ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ...
ਪਾਪਾ ਜੀ 6 ਨਵੰਬਰ 1986 ਨੂੰ ਸਾਨੂੰ ਸਦਾ ਲਈ ਛੱੱਡ ਕੇ ਚਲੇ ਗਏ। ਪੂਰੇ 39 ਸਾਲ ਹੋ ਚੁੱਕੇ ਹਨ। ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਸਾਨੂੰ ਸਿਰਫ਼ ਉਨ੍ਹਾਂ ਦੀ ਮੌਤ ਦੀ ਖ਼ਬਰ ਹੀ ਮਿਲੇਗੀ। ਇੱਕ ਨਵੰਬਰ ਨੂੰ ਸੱਚਖੰਡ ਨਾਂਦੇੜ...
ਪਾਪਾ ਜੀ 6 ਨਵੰਬਰ 1986 ਨੂੰ ਸਾਨੂੰ ਸਦਾ ਲਈ ਛੱੱਡ ਕੇ ਚਲੇ ਗਏ। ਪੂਰੇ 39 ਸਾਲ ਹੋ ਚੁੱਕੇ ਹਨ। ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਸਾਨੂੰ ਸਿਰਫ਼ ਉਨ੍ਹਾਂ ਦੀ ਮੌਤ ਦੀ ਖ਼ਬਰ ਹੀ ਮਿਲੇਗੀ। ਇੱਕ ਨਵੰਬਰ ਨੂੰ ਸੱਚਖੰਡ ਨਾਂਦੇੜ ਸਾਹਿਬ (ਮਹਾਰਾਸ਼ਟਰ) ਵਿਖੇ ਸਮਾਗਮ ਵਿੱਚ ਹਾਜ਼ਰ ਹੋਣ ਲਈ ਘਰੋਂ ਚਲੇ ਗਏ ਸਨ।
ਅੱਜ ਦੇ ਦਿਨ ਅਸੀਂ ਉਨ੍ਹਾਂ ਦੇ ਨਾਂਦੇੜ ਤੋਂ ਤੁਰ ਪੈਣ ਦੀ ਆਸ ’ਚ ਸੀ ਪਰ ਸੱਤ ਨਵੰਬਰ ਦੀ ਸ਼ਾਮ ਨੂੰ ਰੇਲਵੇ ਪੁਲੀਸ, ਬਰਨਾਲਾ ਵੱਲੋਂ ਮਿਲੇ ਭੈੜੇ ਸੁਨੇਹੇ ਨੇ ਸਾਨੂੰ ਹੀ ਨਹੀਂ, ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਰੇਲਗੱਡੀ ’ਚ ਵਾਪਸੀ ਸਫ਼ਰ ਸਮੇਂ ਸੁੱਤੇ ਪਏ ਉਹ ਸਦਾ ਲਈ ਹੀ ਸੌਂ ਗਏ ਸਨ। ਇਹ ਸਮਾਂ ਬਹੁਤ ਹੀ ਕਸ਼ਟ ਭਰਿਆ ਤੇ ਅਸਹਿ ਸੀ। ਸਮਾਜ ਅੰਦਰ ਰੋਜ਼ਾਨਾ ਦੇ ਵਰਤ ਵਰਤਾਰੇ ਦੌਰਾਨ ਨਿੱਕੀਆਂ-ਮੋਟੀਆਂ ਘਟਨਾਵਾਂ ਵਿੱਚੋਂ ਪਾਪਾ ਜੀ ਦੇ ਵਿਚਰਨ ਢੰਗ (ਸੁਭਾਅ) ਨਾਲ ਮੇਲ ਖਾਂਦੀਆਂ ਗੱਲਾਂ ਮੇਰੇ ਮਨ ਅੰਦਰ ਅਚੇਤ-ਸੁਚੇਤ ਤੌਰ ’ਤੇ ਘਰ ਕਰੀ ਬੈਠੀਆਂ ਹਨ। ਉਨ੍ਹਾਂ ਦੇ ਸਿਰਜਣਾ ਸੰਸਾਰ ਵਿੱਚ ਆਲ਼ੇ-ਦੁਆਲ਼ੇ ਦਾ ਬਿਰਤਾਂਤ ਮਹਿਸੂਸ ਹੁੰਦਾ ਹੈ, ਜੋ ਸਾਡੇੇ ਅੰਤਰਮਨ ਅੰਦਰ ਸੰਘਰਸ਼ ਕਰਦਾ, ਦੂਜਿਆਂ ਨਾਲ ਇਕਸੁਰਤਾ ਵੀ ਬਣਾਈ ਰੱਖਦਾ ਹੈ। ਪਾਪਾ ਜੀ ਦੀ ਸ਼ਖ਼ਸੀਅਤ ’ਚ ਮੈਂ ਬਹੁਤ ਕੁਝ ਅਣਲਿਖਿਆ, ਅਣਕਿਹਾ ਅੱਜ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹਾਂ। ਸਾਹਿਤਕ ਸਿਰਜਣਾ ਸਮੇਂ ਉਨ੍ਹਾਂ ਨੇ ਅਤਿ ਕਲਾਤਮਿਕ ਸ਼ਬਦਾਵਲੀ ਦੀ ਵਰਤੋਂ ਇਸ ਤਰ੍ਹਾਂ ਕੀਤੀ, ਜੋ ਇਸ ਲੋਕ ਦੋਖੀ ਪ੍ਰਬੰਧ ਨੂੰ ਸਮਝਣ ਅਤੇ ਪਾਠਕ ਨੂੰ ਸਿਧਾਂਤਕ ਤੌਰ ’ਤੇ ਜੋੜਨ ਦੀ ਸਮਰੱਥਾ ਵੀ ਰੱਖਦੀ ਹੈ। ਉਨ੍ਹਾਂ ਦੀ ਸਿਰਜਣਾ ਦਾ ਦਾਇਰਾ ਸੰਸਾਰ ਪੱਧਰ ’ਤੇ ਹੋ ਰਹੀ ਲੁੱਟ ਖ਼ਿਲਾਫ਼ ਸੰਘਰਸ਼ ਦਾ ਐਲਾਨ ਸਮੋਈ ਬੈਠਾ ਹੈ। ਹਰ ਲੋੜਵੰਦ ਦੀ ਮੱਦਦ ਲਈ ਉਹ ਅੱਗੇ ਹੋ ਕੇ ਬਿਨਾਂ ਕਿਸੇ ਡਰ ਦੇ ਮੋਹਰੀ ਭੂਮਿਕਾ ਨਿਭਾਉਂਦਿਆਂ, ਲੋਕ ਮਨਾਂ ਦੇ ਨੇੜੇ ਹੋ ਕੇ ਵਿਚਰਦੇ ਸਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਅਣਗਿਣਤ ਘਟਨਾਵਾਂ ਮੇਰੇ ਮਨ ’ਚ ਅੱਜ ਵੀ ਤਾਜ਼ਾ ਹਨ, ਪਰ ਇੱਥੇ ਇੱਕ ਘਟਨਾ ਹੀ ਸਾਂਝੀ ਕਰਾਂਗੀ।
ਮੇਰੀ ਬੀ.ਐੱਡ. ਦੀ ਇੰਟਰਵਿਊ ਸੀ। ਅਗਸਤ ਮਹੀਨਾ ਸੀ। ਸਾਰੀ ਰਾਤ ਤੋਂ ਲੋਹੜੇ ਦਾ ਮੀਂਹ ਪੈ ਰਿਹਾ ਸੀ। ਪਾਪਾ ਜੀ ਬਿਨਾਂ ਕਿਸੇ ਦੇਰੀ ਦੇ ਖੇਸ ਦੀ ਬੁੱਕਲ ਮਾਰ, ਆਪਣੀ ਲੰਬੀ ਤਣੀ ਵਾਲੇ ਬੈਗ ’ਚ ਮੇਰੇ ਸਾਰੇ ਸਰਟੀਫਿਕੇਟ ਲੁਕੋ ਕੇ (ਭਿੱਜ ਜਾਣ ਦੇ ਡਰੋਂ) ਘਰੋਂ ਬੱਸ ਅੱਡੇ ਨੂੰ ਤੁਰ ਪਏ। ਮੈਂ ਨਾਲ ਹੀ ਸੀ। ਸਾਡੇ ਘਰ ਛਤਰੀ ਨਹੀਂ ਸੀ। ਭਿੱਜਣ ਦੇ ਡਰੋਂ ਮੈਂ ਵੀ ਮੀਂਹ ਵਿੱਚ ਹੀ ਖੇਸੀ ਦੀ ਬੁੱਕਲ ਮਾਰ ਕੇ ਪਾਪਾ ਜੀ ਨਾਲ ਤੁਰ ਪਈ। ਬੱਸ ਅੱਡੇ ’ਤੇ ਆਏ ਤਾਂ ਬੱਸ ਅੱਡਾ ਵੀ ਚੋਅ ਰਿਹਾ ਸੀ। ਅਸੀਂ ਭੱਜ ਕੇ ਗੁਆਂਢੀਆਂ ਦੇ ਘਰ ਗਏ ਤਾਂ ਉਨ੍ਹਾਂ ਦੀ ਛੱਤ ਵੀ ਚੋਅ ਰਹੀ ਸੀ। ਪੂਰੇ ਡੇਢ ਘੰਟੇ ਦੀ ਉਡੀਕ ਤੋਂ ਬਾਅਦ ਬੱਸ ਆਈ। ਅਸੀਂ ਚੜ੍ਹ ਗਏ। ਰੋਡਵੇਜ਼ ਦੀ ਬੱਸ ਦੀ ਛੱਤ ਵੀ ਚੋਅ ਰਹੀ ਸੀ। ਬਰਨਾਲਾ ਤੱਕ ਪਹੁੰਚਦਿਆਂ ਪਾਪਾ ਜੀ ਸਰਟੀਫਿਕੇਟ ਭਿੱਜਣ ਤੋਂ ਬਚਾਉਣ ਲਈ ਬੱਸ ਵਿੱਚ ਵਾਰ-ਵਾਰ ਸੀਟਾਂ ਬਦਲਦੇ ਰਹੇ। ਬਰਨਾਲਾ ਪਹੁੰਚ ਕੇ ਅਸੀਂ ਮੋਗੇ ਨੂੰ ਜਾਣ ਵਾਲੀ ਬੱਸ ਲਈ। ਬੱਧਨੀ ਕਲਾਂ ਉਤਰ ਗਏ। ਭਾਰੀ ਮੀਂਹ ਹੋਣ ਕਾਰਨ ਕਾਲਜ ਵੱਲ ਕੋਈ ਵੀ ਸਾਧਨ ਨਹੀਂ ਸੀ ਜਾ ਰਿਹਾ। ਹੋਰ ਪੰਦਰਾਂ-ਵੀਹ ਕੁੜੀਆਂ ਵੀ ਆਪਣੇ ਮਾਪਿਆਂ ਸਮੇਤ ਇੰਟਰਵਿਊ ’ਤੇ ਜਾਣ ਲਈ ਖੜ੍ਹੀਆਂ ਸਨ। ਇੱਕ ਟਰੱਕ ਆਇਆ। ਪਾਪਾ ਜੀ ਨੇ ਹੱਥ ਦੇ ਕੇ ਰੋਕ ਲਿਆ। ਡਰਾਈਵਰ ਨੂੰ ਆਪਣੀ ਸਮੱਸਿਆ ਦੱਸੀ। ਉਸ ਨੇ ਸਾਨੂੰ ਲਿਜਾਣ ਲਈ ਹਾਂ ਕਰ ਦਿੱਤੀ। ਮੀਂਹ ਬੰਦ ਨਹੀਂ ਸੀ ਹੋਇਆ। ਕੁਝ ਕੁ ਕੁੜੀਆਂ ਉੱਚੇ ਟਰੱਕ ਵਿੱਚ ਚੜ੍ਹਨ ਤੋਂ ਅਸਮਰੱਥ ਸਨ। ਪਾਪਾ ਜੀ ਨੇ ਦੁਕਾਨ ’ਚੋਂ ਵੱਡਾ ਤੇ ਛੋਟਾ ਬੈਂਚ ਚੁੱਕਿਆ। ਵੱਡੇ ਬੈਂਚ ’ਤੇ ਛੋਟਾ ਬੈਂਚ ਰੱਖ ਕੇ ਦੋ ਮਾਪਿਆਂ ਨੂੰ ਟਰੱਕ ’ਚ ਚੜ੍ਹਾ ਦਿੱਤਾ ਤੇ ਆਪ ਮੀਂਹ ’ਚ ਖੜ੍ਹੇ ਕੁੜੀਆਂ ਨੂੰ ਟਰੱਕ ’ਤੇ ਚੜ੍ਹਨ ਲਈ ਉਤਸ਼ਾਹਿਤ ਕਰਦੇ ਤੇ ਟਰੱਕ ’ਚ ਖੜ੍ਹੇ ਮਾਪਿਆਂ ਨੂੰ ਕੁੜੀਆਂ ਨੂੰ ਟਰੱਕ ਅੰਦਰ ਬਾਂਹ ਫੜ ਕੇ ਖਿੱਚਣ ਲਈ ਕਹਿੰਦੇ ਰਹੇ। ਵਰ੍ਹਦੇ ਮੀਂਹ ਵਿੱਚ ਅਸੀਂ ਟਰੱਕ ’ਤੇ ਕਾਲਜ ਪਹੁੰਚੀਆਂ।
