DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਸਰਨ ’ਚੋਂ ਨਿਕਲਿਆ ਸੁਨੇਹਾ...

ਜਯੋਤੀ ਮਲਹੋਤਰਾ ਪਹਿਲਗਾਮ ’ਚ ਪਈ ਮੌਤ ਦੀ ਧਮਕ, ਭਾਰਤ ਦੇ ਕਸਬਿਆਂ-ਸ਼ਹਿਰਾਂ ’ਚੋਂ ਆਏ ਲੋਕਾਂ ਦੀ ਨਾਂ ਪੁੱਛ-ਪੁੱਛ ਕੇ ਲੱਗੀ ਬੇਤਾਲ ਹਾਜ਼ਰੀ ਜਿਹੜੇ ਇਸ ਹਫ਼ਤੇ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ, ਮਾੜੇ ਤੋਂ ਮਾੜੇ ਸਨਕੀ ਸ਼ਖ਼ਸ ਨੂੰ ਵੀ ਭੈਅਭੀਤ ਕਰਨ ਲਈ...
  • fb
  • twitter
  • whatsapp
  • whatsapp
Advertisement

ਜਯੋਤੀ ਮਲਹੋਤਰਾ

ਪਹਿਲਗਾਮ ’ਚ ਪਈ ਮੌਤ ਦੀ ਧਮਕ, ਭਾਰਤ ਦੇ ਕਸਬਿਆਂ-ਸ਼ਹਿਰਾਂ ’ਚੋਂ ਆਏ ਲੋਕਾਂ ਦੀ ਨਾਂ ਪੁੱਛ-ਪੁੱਛ ਕੇ ਲੱਗੀ ਬੇਤਾਲ ਹਾਜ਼ਰੀ ਜਿਹੜੇ ਇਸ ਹਫ਼ਤੇ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ, ਮਾੜੇ ਤੋਂ ਮਾੜੇ ਸਨਕੀ ਸ਼ਖ਼ਸ ਨੂੰ ਵੀ ਭੈਅਭੀਤ ਕਰਨ ਲਈ ਕਾਫ਼ੀ ਹੈ। ਸ਼ਿਵਮੋਗਾ। ਪਨਵੇਲ। ਵਿਸ਼ਾਖਾਪਟਨਮ। ਨੇਲੌਰ। ਠਾਣੇ। ਕਰਨਾਲ। ਹੈਦਰਾਬਾਦ। ਭਾਵਨਗਰ। ਲੋਅਰ ਸੁਬਾਨਸਿਰੀ ਦਾ ਤਜਾਂਗ ਪਿੰਡ। ਕੋਝੀਕੋਡ।

Advertisement

ਜਦ ਤੋਂ ਅਸੀਂ ਜਨਮੇ ਹਾਂ, ਸਾਨੂੰ ਦੱਸਿਆ ਗਿਆ ਹੈ ਕਿ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਭਾਰਤ ਇਕ ਹੈ। ਜੇਕਰ 2008 ਦੇ ਮੁੰਬਈ ਹਮਲਿਆਂ ਦਾ ਮਕਸਦ ਭਾਰਤ ਦੀ ਵਿੱਤੀ ਰਾਜਧਾਨੀ ਤੇ ਭਾਰਤ ਨੂੰ ਇਸ ਦੇ ਗੋਡਿਆਂ ਭਾਰ ਕਰਨਾ ਸੀ, ਤਾਂ ਬੈਸਰਨ ਦੇ ਗੁਨਾਹਗਾਰਾਂ ਦਾ ਸੁਨੇਹਾ ਵੀ ਬਿਲਕੁਲ ਸਪੱਸ਼ਟ ਹੈ। ਮੁਸਲਿਮ ਬਹੁਗਿਣਤੀ ਕਸ਼ਮੀਰ ਨੂੰ ਆਮ ਜਾਂ ਸਾਧਾਰਨ ਦੱਸਣ ਦੀ ਕੋਸ਼ਿਸ਼ ਨਾ ਕਰੋ, ਇਹ ‘ਦੋ ਕੌਮਾਂ ਦੇ ਸਿਧਾਂਤ’ ਦਾ ਦਿਲ ਹੈ, ਜੋ ਵੰਡ ਸਮੇਂ ਵੀ ਵੈਧ ਸੀ ਤੇ ਹੁਣ ਵੀ ਲਾਗੂ ਹੁੰਦਾ ਹੈ। ਹਿੰਦੂ ਤੇ ਮੁਸਲਮਾਨ ਵੱਖੋ-ਵੱਖਰੇ ਹਨ ਅਤੇ ਉਨ੍ਹਾਂ ਨੂੰ ਅਲੱਗ-ਅਲੱਗ ਰਹਿਣਾ ਚਾਹੀਦਾ ਹੈ।

