DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲੀ-ਭਾਜਪਾ ਗੱਠਜੋੜ: ਪਿਛੋਕੜ ਤੇ ਸੰਭਾਵਨਾਵਾਂ

ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ-ਭਾਜਪਾ ਦੇ ਦੁਬਾਰਾ ਗੱਠਜੋੜ ਦੀ ਚਰਚਾ ਚੱਲ ਰਹੀ ਹੈ। ਪੰਜਾਬ ਭਾਜਪਾ ਦੇ ਵੱਡੇ ਲੀਡਰ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਇਸ ਗੱਠਜੋੜ ਦੀ ਵਕਾਲਤ ਲੰਮੇ ਸਮੇਂ ਤੋਂ ਕਰ ਰਹੇ ਹਨ। ਉਹ ਇਸ ਨੂੰ ਪੰਜਾਬ ਦੇ...
  • fb
  • twitter
  • whatsapp
  • whatsapp
Advertisement

ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ-ਭਾਜਪਾ ਦੇ ਦੁਬਾਰਾ ਗੱਠਜੋੜ ਦੀ ਚਰਚਾ ਚੱਲ ਰਹੀ ਹੈ। ਪੰਜਾਬ ਭਾਜਪਾ ਦੇ ਵੱਡੇ ਲੀਡਰ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਇਸ ਗੱਠਜੋੜ ਦੀ ਵਕਾਲਤ ਲੰਮੇ ਸਮੇਂ ਤੋਂ ਕਰ ਰਹੇ ਹਨ। ਉਹ ਇਸ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਨਜਿੱਠਣ ਤੇ ਪ੍ਰਦੇਸ਼ ਵਿੱਚ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਵੀ ਜ਼ਰੂਰੀ ਸਮਝਦੇ ਹਨ। ਅਕਾਲੀ ਦਲ ਦੇ ਕਈ ਧੜੇ ਤੇ ਲੀਡਰ ਵੀ ਅਜਿਹੇ ਗੱਠਜੋੜ ਨੂੰ ਦੱਬੀ ਜ਼ੁਬਾਨ ਜਾਂ ਹੋਰ ਤਰੀਕਿਆਂ ਨਾਲ ਦੁਬਾਰਾ ਸ਼ੁਰੂ ਕਰਨ ਦੀ ਹਾਮੀ ਭਰਦੇ ਰਹੇ ਹਨ। 2014 ਤੋਂ ਬਾਅਦ ਅਕਾਲੀ ਦਲ ਦੇ ਲਗਾਤਾਰ ਨਿਘਾਰ ਕਾਰਨ ਦਲ ਵਿੱਚ ਵੱਡੀ ਟੁੱਟ-ਭੱਜ ਵੀ ਹੋਈ ਅਤੇ ਇਸ ਦੇ ਵੱਡੀ ਗਿਣਤੀ ਵਿੱਚ ਲੀਡਰ, ਸਾਬਕਾ ਐੱਮਐੱਲਏ ਤੇ ਕੇਡਰ ਭਾਜਪਾ ਵਿੱਚ ਸ਼ਾਮਲ ਹੋ ਗਿਆ। ਅਕਾਲੀ ਦਲ ਦੇ ਦੋਫਾੜ ਹੋਣ ਨਾਲ ਬਾਦਲ ਦਲ ਦੀ ਸਾਖ ਨੂੰ ਧੱਕਾ ਲੱਗਾ। ਤਖ਼ਤਾਂ ਦੇ ਜਥੇਦਾਰਾਂ ਦੇ ਮਸਲੇ ਤੇ ਉਨ੍ਹਾਂ ਨਾਲ ਸਬੰਧਿਤ ਝਗੜਿਆਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਲਈ ਵੱਡੇ ਸਵਾਲ ਪੈਦਾ ਕੀਤੇ ਜਿਨ੍ਹਾਂ ਦਾ ਅਸਰ ਅਕਾਲੀ ਦਲ ਦੀ ਰਾਜਸੀ ਤਾਕਤ ’ਤੇ ਪਿਆ।

ਅਕਾਲੀ-ਭਾਜਪਾ ਦੇ ਪਹਿਲੇ ਗੱਠਜੋੜ ਦਾ ਧਰਾਤਲ ਅਕਾਲੀ ਦਲ ਦੇ 1996 ਵਾਲੇ ਐਲਾਨਨਾਮੇ ਨਾਲ ਦਲ ਦਾ ਆਧਾਰ ਵਧਾਉਣ ਵਾਸਤੇ ਬਣਿਆ। ਇਸ ਦਾ ਮੁੱਖ ਮੰਤਵ ਅਕਾਲੀ ਦਲ ਦੀ ਰਾਜਨੀਤਕ ਹੈਸੀਅਤ ਨੂੰ ਵਧਾ ਕੇ ‘ਪੰਥਕ’ ਤੋਂ ਪੰਜਾਬੀ ਬਣਾਉਣਾ ਸੀ। ਅਸਲ ਵਿੱਚ ਉਸ ਵੇਲੇ ਬਾਦਲ ਅਕਾਲੀ ਦਲ ਵੱਡੀ ਤਾਕਤ ਵਜੋਂ ਉੱਭਰ ਗਿਆ ਸੀ। 1995 ਵਿੱਚ ਕਾਂਗਰਸ ਦੇ ਰਾਜ ਦੌਰਾਨ ਪਾਰਟੀ ਨੇ ਅਜਨਾਲਾ ਅਤੇ ਲੰਬੀ ਉਪ ਚੋਣਾਂ ਜਿੱਤੀਆਂ ਸਨ। ਪਾਰਟੀ ਨੇ 1996 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਸਮਝੌਤਾ ਕਰ ਕੇ 28.72% ਵੋਟਾਂ ਲੈ ਕੇ ਕੁੱਲ 13 ਸੀਟਾਂ ਵਿੱਚੋਂ 8 ’ਤੇ ਜਿੱਤ ਪ੍ਰਾਪਤ ਕੀਤੀ ਸੀ। ਸਭ ਤੋਂ ਵੱਡਾ ਕਾਰਨ ਦਲ ਦੀ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਸੀ ਜਿਸ ਕਰ ਕੇ ਇਸ ਨੇ ਪੰਜਾਬ ਦੀ ਰਾਜਨੀਤੀ ਅਤੇ ਪੰਥਕ ਹਲਕਿਆਂ ਵਿੱਚ ਆਪਣੀ ਧਾਕ ਜਮਾ ਲਈ ਸੀ।