ਸ਼ਾਮ ਦੇ ਤਿੰਨ ਵੱਜ ਚੁੱਕੇ ਸਨ। ਮੀਂਹ ਕੁਝ ਕੁ ਘਟ ਗਿਆ ਸੀ। ਇੰਟਰਵਿਊ ਕਮੇਟੀ ਨੇ ਮੀਂਹ ਕਾਰਨ ਸਾਨੂੰ ਛੋਟ ਦੇ ਦਿੱਤੀ। ਮੇਰੀ ਇੰਟਰਵਿਊ ਹੋਈ ਤੇ ਸਰਟੀਫਿਕੇਟ ਚੈੱਕ ਹੋਏ। ਮੈਨੂੰ ਬੀ.ਐੱਡ ’ਚ ਸੀਟ ਮਿਲ ਗਈ। ਤੁਰੰਤ ਫੀਸ ਭਰਨੀ ਸੀ, ਪਰ ਫੀਸ ਭਰਨ ਲਈ ਪਾਪਾ ਜੀ ਕੋਲ ਪੈਸੇ ਪੂਰੇ ਨਹੀਂ ਸੀ। ਉਨ੍ਹਾਂ ਸੁਪਰਡੈਂਟ ਨੂੰ ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਬਾਕੀ ਫੀਸ ਕੱਲ੍ਹ ਨੂੰ ਜਮ੍ਹਾਂ ਕਰਵਾਉਣ ਲਈ ਬੇਨਤੀ ਕੀਤੀ। ਸੁਪਰਡੈਂਟ ਨੇ ਫੀਸ ਦੀ ਰਸੀਦ ਕੱਟ ਕੇ ਫੜਾ ਦਿੱਤੀ। ਕਾਲਜ ’ਚ ਹੀ ਪੰਜ ਵੱਜ ਚੁੱਕੇ ਸਨ। ਅਸੀਂ ਵਾਪਸ ਬੱਧਨੀ ਕਲਾਂ ਆਏ ਤਾਂ ਬਰਨਾਲੇ ਵਾਲੀਆਂ ਸਾਰੀਆਂ ਬੱਸਾਂ ਨਿਕਲ ਚੁੱਕੀਆਂ ਸਨ। ਉਡੀਕ ਕਰਦਿਆਂ ਇੱਕ ਬੱਸ ਆਈ। ਉਸ ਨੇ ਰਾਮਗੜ੍ਹ ਤੱਕ ਹੀ ਜਾਣਾ ਸੀ। ਅਸੀਂ ਰਾਮਗੜ੍ਹ ਉੱਤਰ ਗਏ। ਪਾਪਾ ਜੀ ਨੇ ਆਪਣੇ ਇੱਕ ਜਾਣਕਾਰ ਤੋਂ ਸਾਈਕਲ ਫੜਿਆ। ਤੀਹ-ਪੈਂਤੀ ਕਿਲੋਮੀਟਰ ਦਾ ਸਾਈਕਲ ਸਫ਼ਰ ਕਰਕੇ ਅਸੀਂ ਰਾਤ ਨੂੰ ਦਸ ਵਜੇ ਘਰ ਪਹੁੰਚੇ। ਅਗਲੇ ਦਿਨ ਪਾਪਾ ਜੀ ਨੇ ਉਹੀ ਸਾਈਕਲ ਚੁੱਕਿਆ, ਸਕੂਲ ਗਏ। ਆਪਣੇ ਦੋਸਤਾਂ ਤੋਂ ਰਹਿੰਦੀ ਫੀਸ ਦਾ ਪ੍ਰਬੰਧ ਕਰਕੇ ਮੁੜ ਮੇਰੇ ਕਾਲਜ ਨੂੰ ਚੱਲ ਪਏ। ਜਾ ਕੇ ਸੁਪਰਡੈਂਟ ਨੂੰ ਰਹਿੰਦੀ ਫੀਸ ਜਮ੍ਹਾਂ ਕਰਾ ਕੇ, ਉਸ ਦਾ ਤੇ ਪ੍ਰਿੰਸੀਪਲ ਮੈਡਮ ਦਾ ਧੰਨਵਾਦ ਕੀਤਾ। ਸੁਪਰਡੈਂਟ ਨੇ ਦੱਸਿਆ ਕਿ ਮੈਂ ਤੁਹਾਡੀ ਧੀ ਦੇ ਸਰਟੀਫਿਕੇਟਾਂ ਤੋਂ ਤੁਹਾਡਾ ਨਾਮ ਦੇਖ ਲਿਆ ਸੀ। ਤੁਸੀਂ ਇੱਕ ਵੱਡੇ ਕਵੀ ਹੋ। ਮੈਂ ਕੱਲ੍ਹ ਹੀ ਪੂਰੀ ਫੀਸ ਆਪਣੀ ਜੇਬ ਵਿੱਚੋਂ ਇਸ ਕਰਕੇ ਜਮ੍ਹਾਂ ਕਰਵਾ ਦਿੱਤੀ ਸੀ ਕਿ ਕਿਤੇ ਤੁਹਾਡੀ ਧੀ ਦੀ ਸੀਟ ਨਾ ਰੁਕ ਜਾਵੇ। ਪਾਪਾ ਜੀ ਸੁਪਰਡੈਂਟ ਦਾ ਵਾਰ-ਵਾਰ ਧੰਨਵਾਦ ਕਰ ਰਹੇ ਸੀ।