ਇਸ ਲਈ ਇਕ ਪਲ਼ ਲਈ ਵੀ ਇਹ ਨਾ ਸੋਚੋ ਕਿ ਕੰਨੜ ਤੇ ਮਲਿਆਲੀ ਤੇ ਮਹਾਰਾਸ਼ਟਰੀ ਤੇ ਗੁਜਰਾਤੀ ਅਤੇ ਹਰਿਆਣਵੀ ਕਸ਼ਮੀਰ ਦੀਆਂ ਵਾਦੀਆਂ ’ਚ ਇੱਧਰ-ਉੱਧਰ ਘੁੰਮਦੇ ਇਹ ਵਿਖਾਵਾ ਕਰ ਸਕਦੇ ਹਨ ਕਿ ਉਹ ਸਵਿਟਜ਼ਰਲੈਂਡ ਵਿਚ ਹਨ- ਸੱਚੀਂ ਇਹ ਸਵਿਟਜ਼ਰਲੈਂਡ ਤੋਂ ਕਿਤੇ ਸੋਹਣਾ ਹੈ- ਪਰ ਇਸ ਕਰ ਕੇ ਕਿਉਂਕਿ ਮੋਦੀ ਸਰਕਾਰ ਨੇ ਧਾਰਾ 370 ਖ਼ਤਮ ਕਰ ਕੇ ਇਤਿਹਾਸ ਦੇ ਕੂੜੇਦਾਨ ਵਿਚ ਸੁੱਟ ਦਿੱਤੀ ਤੇ ਇਸ ਦੇ ਵਰਤਮਾਨ ਨੂੰ ਦੁਬਾਰਾ ਜੜਨਾ ਚਾਹਿਆ।

ਪਰ ਜੇ ਤੁਸੀਂ ਸੋਚੋ ਤਾਂ ਬੈਸਰਨ ਦਾ ਸੰਦੇਸ਼ ਅਸਲ ਵਿਚ ਬਹੁਤ ਵੱਖਰਾ ਹੈ। ਜਿਸ ਢੰਗ ਨਾਲ ਕਸ਼ਮੀਰੀ ਇਸ ਦਰਦਨਾਕ ਕਤਲੇਆਮ ਨੂੰ ਨਿੰਦਣ ਲਈ ਉੱਠ ਖੜ੍ਹੇ ਹੋਏ ਹਨ, ਉਮਰ ਅਬਦੁੱਲ੍ਹਾ ਤੋਂ ਲੈ ਕੇ ਘੋੜੇਵਾਲੇ ਸਈਦ ਆਦਿਲ ਹੁਸੈਨ ਸ਼ਾਹ ਤੱਕ- ਜਿਸ ਨੇ ਇਕ ਅਤਿਵਾਦੀ ਦੇ ਹੱਥੋਂ ਬੰਦੂਕ ਖੋਹੀ ਜੋ ਉਲਟਾ ਇਸ ਗਰੀਬ ਦਿਹਾੜੀਦਾਰ ’ਤੇ ਵਰ੍ਹ ਪਿਆ- ਇਸ ਤੋਂ ਸਪੱਸ਼ਟ ਸੁਨੇਹਾ ਗਿਆ ਹੈ, ਕਿ ਉਹ ਹਰੇਕ ਦਿਨ ਸ਼ਾਂਤੀ ਹੀ ਮੰਗਦੇ ਹਨ, ਨਾ ਕਿ ਉਨ੍ਹਾਂ ਪਖੰਡੀਆਂ ਨਾਲ ਹਨ ਜੋ ਵੱਖਵਾਦ ਦਾ ਮੁੱਦਾ ਚੁੱਕਦੇ ਹਨ।