Advertisement

1997 ਵਿੱਚ ਹੋਇਆ ਅਕਾਲੀ-ਭਾਜਪਾ ਸਮਝੌਤਾ ਅਕਾਲੀ ਦਲ ਦੀਆਂ ਸ਼ਰਤਾਂ ’ਤੇ ਰਾਜਨੀਤਕ ਤਾਕਤ ਦੀ ਵਜ੍ਹਾ ਕਰ ਕੇ ਹੋਇਆ ਸੀ। ਉਦੋਂ ਪੰਜਾਬ ਦੀ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 23 ਭਾਜਪਾ ਅਤੇ 94 ਅਕਾਲੀ ਦਲ ਦੇ ਹਿੱਸੇ ਵਿੱਚ ਆਈਆਂ। ਲੋਕ ਸਭਾ ਦੀਆਂ 13 ਸੀਟਾਂ ਵਿੱਚੋਂ 3 ਭਾਜਪਾ (ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ) ਅਤੇ 10 ਅਕਾਲੀ ਦਲ ਦੇ ਹਿੱਸੇ ਆਈਆਂ। ਅਕਾਲੀ ਦਲ-ਭਾਜਪਾ ਦਾ ਇਹ ਗੱਠਜੋੜ 1997 ਤੋਂ ਲੈ ਕੇ 2019 ਤੱਕ ਚੱਲਿਆ। ਇਸ ਦੋਰਾਨ ਪੰਜ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਤਿੰਨ ਵਾਰੀ ਗੱਠਜੋੜ ਨੇ ਸਫਲਤਾ ਪ੍ਰਾਪਤ ਕੀਤੀ। ਗੱਠਜੋੜ ਨੇ 6 ਲੋਕ ਸਭਾ ਚੋਣਾਂ ਲੜੀਆਂ ਅਤੇ ਕਈ ਉਤਰਾਅ-ਚੜ੍ਹਾਅ ਦੇਖੇ। ਅਕਾਲੀ-ਭਾਜਪਾ ਗੱਠਜੋੜ ਟੁੱਟਣ ਦਾ ਵੱਡਾ ਕਾਰਨ ਕੇਂਦਰ ਸਰਕਾਰ ਦੇ ਧੱਕੇ ਨਾਲ ਪਾਸ ਕੀਤੇ ਤਿੰਨ ਖੇਤੀ ਕਾਨੂੰਨ (2020) ਬਣੇ। ਅਕਾਲੀ ਦਲ ਨੇ ਪਹਿਲਾਂ ਇਨ੍ਹਾਂ ਕਾਨੂੰਨਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਪਰ ਬਾਅਦ ਵਿੱਚ ਕਿਸਾਨ ਅੰਦੋਲਨ ਦੇ ਭਾਰੀ ਦਬਾਅ ਕਾਰਨ ਅਕਾਲੀ ਦਲ ਨੂੰ ਪਹਿਲਾਂ ਕੇਂਦਰ ਸਰਕਾਰ ਵਿੱਚੋਂ ਬਾਹਰ ਆਉਣਾ ਪਿਆ ਤੇ ਫਿਰ 2021 ਵਿੱਚ ਇਸ ਗੱਠਜੋੜ ਦਾ ਖ਼ਾਤਮਾ ਹੋ ਗਿਆ।

ਦੱਸਣਾ ਬਣਦਾ ਹੈ ਕਿ ਭਾਜਪਾ (ਪਹਿਲਾਂ ਜਨਸੰਘ, ਜਨਤਾ ਪਾਰਟੀ) ਅਤੇ ਅਕਾਲੀ ਦਲ ਦਾ ਰਾਜਨੀਤਕ ਸੰਬਧ ਭਾਵੇਂ ਕਾਫ਼ੀ ਪੁਰਾਣਾ ਹੈ ਪਰ ਇਹ 1997 ਵਰਗਾ ਗੱਠਜੋੜ ਨਹੀਂ ਸੀ। ਅਕਾਲੀ ਦਲ ਦੀ ਅਗਵਾਈ ਵਿੱਚ 1967, 1969 ਤੇ 1970 ਵਿੱਚ ਬਣੀਆਂ ਸਰਕਾਰਾਂ ਨੂੰ ਜਨਸੰਘ ਦੀ ਹਮਾਇਤ ਪ੍ਰਾਪਤ ਸੀ। 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਜਨਤਾ ਪਾਰਟੀ ਭਾਈਵਾਲ ਸੀ। 1979-80 ਵਿੱਚ ਜਨਤਾ ਪਾਰਟੀ ਟੁੱਟਣ ਤੋਂ ਬਾਅਦ 1980 ਵਿੱਚ ਭਾਜਪਾ ਦਾ ਜਨਮ ਹੋਇਆ। ਉਦੋਂ ਤੋਂ ਅੱਜ ਤੱਕ ਪਾਰਟੀ ਨੇ ਵੱਖ-ਵੱਖ ਰਾਜਾਂ ਅਤੇ ਕੇਂਦਰ ਦੀ ਰਾਜਨੀਤੀ ਵਿੱਚ ਵੱਡਾ ਦਬਦਬਾ ਕਾਇਮ ਕੀਤਾ। ਇਸ ਗੱਠਜੋੜ ਤੋਂ ਪਹਿਲਾਂ ਪੰਜਾਬ ਵਿੱਚ 1980 ਤੋਂ ਬਾਅਦ ਤਿੰਨ ਵਿਧਾਨ ਸਭਾ ਚੋਣਾਂ 1980, 1985 ਤੇ 1992 ਵਿੱਚ ਹੋਈਆਂ ਜਿਸ ਵਿੱਚ ਭਾਜਪਾ ਦੀ ਰਾਜਨੀਤਕ ਪ੍ਰਾਪਤੀ ਬਹੁਤ ਘੱਟ ਸੀ। 1980 ਦੀਆਂ ਚੋਣਾਂ ਵਿੱਚ ਪਾਰਟੀ ਨੇ ਇੱਕ, 1985 ਵਿੱਚ 6 ਅਤੇ 1992 ਵਿੱਚ ਵੀ 6 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਦੂਜੇ ਪਾਸੇ ਇਸ ਸਮੇਂ ਦੌਰਾਨ ਹੋਈਆਂ 4 ਲੋਕ ਸਭਾ ਚੋਣਾਂ ਵਿੱਚ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ।