ਹੁਣ ਉਹ ਵਾਪਸੀ ’ਤੇ ਪਿਛਲੇ ਦਿਨ ਦਾ ਮੰਗਿਆ ਸਾਈਕਲ ਫੜਾ ਕੇ ਭੋਤਨੇ ਪਿੰਡ ਤੋਂ ਤੁਰ ਕੇ ਘਰ ਆਏ। ਘਰ ਪਹੁੰਚਦਿਆਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਸੀ। ਉਹ ਬੜੇ ਮਾਣ ਨਾਲ ਮੇਰੀ ਮਾਂ ਨੂੰ ਵਾਰ-ਵਾਰ ਕਹਿ ਰਹੇ ਸੀ ਕਿ ਹੁਣ ਮੇਰੀ ਧੀ ਹੈੱਡ ਮਾਸਟਰਨੀ ਬਣੂਗੀ ਤੇ ਸੱਚ ਜਾਣਿਉਂ, ਜਿਸ ਦਿਨ ਮੈਂ ਹੈੱਡਮਿਸਟ੍ਰੈਸ ਦੀ ਕੁਰਸੀ ’ਤੇ ਬੈਠੀ, ਇੰਟਰਵਿਊ ਵਾਲਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਮੂਹਰੇ ਫਿਲਮੀ ਰੀਲ ਵਾਂਗ ਘੁੰਮ ਗਿਆ ਸੀ ਤੇ ਮਨ ਹੀ ਮਨ ਉਨ੍ਹਾਂ ਨੂੰ ਯਾਦ ਕਰਕੇ ਮੇਰੇ ਕਾਲਜੇ ਧੂਹ ਪੈ ਰਹੀ ਸੀ। ਮੇਰੀ ਫੀਸ ਆਪਣੀ ਜੇਬ ’ਚੋਂ ਭਰਨ ਵਾਲਾ ਮੇਰੇ ਕਾਲਜ ਦਾ ਸੁਪਰਡੈਂਟ ਹੋਰ ਪ੍ਰੋਫੈਸਰਾਂ ਨਾਲ, ਪਾਪਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਘਰ ਆਇਆ ਸੀ। ਉਹ ਵੀ ਇੰਟਰਵਿਊ ਵਾਲੀ ਘਟਨਾ ਨੂੰ ਯਾਦ ਕਰ ਰਿਹਾ ਸੀ।
ਬਾਬਾ ਬੂਝਾ ਸਿੰਘ ਦੀ ਸ਼ਹਾਦਤ ’ਤੇ ਪਾਪਾ ਜੀ ਦਾ ਲਿਖਿਆ ਗੀਤ ਮੈਨੂੰ ਅੱਜ ਵੀ ਮੁੜ-ਮੁੜ ਯਾਦ ਆ ਰਿਹਾ ਹੈ ਤੇ ਉਨ੍ਹਾਂ ’ਤੇ ਹੀ ਢੁੱਕਦਾ ਮਹਿਸੂਸ ਹੋ ਰਿਹਾ ਹੈੈ:
ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ, ਅੱਜ ਜਿਹੀ ਰਾਤ ਨਾ ਆਉਣੀ।
ਤੇਰੀ ਥਾਂ ਜਦ ਮਿਲ ਗਈ ਸਾਨੂੰ, ਤੇਰੀ ਮੌਤ ਸੁਣਾਉਣੀ।
ਲੋਕਾਂ ਦੇ ਮਹਾਨ ਸ਼ਾਇਰ, ਲੋਕ ਕਵੀ ਸੰਤ ਰਾਮ ਉਦਾਸੀ ਨੂੰ ਅੱਜ ਉਨ੍ਹਾਂ ਦੀ ਬਰਸੀ ’ਤੇ ਸਿਜਦਾ।
ਸੰਪਰਕ: 98157-23525