ਕਸ਼ਮੀਰੀ ਪੰਡਿਤਾਂ ਦੇ ਕੂਚ ਤੇ ਮਗਰਲੇ ਸਾਲਾਂ ’ਚ ਝੁੱਲੀ ਅਤਿਵਾਦ ਦੀ ਹਨੇਰੀ, ਜਦ ਮੁਸਲਿਮ-ਬਹੁਗਿਣਤੀ ਵਾਲੀ ਵਾਦੀ ’ਚ ‘ਆਜ਼ਾਦੀ’ ਦੇ ਨਾਅਰੇ ਗੂੰਜਦੇ ਸਨ, ਤੋਂ ਬਾਅਦ ਗੁਜ਼ਰੇ 35 ਸਾਲਾਂ ’ਚ ਹੁਣ ਪਹਿਲੀ ਵਾਰ ਕਸ਼ਮੀਰ ਦੇ ਮੁਸਲਮਾਨ ਇਕ ਵਾਰ ਫੇਰ ਤੋਂ ਅਖੌਤੀ ‘ਦੋ ਕੌਮਾਂ ਦੇ ਸਿਧਾਂਤ’ ਉਤੇ ਥੁੱਕ ਰਹੇ ਹਨ।

ਉਨ੍ਹਾਂ ਪਹਿਲੀ ਵਾਰ ਇਹ 1947 ਵਿਚ ਕੀਤਾ ਸੀ, ਜਦ ਨਵਾਂ-ਨਵਾਂ ਆਜ਼ਾਦ ਹੋਇਆ ਪਾਕਿਸਤਾਨ ਗੁੱਸੇ ਹੋਇਆ ਤੇ ਧਾੜਵੀ ਭੇਜ ਦਿੱਤੇ। ਉਸ ਨੇ ਦੁਬਾਰਾ ਅਜਿਹਾ 1999 ਵਿਚ ਕੀਤਾ, ਜਦ ਕਾਰਗਿਲ ਦੇ ਘੁਸਪੈਠੀਆਂ ਬਾਰੇ ਭਾਰਤੀ ਸੈਨਾ ਨੂੰ ਸੂਹ ਦਿੱਤੀ। ਹੁਣ ਦੁਬਾਰਾ ਉਹ ਇਹੀ ਕਰ ਰਹੇ ਹਨ।

ਸੱਚ ਇਹ ਹੈ ਕਿ 2019 ਵਿਚ ਧਾਰਾ 370 ਦੇ ਬਹੁਤ ਖਰ੍ਹਵੇ ਖਾਤਮੇ, ਜਿਸ ਨੇ ਕਈਆਂ ਨੂੰ ਲੰਮੇ ਸਮਿਆਂ ਦੀ ਕੈਦ ਲਿਖ ਦਿੱਤੀ ਤੇ ਨਾਲ-ਨਾਲ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੀ ਭੱਦੀ ਉਲੰਘਣਾ ਦਾ ਕਾਰਨ ਵੀ ਬਣਿਆ, ਨੇ ਆਮ ਕਸ਼ਮੀਰੀ ਨੂੰ ਸਾਹ ਲੈਣ ਲਈ ਥੋੜ੍ਹੀ ਜਗ੍ਹਾ ਦਿੱਤੀ ਹੈ। ਆਖਰਕਾਰ, ਮਾਤਾਵਾਂ ਤੇ ਬੱਚੇ ਪਾਰਕਾਂ ’ਚ ਖੁੱਲ੍ਹੇਆਮ ਬੈਠਣ ਦੀ ਸਾਧਾਰਨ ਪਰ ਕੀਮਤੀ ਆਜ਼ਾਦੀ ਮਾਣ ਸਕਦੇ ਹਨ ਤੇ ਰੋਜ਼ਾਨਾ ਗਤੀਵਿਧੀਆਂ ’ਤੇ ਵਿਚਾਰ ਕਰ ਸਕਦੇ ਹਨ। ਬੱਚੇ ਦੁਬਾਰਾ ਸਕੂਲ ਜਾ ਰਹੇ ਹਨ- ਤੇ ਸਕੂਲਾਂ ਦੀਆਂ ਕੰਧਾਂ ਐਨੀਆਂ ਨੀਵੀਆਂ ਹਨ ਕਿ ਤੁਸੀਂ ਉਨ੍ਹਾਂ ਨੂੰ ਅੰਦਰ ਫੁਟਬਾਲ ਖੇਡਦਿਆਂ ਦੇਖ ਸਕਦੇ ਹੋ। ਸ੍ਰੀਨਗਰ ’ਚ ਜੇਹਲਮ ਕੰਢੇ ਔਰਤਾਂ ਪੂਰੇ, ਕਾਲੇ ਹਿਜਾਬ ’ਚ ਆਪਣੇ ਪੁਰਸ਼ ਦੋਸਤਾਂ ਨਾਲ ਬੈਠ ਕੇ ਆਈਸਕ੍ਰੀਮ ਖਾ ਰਹੀਆਂ ਹਨ। ਬਾਕੀ ਦਾ ਹਿੰਦੁਸਤਾਨ ਆਮਿਰ ਖੁਸਰੋ ਦੀ ਇਸ ਜੰਨਤ ਵੱਲ ਝੁੰਡ ਬਣਾ ਕੇ ਜਾ ਰਿਹਾ ਹੈ- ਪਿਛਲੇ ਸਾਲ ਹੀ ਕਰੀਬ ਦੋ ਕਰੋੜ ਸੈਲਾਨੀ ਗਏ ਹਨ।