ਹੁਣ 1997 ਵਿੱਚ ਗੱਠਜੋੜ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਦਾ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਲੇਖਾ ਜੋਖਾ ਕਰਦੇ ਹਾਂ। 1997 ਤੋਂ 2019 ਤੱਕ ਗੱਠਜੋੜ ਵਿੱਚ ਭਾਜਪਾ ਨੇ ਛੋਟੇ ਭਰਾ ਵਾਲਾ ਹੱਕ ਨਿਭਾਇਆ, ਇਸ ਦੇ ਹਿੱਸੇ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ 23 ਮਿਲੀਆਂ ਅਤੇ ਲੋਕ ਸਭਾ ਦੀਆਂ 13 ਸੀਟਾਂ ਵਿੱਚ 3 ਮਿਲੀਆਂ। 1997 ਵਾਲੀਆਂ ਚੋਣਾਂ ਵਿੱਚ ਪਾਰਟੀ ਨੇ ਕੁੱਲ 22 ਸੀਟਾਂ ’ਤੇ ਚੋਣ ਲੜੀ ਤੇ ਕੁੱਲ ਪਈਆਂ ਵੋਟਾਂ ਦਾ ਕੇਵਲ 8.33% ਲੈ ਕੇ 18 ਸੀਟਾਂ ਜਿੱਤੀਆਂ। ਅਕਾਲੀ ਦਲ ਨੇ 37.6% ਵੋਟਾਂ ਲੈ ਕੇ 75 ਸੀਟਾਂ ਜਿੱਤੀਆਂ ਤੇ ਗੱਠਜੋੜ ਦੀ ਸਰਕਾਰ ਬਣਾਈ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਪੰਜਾਬ ਵਿੱਚ ਕਿਸੇ ਗ਼ੈਰ-ਕਾਂਗਰਸੀ ਸਰਕਾਰ ਨੇ 5 ਸਾਲ ਪੂਰੇ ਕੀਤੇ।

