 ਬੱਚਿਆਂ ਪਿੱਛੇ 30 ਹੈ; ਵੱਧ ਕੁਪੋਸ਼ਣ ਦਾ ਸ਼ਿਕਾਰ ਰਾਜਾਂ ਜਿਵੇਂ ਮੱਧ ਪ੍ਰਦੇਸ਼ ਵਿੱਚ 47, ਉਤਰ ਪ੍ਰਦੇਸ਼ ਵਿੱਚ 42, ਛੱਤੀਸਗੜ੍ਹ ਵਿੱਚ 41 ਅਤੇ ਉੜੀਸਾ ਵਿੱਚ 37 ਹੈ। ਇਹ ਘੱਟ ਕੁਪੋਸ਼ਣ ਵਾਲੇ ਰਾਜਾਂ ਜਿਵੇਂ ਕੇਰਲ ਵਿੱਚ 9, ਤਾਮਿਲਨਾਡੂ ਵਿੱਚ 13, ਮਹਾਰਾਸ਼ਟਰ ਵਿੱਚ 16 ਅਤੇ ਪੰਜਾਬ ਵਿੱਚ 19 ਹੈ।
ਦੇਸ਼ ਵਿੱਚ ਬੱਚਿਆਂ ਵਿੱਚ ਗੰਭੀਰ ਕੁਪੋਸ਼ਣ ਦੇ ਕਈ ਕਾਰਨ ਹਨ। ਮੁੱਖ ਕਾਰਨ ਆਮ ਗ਼ਰੀਬੀ ਅਤੇ ਵੱਡੇ ਪੱਧਰ ’ਤੇ ਆਰਥਿਕ ਤੇ ਸਮਾਜਿਕ ਨਾ-ਬਰਾਬਰੀ ਹੈ ਜਿਸ ਕਾਰਨ ਆਬਾਦੀ ਦੇ ਵੱਡੇ ਹਿੱਸੇ ਦੀ ਸੰਤੁਲਿਤ ਭੋਜਨ ਤੇ ਖ਼ੁਰਾਕ ਤੱਕ ਪਹੁੰਚ ਨਹੀਂ। ਇਸੇ ਕਰ ਕੇ ਬਹੁਤੇ ਲੋਕ ਬਿਮਾਰੀਆਂ ਵਿੱਚ ਜਕੜੇ ਜਾਂਦੇ ਹਨ। ਸਿਹਤ ਦੀਆਂ ਹੋਰ ਅਲਾਮਤਾਂ ਬਾਰੇ ਥੋੜ੍ਹਾ ਵੀ ਗਿਆਨ ਨਾ ਹੋਣਾ ਸਮੱਸਿਆ ਨੂੰ ਹੋਰ ਵਧਾ ਦਿੰਦਾ ਹੈ। ਆਬਾਦੀ ਦੇ ਵੱਡੇ ਹਿੱਸੇ ਦਾ ਅਨਪੜ੍ਹ ਅਤੇ ਘੱਟ ਪੜ੍ਹਿਆ ਹੋਣਾ ਵੀ ਇਸ ਸਮੱਸਿਆ ਲਈ ਜ਼ਿੰਮੇਵਾਰ ਹਨ।
ਉਪਰੋਕਤ ਅਧਿਐਨ ਸਪੱਸ਼ਟ ਦਰਸਾਉਂਦਾ ਹੈ ਕਿ ਸਭ ਕੁਝ ਠੀਕ ਨਹੀਂ। ਕੇਂਦਰ ਸਰਕਾਰ ਨੇ ਭਾਵੇਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਆਂਗਨਵਾੜੀ ਸੈਂਟਰਾਂ ਦੇ ਨਾਲ-ਨਾਲ ਹੋਰ ਬਹੁਤ ਸਾਰੀਆ ਸੰਸਥਾਵਾਂ ਅਤੇ ਸੰਗਠਨ ਖੋਲ੍ਹੇ ਹਨ ਪਰ ਬੱਚਿਆਂ ਵਿੱਚ ਕੁਪੋਸ਼ਣ ਦੀਆਂ ਸਮੱਸਿਆਵਾਂ ਦੂਰ ਕਰਨ ਵਿੱਚ ਓਨੀ ਕਾਮਯਾਬੀ ਅਜੇ ਹਾਸਲ ਨਹੀਂ ਹੋਈ। ਪਿਛਲੇ ਸਾਲਾਂ ਨਾਲੋਂ ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਭਾਵੇਂ ਕੁਝ ਘਟੀ ਹੈ, ਜਿਵੇਂ ਤੈਅ ਮਿਆਰਾਂ ਅਨੁਸਾਰ ਸਰੀਰਕ ਵਿਕਾਸ ਦੇ ਮਾਮਲੇ ਵਿੱਚ ਗਿਣਤੀ ਬੱਚਿਆਂ ਦੀ ਕੁੱਲ ਆਬਾਦੀ ਦਾ ਹਿੱਸਾ 39% ਤੋਂ ਘਟ ਕੇ 37.07 % ਰਹਿ ਗਿਆ ਹੈ ਪਰ ਅਜੇ ਵੀ ਇਹ ਗੰਭੀਰ ਸ਼੍ਰੇਣੀ ਵਿੱਚ ਹੈ। ਇਹ ਸਭ ਉਦੋਂ ਵਾਪਰ ਰਿਹਾ ਹੈ ਜਦੋਂ ਦੇਸ਼ ਵਾਸੀਆਂ ਨੂੰ ਸਭ ਕੁਝ ਠੀਕ ਹੋਣ ਦੇ ਸਬਜ਼ਬਾਗ ਦਿਖਾਏ ਜਾ ਰਹੇ ਹਨ।
ਸਰਕਾਰਾਂ ਨੂੰ ਬੱਚਿਆਂ ਦੀ ਸਿਹਤ ਦੇ ਅਜਿਹੇ ਹਾਲਾਤ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਕੁਪੋਸ਼ਣ ਦੂਰ ਕਰਨ ਲਈ ਬਜਟ ਵਿੱਚ ਵਧੇਰੇ ਫੰਡਾਂ ਦਾ ਬੰਦੋਬਸਤ ਕਰਨਾ ਚਾਹੀਦਾ ਹੈ, ਹਾਲਤ ਸੁਧਾਰਨ ਲਈ ਸੰਜੀਦਾ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰ ਸਿਹਤ ਸਹੂਲਤਾਂ ਅਤੇ ਸਿੱਖਿਆ ਉਤੇ ਖ਼ਰਚ ਵਧਾ ਕੇ ਆਮ ਲੋਕਾਂ ਨੂੰ ਸਮੇਂ ਦੇ ਹਾਣ ਦੇ ਬਣਾਉਣ ਤਾਂ ਜੋ ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਵੱਲ ਧਿਆਨ ਦਿੱਤਾ ਜਾ ਸਕੇ।
*ਸਾਬਕਾ ਡੀਨ ਤੇ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98154-27127