ਫਿਲਹਾਲ, ਆਤਮ-ਸਨਮਾਨ ਤੇ ਖ਼ੁਦਮੁਖਤਿਆਰੀ ਦੀਆਂ ਚਰਚਾਵਾਂ ਅਤੇ ਸ੍ਰੀਨਗਰ ਤੇ ਜੰਮੂ ਤੇ ਦਿੱਲੀ ਦੇ ਅਕਸਰ ਰਹਿੰਦੇ ਅਣਸੁਖਾਵੇਂ ਰਿਸ਼ਤਿਆਂ, ਬਾਰੇ ਨਾ ਸੋਚਿਆ ਜਾਵੇ। ਇਹ ਚਰਚਾਵਾਂ ਹਾਲਾਂਕਿ ਪੂਰੀ ਤਰ੍ਹਾਂ ਜੀਵਤ ਹਨ ਤੇ ਭੁਲਾਈਆਂ ਨਹੀਂ ਜਾਣਗੀਆਂ- ਇਸ ਤੱਥ ਦੇ ਮੱਦੇਨਜ਼ਰ ਕਿ ਜੰਮੂ ਕਸ਼ਮੀਰ ਨੂੰ ਅਜੇ ਤੱਕ ਸੰਪੂਰਨ ਰਾਜ ਦਾ ਦਰਜਾ ਨਹੀਂ ਮਿਲਿਆ ਹੈ, ਜਦਕਿ ਸ਼ਾਂਤੀਪੂਰਨ ਚੋਣ ਹੋਈ ਨੂੰ ਸੱਤ ਮਹੀਨੇ ਹੋ ਚੱਲੇ ਹਨ।

ਇਸ ਵੇਲੇ, ਜਦਕਿ, ਉਹ ਬਾਕੀ ਸਾਰੇ ਮੁਲਕ ਦੇ ਨਾਲ ਸੋਗ਼ ਮਨਾ ਰਹੇ ਹਨ, ਕਸ਼ਮੀਰੀ ਨਾ ਕੇਵਲ ਪਾਕਿਸਤਾਨੀਆਂ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਲਈ ਕਹਿ ਰਹੇ ਹਨ, ਬਲਕਿ ਪਰ੍ਹੇ ਹੋਣ ਤੇ ਉਨ੍ਹਾਂ ਨੂੰ ਇਕੱਲੇ ਛੱਡਣ ਲਈ ਵੀ ਕਹਿ ਰਹੇ ਹਨ।

ਪਾਕਿਸਤਾਨ ਅੰਦਰਲੀ ਪ੍ਰਤੀਕਿਰਿਆ ’ਤੇ ਵੀ ਗੌਰ ਕਰਨਾ। ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੂੰ ਭਾਰਤ ਦੇ ਇਸ ਇਲਜ਼ਾਮ ਕਿ ਅਤਿਵਾਦੀ ਪਾਕਿਸਤਾਨੀ ਸਨ, ਦਾ ਵਿਦੇਸ਼ੀ ਮੀਡੀਆ ਵਿਚ ਬਚਾਅ ਕਰਨ ਲਈ ਉਤਾਰਿਆ ਗਿਆ ਹੈ। ਡਾਰ ਨੇ ਆਪਣੇ ਇਨਕਾਰ ਦਾ ਇਹ ਕਹਿੰਦਿਆਂ ਅੰਤ ਕੀਤਾ ਕਿ ਅਸਲ ਮੁੱਦਾ ਇਹ ਹੈ ਕਿ ‘‘ਕਸ਼ਮੀਰ ਦਾ ਸੁਆਲ’’ ਇਕ ਕੌਮਾਂਤਰੀ ਸੁਆਲ ਹੈ ਅਤੇ ਇਸ ਨੂੰ 1949 ਦੇ ਸੰਯੁਕਤ ਰਾਸ਼ਟਰ ਮਤਿਆਂ ਮੁਤਾਬਕ ਨਜਿੱਠਿਆ ਜਾਣਾ ਚਾਹੀਦਾ ਹੈ।