2002 ਵਾਲੀਆਂ ਚੋਣਾਂ ਵਿੱਚ ਗੱਠਜੋੜ ਨੂੰ ਕਾਫ਼ੀ ਧੱਕਾ ਲੱਗਾ ਤੇ ਭਾਜਪਾ ਕੇਵਲ 5.67% ਵੋਟਾਂ ਲੈ ਕੇ 3 ਸੀਟਾਂ ਹੀ ਜਿੱਤ ਸਕੀ; ਅਕਾਲੀ ਦਲ ਨੇ 30.5% ਵੋਟਾਂ ਨਾਲ 41 ਸੀਟਾਂ ਜਿੱਤੀਆਂ। ਉਦੋਂ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੀ। 2007 ਦੀਆਂ ਚੋਣਾਂ ਵਿੱਚ ਅਕਾਲੀ-ਗੱਠਜੋੜ ਫਿਰ ਸੱਤਾ ਵਿੱਚ ਆ ਗਿਆ। ਭਾਜਪਾ ਇਨ੍ਹਾਂ ਚੋਣਾਂ ਵਿੱਚ 8.2% ਵੋਟਾਂ ਲੈ ਕੇ 19 ਸੀਟਾਂ ’ਤੇ ਜਿੱਤ ਪ੍ਰਾਪਤ ਕਰਦੀ ਹੈ ਜੋ ਇਸ ਦਾ ਅਜੇ ਤੱਕ ਦਾ ਰਿਕਾਰਡ ਹੈ। ਅਕਾਲੀ ਦਲ 37.20% ਵੋਟਾਂ ਲੈ ਕੇ 49 ਸੀਟਾਂ ਜਿੱਤਦਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਇਕ ਵਾਰ ਫਿਰ ਗੱਠਜੋੜ ਸਰਕਾਰ ਬਣਦੀ ਹੈ। 2012 ਦੀਆਂ ਚੋਣਾਂ ਵਿੱਚ ਗੱਠਜੋੜ ਨੇ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ 1967 ਤੋਂ ਚਲੇ ਆ ਰਹੇ ਹਰ ਚੋਣਾਂ ਵਿੱਚ ਸਰਕਾਰ ਬਦਲਣ ਦੇ ਨਿਯਮ ਨੂੰ ਤੋੜ ਕੇ ਲਗਾਤਾਰ ਦੂਜੀ ਵਾਰੀ ਸਰਕਾਰ ਬਣਾਈ। ਇਨ੍ਹਾਂ ਚੋਣਾਂ ਵਿੱਚ ਭਾਜਪਾ ਕੁੱਲ ਪਈਆਂ ਵੋਟਾਂ ਦਾ 7.13% ਲੈ ਕੇ 12 ਸੀਟਾਂ ਜਿੱਤਦੀ ਹੈ ਅਤੇ ਅਕਾਲੀ ਦਲ 37.75% ਵੋਟਾਂ ਨਾਲ 56 ਸੀਟਾਂ। ਇਸ ਦੌਰਾਨ ਗੱਠਜੋੜ ਸਰਕਾਰ ਦੀਆਂ ਨੀਤੀਆਂ, ਕੰਮ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰ ਕੇ ਹਾਕਮ ਧਿਰਾਂ ਨੂੰ ਵੱਡਾ ਧੱਕਾ ਲਗਦਾ ਹੈ ਜੋ ਬਾਅਦ ਵਿੱਚ ਇਨ੍ਹਾਂ ਪਾਰਟੀਆਂ ਲਈ ਰਾਜਨੀਤਕ ਤੌਰ ’ਤੇ ਸਾਰਥਕ ਰਹਿਣ ਦੇ ਰਸਤੇ ਵਿੱਚ ਰੁਕਾਵਟ ਪਾਉਂਦਾ ਹੈ। ਇਹ ਵਰਤਾਰਾ ਹੁਣ ਤੱਕ ਚੱਲ ਰਿਹਾ ਹੈ। ਇਸ ਦਾ ਅਸਰ 2017 ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 2014 ਤੇ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। 2017 ਦੀਆਂ ਚੋਣਾਂ ਵਿੱਚ ਭਾਜਪਾ 5.40% ਵੋਟਾਂ ਲੈ ਕੇ ਕੇਵਲ 3 ਸੀਟਾਂ ਜਿੱਤਦੀ ਹੈ ਅਤੇ ਅਕਾਲੀ ਦਲ 25.20% ਵੋਟਾਂ ਲੈ ਕੇ ਕੇਵਲ 15 ਸੀਟਾਂ ਹੀ ਜਿੱਤਦਾ ਹੈ ਤੇ ਵਿਰੋਧੀ ਧਿਰ ਦਾ ਰੁਤਬਾ ਵੀ ਗੁਆ ਲੈਂਦਾ ਹੈ।