ਸ਼ਾਇਦ ਡਾਰ ਨੂੰ ਇਹ ਪਤਾ ਨਹੀਂ ਲੱਗਾ ਕਿ ਕਸ਼ਮੀਰੀਆਂ ਨੇੇ ਲੰਘੇ ਹਫ਼ਤੇ ਉਸ ਦੇ ਇਸ ਸੁਆਲ ਦਾ ਹੱਲ ਕੱਢ ਦਿੱਤਾ ਹੈ, ਪਹਿਲਗਾਮ ਕਤਲੇਆਮ ਖਿਲਾਫ਼ ਰੋਸ ਪ੍ਰਦਰਸ਼ਨਾਂ ਤੇ ਜਲੂਸਾਂ ਵਿਚ ਸ਼ਿਰਕਤ ਕਰ ਕੇ, ਜਿੱਥੇ ਉਨ੍ਹਾਂ ਅੰਤ ਤੇ ਸ਼ੁਰੂ ’ਚ ਇਹੀ ਗੱਲ ਕੀਤੀ ਕਿ ‘‘ਸਾਡਾ ਨਾਂ ਲੈ ਕੇ ਇਹ ਸਭ ਨਾ ਕਰੋ।’’

ਪਾਕਿਸਤਾਨੀ ਮੀਡੀਆ ਵੀ ਰਿਪੋਰਟ ਕਰ ਰਿਹਾ ਹੈ ਕਿ ਇਹ ਇਕ ‘ਫਾਲਸ ਫਲੈਗ ਅਪਰੇਸ਼ਨ’’ ਹੈ, ਮਤਲਬ, ਭਾਰਤੀਆਂ ਨੇ ਇਹ ਖ਼ੁਦ ਕੀਤਾ ਹੈ ਤਾਂ ਕਿ ਆਪਣੇ ਘਰ ’ਚ ਉਹ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਤੋਂ ਧਿਆਨ ਭਟਕਾ ਸਕਣ। ਬੰਦਾ ਸੋਚੇਗਾ ਕਿ ਜੇ ਅਜਮਲ ਕਸਾਬ ਨਾ ਫੜਿਆ ਗਿਆ ਹੁੰਦਾ ਤਾਂ ਮੁੰਬਈ ਹਮਲਿਆਂ ਨੂੰ ਕਿਵੇਂ ਪੇਸ਼ ਕੀਤਾ ਗਿਆ ਹੁੰਦਾ। ਕਿਸੇ ਵੀ ਤਰ੍ਹਾਂ, ਮੁੰਬਈ ਦੇ ਕਸੂਰਵਾਰਾਂ ਨੂੰ ਨਿਆਂਇਕ ਤੌਰ ’ਤੇ ਜ਼ਿੰਮੇਵਾਰ ਠਹਿਰਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਸਤਾਰਾਂ ਸਾਲ ਹੋ ਚੱਲੇ ਹਨ, ਪਰ ਉਹ ਸਾਜ਼ਿਸ਼ਕਰਤਾ ਅੱਜ ਵੀ ਪਾਕਿਸਤਾਨ ਵਿਚ ਆਜ਼ਾਦ ਘੁੰਮ ਰਹੇ ਹਨ।