ਭਾਜਪਾ ਨੂੰ ਗੱਠਜੋੜ ਤਹਿਤ ਲੋਕ ਸਭਾ ਚੋਣਾਂ ਦੌਰਾਨ 1998 ਵਿੱਚ 3; 1999 ’ਚ 1; 2004 ’ਚ 3; 2009 2014 ਤੇ 2019 ਵਿੱਚ 1-1 ਸੀਟ ਜਿੱਤੀ ਅਤੇ 2024 ਵਿੱਚ ਇਸ ਨੂੰ ਕੋਈ ਸੀਟ ਨਹੀਂ ਮਿਲੀ। ਇਨ੍ਹਾਂ ਚੋਣਾਂ ਵਿੱਚ ਪਾਰਟੀ ਦਾ ਕੁੱਲ ਵੋਟਾਂ ਵਿੱਚ ਹਿੱਸਾ 10-11% ਰਿਹਾ। ਅਕਾਲੀ ਦਲ ਨੇ 1998 ਵਿੱਚ 8, 1999 ਵਿੱਚ 2, 2004 ਵਿੱਚ 8, 2009 ਤੇ 2014 ਵਿੱਚ 4-4, 2019 ਵਿੱਚ 2, 2024 ਵਿੱਚ 1 ਸੀਟਾਂ ਜਿੱਤੀਆਂ ਤੇ ਵੋਟ ਸ਼ੇਅਰ 27-28% ਰਿਹਾ।

2021 ਵਿੱਚ ਗੱਠਜੋੜ ਟੁੱਟਣ ਪਿੱਛੋਂ ਦੋਹਾਂ ਪਾਰਟੀਆਂ ਨੇ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵੱਖ-ਵੱਖ ਲੜੀਆਂ ਤੇ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ। ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਹੋਰ ਬਹੁਤ ਸਾਰੇ ਲੀਡਰਾਂ ਦਾ ਇਨ੍ਹਾਂ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਭਾਜਪਾ ਲਈ ਚੋਣ ਨਤੀਜੇ ਨਿਰਾਸ਼ਜਨਕ ਰਹੇ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਕੁੱਲ ਵੋਟਾਂ ਦਾ 6.60% ਲੈ ਕੇ ਕੇਵਲ 2 ਸੀਟਾਂ ਜਿੱਤ ਸਕੀ। ਅਕਾਲੀ ਦਲ 18.40% ਵੋਟਾਂ ਨਾਲ ਕੇਵਲ 3 ਸੀਟਾਂ ਜਿੱਤੀਆਂ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਦੋਹਾਂ ਪਾਰਟੀਆਂ ਲਈ ਕਾਫ਼ੀ ਨਮੋਸ਼ੀ ਵਾਲੇ ਸਨ।