ਫਿਰ ਵੀ, ਫੌਜੀ ਤੇ ਕੂਟਨੀਤਕ ਰਣਨੀਤੀਆਂ ਦਾ ਇਕ ਨਵਾਂ ਅਧਿਆਏ ਪਹਿਲਾਂ ਹੀ ਲਿਖਿਆ ਜਾ ਰਿਹਾ ਹੈ। ਭਾਰਤ ਤੇ ਅਮਰੀਕਾ ਦੇ ਨੇੜੇ ਆਉਣ ਦੇ ਮੱਦੇਨਜ਼ਰ, ਇਹ ਨੋਟ ਕਰਨਾ ਵੀ ਜ਼ਰੂਰੀ ਹੈ ਕਿ ਪੇਈਚਿੰਗ ਨੇ ਅਜੇ ਤੱਕ ਪਹਿਲਗਾਮ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ, ਚੀਨੀ ਰਾਜਦੂਤ ਵੱਲੋਂ ਭਾਰਤ ਨੂੰ ਕੀਤੇ ਇਕ ਟਵੀਟ ਨੂੰ ਛੱਡ ਕੇ। ਸਾਫ਼ ਹੈ ਕਿ ਚੀਨੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੀਆਂ ਫੋਨ ਕਾਲਾਂ ਨੂੰ ਦੇਖ ਰਹੇ ਹਨ। ਸ਼ੇਅਰ ਬਾਜ਼ਾਰ ਡਿੱਗਦਾ ਦੇਖ ਕੇ ਪਾਕਿਸਤਾਨੀ ਉਮੀਦ ਕਰ ਰਹੇ ਹੋਣਗੇ ਕਿ ਅਮਰੀਕਾ ਮੋਦੀ ਨੂੰ ਬੰਨ੍ਹ ਸਕਦਾ ਹੈ; ਜਦਕਿ ਮੋਦੀ ਸੰਭਾਵੀ ਤੌਰ ’ਤੇ ਟਰੰਪ ਨੂੰ ਇਹ ਦੱਸ ਰਹੇ ਹੋਣਗੇ ਕਿ ਕਿਉਂ ਉਹ ਪਾਕਿਸਤਾਨ ਨੂੰ ਸੰਕਟ ’ਚ ਪਾਉਣਾ ਚਾਹੁੰਦੇ ਹਨ।

ਜਦ ਉਹ ਇਹ ਕਰਨਗੇ, ਤਾਂ 2019 ਦੇ ਬਾਲਾਕੋਟ ਹਮਲੇ ਤੋਂ ਆਖਰ ਕਿੰਨਾ ਕੁ ਅੱਗੇ ਜਾਣਗੇ ਤੇ ਕੀ ਕਿਸੇ ਨੂੰ ਉਨ੍ਹਾਂ ਆਮ ਲੋਕਾਂ ਬਾਰੇ ਸੋਚਣ ਦੀ ਪਰਵਾਹ ਹੈ ਜਿਹੜੇ ਸੰਸਾਰ ਦੀ ਇਸ ਸਭ ਤੋਂ ਪੁਰਾਣੀ ਸਰਹੱਦੀ ਗੁੰਝਲ ਦੇ ਸਦਮੇ ’ਚ ਉਲਝ ਗਏ ਹਨ- ਜਿਨ੍ਹਾਂ ਬਾਰੇ ਕੁਝ ਖ਼ਬਰਾਂ ਪਿਛਲੇ ਦਿਨੀਂ ‘ਦਿ ਟ੍ਰਿਬਿਊਨ’ ਦੇ ਪੱਤਰਕਾਰਾਂ ਨੇ ਰਿਪੋਰਟ ਕੀਤੀਆਂ ਹਨ।

ਇਨ੍ਹਾਂ ਵਿਚੋਂ ਕੁਝ ਬੇਹੱਦ ਦੁਖੀ ਕਰਨ ਵਾਲੀਆਂ ਰਿਪੋਰਟਾਂ ਸਰਹੱਦ-ਪਾਰ ਦੇ ਵਿਆਹਾਂ ’ਚੋਂ ਜਨਮੇ ਬੱਚਿਆਂ ਦੀਆਂ ਹਨ- ਪਤਨੀਆਂ ਭਾਰਤੀ ਨਾਗਰਿਕ ਹਨ, ਪਰ ਪਤੀ ਪਾਕਿਸਤਾਨੀ ਹਨ- ਕਿਵੇਂ ਉਹ ਵਿਚਾਲੇ ਫਸ ਕੇ ਰਹਿ ਗਏ ਹਨ ਜੋ ਨਿਰ੍ਹਾ ਟੋਬਾ ਟੇਕ ਸਿੰਘ ਦੇ ਬੇਹੂਦੇਪਨ ਵਰਗਾ ਲੱਗਦਾ ਹੈ।

ਸ਼ਾਇਦ ਸਾਡੇ ਸਮਿਆਂ ਦੇ ਹਨੇਰਿਆਂ ’ਚ ਇਕ ਰਤਨ ਕਰਤਾਰਪੁਰ ਲਾਂਘੇ ਦੇ ਰੂਪ ’ਚ ਚਮਕ ਰਿਹਾ ਹੈ, ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਂਦਾ ਰਾਹ ਅਜੇ ਖੁੱਲ੍ਹਾ ਹੈ- ਅਜੇ ਤੱਕ ਤਾਂ ਹੈ।

ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।

Advertisement
×