ਹੁਣ ਵੱਡਾ ਸਵਾਲ ਇਹ ਹੈ ਕਿ ਬਦਲੀਆਂ ਰਾਜਨੀਤਕ ਹਾਲਤਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਕੋਈ ਸੰਭਾਵਨਾ ਬਣਦੀ ਹੈ। ਦੋਵੇਂ ਧਿਰਾਂ ਕਈ ਕਿਸਮ ਦੀਆਂ ਉਲਝਣਾਂ ਨਾਲ ਜੂਝ ਰਹੀਆਂ ਹਨ। ਭਾਜਪਾ ਕੋਲ ਅਥਾਹ ਸਾਧਨ ਤੇ ਤਾਕਤ ਹੋਣ ਦੇ ਬਾਵਜੂਦ ਇਹ ਅਜੇ ਤੱਕ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਨਹੀਂ ਬਣ ਸਕੀ ਤੇ ਨਾ ਹੀ ਇਸ ਦੇ ਦੁਆਰਾ ਚਲਾਏ ਏਜੰਡੇ ਦਾ ਲੋਕਾਂ ’ਤੇ ਕੋਈ ਵੱਡਾ ਅਸਰ ਹੋਇਆ ਹੈ। ਦੂਜੇ ਪਾਸੇ, ਅਕਾਲੀ ਦਲ ਕਈ ਕਿਸਮ ਦੇ ਢਾਂਚਾਗਤ ਸੰਕਟਾਂ ਵਿੱਚ ਘਿਰਿਆ ਹੋਇਆ ਹੈ ਤੇ ਇਸ ਨੂੰ ਰਾਜਨੀਤਕ ਤੌਰ ’ਤੇ ਸਾਰਥਕ ਬਣਾਉਣ ਵਾਸਤੇ ਪਹਾੜ ਜਿੰਨੀਆਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਹੀ ਮੌਜੂਦਾ ਸਮੇਂ ਦੀ ਰਾਜਨੀਤੀ ਵਿੱਚ ਦੋਹਾਂ ਧਿਰਾਂ ਦੇ ਰਾਜਨੀਤਕ ਸਮੀਕਰਨਾਂ ਵਿੱਚ ਵੱਡੀ ਤਬਦੀਲੀ ਆਈ ਹੈ। ਵੱਡਾ ਸਵਾਲ ਤਾਂ ਇਹ ਹੋਵੇਗਾ ਕਿ ਸੀਟਾਂ ਦੀ ਵੰਡ ਦਾ ਫਾਰਮੂਲਾ ਕੀ ਹੋਵੇਗਾ? ਲੱਗਦਾ ਹੈ, ਭਾਜਪਾ ਇਸ ਨੂੰ ਨਵੇਂ ਸਿਰੇ ਤੋਂ ਤੈਅ ਕਰਨ ਦੀ ਜਿ਼ੱਦ ਕਰੇਗੀ; ਅਕਾਲੀ ਦਲ ਲਈ ਇਹ ਵੱਡੀ ਚੁਣੌਤੀ ਹੋਵੇਗੀ। ਲੀਡਰਸ਼ਿਪ ਦੇ ਵੱਕਾਰ ’ਤੇ ਵੀ ਅਸਰ ਪਵੇਗਾ। ਇਵੇਂ ਵੀ ਲੱਗਦਾ ਹੈ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਪਾਸ 1996 ਵਾਲੀ ਤਾਕਤ ਤੇ ਰਾਜਨੀਤਕ ਮਾਨਤਾ ਨਹੀਂ ਹੈ। ਜੇ ਕੋਈ ਸਮਝੌਤਾ ਹੁੰਦਾ ਵੀ ਹੈ ਤਾਂ ਕੀ ਲੋਕ ਉਸ ਨੂੰ ਮਾਨਤਾ ਦੇਣਗੇ? ਪੰਜਾਬ ਅਜਿਹਾ ਰਾਜ ਹੈ ਜਿਹੜਾ ਭਾਜਪਾ ਦੇ ਦਿੱਲੀ ਦਰਬਾਰ ਨੂੰ ਹਮੇਸ਼ਾ ਸ਼ੱਕ ਦੀ ਨਿਗ੍ਹਾ ਨਾਲ ਦੇਖਦਾ ਹੈ। ਇਸ ਤੋਂ ਇਲਾਵਾ ਕੀ ਅਕਾਲੀ ਦਲ ਗੱਠਜੋੜ ਤਹਿਤ ਭਾਜਪਾ ਦੀ ਨਵੀਂ ਰਾਜਨੀਤਕ ਚਾਲ, ਕਿਸਾਨੀ ਤੇ ਗ਼ੈਰ-ਕਿਸਾਨੀ ਵੋਟਰਾਂ ਦੀ ਵੰਡ ਨਾਲ ਸਹਿਮਤ ਹੋਵੇਗੀ? ਸਭ ਤੋਂ ਵੱਡਾ ਸਵਾਲ ਕਿ ਕੀ ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਆਪਣੇ ਰਾਜਨੀਤਕ ਸਵਾਰਥਾਂ ਤੋਂ ਉਪਰ ਉੱਠ ਕੇ ਪੰਜਾਬ ਦੇ ਢਾਂਚਾਗਤ ਮੁੱਦਿਆਂ ਦੇ ਹੱਲ ਲਈ ਸੰਜੀਦਾ ਹੋ ਸਕਦੇ ਹਨ?

ਸੰਪਰਕ (ਵਟਸਐਪ): 94170-75563

Advertisement
×